ਮਨੁੱਖੀ ਅਧਿਕਾਰ ਦਿਵਸ ’ਤੇ ਵਿਸ਼ੇਸ਼ | Human Rights Day 2024
Human Rights Day 2024: ਸੰਯੁਕਤ ਰਾਸ਼ਟਰ ਸੰਘ ਦੀ ਮਹਾਸਭਾ ਵੱਲੋਂ ਐਲਾਨੇ ਦਿਨਾਂ ਵਿੱਚੋਂ ਇੱਕ ਮਹੱਤਵਪੂਰਨ ਦਿਨ ਹੈ, ਵਿਸ਼ਵ ਮਨੁੱਖੀ ਅਧਿਕਾਰ ਦਿਵਸ। ਹਰ ਸਾਲ 10 ਦਸੰਬਰ ਨੂੰ ਇਹ ਦਿਨ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਮਹੱਤਵਪੂਰਨ ਦਿਨ ਦੀ ਨੀਂਹ ਸੰਸਾਰ ਜੰਗ ਦੀ ਭਿਆਨਕਤਾ ਨਾਲ ਪੀੜਤ ਲੋਕਾਂ ਦੇ ਦਰਦ ਨੂੰ ਸਮਝ ਕੇ ਅਤੇ ਉਸ ਨੂੰ ਮਹਿਸੂਸ ਕਰਕੇ ਰੱਖੀ ਗਈ ਸੀ। ਇਹ ਦਿਨ ਮਨੁੱਖ ਦੀ ਹੋਂਦ ਅਤੇ ਪਛਾਣ ਨੂੰ ਬਣਾਈ ਰੱਖਣ ਦੇ ਸੰਕਲਪ ਨੂੰ ਮਜ਼ਬੂਤੀ ਦਿੰਦਾ ਹੈ। ਸੰਯੁਕਤ ਰਾਸ਼ਟਰ ਸੰਘ ਦੀ ਮਹਾਸਭਾ ਨੇ 10 ਦਸੰਬਰ, 1948 ਨੂੰ ਸੰਸਾਰਿਕ ਮਨੁੱਖੀ ਅਧਿਕਾਰ ਐਲਾਨਨਾਮੇ ਨੂੰ ਅਧਿਕਾਰਕ ਮਾਨਤਾ ਦਿੱਤੀ ਸੀ।
ਉਸ ਵੇਲੇ ਤੋਂ ਇਹ ਦਿਨ ਇਸੇ ਨਾਂਅ ਨਾਲ ਮਨਾਇਆ ਜਾ ਰਿਹਾ ਹੈ। ਕਿਸੇ ਵੀ ਮਨੁੱਖ ਦੀ ਜ਼ਿੰਦਗੀ ਆਜ਼ਾਦੀ, ਸਮਾਨਤਾ ਅਤੇ ਸਨਮਾਨ ਦਾ ਅਧਿਕਾਰ ਹੈ- ਮਨੁੱਖੀ ਅਧਿਕਾਰ। ਇਹ ਦਿਨ ਇੱਕ ਮੀਲ ਪੱਥਰ ਹੈ, ਜਿਸ ਵਿੱਚ ਖੁਸ਼ਹਾਲੀ, ਇੱਜ਼ਤ ਅਤੇ ਸ਼ਾਂਤੀਪ੍ਰਿਆ ਸਹਿ ਹੋਂਦ ਵੱਲ ਮਨੁੱਖ ਦੀ ਲਾਲਸਾ ਪ੍ਰਤੀਬਿੰਬਤ ਹੁੰਦੀ ਹੈ। ਮਨੁੱਖੀ ਅਧਿਕਾਰਾਂ ਦੇ ਸੰਸਾਰਿਕ ਐਲਾਨ ਵਿੱਚ ਮੌਲਿਕ ਅਧਿਕਾਰਾਂ ਅਤੇ ਅਜ਼ਾਦੀਆਂ ਦੀ ਇੱਕ ਵਿਸਤ੍ਰਿਤ ਲੜੀ ਤੈਅ ਕੀਤੀ ਗਈ ਹੈ, ਜਿਸ ਦੀ ਪੂਰੀ ਮਨੁੱਖੀ ਜਾਤੀ ਹੱਕਦਾਰ ਹੈ। ਇਹ ਰਾਸ਼ਟਰੀਅਤਾ, ਨਿਵਾਸ ਸਥਾਨ, ਲਿੰਗ, ਰਾਸ਼ਟਰੀ ਜਾਂ ਜਾਤੀ ਮੂਲ, ਧਰਮ, ਭਾਸ਼ਾ ਜਾਂ ਕਿਸੇ ਹੋਰ ਸਥਿਤੀ ਦੇ ਆਧਾਰ ’ਤੇ ਭੇਦਭਾਵ ਤੋਂ ਬਿਨਾ ਹਰ ਵਿਅਕਤੀ ਦੇ ਅਧਿਕਾਰਾਂ ਦੀ ਗਾਰੰਟੀ ਦਿੰਦਾ ਹੈ। ਸਾਲ 2024 ਵਿੱਚ ਮਨਾਏ ਜਾਣ ਵਾਲੇ ਮਨੁੱਖੀ ਅਧਿਕਾਰ ਦਿਵਸ ਦਾ ਥੀਮ ਹੈ। Human Rights Day 2024
