ਕਦੋਂ ਹੋਵਾਂਗੇ ਅਸੀਂ ਫਿਕਰਮੰਦ ਆਪਣੇ ਜਲ ਸਰੋਤਾਂ ਬਾਰੇ?
ਪਵਿੱਤਰ ਗੁਰਬਾਣੀ ਵਿਚ ਗੁਰੂ ਨਾਨਕ ਦੇਵ ਜੀ ਨੇ ਪਾਣੀ ਨੂੰ ਪਿਤਾ ਦਾ ਮਹੱਤਵ ਦੇ ਕੇ ਇਸ ਦੀ ਮਹੱਤਤਾ ਨੂੰ ਦਰਸਾਇਆ ਹੈ ਪਰੰਤੂ ਅੱਜ ਪੈਸੇ ਦੀ ਅੰਨ੍ਹੀ ਦੌੜ ਕਾਰਨ ਅਸੀਂ ਕੁਦਰਤ ਨਾਲ ਰੱਜ ਕੇ ਖਿਲਵਾੜ ਕਰ ਰਹੇ ਹਾਂ ਪਾਣੀ ਦੀ ਗੱਲ ਕਰੀਏ ਤਾਂ ਧਰਤੀ ਹੇਠਲਾ ਪਾਣੀ ਲਗਾਤਾਰ ਘਟ ਰਿਹਾ ਹੈ ਤੇ ਜਿੰਨਾ ਕੁ ਪਾਣੀ ਧਰਤੀ ਹੇਠ ਬਚਿਆ ਹੈ ਉਹ ਵੀ ਜਿਆਦਾਤਰ ਪੀਣਯੋਗ ਨਹੀਂ ਰਿਹਾ।
ਧਰਤੀ ਦੀ ਵੀ ਸਥਿਤੀ ਕੋਈ ਤਸੱਲੀਬਖਸ਼ ਨਹੀਂ। ਵੱਧ ਪੈਦਾਵਾਰ ਲੈਣ ਦੇ ਲਾਲਚ ਵਿਚ ਰੇਹਾਂ/ਸਪਰੇਹਾਂ ਦੀ ਵਰਤੋਂ ਨੇ ਧਰਤੀ ਦੀ ਕੁਦਰਤੀ ਉਪਜਾਊ ਸ਼ਕਤੀ ਨੂੰ ਖੋਰਾ ਲਾਇਆ ਹੈ। ਲੰਮਾ-ਚੌੜਾ ਵਿਸ਼ਾ ਹੈ। ਹਵਾ ਅਤੇ ਧਰਤੀ ਦੇ ਪ੍ਰਦੂਸ਼ਣ ਬਾਰੇ ਵਿਸਥਾਰ ਨਾਲ ਚਰਚਾ ਕਿਸੇ ਹੋਰ ਲੇਖ ਵਿਚ ਕਰਾਂਗੇ ਇੱਥੇ ਸਿਰਫ ਪਾਣੀ ਅਤੇ ਉਹ ਵੀ ਸਾਡੇ ਪਿੰਡਾਂ ਸ਼ਹਿਰਾਂ ਵਿਚੋਂ ਲੰਘਦੇ ਪਾਣੀ ਦੇ ਸਰੋਤਾਂ ਦੀ ਹੋ ਰਹੀ ਦੁਰਗਤ ਦੀ ਗੱਲ ਹੀ ਕਰਾਂਗੇ।
ਅਜੋਕੀ ਦੁਨੀਆਂਦਾਰੀ ਵਿਚ ਨਿੱਜੀ ਮੁਫਾਦਾਂ ਦੇ ਸਾਹਮਣੇ ਮਨਫੀ ਹੋ ਰਹੀਆਂ ਕਦਰਾਂ-ਕੀਮਤਾਂ ਵਿਚ ਹਰ ਕੋਈ ਆਪਣੇ ਫਾਇਦੇ ਦੀ ਡਫਲੀ ਵਜਾ ਰਿਹਾ ਹੈ। ਪਿੱਠ ਪਿੱਛੇ ਤਾਂ ਕੀ ਅਸੀਂ ਅੱਖਾਂ ਸਾਹਮਣੇ ਵੀ ਆਪਣਾ ਚੁਗਿਰਦਾ ਪਲੀਤ ਕਰਨੋਂ ਨਹੀਂ ਟਲ਼ਦੇ। ਮਾਲਵਾ ਇਲਾਕੇ ਵਿਚ ਫਰੀਦਕੋਟ ਵਿਖੇ ਦੋ ਨਹਿਰਾਂ ‘ਰਾਜਸਥਾਨ ਕੈਨਾਲ’ ਅਤੇ ‘ਸਰਹਿੰਦ ਫੀਡਰ’ ਜੋ ਕਿ ਰਾਜਸਥਾਨ ਵਿਚ ‘ਇੰਦਰਾ ਗਾਂਧੀ ਕੈਨਾਲ’ ਦੇ ਨਾਂਅ ਨਾਲ ਜਾਣ ਜਾਂਦੀ ਹੈ ਅਤੇ ਬਠਿੰਡਾ ਵਿਖੇ ‘ਸਰਹਿੰਦ ਕੈਨਾਲ’ ਜੋ ਕਿ ਰੋਪੜ ਤੋਂ ਨਿੱਕਲਦੀ ਹੈ
