ਥਰਮਲ ’ਚ ਚੱਲ ਰਹੀ ਢਾਹ-ਢੁਹਾਈ ਦੌਰਾਨ ਚਿਮਨੀਆਂ ਕੀਤੀਆਂ ਢਹਿ-ਢੇਰੀ
ਬਠਿੰਡਾ, (ਸੁਖਜੀਤ ਮਾਨ)। ‘ਜੇ ਮੇਰੇ ਰੱਬ ਨੂੰ ਮਨਜੂਰ ਹੋਇਆ ਕੈਪਟਨ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਬਣਗੇ, ਦੋਸਤੋ ਥੋਡੇ ਨਾਲ ਵਾਅਦੈ ਕਿ ਬਠਿੰਡੇ ਦਾ ਜਿਹੜਾ ਥਰਮਲ ਪਲਾਂਟ ਐ, ਉਹਦੀਆਂ ਚਿਮਨੀਆਂ ਉਦਾਸ ਹੋਈਆਂ ਪਈਆਂ, ਉਨਾਂ ਚਿਮਨੀਆਂ ’ਚੋਂ ਇੱਕ ਵਾਰ ਫਿਰ ਧੂੰਆਂ ਨਿੱਕਲੂਗਾ’। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੀਤੀ ਗਈ ਇਹ ਤਕਰੀਰ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੀ ਹੈ ਜਦੋਂ ਉਹ ਚੋਣਾਂ ’ਚੋਂ ਜਿੱਤ ਹਾਸਿਲ ਕਰਨ ਲਈ ਬਠਿੰਡਾ ’ਚ ਜੁੜੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਕੈਪਟਨ ਮੁੱਖ ਮੰਤਰੀ ਵੀ ਬਣ ਗਏ, ਚੋਣ ਜਿੱਤਕੇ ਮਨਪ੍ਰੀਤ ਬਾਦਲ ਵੀ ਵਿੱਤ ਮੰਤਰੀ ਬਣ ਗਏ ਪਰ ਵਾਅਦਾ ਪੂਰਾ ਨਾ ਹੋਇਆ ਤੇ ਆਖਰ ਥਰਮਲ ਦੀਆਂ ਚਿਮਨੀਆਂ ਢਹਿ-ਢੇਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।
ਵੇਰਵਿਆਂ ਮੁਤਾਬਿਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾ ਗੁਰਪੁਰਬ ’ਤੇ ਨਵੰਬਰ 1969 ਵਿੱਚ ਬਠਿੰਡਾ ਥਰਮਲ ਪਲਾਂਟ ਦਾ ਨੀਂਹ ਪੱਥਰ ਰੱਖਕੇ ‘ਗੁਰੂ ਨਾਨਕ ਦੇਵ ਥਰਮਲ ਪਲਾਂਟ’ ਨਾਂਅ ਰੱਖਿਆ ਗਿਆ ਸੀ। ਥਰਮਲ ਪੁਰਾਣਾ ਹੋਣ ਕਾਰਨ ਅਕਾਲੀ ਸਰਕਾਰ ਵੇਲੇ ਇਸ ਥਰਮਲ ’ਤੇ ਕਰੋੜਾਂ ਰੁਪਏ ਖਰਚ ਕੀਤਾ ਗਿਆ ਤਾਂ ਜੋ ਚਲਦਾ ਰੱਖਿਆ ਜਾ ਸਕੇ। ਐਨਾਂ ਰੁਪਿਆ ਖਰਚਣ ਮਗਰੋਂ ਇਸ ਥਰਮਲ ਨੂੰ ‘ਬੁੱਢਾ ਥਰਮਲ’ ਕਹਿੰਦਿਆਂ ਇਹ ਕਹਿ ਕੇ ਬੰਦ ਕਰ ਦਿੱਤਾ ਕਿ ਹੁਣ ਸਮਰੱਥਾ ਮੁਤਾਬਿਕ ਬਿਜਲੀ ਪੈਦਾ ਨਹੀਂ ਕਰਦਾ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਵਾਸੀਆਂ ਨਾਲ ਕੀਤੇ ਹੋਰਨਾਂ ਵਾਅਦਿਆਂ ਦੇ ਨਾਲ-ਨਾਲ ਇਹ ਵੀ ਵਾਅਦਾ ਕੀਤਾ ਸੀ ਕਿ ਬਠਿੰਡਾ ਥਰਮਲ ਦੀਆਂ ਬੰਦ ਪਈਆਂ ਚਿਮਨੀਆਂ ’ਚੋਂ ਧੂੰਆਂ ਨਿੱਕਲੂਗਾ
ਪਰ ਹੋਇਆ ਇਸ ਤੋਂ ਉਲਟ ਉਨਾਂ ਦੇ ਰਾਜ ’ਚ ਹੀ ਇਸ ਥਰਮਲ ਦੀਆਂ ਚਿਮਨੀਆਂ ਢਾਹ ਦਿੱਤੀਆਂ ਗਈਆਂ। ਮੁੰਬਈ ਦੀ ਇੱਕ ਕੰਪਨੀ ਵੱਲੋਂ ਥਰਮਲ ਢਾਹੁਣ ਦਾ ਠੇਕਾ ਲਿਆ ਗਿਆ ਹੈ। ਕਈ ਦਿਨਾਂ ਤੋਂ ਅੰਦਰ ਢਾਹ-ਢੁਹਾਈ ਦਾ ਕੰਮ ਚੱਲ ਰਿਹਾ ਹੈ। ਹੁਣ ਥਰਮਲ ਦੇ ਯੂਨਿਟ ਨੰਬਰ ਤਿੰਨ ਅਤੇ ਚਾਰ ਦੀਆਂ ਚਿਮਨੀਆਂ ਢਹਿ-ਢੇਰੀ ਕਰ ਦਿੱਤੀਆਂ। ਚਿਮਨੀਆਂ ਢਾਹੁਣ ਦੀਆ ਵੀਡੀਓ ਸ਼ੋਸ਼ਲ ਮੀਡੀਆ ’ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨਾਂ ਵੀਡੀਓਜ਼ ’ਤੇ ਬਠਿੰਡਾ ਸਮੇਤ ਪੰਜਾਬ ਦੇ ਹੋਰਨਾਂ ਲੋਕਾਂ ਵੱਲੋਂ ਵੀ ਕੁਮੈਂਟ ਕਰਕੇ ਤਿੱਖੀ ਨੁਕਤਾਚੀਨੀ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