ਇਹ ਖਬਰ ਵੀ ਪੜ੍ਹੋ : Dausa Latest News: ਲਾਪ੍ਰਵਾਹੀਆਂ ਦਾ ਸ਼ਿਕਾਰ ਬਚਪਨ
‘ਸਾਡੇ ਅਧਿਕਾਰ, ਸਾਡਾ ਭਵਿੱਖ, ਹੁਣੇ’। ਕਿਸੇ ਵਿਅਕਤੀ ਨਾਲ ਕਿਸੇ ਵੀ ਕੀਮਤ ’ਤੇ ਕੋਈ ਭੇਦਭਾਵ ਨਾ ਹੋਵੇ, ਕੋਈ ਸਮੱਸਿਆ ਨਾ ਹੋਵੇ, ਹਰ ਕੋਈ ਸ਼ਾਂਤੀ ਨਾਲ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਜੀ ਸਕੇ, ਇਸ ਲਈ ਮਨੁੱਖੀ ਅਧਿਕਾਰਾਂ ਦਾ ਨਿਰਮਾਣ ਹੋਇਆ। ਮਨੁੱਖੀ ਅਧਿਕਾਰ ਦਾ ਮਤਲਬ ਮਨੁੱਖਾਂ ਨੂੰ ਉਹ ਸਾਰੇ ਅਧਿਕਾਰ ਦੇਣਾ ਹੈ, ਜੋ ਵਿਅਕਤੀ ਦੀ ਜ਼ਿੰਦਗੀ, ਆਜ਼ਾਦੀ, ਸਮਾਨਤਾ ਅਤੇ ਇੱਜ਼ਤ ਨਾਲ ਜੁੜੇ ਹੋਏ ਹਨ। ਇਹ ਸਾਰੇ ਅਧਿਕਾਰ ਭਾਰਤੀ ਸੰਵਿਧਾਨ ਦੇ ਭਾਗ-ਤਿੰਨ ਵਿੱਚ ਬੁਨਿਆਦੀ ਅਧਿਕਾਰਾਂ ਦੇ ਨਾਂਅ ਨਾਲ ਮੌਜੂਦ ਹਨ ਅਤੇ ਇਨ੍ਹਾਂ ਅਧਿਕਾਰਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਅਦਾਲਤ ਵੱਲੋਂ ਸਜ਼ਾ ਦਿੱਤੀ ਜਾਂਦੀ ਹੈ। ਮਨੁੱਖੀ ਅਧਿਕਾਰਾਂ ਵਿੱਚ ਸਿਹਤ, ਆਰਥਿਕ, ਸਮਾਜਿਕ ਅਤੇ ਸਿੱਖਿਆ ਦੇ ਅਧਿਕਾਰ ਵੀ ਸ਼ਾਮਲ ਹਨ। Human Rights Day 2024
ਮਨੁੱਖੀ ਅਧਿਕਾਰ ਉਹ ਬੁਨਿਆਦੀ ਕੁਦਰਤੀ ਅਧਿਕਾਰ ਹਨ, ਜਿਨ੍ਹਾਂ ਨਾਲ ਮਨੁੱਖ ਨੂੰ ਨਸਲ, ਜਾਤੀ, ਰਾਸ਼ਟਰੀਅਤਾ, ਧਰਮ, ਲਿੰਗ ਆਦਿ ਦੇ ਆਧਾਰ ’ਤੇ ਵਾਂਝੇ ਜਾਂ ਪੀੜਤ ਨਹੀਂ ਕੀਤਾ ਜਾ ਸਕਦਾ। ਵਿਸ਼ਵ ਮਨੁੱਖੀ ਅਧਿਕਾਰ ਐਲਾਨਨਾਮੇ ਦਾ ਮੁੱਖ ਵਿਸ਼ਾ ਸਿੱਖਿਆ, ਸਿਹਤ, ਰੁਜ਼ਗਾਰ, ਰਿਹਾਇਸ਼, ਸੱਭਿਆਚਾਰ, ਖੁਰਾਕ ਅਤੇ ਮਨੋਰੰਜਨ ਨਾਲ ਸੰਬੰਧਤ ਮਨੁੱਖ ਦੀਆਂ ਬੁਨਿਆਦੀ ਮੰਗਾਂ ਨਾਲ ਜੁੜਿਆ ਹੈ। ਸੰਸਾਰ ਦੇ ਬਹੁਤ ਸਾਰੇ ਖੇਤਰ ਗਰੀਬੀ ਦਾ ਸ਼ਿਕਾਰ ਹਨ, ਜੋ ਵੱਡੀ ਗਿਣਤੀ ਵਾਲੇ ਲੋਕਾਂ ਵੱਲੋਂ ਬੁਨਿਆਦੀ ਮਨੁੱਖੀ ਅਧਿਕਾਰ ਪ੍ਰਾਪਤ ਕਰਨ ਦੀ ਸਭ ਤੋਂ ਵੱਡੀ ਰੁਕਾਵਟ ਹੈ। ਉਨ੍ਹਾਂ ਖੇਤਰਾਂ ਵਿੱਚ ਬੱਚਿਆਂ, ਸੀਨੀਅਰ ਨਾਗਰਿਕਾਂ ਤੇ ਔਰਤਾਂ ਦੇ ਬੁਨਿਆਦੀ ਹੱਕ ਸੁਰੱਖਿਅਤ ਨਹੀਂ ਕੀਤੇ ਜਾ ਸਕਦੇ। ਇਸ ਤੋਂ ਇਲਾਵਾ ਨਸਲ ਭੇਦ ਮਨੁੱਖੀ ਅਧਿਕਾਰ ਕਾਰਜ ਦੇ ਵਿਕਾਸ ਲਈ ਵੱਡੀ ਚੁਣੌਤੀ ਪੇਸ਼ ਕਰ ਰਿਹਾ ਹੈ।
ਇੱਥੋਂ ਤੱਕ ਕਿ ਆਦਿਵਾਸੀਆਂ ਅਤੇ ਦਲਿਤਾਂ ਨਾਲ ਦੂਜੇ ਦਰਜੇ ਦਾ ਵਤੀਰਾ ਵੀ ਮਨੁੱਖੀ ਅਧਿਕਾਰਾਂ ਦਾ ਵੱਡਾ ਮਾਮਲਾ ਹੈ। ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਦੀ ਅਣਦੇਖੀ ਅਤੇ ਤੰਗ ਕਰਨਾ ਵੀ ਮਨੁੱਖੀ ਅਧਿਕਾਰਾਂ ਦੇ ਸਾਹਮਣੇ ਵੱਡੇ ਸੰਕਟ ਹਨ। ਗੱਲ ਢਿੱਡ ਜਿੰਨੀ ਪੁਰਾਣੀ ਅਤੇ ਭੁੱਖ ਜਿੰਨੀ ਨਵੀਂ ਹੈ ‘ਮਨੁੱਖੀ ਅਧਿਕਾਰਾਂ’ ਦੀ। ਦੁਨੀਆ ਵਿੱਚ ਜਿੱਥੇ ਵੀ ਸੰਘਰਸ਼ ਚੱਲ ਰਹੇ ਹਨ, ਚਾਹੇ ਸਰਕਾਰਾਂ ਦੀ ਤਬਦੀਲੀ ਲਈ, ਚਾਹੇ ਅਧਿਕਾਰਾਂ ਨੂੰ ਪ੍ਰਾਪਤ ਕਰਨ ਲਈ, ਚਾਹੇ ਜਾਤੀ, ਧਰਮ ਅਤੇ ਰੰਗ ਲਈ ਉੱਥੇ-ਉੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਚੱਲਦੀ ਰਹੀ ਹੈ। ਸਾਡੇ ਦੇਸ਼ ਵਿੱਚ ਵੀ ਵਕਤ ਚਾਹੇ ਰਾਜਸ਼ਾਹੀ ਦਾ ਸੀ। Human Rights Day 2024
