ਕਿੱਧਰ ਨੂੰ ਜਾ ਰਹੀ ਹੈ ਜਵਾਨੀ ਦੀ ਅੰਨ੍ਹੀਂ ਦੌੜ!

ਕਿੱਧਰ ਨੂੰ ਜਾ ਰਹੀ ਹੈ ਜਵਾਨੀ ਦੀ ਅੰਨ੍ਹੀਂ ਦੌੜ!

ਨੌਜਵਾਨ ਵਰਗ ਨੂੰ ਦੇਸ਼ ਦਾ ਭਵਿੱਖ ਮੰਨਿਆ ਜਾਂਦਾ ਹੈ। ਇਸ ਵਰਗ ਤੋਂ ਦੇਸ਼, ਸਮਾਜ ਅਤੇ ਮਾਪਿਆਂ ਨੂੰ ਕਈ ਵੱਡੀਆਂ ਉਮੀਦਾਂ ਹੁੰਦੀਆਂ ਹਨ। ਪਰ ਅਜੋਕੇ ਸਮੇਂ ਵਿਚ ਇਹ ਉਮੀਦਾਂ ਪੂਰੀਆਂ ਹੁੰਦੀਆਂ ਘੱਟ ਹੀ ਨਜ਼ਰ ਆ ਰਹੀਆਂ ਹਨ। ਇਸ ਦਾ ਕਾਰਨ ਇਸ ਵਰਗ ਦਾ ਦਿਨ-ਬ-ਦਿਨ ਕੁੱਝ ਬੁਰੀਆਂ ਅਤੇ ਘਾਤਕ ਆਦਤਾਂ ਦਾ ਸ਼ਿਕਾਰ ਹੋ ਜਾਣਾ ਹੈ। ਇਨ੍ਹਾਂ ਆਦਤਾਂ ਵਿਚੋਂ ਇੱਕ ਆਦਤ ਨਸ਼ੇ ਦੀ ਹੈ। ਇਹ ਆਦਤ ਏਨੀ ਖ਼ਤਰਨਾਕ ਹੈ ਕਿ ਇਸ ਨੇ ਨੌਜਵਾਨ ਪੀੜ੍ਹੀ ਦਾ ਵੱਡੀ ਪੱਧਰ ‘ਤੇ ਸਰੀਰਕ, ਮਾਨਸਿਕ ਅਤੇ ਆਰਥਿਕ ਨੁਕਸਾਨ ਕੀਤਾ ਹੈ।

ਆਧੁਨਿਕ ਯੁੱਗ ਵਿਗਿਆਨ ਅਤੇ ਤਕਨੀਕ ਦਾ ਯੁੱਗ ਹੋਣ ਕਰਕੇ ਇਸ ਦੇ ਆਪਣੇ ਹੀ ਲਾਹੇ ਅਤੇ ਫਾਹੇ ਹਨ। ਨਸ਼ੇ ਦੀ ਵਰਤੋਂ ਲਾਹੇਵੰਦ ਅਤੇ ਫਾਹੇਵੰਦ (ਖੁਸ਼ੀ ਅਤੇ ਗ਼ਮੀ) ਦੋਵਾਂ ਹੀ ਸਥਿਤੀਆਂ ਵਿਚ ਕੀਤੀ ਜਾਂਦੀ ਹੈ। ਨਸ਼ੇ ਦੀ ਵਰਤੋਂ ਭਾਵੇਂ ਹਰੇਕ ਉਮਰ-ਵਰਗ ਦੇ ਲੋਕਾਂ ਵੱਲੋਂ ਕੀਤੀ ਜਾਂਦੀ ਹੈ ਪਰ ਨੌਜਵਾਨ ਲੜਕੇ-ਲੜਕੀਆਂ ਇਸ ਬੁਰਾਈ ਦਾ ਵਧੇਰੇ ਸ਼ਿਕਾਰ ਹੋ ਰਹੇ ਹਨ।

