ਰਾਸ਼ਟਰ ਨੂੰ ਦਾਗੀ ਆਗੂਆਂ ਤੋਂ ਮੁਕਤੀ ਕਦੋਂ ਮਿਲੇਗੀ?

ਰਾਸ਼ਟਰ ਨੂੰ ਦਾਗੀ ਆਗੂਆਂ ਤੋਂ ਮੁਕਤੀ ਕਦੋਂ ਮਿਲੇਗੀ?

ਭਾਰਤੀ ਰਾਜਨੀਤੀ ’ਚ ਅਪਰਾਧਿਕ ਛਵੀ ਵਾਲੇ ਜਾਂ ਕਿਸੇ ਅਪਰਾਧ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਲੋਕ-ਨੁਮਾਇੰਦੇ ਬਣਾਏ ਜਾਣ ਅਤੇ ਮਹੱਤਵਪੂਰਨ ਮੰਤਰਾਲਿਆਂ ਦੀ ਜਿੰਮੇਵਾਰੀ ਦੇਣ ਦੇ ਨਾਂਅ ’ਤੇ ਡੂੰਘਾ ਸੰਨਾਟਾ ਪੱਸਰਿਆ ਹੈ, ਜੋ ਲੋਕਤੰਤਰ ਦੀ ਇੱਕ ਵੱਡੀ ਬਿਡੰਬਨਾ ਬਣਦੀ ਜਾ ਰਹੀ ਹੈ ਕਿਹੋ-ਜਿਹਾ ਵਿਰੋਧਾਭਾਸ ਅਤੇ ਕੁਰੀਤੀ ਹੈ ਕਿ ਇੱਕ ਅਪਰਾਧਿਕ ਛਵੀ ਵਾਲਾ ਆਗੂ ਕਾਨੂੰਨ ਮੰਤਰੀ ਬਣ ਜਾਂਦਾ ਹੈ, ਇੱਕ ਅਨਪੜ੍ਹ ਜਾਂ ਘੱਟ ਪੜ੍ਹੇ-ਲਿਖੇ ਨੁਮਾਇੰਦੇ ਨੂੰ ਸਿੱਖਿਆ ਮੰਤਰੀ ਬਣਾ ਦਿੱਤਾ ਜਾਂਦਾ ਹੈ

ਅਜਿਹਾ ਹੀ ਹੋਰ ਮਹੱਤਵਪੂਰਨ ਮੰਤਰਾਲਿਆਂ ਨਾਲ ਹੁੰਦਾ ਹੈ ਇਹ ਕਿਹੋ-ਜਿਹੀ ਮਜ਼ਬੂਰੀ ਹੈ ਰਾਜਨੀਤਿਕ ਪਾਰਟੀਆਂ ਦੀ? ਅਕਸਰ ਰਾਜਨੀਤੀ ਨੂੰ ਅਪਰਾਧ ਮੁਕਤ ਕਰਨ ਦੇ ਦਾਅਵੇ ਦੀ ਹਕੀਕਤ ਉਦੋਂ ਸਾਹਮਣੇ ਆ ਜਾਂਦੀ ਹੈ ਜਦੋਂ ਕਿਸੇ ਸੂਬੇ ਜਾਂ ਕੇਂਦਰ ’ਚ ਗਠਜੋੜ ਸਰਕਾਰ ਦੇ ਗਠਨ ਦਾ ਮੌਕਾ ਆਉਂਦਾ ਹੈ ਬਿਹਾਰ ’ਚ ਨਵੀਂ ਸਰਕਾਰ ’ਚ ਕਾਨੂੰਨ ਮੰਤਰੀ ਬਣੇ ਰਾਸ਼ਟਰੀ ਜਨਤਾ ਦਲ ਦੇ ਵਿਧਾਇਕ ਕਾਰਤੀਕੇਯ ਸਿੰਘ ਹਨ ਜਿਸ ਨੇ ਮੰਗਲਵਾਰ ਨੂੰ ਪਟਨਾ ਦੇ ਦਾਨਾਪੁਰ ’ਚ ਅਦਾਲਤ ਦੇ ਸਾਹਮਣੇ ਸਮੱਰਪਣ ਕਰਨਾ ਸੀ, ਪਰ ਉਹ ਰਾਜਭਵਨ ’ਚ ਸਹੁੰ ਚੁੱਕਣ ਪਹੁੰਚ ਗਏ