ਮੁੱਖ ਰੂਪ ਵਿਚ ਇਲਾਕੇ ਵਿਚ ਪੀਣ ਵਾਲੇ ਅਤੇ ਸਿੰਚਾਈ ਦੇ ਪਾਣੀ ਦੀ ਮੁੱਖ ਮੰਗ ਨੂੰ ਪੂਰਾ ਕਰਦੀਆਂ ਹਨ। ਇਹ ਨਹਿਰ ਬਠਿੰਡਾ ਅਤੇ ਇਸ ਦੇ ਨੇੜਲੇ ਇਲਾਕੇ ਦੀ ‘ਜ਼ਿੰਦਗੀ ਰੇਖਾ’ ਵਜੋਂ ਵਿਚਰਦੀ ਹੈ। ਫਰੀਦਕੋਟ ਵਾਲੀਆਂ ਦੋ ਨਹਿਰਾਂ ਦੀ ਸਥਿਤੀ ਅਤੇ ਫਰੀਦਕੋਟ ਵਾਸੀਆਂ ਦੀ ਇਨ੍ਹਾਂ ਨਹਿਰਾਂ ਪ੍ਰਤੀ ਸੰਜੀਦਗੀ ਬਾਰੇ ਤਾਂ ਕੁਝ ਨਹੀਂ ਕਹਿ ਸਕਦਾ ਪਰੰਤੂ ਬਠਿੰਡਾ ਵਾਸੀ ਹੋਣ ਕਾਰਨ ਬਠਿੰਡਾ ਵਾਲੀ ਸਰਹਿੰਦ ਫੀਡਰ ਦੀ ਹਰ ਰੋਜ਼ ਹੁੰਦੀ ਦੁਰਗਤੀ ਇਸ ਲੇਖ ਰਾਹੀਂ ਪਾਠਕਾਂ ਨਾਲ ਸਾਂਝੀ ਕਰਨੀ ਚਾਹਾਂਗਾ।
ਬਠਿੰਡਾ ਸ਼ਹਿਰ ਅਤੇ ਬਠਿੰਡਾ-ਸ੍ਰੀ ਅੰਮ੍ਰਿਤਸਰ, ਬਠਿੰਡਾ-ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ-ਮਲੋਟ ਮੁੱਖ ਸੜਕ ਨਾਲ ਮਿਲਾਉਣ ਵਾਲਾ ਪੁਲ ‘ਸਰਹਿੰਦ ਕੈਨਾਲ’ ਉੱਤੇ ਬਣਿਆ ਹੋਇਆ ਹੈ। ਆਪਣੇ ਉੱਪਰ ਆਈਆਂ ਆਫਤਾਂ ਨੂੰ ਟਾਲਣ ਲਈ ਕੋਟ-ਪੈਂਟ ਪਾਈ ਟਾਈਆਂ-ਸ਼ਾਈਆਂ ਲਾ ਕੇ ਮਹਿੰਗੀਆਂ ਗੱਡੀਆਂ ਨੂੰ ਸੜਕਾਂ ਕਿਨਾਰੇ ਖੜ੍ਹਾ ਕੇ, ਲੋਕ ਇਸ ਪੁਲ ਉੱਤੇ ਖੜ੍ਹਕੇ, ਚੜ੍ਹਦੇ ਵੱਲ ਮੂੰਹ ਕਰਕੇ ਘੜੇ, ਕੁੱਜੀਆਂ, ਠੂਠੀਆਂ, ਨਾਰੀਅਲ, ਕਾਲੇ-ਕੱਪੜੇ, ਕੱਚੇ ਕੋਲੇ, ਦੁੱਧ-ਦਹੀਂ, ਦਾਲਾਂ ਆਦਿ ਅਤੇ ਪਤਾ ਨਹੀਂ ਕੀ-ਕੀ ਊਟ-ਪਟਾਂਗ, ਗ੍ਰਹਿਆਂ/ਨਕਸ਼ਤਰਾਂ ਦੀ ਚਾਲ ਆਪਣੇ ਹੱਕ ਵਿਚ ਭੁਗਤਾਉਣ ਲਈ, ਇਸ ਨਹਿਰ ਵਿਚ ਵਹਾਉਂਦੇ ਆਮ ਵੇਖੇ ਜਾ ਸਕਦੇ ਹਨ।