ਜ਼ਿੰਦਗੀ ਦਾ ਸਫ਼ਰ ਤੈਅ ਕਰਦਿਆਂ ਕਈ ਵਾਰ ਕਈ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਹੜੀਆਂ ਮਨੁੱਖ ਨੂੰ ਨਿਰਾਸ਼ਤਾ ਦੀ ਖਾਈ ਵੱਲ ਧਕੇਲ ਦਿੰਦੀਆਂ ਹਨ। ਹਿੰਮਤੀ ਅਤੇ ਸੂਝਵਾਨ ਵਿਅਕਤੀ ਤਾਂ ਇਸ ਖਾਈ ਵਿਚੋਂ ਬਾਹਰ ਆ ਜਾਂਦੇ ਹਨ ਪਰ ਕਮਜ਼ੋਰ ਦਿਲ ਅਤੇ ਅਲਪਮਤ ਵਾਲੇ ਪ੍ਰਾਣੀ ਨਸ਼ਿਆਂ ਦੀ ਓਟ ਟਿਕਾ ਲੈਂਦੇ ਹਨ। ਨਸ਼ੇ ਦੀ ਲੰਮੇ ਸਮੇਂ ਦੀ ਵਰਤੋਂ ਨਸ਼ੇੜੀਆਂ ਨੂੰ ਨਿਘਾਰ ਵੱਲ ਲੈ ਜਾਂਦੀ ਹੈ। ਕਈ ਵਾਰ ਤਾਂ ਇਹ ਨਿਘਾਰ ਇਸ ਪੱਧਰ ਤੱਕ ਪਹੁੰਚ ਜਾਂਦਾ ਹੈ ਕਿ ਮਨੁੱਖ ਨੂੰ ਭਲੇ ਅਤੇ ਬੁਰੇ ਦੀ ਪਹਿਚਾਣ ਹੀ ਭੁੱਲ ਜਾਂਦੀ ਹੈ ਅਤੇ ਉਹ ਅਜਿਹੀਆਂ ਹਰਕਤਾਂ ‘ਤੇ Àੁੱਤਰ ਆਉਂਦਾ ਹੈ ਕਿ ਇਹ ਹਰਕਤਾਂ ਉਸ ਦੀ ਨਮੋਸ਼ੀ ਦਾ ਸਬੱਬ ਬਣ ਜਾਂਦੀਆਂ ਹਨ।

ਬਹੁਤ ਸਾਰੇ ਲੜਾਈ-ਝਗੜੇ ਅਤੇ ਘਰੇਲੂ-ਕਲੇਸ਼ ਦਾ ਕਾਰਨ ਵੀ ਨਸ਼ਾ-ਪੱਤਾ ਹੀ ਹੁੰਦਾ ਹੈ। ਇਹ ਨਾ ਸਿਰਫ ਬੰਦੇ ਦੀ ਉਮਰ ਹੀ ਘਟਾਉਂਦਾ ਹੈ ਸਗੋਂ ਹੱਸਦੇ-ਵੱਸਦੇ ਘਰ-ਪਰਿਵਾਰ ਨੂੰ ਵੀ ਉਜਾੜ ਕੇ ਰੱਖ ਦਿੰਦਾ ਹੈ। ਇਸ ਉਜਾੜੇ ਦਾ ਇੱਕ ਭਿਆਨਕ ਪੱਖ ਇਹ ਹੈ ਕਿ ਕਈ ਵਾਰੀ ਪਿਓ ਹੱਥੋਂ ਪੁੱਤ ਅਤੇ ਪੁੱਤ ਹੱਥੋਂ ਪਿਓ ਦਾ ਕਤਲ ਵੀ ਹੋ ਜਾਂਦਾ ਹੈ। ਇਸ ਤਰ੍ਹਾਂ ਦੀਆਂ ਕੁੱਝ ਉਦਾਹਰਨਾਂ ਅਕਸਰ ਪੰਜਾਬ ਦੇ ਪਿੰਡਾਂ ਵਿਚੋਂ ਪੜ੍ਹਨ-ਸੁਣਨ ਨੂੰ ਮਿਲ ਜਾਂਦੀਆਂ ਹਨ। ਇਸ ਤਰ੍ਹਾਂ ਨਸ਼ਿਆਂ ਦੀ ਵਰਤੋਂ ਸਾਡੇ ਬਹੁਤ ਹੀ ਪਿਆਰੇ ਅਤੇ ਸਤਿਕਾਰੇ ਜਾਣ ਵਾਲੇ ਰਿਸ਼ਤਿਆਂ ਦਾ ਘਾਣ ਕਰਨ ਦੀ ਵਜ੍ਹਾ ਵੀ ਹੋ ਨਿੱਬੜਦੀ ਹੈ।

ਸਾਡੇ ਗੁਰੁ ਸਾਹਿਬਾਨ ਨੇ ਦੁਨਿਆਵੀ ਨਸ਼ਿਆਂ ਦੇ ਮਾਰੂ ਅਤੇ ਸੋਚ-ਸਮਝ ‘ਤੇ ਭਾਰੂ ਪ੍ਰਭਾਵਾਂ ਨੂੰ ਦ੍ਰਿਸ਼ਟੀਗੋਚਰ ਕਰਦਿਆਂ ਹੋਇਆਂ ਇਨ੍ਹਾਂ ਦੀ ਵਰਤੋਂ ਤੋਂ ਵਰਜਿਆ ਹੈ ਪਰ ਥੋੜ੍ਹੇ ਕੁ ਹੀ ਲੋਕ ਹਨ ਜੋ ਗੁਰੂ ਸਾਹਿਬਾਨ ਦੀ ਇਸ ਵਰਜਣਾਂ ‘ਤੇ ਪਹਿਰਾ ਦਿੰਦੇ ਹਨ। ਨਾਮ ਦੇ ਨਸ਼ੇ ਨੂੰ ਸਭ ਤੋਂ ਉੱਤਮ ਦੱਸਦਿਆਂ ਹੋਇਆਂ ਗੁਰੂ ਜੀ ਨੇ ਇਨ੍ਹਾਂ ਦੁਨਿਆਵੀ ਨਸ਼ਿਆਂ ਤੋਂ ਪ੍ਰਹੇਜ਼ ਕਰਨ ਲਈ ਕਿਹਾ ਹੈ ਪਰ ਹੁੰਗਾਰਾ ਬਹੁਤ ਥੋੜ੍ਹਿਆਂ ਵੱਲੋਂ ਹੀ ਭਰਿਆ ਜਾ ਰਿਹਾ ਹੈ।

ਨਸ਼ਾ ਬੰਦ ਕਰਨ ਦੀਆਂ ਸਰਕਾਰੀ ਟਾਹਰਾਂ ਵੀ ਬੁਹਤ ਪੜ੍ਹਨ/ਸੁਣਨ ਨੂੰ ਮਿਲਦੀਆਂ ਹਨ ਪਰ ਇਨ੍ਹਾਂ ਦਾ ਹਾਲ ਘਰ ਦੀ ਉਸ ਸੁਆਣੀ ਵਰਗਾ ਹੈ ਜਿਹੜੀ ਘਰ ਦੀ ਸਫ਼ਾਈ ਬਨੇਰੇ ਤੋਂ ਨਾ ਕਰਕੇ ਵਿਹੜੇ ਤੋਂ ਕਰਦੀ ਹੈ, ਪਰ ਬਨੇਰੇ ਦਾ ਗੰਦ ਵਿਹੜੇ ਵਿਚ ਹੀ ਡਿੱਗਦਾ ਰਹਿੰਦਾ ਹੈ ਭਾਵ ਪੰਜਾਬ ਨੂੰ ਨਸ਼ਾ-ਮੁਕਤ ਕਰਨ ਦੇ ਬਿਆਨ ਤਾਂ ਵਧ-ਚੜ੍ਹ ਕੇ ਦਿੱਤੇ ਜਾ ਰਹੇ ਹਨ ਪਰ ਨਾਲ-ਨਾਲ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ।