ਬਿਹਾਰ ’ਚ ਨੀਤੀਸ਼ ਕੁਮਾਰ ਨੂੰ ਸੁਸ਼ਾਸਨ ਬਾਬੂ ਦੇ ਤੌਰ ’ਤੇ ਜਾਣਿਆ ਜਾਂਦਾ ਹੈ ਜਿਨ੍ਹਾਂ ਨੇ ਸੂਬੇ ’ਚ ਅਪਰਾਧ ਦੇ ਖਾਤਮੇ ਦੇ ਐਲਾਨ ਦੇ ਬੁੂਤੇ ਹੀ ਆਪਣੇ ਰਾਜਨੀਤਿਕ ਕੱਦ ਨੂੰ ਉੱਚਾ ਕੀਤਾ ਪਰ ਤਾਜ਼ਾ ਉਲਟਫੇਰ ’ਚ ਜਿਨ੍ਹਾਂ ਲੋਕਾਂ ਨੂੰ ਮੰਤਰੀ ਮੰਡਲ ’ਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ’ਚੋਂ ਕਈਆਂ ’ਤੇ ਲੱਗੇ ਦੋਸ਼ਾਂ ਤੋਂ ਬਾਅਦ ਇੱਕ ਵਾਰ ਫ਼ਿਰ ਇਸ ਸਵਾਲ ਨੇ ਜ਼ੋਰ ਫੜਿਆ ਹੈ ਕਿ ਜੋ ਲੋਕ ਰਾਜਨੀਤੀ ਨੂੰ ਅਪਰਾਧੀਕਰਨ ਤੋਂ ਮੁਕਤ ਬਣਾਉਣ ਦੀ ਗੱਲ ਕਰਦੇ ਹਨ, ਉਹ ਹਰ ਵਾਰ ਮੌਕਾ ਮਿਲਣ ’ਤੇ ਆਪਣੇ ਸੰਕਲਪ ਅਤੇ ਬੇਦਾਗ ਰਾਜਨੀਤੀ ਦੇ ਦਾਅਵਿਆਂ ਤੋਂ ਪਿੱਛੇ ਕਿਉਂ ਹਟ ਜਾਂਦੇ ਹਨ?

ਜ਼ਿਕਰਯੋਗ ਹੈ ਕਿ 2014 ’ਚ ਕਾਰਤੀਕੇਯ ਸਿੰਘ ਸਮੇਤ ਸਤਾਰਾਂ ਹੋਰ ਲੋਕਾਂ ’ਤੇ ਪਟਨਾ ਦੇ ਬਿਹਟਾ ਥਾਣੇ ’ਚ ਅਗਵਾ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ ਕਾਰਤੀਕੇਯ ਸਿੰਘ ’ਤੇ ਦੋਸ਼ ਹੈ ਕਿ ਉਨ੍ਹਾਂ ਨੇ ਇੱਕ ਬਿਲਡਰ ਨੂੰ ਮਾਰਨ ਦੇ ਮਕਸਦ ਨਾਲ ਅਗਵਾ ਕਰਨ ਦੀ ਸਾਜਿਸ਼ ਰਚੀ ਸੀ ਇਹ ਅਜੀਬ ਸਥਿਤੀ ਹੈ ਕਿ ਅਕਸਰ ਸਾਫ਼-ਸੁਥਰੀ ਅਤੇ ਇਮਾਨਦਾਰ ਸਰਕਾਰ ਦੇਣ ਦੇ ਦਾਅਵਿਆਂ ਵਿਚਕਾਰ ਅਪਰਾਧਿਕ ਛਵੀ ਦੇ ਲੋਕਾਂ ਨੂੰ ਉੱਚ ਅਹੁਦਾ ਦੇਣ ਦਾ ਸਵਾਲ ਉੱਠ ਜਾਂਦਾ ਹੈ ਸਵਾਲ ਹੈ ਕਿ ਕੀ ਨੀਤੀਸ਼ ਕੁਮਾਰ ਆਪਣੇ ਹੀ ਦਾਅਵਿਆਂ ਸਬੰਧੀ ਅਸਲ ਵਿਚ ਗੰਭੀਰ ਹਨ? ਅਜਿਹੇ ਜਿੰਮੇਵਾਰ ਰਾਜਨੀਤਿਕ ਆਗੂ ਆਪਣੇ ਦਾਅਵਿਆਂ ਤੋਂ ਪਿੱਛੇ ਹਟਣਗੇ ਤਾਂ ਰਾਜਨੀਤੀ ਨੂੰ ਕੌਣ ਨੈਤਿਕ ਸੁਰੱਖਿਆ ਦੇਵੇਗਾ?

ਅੱਜ ਭਾਰਤ ਦੀ ਅਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ’ਤੇ ਇੱਕ ਵੱਡਾ ਸਵਾਲ ਹੈ ਭਾਰਤ ਦੀ ਰਾਜਨੀਤੀ ਨੂੰ ਅਪਰਾਧ ਮੁਕਤ ਬਣਾਉਣ ਦਾ ਇਹ ਬੇਵਜ੍ਹਾ ਨਹੀਂ ਹੈ ਕਿ ਦੇਸ਼ ਭਰ ’ਚ ਅਪਰਾਧੀ ਤੱਤਾਂ ਦੇ ਰਾਜਨੀਤੀ ’ਚ ਵਧਦੇ ਦਖ਼ਲ ਨੇ ਇੱਕ ਅਜਿਹੀ ਸਮੱਸਿਆ ਖੜ੍ਹੀ ਕਰ ਦਿੱਤੀ ਹੈ ਕਿ ਅਗਵਾ ਦੇ ਮੁਲਜ਼ਮ ਅਦਾਲਤ ’ਚ ਪੇਸ਼ ਹੋਣ ਦੀ ਥਾਂ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਪਹੁੰਚ ਜਾਂਦੇ ਹਨ ਅਸੀਂ ਅਜਿਹੇ ਚਰਿੱਤਰਹੀਣ ਅਤੇ ਅਪਰਾਧੀ ਤੱਤਾਂ ਨੂੰ ਜਿੰਮੇਵਾਰੀ ਦੇ ਅਹੁਦੇ ਦੇ ਕੇ ਕਿਵੇਂ ਸੁਸ਼ਾਸਨ ਸਥਾਪਿਤ ਕਰਾਂਗੇ? ਕਿਵੇਂ ਆਮ ਜਨਤਾ ਦੇ ਵਿਸ਼ਵਾਸ ’ਤੇ ਖਰੇ ਉੱਤਰਾਂਗੇ? ਇਸ ਤਰ੍ਹਾਂ ਅਪਰਾਧੀ ਤੱਤਾਂ ਨੂੰ ਹੁਲਾਰਾ ਦੇਣ ਤੋਂ ਬਾਅਦ ਨੀਤੀਸ਼ ਕੁਮਾਰ ਦੇ ਉਨ੍ਹਾਂ ਦਾਅਵਿਆਂ ਦੀ ਕੀ ਭਰੋਸੇਯੋਗਤਾ ਰਹਿ ਜਾਂਦੀ ਹੈ ਕਿ ਉਹ ਬਿਹਾਰ ਨੂੰ ਅਪਰਾਧ ਅਤੇ ਭ੍ਰਿਸ਼ਟਾਚਾਰ ਤੋਂ ਮੁਕਤ ਕਰਾਉਣਗੇ?