ਇਸ ਤੋਂ ਨਹਿਰ ਦੇ ਨਾਲ-ਨਾਲ ਰਤਾ ਕੁ ਅਗਾਂਹ ਨੂੰ ਖਿਸਕੀਏ ਤਾਂ ਥਰਮਲ ਪਲਾਂਟ ਨੂੰ ਪਾਣੀ ਦੇਣ ਲਈ ਬਣੀਆਂ ਤਿੰਨ ਝੀਲਾਂ ਨੂੰ ਪਾਣੀ ਦੇਣ ਲਈ ਕੰਟਰੋਲ ਖੇਤਰ ਬਣਿਆ ਹੈ। ਇਸ ਜਗ੍ਹਾ ‘ਤੇ ਨਹਿਰ ਦੇ ਪਾਣੀ ਤੱਕ ਪਹੁੰਚਣ ਲਈ ਕਾਫੀ ਚੌੜੀਆਂ ਪੌੜੀਆਂ ਬਣੀਆਂ ਹਨ। ਉਸ ਸਮੇਂ ਇਸ ਜਗ੍ਹਾ ਪੌੜੀਆਂ ਬਣਾਉਣ ਦਾ ਮੁੱਖ ਮਕਸਦ ਕੀ ਰਿਹਾ ਹੋਵੇਗਾ ਇਹ ਤਾਂ ਪਤਾ ਨਹੀਂ ਪਰ ਅੱਜ-ਕੱਲ੍ਹ ਇਹ ਪੌੜੀਆਂ ਬਠਿੰਡਾ ਵਿਖੇ ਰਹਿ ਰਹੇ ‘ਪਰਵਾਸੀਆਂ’ ਦੇ ਨਹਾਉਣ ਅਤੇ ਕੱਪੜੇ ਧੋਣ ਦੀ ਮਨਪਸੰਦ ਜਗ੍ਹਾ ਹੈ।
ਟੀ. ਵੀ. ‘ਤੇ ਵੱਖ-ਵੱਖ ਸਾਬਣਾਂ ਦੀਆਂ ਮਸ਼ਹੂਰੀਆਂ ਵੇਖ ਕੇ ਆਪਣੇ ਸਰੀਰ ਨੂੰ ਗੋਰਾ-ਚਿੱਟਾ ਕੱਢਦੇ ਅਤੇ ਮਹਿਕਾਉਂਦੇ ਇਹ ‘ਪਰਵਾਸੀ’ ਗਰਮੀਆਂ ਵਿਚ ਤਾਂ ਘੰਟਿਆਂ ਬੱਧੀ ਨਹਾਉਂਦੇ ਅਤੇ ਕੱਪੜੇ ਧੋਂਦੇ, ਨਹਿਰ ਨੂੰ ਰੱਜ ਕੇ ਪਲੀਤ ਕਰਦੇ ਹਨ। ਥੋੜ੍ਹਾ ਜਿਹਾ ਹੋਰ ਅੱਗੇ ਵਧੀਏ ਤਾਂ ਸ਼ਹਿਰੀ ਆਬਾਦੀ ਦੇ ਵਿਚਕਾਰੋਂ ਰੇਲਵੇ ਲਾਈਨ ਲੰਘਦੀ ਹੈ।
ਇਸ ਨਹਿਰ ਉੱਪਰ ਬਣੇ ਰੇਲਵੇ ਦੇ ਪੁਲ ‘ਤੇ ਗਰਮੀ ਦੀ ਹਰ ਦੁਪਹਿਰ ਨੂੰ ਮੇਲੇ ਵਾਲਾ ਮਾਹੌਲ ਹੁੰਦਾ ਹੈ। ਨੌਜਵਾਨ, ਬੱਚੇ ਤੇ ਅਧਖੜ ਉਮਰ ਦੇ ਲੋਕ ਰੇਲਵੇ ਪੁੱਲ ਤੋਂ ਛਾਲਾਂ ਮਾਰ-ਮਾਰ ਨਹਾਉਂਦੇ ਹਨ। ਕਹਿੰਦੇ ਸਟੰਟ ਦਾ ਸਟੰਟ, ਮੌਜ-ਮਸਤੀ ਅਤੇ ਗਰਮੀ ਤੋਂ ਰਾਹਤ, ਨਾਲੇ ਪੁੰਨ ਨਾਲੇ ਫਲੀਆਂ।