ਇਸ ਵਾਧੇ ਦੀ ਬਾਦੌਲਤ ਨਸ਼ੇੜੀ ਭਾਈਚਾਰੇ ਦੀ ਗਿਣਤੀ ਵੀ ਵਧਦੇ ਕ੍ਰਮ ਵੱਲ ਜਾ ਰਹੀ ਹੈ। ਸਰਬ ਭਾਰਤੀ ਮੈਡੀਕਲ ਸੰਸਥਾ ਵੱਲੋਂ ਜਾਰੀ ਕੀਤੀ ਗਈ 2015 ਦੀ ਇੱਕ ਰਿਪੋਰਟ ਮੁਤਾਬਿਕ ਪੰਜਾਬ ਵਿਚ ਦੋ ਲੱਖ ਤੋਂ ਵਧੇਰੇ ਨਸ਼ੇੜੀ ਪਾਏ ਗਏ ਹਨ। ਪੀ.ਜੀ.ਆਈ. ਵੱਲੋਂ ਪ੍ਰਕਾਸ਼ਿਤ ‘ਏਸ਼ੀਅਨ ਜਰਨਲ ਆਫ਼ ਸਾਈਕੈਟਰੀ’ ਮਾਰਚ 2018 ਅਨੁਸਾਰ ਪੰਜਾਬ ਵਿਚ 4.1 ਮਿਲੀਅਨ ਨਸ਼ੇੜੀਆਂ ਨੇ ਨਸ਼ਾ ਵਰਤਿਆ ਹੈ। ਇਨ੍ਹਾਂ ਵਿਚ 4 ਮਿਲੀਅਨ ਗੱਭਰੂ ਅਤੇ 0.1 ਮਿਲੀਅਨ ਮੁਟਿਆਰਾਂ ਹਨ।

3.1 ਮਿਲੀਅਨ ਮਰਦ ਅਤੇ 0.1 ਔਰਤਾਂ ਨਸ਼ੇ-ਪੱਤੇ ਦੀਆਂ ਪੱਕੀਆਂ ਆਦੀ ਹਨ। 1,56,942 ਲੜਕੇ ਅਜਿਹੇ ਹਨ ਜਿਹੜੇ ਨਸ਼ੇ ਤੋਂ ਬਿਨਾ ਇੱਕ ਦਿਨ ਵੀ ਨਹੀਂ ਕੱਢ ਸਕਦੇ ਅਤੇ 10,658 ਲੜਕੀਆਂ ਵੀ ਰੋਜ਼ਾਨਾ ਨਸ਼ੇ ਦੀ ਭਰਵੀਂ ਡੋਜ਼ ਲੈਣ ਦੀਆਂ ਆਦੀ ਹਨ। 15 ਤੋਂ 20 ਪ੍ਰਤੀਸ਼ਤ ਨਸ਼ੇੜੀ ਅਨਪੜ੍ਹ ਹਨ ਅਤੇ 50 ਪ੍ਰਤੀਸ਼ਤ ਦਸਵੀਂ/ਬਾਰ੍ਹਵੀਂ ਤੱਕ ਪੜ੍ਹੇ ਹੋਏ ਹਨ।

ਸੌ ਵਿਚੋਂ 54 ਪੇਂਡੂ ਅਤੇ 46 ਨਸ਼ੇੜੀ ਸ਼ਹਿਰੀ ਖੇਤਰ ਨਾਲ ਸਬੰਧਤ ਹਨ। 60 ਤੋਂ 70 ਪ੍ਰਤੀਸ਼ਤ ਨਸ਼ਾ ਕਰਨ ਵਾਲੇ ਕਿਸੇ ਪਰਿਵਾਰਕ ਜਾਂ ਕਾਰੋਬਾਰਕ ਪ੍ਰੇਸ਼ਾਨੀ ਨਾਲ ਜੂਝ ਰਹੇ ਹੁੰਦੇ ਹਨ। ਨਸ਼ੇ ਦੀ ਆਦਤ ਆਮ ਤੌਰ ‘ਤੇ 15 ਤੋਂ 20 ਸਾਲ ਦੀ ਉਮਰ ਵਿਚ ਪੈਂਦੀ ਹੈ ਜਿਹੜੀ ਕਈ ਵਾਰ ਕਬਰਾਂ ਤੱਕ ਨਾਲ ਹੀ ਨਿਭਦੀ ਹੈ। ਨਸ਼ੇ ਦੀ ਪੂਰਤੀ ਲਈ ਜੇਬ੍ਹ ਵਿਚੋਂ ਰੋਜਾਨਾ 200 ਤੋਂ ਲੈ ਕੇ 2000 ਤੱਕ ਮਾਈਨਸ ਕਰਨੇ ਪੈਂਦੇ ਹਨ ਜਿਸ ਦੇ ਪ੍ਰਬੰਧ ਲਈ ਕਈ ਵਾਰ ਇੱਧਰ-ਉੱਧਰ ਹੱਥ-ਪੱਲਾ ਵੀ ਮਾਰਨਾ ਪੈਂਦਾ ਹੈ। ਨਸ਼ੇ ਦੀ ਵੱਧ ਵਰਤੋਂ ਕਰਨ ਕਰਕੇ 18 ਤੋਂ 30 ਵਰ੍ਹਿਆਂ ਦੇ ਨੌਜਵਾਨ ਅਕਸਰ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ।

ਲੜਕੀਆਂ ਦੇ ਮਾਮਲੇ ਵਿਚ ਉੱਪਰ ਦਿੱਤੇ ਅੰਕੜੇ ਕੁੱਝ ਡਾਵਾਂਡੋਲ ਹਨ ਕਿਉਂਕਿ ਬਹੁਤ ਸਾਰੇ ਮਾਪੇ ਅਜਿਹੇ ਵੀ ਹਨ ਜਿਹੜੇ ਆਪਣੀਆਂ ਨਸ਼ੇੜੀ ਧੀਆਂ ਦੀ ਕਿਸੇ ਨਾਲ ਕੋਈ ਗੱਲ ਨਹੀਂ ਕਰਦੇ। ਹਜ਼ਾਰਾਂ-ਲੱਖਾਂ ਦੀ ਤਦਾਦ ਵਿਚ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਗ੍ਰਿਫ਼ਤ ਵਿਚ ਆ ਰਹੀ ਹੈ ਅਤੇ ਆਪਣਾ-ਆਪ ਗਵਾ ਰਹੀ ਹੈ।

ਆਪਣੇ-ਆਪ ਵਿਚ ਇੱਕ ਬੁਰਾਈ ਹੋਣ ਦੇ ਨਾਲ-ਨਾਲ ਨਸ਼ੇ ਕਈ ਹੋਰ ਬੁਰਾਈਆਂ ਦੇ ਵੀ ਜਨਮਦਾਤੇ ਹਨ। ਇਨ੍ਹਾਂ ਵਿਚ ਕਤਲ, ਚੋਰੀ, ਡਕੈਤੀ, ਜ਼ਬਰ ਜਿਨਾਹ ਅਤੇ ਕਈ ਹੋਰ ਸਮਾਜ ਵਿਰੋਧੀ ਗਤੀਵਿਧੀਆਂ ਸ਼ਾਮਲ ਹਨ। ਇਨ੍ਹਾਂ ਸਾਰਿਆਂ ਦੀ ਵਜ੍ਹਾ ਵੀ ਆਮ ਤੌਰ ਨਸ਼ਾ ਹੀ ਹੁੰਦਾ ਹੈ।  ਉਪਰੋਕਤ ਸੰਖੇਪ ਚਰਚਾ ਤੋਂ ਅਸੀਂ ਇਸ ਸਿੱਟੇ ‘ਤੇ ਪਹੁੰਚਦੇ ਹਾਂ ਕਿ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਕੇਵਲ ਗੱਲਾਂ-ਬਾਤਾਂ ਦੀ ਨਹੀਂ ਸਗੋਂ ਠੋਸ ਉਪਰਾਲਿਆਂ ਦੀ ਲੋੜ ਹੈ ਜਿਨ੍ਹਾਂ ਦੀ ਘਾਟ ਕਾਰਨ ਨਸ਼ਿਆਂ ਦਾ ਕਾਰੋਬਾਰ ‘ਦਿਨ ਦੁੱਗਣੀ ਅਤੇ ਰਾਤ ਚੌਗੁਣੀ’ ਤੱਰਕੀ ਕਰੀ ਜਾ ਰਿਹਾ ਹੈ। ਇਸ ਕਾਰੋਬਾਰ ਵਿਚਲਾ ਵਾਧਾ ਹੀ ਸਾਡੀ ਨੌਜਵਾਨ ਨਸਲ ਦਾ ਘਾਣ ਕਰੀ ਜਾ ਰਿਹਾ ਹੈ।
ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ)
ਮੋ. 94631-32719
ਰਮੇਸ਼ਾ ਬੱਗਾ ਚੋਹਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।