ਵੱਡਾ ਸਵਾਲ ਹੈ ਕਿ ਆਖ਼ਿਰ ਰਾਜਨੀਤੀ ’ਚ ਉਦੋਂ ਕੌਣ ਆਦਰਸ਼ ਪੇਸ਼ ਕਰੇਗਾ? ਕੀ ਹੋ ਗਿਆ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੇ ਸਦਾ ਹੀ ਹਰ ਕੁਰਬਾਨੀ ਕਰਕੇ ਆਦਰਸ਼ ਪੇਸ਼ ਕੀਤਾ ਲੱਖਾਂ ਲਈ ਪ੍ਰੇਰਣਾਸਰੋਤ ਬਣੇ, ਆਦਰਸ਼ ਬਣੇ ਚਾਹੇ ਅਜ਼ਾਦੀ ਦੀ ਲੜਾਈ ਹੋਵੇ, ਦੇਸ਼ ਦੀ ਸੁਰੱਖਿਆ ਹੋਵੇ, ਧਰਮ ਦੀ ਸੁਰੱਖਿਆ ਹੋਵੇ, ਆਪਣੇ ਬਚਨ ਦੀ ਰੱਖਿਆ ਹੋਵੇ ਅਤੇ ਆਪਣੀ ਸੰਸਕ੍ਰਿਤੀ ਅਤੇ ਮਾਣ-ਮਰਿਆਦਾ ਦੀ ਸੁਰੱਖਿਆ ਦਾ ਸਵਾਲ ਹੋਵੇ, ਉਨ੍ਹਾਂ ਨੇ ਫ਼ਰਜ਼ ਅਤੇ ਬਚਨ ਨਿਭਾਉਣ ਲਈ ਆਪਣਾ ਸਭ ਕੁਝ ਵਾਰ ਦਿੱਤਾ ਸੀ ਮਹਾਰਾਣਾ ਪ੍ਰਤਾਪ, ਭਗਤ ਸਿੰਘ, ਦੁਰਗਾਦਾਸ, ਛਤਰਸਾਲ, ਸ਼ਿਵਾਜੀ ਵਰਗੇ ਵੀਰਾਂ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਖ-ਸੁਵਿਧਾ ਨੂੰ ਤਿਆਗ ਕੇ ਵੱਡੀ ਕੁਰਬਾਨੀ ਦਿੱਤੀ ਸੀ ਪੰਨਾਧਿਆਏ ਨੇ ਆਪਣੀ ਸਵਾਮੀ ਭਗਤੀ ਲਈ ਆਪਣੇ ਪੁੱਤਰ ਨੂੰ ਕੁਰਬਾਨ ਕਰ ਦਿੱਤਾ

ਅਜਿਹੇ ਲੋਕਾਂ ਦੀਆਂ ਯਾਦਗਾਰ ਸਮਾਰਕਾਂ ਬਣਨੀਆਂ ਚਾਹੀਦੀਆਂ ਹਨ ਭਾਵੇਂ ਇੰਨਾ ਦੀਆਂ ਸਮਾਰਕਾਂ ਨਹੀਂ ਬਣੀਆਂ ਪਰ ਲੋਕਾਂ ਦੇ ਸਿਰ ਸ਼ਰਧਾ ਨਾਲ ਝੁਕਦੇ ਹਨ, ਇਨ੍ਹਾਂ ਦਾ ਨਾ ਆਉਂਦੇ ਹੀ ਪਰ ਅੱਜ ਜਿਸ ਤਰ੍ਹਾਂ ਸਾਡਾ ਰਾਸ਼ਟਰੀ ਜੀਵਨ ਅਤੇ ਸੋਚ ਵਿਗੜੀ ਹੈ, ਸਾਡੀ ਰਾਜਨੀਤੀ ਸਵਾਰਥੀ ਅਤੇ ਸੌੜੀ ਬਣੀ ਹੈ, ਸਾਡਾ ਵਿਹਾਰ ਝੂਠਾ ਹੋਇਆ ਹੈ, ਚਿਹਰਿਆਂ ’ਤੇ ਜ਼ਿਆਦਾ ਨਕਾਬ ਪਾ ਰੱਖੇ ਹਨ, ਉਸ ਨੇ ਸਾਡੇ ਸਾਰੇ ਮੁੱਲਾਂ ਨੂੰ ਤਬਾਹ ਕਰ ਦਿੱਤਾ ਸਮਾਂ ਆ ਗਿਆ ਹੈ ਜਦੋਂ ਦੇਸ਼ ਦੀ ਸੰਸਕ੍ਰਿਤੀ, ਮਾਣਮੱਤੀ ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਕੁਝ ਸਿਖਰ ਦੇ ਵਿਅਕਤੀਆਂ ਨੂੰ ਸੁਚੱਜੇ ਯਤਨ ਕਰਨੇ ਪੈਣਗੇ ਦਿਸ਼ਾਹੀਣ ਹੋਏ ਅਗਵਾਈ ਵਰਗ ਦੇ ਸਾਹਮਣੇ ਨਵਾਂ ਮਾਪਦੰਡ ਰੱਖਣਾ ਹੋਵੇਗਾ ਜੇਕਰ ਕਿਸੇ ਦੀ ਹੱਤਿਆ, ਅਗਵਾ ਜਾਂ ਹੋਰ ਸੰਗੀਨ ਅਪਰਾਧਾਂ ’ਚ ਕੋਈ ਵਿਅਕਤੀ ਮੁਲਜ਼ਮ ਹੈ ਤਾਂ ਉਸ ਨੂੰ ਰਾਜਨੀਤਿਕ ਦੱਸ ਕੇ ਸੁਰੱਖਿਆ ਦੇਣ ਦੀ ਕੋਸ਼ਿਸ਼ ਜਾਂ ਸਿਆਸੀ ਲਾਭ ਚੁੱਕਣ ਦੀ ਕੋਸ਼ਿਸ਼ ’ਤੇ ਰੋਕ ਲਾਉਣੀ ਹੀ ਪਵੇਗੀ

ਸਰਹੱਦਾਂ ’ਤੇ ਰਾਸ਼ਟਰ ਦੀ ਸੁਰੱਖਿਆ ਕਰਨ ਵਾਲਿਆਂ ਦੀ ਸਿਰਫ਼ ਇੱਕ ਹੀ ਮੰਗ ਸੁਣਨ ’ਚ ਆਉਂਦੀ ਹੈ ਕਿ ਮਰਨ ਤੋਂ ਬਾਅਦ ਸਾਡੀ ਲਾਸ਼ ਸਾਡੇ ਘਰ ਪਹੁੰਚਾ ਦਿੱਤੀ ਜਾਵੇ ਅਜਿਹਾ ਜਦੋਂ ਪੜ੍ਹਦੇ ਤਾਂ ਸਾਡਾ ਸਿਰ ਉਨ੍ਹਾਂ ਜਵਾਨਾਂ ਨੂੰ ਸਲਾਮ ਕਰਦਾ ਹੈ, ਲੱਗਦਾ ਹੈ ਕਿ ਦੇਸ਼ ਭਗਤੀ ਅਤੇ ਕੁਰਬਾਨੀ ਦਾ ਮਾਦਾ ਹਾਲੇ ਤੱਕ ਮਰਿਆ ਨਹੀਂ ਹੈ ਪਰ ਰਾਜਨੀਤੀ ’ਚ ਅਜਿਹਾ ਆਦਰਸ਼ ਕਦੋਂ ਪੇਸ਼ ਹੋਵੇਗਾ ਸਿਆਸਤ ’ਚ ਚਰਿੱਤਰ ਅਤੇ ਨੈਤਿਕਤਾ ਦੇ ਦੀਵੇ ਦੀ ਰੌਸ਼ਨੀ ਮੱਧਮ ਪੈ ਗਈ ਹੈ, ਤੇਲ ਪਾਉਣਾ ਹੋਵੇਗਾ ਦਿੱਲੀ ਸਰਕਾਰ ’ਚ ਮੰਤਰੀਆਂ ਦੇ ਘਰਾਂ ’ਤੇ ਸੀਬੀਆਈ ਦੇ ਛਾਪੇ ਅਤੇ ਜੇਲ੍ਹ ਦੀਆਂ ਸਲਾਖਾਂ ਹੋਣ ਜਾਂ ਬਿਹਾਰ ਮੰਤਰੀ ਪ੍ਰੀਸ਼ਦ ਦੇ ਗਠਨ ’ਚ ਅਪਰਾਧੀ ਤੱਤਾਂ ਦੀ ਤਾਜ਼ਪੋਸ਼ੀ-ਇਹ ਗੰਭੀਰ ਮਸਲੇ ਹਨ, ਜਿਨ੍ਹਾਂ ’ਤੇ ਰਾਜਨੀਤੀ ’ਚ ਡੂੰਘੀ ਬਹਿਸ ਹੋਵੇ, ਰਾਜਨੀਤੀ ਦੇ ਸ਼ੁੱਧੀਕਰਨ ਦਾ ਸਾਰਥਿਕ ਯਤਨ ਹੋਵੇ, ਇਹ ਨਵਾਂ ਭਾਰਤ ਮਜ਼ਬੂਤ ਭਾਰਤ ਦੀਆਂ ਪਹਿਲਾਂ ਹੋਣੀਆਂ ਹੀ ਚਾਹੀਦੀਆਂ ਹਨ