ਨਹਿਰ ਦੇ ਨਾਲ-ਨਾਲ ਥੋੜ੍ਹਾ ਹੋਰ ਅੱਗੇ ਵਧੀਏ ਤਾਂ ਸ਼Îਹਿਰੀ ਅਬਾਦੀ ਖਤਮ ਹੋਣੀ ਸ਼ੁਰੂ ਹੁੰਦੀ ਹੈ। ਇੱਥੋਂ ਬਾਅਦ ਇਸ ਨਹਿਰ ਦੇ ਕਿਨਾਰੇ ਫੁੱਟਪਾਥ ਨਾਲ ਖਹਿੰਦੇ ਹਨ। ਨੇੜੇ ਦੇ ਇਲਾਕੇ ਵਾਲੇ ਲੋਕਾਂ ਲਈ ਖੁੱਲ੍ਹੇ ਪਾਣੀ ਵਿਚ ਆਪਣੀਆਂ ਕਾਰਾਂ/ਗੱਡੀਆਂ ਧੋਤੀਆਂ ਜਾਂਦੀਆਂ ਹਨ। ਭੇਡਾਂ, ਬੱਕਰੀਆਂ, ਗਾਵਾਂ ਦੇ ਵੱਗ ਚਾਰਦੇ ਲੋਕਾਂ ਲਈ ਆਪਣੇ ਪਸ਼ੂਆਂ ਨੂੰ ਨਹਾਉਣ ਅਤੇ ਪਾਣੀ ਪਿਆਉਣ ਲਈ ਇਸ ਤੋਂ ਮਾਕੂਲ ਜਗ੍ਹਾ ਕੋਈ ਹੋ ਹੀ ਨਹੀਂ ਸਕਦੀ। ਸੋ ਇੱਥੇ ਇਸ ਨਹਿਰ ਵਿਚ ਡੰਗਰ/ਪਸ਼ੂ ਇੱਛਾ ਮੁਤਾਬਕ ਜਲਪਾਣ, ਨਹਾਉਣ ਜਾਂ ਤਾਰੀਆਂ ਲਾਉਂਦੇ ਹਨ।
ਬਠਿੰਡਾ ਨਹਿਰ ਭਾਵ ‘ਸਰਹਿੰਦ ਕੈਨਾਲ’ ਰੋਪੜ ਤੋਂ ਨਿੱਕਲ ਕੇ ਬਠਿੰਡਾ ਪਹੁੰਚਦੀ ਹੋਈ, ਰਸਤੇ ਵਿਚ ਹੋਰ ਕੀ-ਕੀ ਸਿਤਮ ਝੱਲਦੀ ਸਾਡੇ ਤੱਕ ਪਹੁੰਚਦੀ ਹੈ, ਕਿਹਾ ਨਹੀਂ ਜਾ ਸਕਦਾ ਪਰੰਤੂ ਮੈਂ ਤਾਂ ਉਨਾ ਕੁ ਹੀ ਜ਼ਿਕਰ ਕੀਤਾ ਜੋ ਹਰ ਰੋਜ਼ ਸਾਡੀਆਂ ਅੱਖਾਂ ਦੇ ਸਾਹਮਣੇ ਵਾਪਰਦਾ ਹੈ। ਅੱਖੋਂ ਓਹਲੇ ਪਰਦੇਸ ਹੁੰਦਾ ਹੈ।
ਮੈਂ ਹੈਰਾਨ ਹਾਂ ਕਿ ਉਹ ਨਹਿਰ ਜਿਸ ਬਾਰੇ ਸਾਰਿਆਂ ਨੂੰ ਪਤਾ ਹੈ ਕਿ ਇਸ ਦਾ ਪਾਣੀ ਪੀਣ ਲਈ ਵਰਤਿਆ ਜਾਂਦਾ ਹੈ ਉਸ ਨਾਲ ਇਹ ਸਭ ਕੁਝ ਕੀ ਹੋ ਰਿਹਾ ਹੈ। ਪਿਛਲੇ ਵਰ੍ਹੇ ਗਰਮੀਆਂ ਵਿਚ ਇਸ ਨਹਿਰ ਦੀ ਸਫਾਈ ਲਈ 15 ਦਿਨ ਲਈ ਨਹਿਰ-ਬੰਦੀ ਕੀਤੀ ਗਈ ਸੀ ਪਰੰਤੂ ਜਦੋਂ ਸੁੱਕਣ ‘ਤੇ ਨਹਿਰ ਵਿਚ ਪਏ ਗੰਦ ਨੂੰ ਵੇਖਿਆ ਗਿਆ ਤਾਂ ਇਸ ਨੂੰ ਸਾਫ ਕਰਨ ‘ਤੇ 25 ਦਿਨ ਲੱਗ ਗਏ। ਗਰਮੀਆਂ ਵਿਚ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਲੈ ਕੇ ਅਖਬਾਰਾਂ ਵਿਚ ਧਰਨਿਆਂ-ਮੁਜ਼ਾਹਰਿਆਂ ਦੀਆਂ ਖਬਰਾਂ ਤਾਂ ਜਰੂਰ ਛਪੀਆਂ ਪਰੰਤੂ ਕਿਸੇ ਨੇ ਇਹ ਕਹਿਣ ਦਾ ਹੀਆ ਨਹੀਂ ਕੀਤਾ ਕਿ ਇਸ ਨਹਿਰ ਨੂੰ ਕੌਣ ਐਨੀ ਗੰਦੀ ਅਤੇ ਪਲੀਤ ਕਰ ਗਿਆ।
ਇਹ ਤਾਂ ਮੇਰੇ ਸ਼ਹਿਰ ਵਿਚੋਂ ਲੰਘਦੀ ਨਹਿਰ ਦਾ ਹਾਲ ਹੈ, ਇਸ ਵਿਚ ਕੋਈ ਸ਼ੱਕ ਨਹੀਂ ਕਿ ਤੁਹਾਡੇ ਆਲੇ-ਦੁਆਲੇ ਵਗਦੇ ਪਾਣੀ ਦੇ ਸਰੋਤਾਂ ਨਾਲ ਵੀ ਇਹੀ ਅੱਤਿਆਚਾਰ ਹੁੰਦਾ ਹੋਵੇਗਾ। ਅਸੀਂ ਇੱਕੀਵੀਂ ਸਦੀ ਵਿਚ ਜਿਉਂ ਰਿਹੇ ਹਾਂ ਜਿੱਥੇ ਅਸੀਂ ਆਪਣੀ ਸਿਹਤ ਪ੍ਰਤੀ ਐਨੇ ਕੁ ਜਾਗਰੂਕ ਹੋ ਚੁੱਕੇ ਹਾਂ ਕਿ ਬਜਾਰੋਂ ਤਲਿਆ ਨਹੀਂ ਖਾਂਦੇ, ਸਵੇਰੇ ਸੈਰ ਜਾਂ ਸਾਈਕਲਿੰਗ ਕਰਦੇ ਹਾਂ, ਗਰੀਨ-ਟੀ ਪੀਂਦੇ ਹਾਂ ਪਰੰਤੂ ਆਪਣੇ ਆਲੇ-ਦੁਆਲੇ ਪ੍ਰਤੀ ਐਨੀ ਅਣਗਹਿਲੀ ਹੈਰਾਨ ਕਰ ਦੇਣ ਵਾਲੀ ਹੈ।
ਅਸੀਂ ਅੱਖੀਂ ਵੇਖ ਕੇ ਮੱਖੀ ਨਿਗਲ ਰਹੇ ਹਾਂ। ਪੜ੍ਹੇ-ਲਿਖੇ ਅਤੇ ਸੱਭਿਅਕ ਹੋਣ ਦਾ ਦਮ ਭਰਨ ਵਾਲੇ ਸਾਨੂੰ ਸਾਰੇ ਲੋਕਾਂ ਨੂੰ ਸਾਡੇ ਪਾਣੀ ਦੇ ਬਚੇ-ਖੁਚੇ ਇਨ੍ਹਾਂ ਸਰੋਤਾਂ ਦੀ ਸੰਭਾਲ ਅਤੇ ਸੰਜਮ ਨਾਲ ਵਰਤੋਂ ਲਈ ਸਮਾਜ ਵਿਚ ਜਾਗਰੂਕਤਾ ਫੈਲਾਉਣ ਦੀ ਡਾਢੀ ਜਰੂਰਤ ਹੈ।
ਠਾਕੁਰ ਕਲੋਨੀ,
ਗਣੇਸ਼ਾਬਸਤੀ, ਬਠਿੰਡਾ
ਮੋ. 95011-15200
ਡਾ. ਪ੍ਰਦੀਪ ਕੌੜਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।