ਚਾਹੇ ਵਿਦੇਸ਼ੀ ਹਕੂਮਤ ਦਾ ਅਤੇ ਚਾਹੇ ਸਵਦੇਸ਼ੀ ਸਰਕਾਰ ਦਾ ਹਰ ਸਮੇਂ ਕਿਸੇ ਨਾ ਕਿਸੇ ਹਿੱਸੇ ਵਿੱਚ ਸੰਘਰਸ਼ ਚੱਲਦੇ ਰਹੇ ਹਨ। ਇੱਕ ਸੌ ਚਾਲੀ ਕਰੋੜ ਦੇ ਦੇਸ਼ ਵਿੱਚ ਵਿਚਾਰ ਫਰਕ ਅਤੇ ਮੰਗਾਂ ਦੀ ਲੰਮੀ ਸੂਚੀ ਦਾ ਹੋਣਾ ਸੁਭਾਵਿਕ ਹੈ। ਸਾਡਾ ਸੰਵਿਧਾਨ ਵੀ ਸਾਨੂੰ ਬੁਨਿਆਦੀ ਅਧਿਕਾਰਾਂ ਨਾਲ ਪਰਿਪੂਰਨ ਕਰਦਾ ਹੈ, ਪਰ ਮਨੁੱਖੀ ਅਧਿਕਾਰਾਂ ਦੇ ਘਾਣ ਵਿੱਚ ਵੀ ਸਾਡਾ ਦੇਸ਼ ਪਿੱਛੇ ਨਹੀਂ ਹੈ। ਆਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਬੰਧੂਆ ਮਜ਼ਦੂਰੀ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਿਆ। ਬਾਲ ਮਜ਼ਦੂਰੀ ਜੋ ਇੱਕ ਮਾਸੂਮ ਦੀ ਜ਼ਿੰਦਗੀ ਨਾਲ ਖਿਲਵਾੜ ਹੈ, ਉਹ ਵੀ ਖੁੱਲ੍ਹੇਆਮ ਹੁੰਦਾ ਹੈ। ਗਰੀਬੀ, ਅਨਪੜ੍ਹਤਾ, ਬੇਰੁਜ਼ਗਾਰੀ ਅੱਜ ਵੀ ਮੂੰਹ ਅੱਡੀ ਖੜ੍ਹੀਆਂ ਹਨ। ਰੋਟੀ, ਕੱਪੜਾ ਅਤੇ ਮਕਾਨ ਜੋ ਲੋਕਾਂ ਦੀਆਂ ਬੁਨਿਆਦੀ ਲੋੜਾਂ ਹਨ ਉਹ ਵੀ ਸਾਡੀਆਂ ਸਰਕਾਰਾਂ ਪੂਰੀਆਂ ਨਹੀਂ ਕਰ ਪਾ ਰਹੀ।
ਸਿੱਖਿਆ ਦਾ ਅਧਿਕਾਰ, ਭੋਜਨ ਦਾ ਅਧਿਕਾਰ, ਰੁਜ਼ਗਾਰ ਦਾ ਅਧਿਕਾਰ, ਸਾਫ਼-ਸੁਥਰੇ ਜੀਵਨ ਦਾ ਅਧਿਕਾਰ- ਇਹ ਸਭ ਬੁਨਿਆਦੀ ਅਧਿਕਾਰਾਂ ਦਾ ਘਾਣ ਹੋਣਾ ਅੱਜ ਦੇ ਸਮੇਂ ਵਿੱਚ ਇੱਕ ਘਿਨੌਣਾ ਪਾਪ ਹੈ, ਤਰਾਸਦੀ ਹੈ, ਵਿਡੰਬਨਾ ਹੈ। ਜੇਕਰ ਅੱਜ ਵੀ ਸਾਡੇ ਦੇਸ਼ ਦੇ ਲੋਕਾਂ ਨੂੰ ਜਾਤੀ ਦੇ ਨਾਂਅ ’ਤੇ, ਧਰਮ ਦੇ ਨਾਂਅ ’ਤੇ, ਭਾਈਚਾਰੇ ਦੇ ਨਾਂਅ ’ਤੇ, ਭਾਸ਼ਾ ਦੇ ਨਾਂਅ ’ਤੇ, ਖੇਤਰ ਦੇ ਨਾਂਅ ’ਤੇ ਭੇਦਭਾਵ ਦਾ ਸ਼ਿਕਾਰ ਹੋਣਾ ਪੈਂਦਾ ਹੈ ਤਾਂ ਇਹ ਦੇਸ਼ ਦੇ ਲੋਕਾਂ ਤੇ ਇੱਥੋਂ ਦੀ ਸਰਕਾਰ ਲਈ ਸ਼ਰਮਨਾਕ ਗੱਲ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਅੱਤਿਆਚਾਰੀਆਂ, ਜ਼ੋਰਾਵਰਾਂ, ਅਮੀਰਾਂ ਦਾ ਸਾਥ ਦੇ ਕੇ ਬੇਬਸ ਅਤੇ ਲਾਚਾਰ ਲੋਕਾਂ ਨਾਲ ਕਰੂਰ ਵਤੀਰਾ ਹੁੰਦਾ ਹੈ।
ਜੰਗ ਹਮੇਸ਼ਾ ਮਨੁੱਖਤਾ ਦੇ ਖਿਲਾਫ਼ ਹੁੰਦੀ ਹੈ। ਦੂਜੀ ਸੰਸਾਰ ਜੰਗ ਦੌਰਾਨ ਮਨੁੱਖੀ ਅਧਿਕਾਰਾਂ ਅਤੇ ਵਿਅਕਤੀਗਤ ਮਾਣ-ਮਰਿਆਦਾ ਦੇ ਉਲੰਘਣ ਨੇ ਸਮੁੱਚੇ ਸੰਸਾਰ ਦੇ ਸ਼ਾਂਤੀ-ਪਸੰਦ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਇਹ ਮਹਿਸੂਸ ਕੀਤਾ ਜਾਣ ਲੱਗਾ ਕਿ ਜੇਕਰ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਕੋਈ ਪ੍ਰਭਾਵਸ਼ਾਲੀ ਕਦਮ ਨਾ ਚੁੱਕਿਆ ਗਿਆ, ਤਾਂ ਮਨੁੱਖੀ ਅਧਿਕਾਰ ਇੱਕ ਮਜ਼ਾਕ ਬਣ ਕੇ ਰਹਿ ਜਾਵੇਗਾ। ਮਨੁੱਖੀ ਅਧਿਕਾਰ ਦਿਵਸ ਇੱਕ ਪ੍ਰੇਰਣਾ ਹੈ, ਇੱਕ ਸੰਕਲਪ ਹੈ ਮਨੁੱਖ ਨੂੰ ਸਨਮਾਨਜਨਕ, ਸੁਰੱਖਿਅਤ, ਸਿੱਖਿਅਤ ਅਤੇ ਡਰ-ਮੁਕਤ ਜੀਵਨ ਦਾ। ਜੀਵਨ ਦੇ ਮੋੜ ’ਤੇ ਖੜ੍ਹਾ ਕੋਈ ਸੋਚੇ ਕੇ ਮੈਂ ਸਾਰਿਆਂ ਲਈ ਕਿਉਂ ਜੀਵਾਂ।
ਤਾਂ ਇਹ ਸਵਾਰਥ ਚੇਤਨਾ ਮਨੁੱਖੀ ਅਧਿਕਾਰ ਦੀ ਸਭ ਤੋਂ ਵੱਡੀ ਰੁਕਾਵਟ ਹੈ। ਅਸੀਂ ਸਾਰਿਆਂ ਲਈ ਜੀਵੀਏ ਤਾਂ ਫਿਰ ਨਾ ਜੰਗ ਦਾ ਡਰ ਹੋਵੇਗਾ, ਨਾ ਅਸੁਰੱਖਿਆ ਦਾ ਭਾਵ, ਨਾ ਅਵਿਸ਼ਵਾਸ, ਨਾ ਹਿੰਸਾ, ਨਾ ਸ਼ੋਸ਼ਣ, ਨਾ ਕੋਈ ਇੱਜਤ ਲੁੱਟਣ ਦੀ ਕੋਸ਼ਿਸ਼। ਮਨੁੱਖੀ ਜ਼ਿੰਦਗੀ ਦੇ ਬੁਨਿਆਦੀ ਅਧਿਕਾਰਾਂ ਦੇ ਘਾਣ ਨੂੰ ਰੋਕਣਾ ਅਤੇ ਸਾਰੇ ਪਾਬੰਦੀਸ਼ੁਦਾ ਭਾਵਾਂ ਦੀ ਅਸਵੀਕਾਰਤਾ ਹੀ ਨਵੀਂ ਮਨੁੱਖੀ ਜ਼ਿੰਦਗੀ ਦਾ ਨਿਰਮਾਣ ਕਰ ਸਕੇਗਾ ਅਤੇ ਇਹੀ ਮਨੁੱਖੀ ਅਧਿਕਾਰ ਦਿਵਸ ਦੀ ਸਾਰਥਿਕਤਾ ਹੋਵੇਗੀ। Human Rights Day 2024
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਲਲਿਤ ਗਰਗ