ਸਾਰੇ ਆਪਣੀ-ਆਪਣੀ ਪਛਾਣ ਅਤੇ ਸਵਾਰਥਪੂਰਤੀ ਲਈ ਭੱਜ ਰਹੇ ਹਨ, ਰੌਲਾ ਪਾ ਰਹੇ ਹਨ ਕੋਈ ਪੈਸੇ ਨਾਲ, ਕੋਈ ਆਪਣੀ ਸੁੰਦਰਤਾ ਨਾਲ, ਕੋਈ ਵਿਦਵਾਨਤਾ ਨਾਲ, ਕੋਈ ਵਿਹਾਰ ਨਾਲ ਆਪਣੀ ਅਜ਼ਾਦ ਪਛਾਣ ਲਈ ਯਤਨ ਕਰਦੇ ਹਨ ਰਾਜਨੀਤੀ ਦੀ ਹਾਲਤ ਇਸ ਤੋਂ ਵੀ ਬਦਤਰ ਹੈ ਕਿ ਇੱਥੇ ਜਨਤਾ ਦੇ ਦਿਲਾਂ ’ਤੇ ਰਾਜ ਕਰਨ ਲਈ ਆਗੂ ਅਪਰਾਧ, ਭ੍ਰਿਸ਼ਟਾਚਾਰ ਅਤੇ ਚਰਿੱਤਰਹੀਣਤਾ ਦਾ ਸਹਾਰਾ ਲੈਂਦੇ ਹਨ ਜਾਤੀਵਾਦ, ਪ੍ਰਾਂਤਵਾਦ, ਫਿਰਕੂਵਾਦ ਨੂੰ ਆਧਾਰ ਬਣਾ ਕੇ ਜਨਤਾ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ ਪਰ ਅਸੀਂ ਕਿੰਨਾ ਭਰਮ ਪਾਲਦੇ ਹਾਂ ਪਛਾਣ ਚਰਿੱਤਰ ਦੇ ਬਿਨਾਂ ਨਹੀਂ ਬਣਦੀ ਬਾਕੀ ਸਭ ਅਸਥਾਈ ਹੈ ਚਰਿੱਤਰ ਇੱਕ ਸਾਧਨਾ ਹੈ, ਤਪੱਸਿਆ ਹੈ ਜਿਸ ਤਰ੍ਹਾਂ ਹੰਕਾਰ ਦਾ ਪੇਟ ਵੱਡਾ ਹੁੰਦਾ ਹੈ, ਉਸ ਨੂੰ ਰੋਜ਼ ਕੁਝ ਨਾ ਕੁਝ ਚਾਹੀਦਾ ਹੈ

ਉਸੇ ਤਰ੍ਹਾਂ ਸਿਆਸੀ ਚਰਿੱਤਰ ਨੂੰ ਰੋਜ਼ ਸੁਰੱਖਿਆ ਚਾਹੀਦੀ ਹੈ ਅਤੇ ਇਹ ਸਭ ਮਜ਼ਬੂਤ ਮਨੋਬਲ, ਸਾਫ ਛਵੀ, ਇਮਾਨਦਾਰੀ ਅਤੇ ਅਪਰਾਧ ਮੁਕਤੀ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਨੀਤੀਸ਼ ਕੁਮਾਰ ਤੋਂ ਬਹੁਤ ਉਮੀਦਾਂ ਹਨ, ਉਹ ਆਪਣੀ ਛਵੀ ਦੇ ਮੁਤਾਬਿਕ ਫੈਸਲੇ ਲੈਣ ਅਤੇ ਇਮਾਨਦਾਰ ਲੋਕਾਂ ਨੂੰ ਮੰਤਰੀ ਬਣਾਉਣ ਇਹੀ ਉਨ੍ਹਾਂ ਲਈ ਸੁਵਿਧਾਜਨਕ ਹੋਵੇਗਾ ਅਤੇ ਇਹੀ ਉਨ੍ਹਾਂ ਦੇ ਸਿਆਸੀ ਜੀਵਨ ਨੂੰ ਲੰਮੇਰੀ ਉਮਰ ਪ੍ਰਦਾਨ ਕਰੇਗਾ ਬਿਹਾਰ ਹੀ ਨਹੀਂ ਸਮੁੱਚੇ ਦੇਸ਼ ’ਚ ਲੋਕ-ਨੁਮਾਇੰਦਾ ਬਣਨ ਅਤੇ ਉਸ ਨੂੰ ਮੰਤਰੀ ਬਣਾਏ ਜਾਣ ਦੀਆਂ ਘੱਟੋ-ਘੱਟ ਯੋਗਤਾਵਾਂ ’ਚ ਉਸ ਦਾ ਅਪਰਾਧਮੁਕਤ ਜ਼ਰੂਰ ਹੋਣਾ ਚਾਹੀਦਾ ਹੈ

ਉਸ ’ਤੇ ਕਿਸੇ ਵੀ ਅਦਾਲਤ ’ਚ ਕੋਈ ਮਾਮਲਾ ਵਿਚਾਰਧੀਨ ਨਹੀਂ ਹੋਣਾ ਚਾਹੀਦਾ ਹੈ ਬਿਹਾਰ ਦੀ ਮੌਜੂਦਾ ਸਰਕਾਰ ’ਚ ਹਾਲਤ ਇਹ ਹੈ ਕਿ ਜਿੰਨੇ ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ ਹੈ, ਉਨ੍ਹਾਂ ’ਚੋਂ 72 ਫੀਸਦੀ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ ਗੈਰ-ਸਰਕਾਰੀ ਸੰਗਠਨ ਐਸੋਸੀਏਸ਼ਨ ਆਫ਼ ਡੈਮੋਕ੍ਰੇਟਿਕ ਰਿਸਰਚ ਦੀ ਤਾਜ਼ਾ ਰਿਪੋਰਟ ’ਚ ਇਹ ਦੱਸਿਆ ਗਿਆ ਹੈ ਕਿ 23 ਮੰਤਰੀਆਂ ਨੇ ਆਪਣੇ ਖਿਲਾਫ਼ ਦਰਜ ਅਪਰਾਧਿਕ ਮਾਮਲਿਆਂ ਦੀ ਜਾਣਕਾਰੀ ਦਿੱਤੀ ਹੈ ਇਨ੍ਹਾਂ ’ਚ 70 ਮੰਤਰੀਆਂ ਖਿਲਾਫ਼ ਗੰਭੀਰ ਅਪਰਾਧਾਂ ਦੀਆਂ ਧਾਰਾਵਾਂ ਲੱਗੀਆਂ ਹੋਈਆਂ ਹਨ ਕਦੋਂ ਮੁਕਤੀ ਮਿਲੇਗੀ ਇਨ੍ਹਾਂ ਅਪਰਾਧੀ ਤੱਤਾਂ ਤੋਂ ਰਾਸ਼ਟਰ ਨੂੰ? ਰਾਜਨੀਤੀ ’ਚ ਚਰਿੱਤਰ-ਨੈਤਿਕਤਾ ਸੰਪੰਨ ਆਗੂ ਹੀ ਰਿਸਪੈਕਟੇਬਲ (ਸਨਮਾਨਯੋਗ) ਹੋਵੇ ਅਤੇ ਉਹੀ ਐਕਸੈਪਟੇਬਲ (ਸਵੀਕਾਰਯੋਗ) ਹੋਵੇ
ਲਲਿਤ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here