ਵੱਡੀ ਗਿਣਤੀ ਅਕਾਲੀ ਆਗੂਆਂ ਨੇ ਬਿਨਾ ਸਮਾਜਿਕ ਦੂਰੀ ਰੱਖਦਿਆਂ ਦਿੱਤਾ ਮੰਗ ਪੱਤਰ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਕਾਂਗਰਸ ਦੀਆਂ ਮਾਰੂ ਨੀਤੀਆਂ ਖਿਲਾਫ਼ ਇੱਥੇ ਡੀਸੀ ਦਫ਼ਤਰ ਅੱਗੇ ਦਿੱਤੇ ਗਏ ਧਰਨੇ ਦੌਰਾਨ ਕੋਰੋਨਾ ਵਾਇਰਸ ਦੇ ਨਿਯਮਾਂ ਦੀਆਂ ਜਮ ਕੇ ਧੱਜੀਆਂ ਉਡੀਆਂ । ਇੱਥੋਂ ਤੱਕ ਕਿ ਆਮ ਜਨਤਾ ਨੂੰ ਸ਼ੋਸਲ ਡਿਸਟੈਸਿੰਗ ਦਾ ਪਾਠ ਪੜਾਉਣ ਵਾਲੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਵੀ ਸੋਸ਼ਲ ਡਿਸਟੈਸਿੰਗ ਖੰਭ ਲਾਕੇ ਉੱਡ ਗਈ। ਵੱਡੀ ਗਿਣਤੀ ਅਕਾਲੀ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਝੂੰਡ ਦੇ ਰੂਪ ਵਿੱਚ ਆਪਣਾ ਮੰਗ ਪੱਤਰ ਸੌਂਪਿਆ ਗਿਆ ਅਤੇ ਕਈਆਂ ਦੇ ਤਾ ਮਾਸਕ ਵੀ ਪਹਿਨਿਆ ਹੋਇਆ ਨਹੀਂ ਸੀ।
ਜਾਣਕਾਰੀ ਅਨੁਸਾਰ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ‘ਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਜ਼ਿਲ੍ਹੇ ਦੀ ਲੀਡਰਸ਼ਿਪ ਵੱਲੋਂ ਧਰਨਾ ਦਿੱਤਾ ਗਿਆ ਸੀ। ਇਸ ਮੌਕੇ ਦੇਖਿਆ ਗਿਆ ਕਿ ਅਕਾਲੀ ਆਗੂਆਂ ਵੱਲੋਂ ਪਹਿਲਾਂ ਧਰਨੇ ‘ਚ ਸਮਾਜਿਕ ਦੂਰੀ ਨੂੰ ਭੁੱਲਦਿਆਂ ਕਾਂਗਰਸ ਖਿਲਾਫ਼ ਜਮ ਕੇ ਭੜਾਸ ਕੱਢੀ ਗਈ। ਅਕਾਲੀ ਆਗੂਆਂ ਵੱਲੋਂ ਇੱਕ ਦੂਜੇ ਨਾਲ ਜੁੜ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕਰੜੇ ਹੱਥੀਂ ਲਿਆ ਗਿਆ।
ਡੀਸੀ ਦੇ ਸਾਹਮਣੇ ਕੁਰਸੀਆਂ ਤੇ ਵੀ ਨਾਲ-ਨਾਲ ਬੈਠੇ ਰਹੇ ਅਕਾਲੀ ਆਗੂ
ਇਸ ਤੋਂ ਬਾਅਦ ਅਕਾਲੀ ਦਲ ਦੇ ਆਗੂਆਂ ਵੱਲੋਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੂੰ ਉਨ੍ਹਾਂ ਦੇ ਦਫ਼ਤਰ ਮਿਲਣ ਪੁੱਜੇ ਅਤੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਦੇਖਿਆ ਗਿਆ ਕਿ ਡਿਪਟੀ ਕਮਿਸ਼ਨਰ ਵੀ ਅਕਾਲੀ ਆਗੂਆਂ ਦੇ ਇਕੱਠ ਅੱਗੇ ਕੋਰੋਨਾ ਦੇ ਡਰ ਨੂੰ ਭੁਲਾ ਬੈਠੇ। ਡਿਪਟੀ ਕਮਿਸ਼ਨਰ ਦੇ ਅੱਗੇ ਵੀ ਲੱਗੀਆਂ ਨਾਲ-ਨਾਲ ਕੁਰਸੀਆਂ ਤੇ ਸਾਰੇ ਆਗੂ ਬੈਠੇ ਹੋਏ ਦਿਖਾਈ ਦਿੱਤੇ ਅਤੇ ਇੱਥੇ ਵੀ ਸਮਾਜਿਕ ਦੂਰੀ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ।
ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਮੌਕੇ ਵੀ ਦਰਜ਼ਨਾਂ ਆਗੂ ਫੋਟੋ ਖਿਚਵਾਉਣ ਲਈ ਲਈ ਇਕੱਠੇ ਹੋਏ ਅਤੇ ਕਈਆਂ ਦੇ ਤਾਂ ਮਾਸਕ ਵੀ ਨਹੀਂ ਪਾਇਆ ਹੋਇਆ ਸੀ। ਇਸ ਮੌਕੇ ਨਾ ਡਿਪਟੀ ਕਮਿਸ਼ਨਰ ਨੂੰ ਕੋਰੋਨਾ ਦੇ ਨਿਯਮਾਂ ਦਾ ਖਿਆਲ ਰਿਹਾ ਅਤੇ ਨਾ ਹੀ ਅਕਾਲੀ ਆਗੂਆਂ ਨੂੰ। ਜਦਕਿ ਜਦੋਂ ਕਿਸੇ ਹੋਰ ਜਥੇਬੰਦੀ ਵੱਲੋਂ ਡਿਪਟੀ ਕਮਿਸ਼ਨਰ ਨੂੰ ਮਿਲਣਾ ਹੁੰਦਾ ਹੈ ਤਾ ਉਨ੍ਹਾਂ ਦੇ ਕੁਝ ਕੁ ਬੰਦਿਆਂ ਨੂੰ ਹੀ ਸਮਾਜਿਕ ਦੂਰੀ ਦੇ ਨਾਮ ਤੇ ਮਿਲਣ ਦਿੱਤਾ ਜਾਂਦਾ ਹੈ, ਜਦਕਿ ਇੱਥੇ ਸਭ ਕੁਝ ਉਲਟਾ ਦਿਖਾਈ ਦਿੱਤਾ।
ਉਂਜ ਪਬਲਿਕ ਰਿਲੇਸ਼ਨ ਦਫ਼ਤਰ ਵੱਲੋਂ ਰੋਜਾਨਾਂ ਹੀ ਡਿਪਟੀ ਕਮਿਸ਼ਨਰ ਦੇ ਨਾਂਅ ਤੇ ਅਨੇਕਾਂ ਪ੍ਰੈਸ ਨੋਟ ਜਾਰੀ ਕਰਦਿਆ ਆਮ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਜਾਂਦਾ ਹੈ ਕਿ ਉਹ ਸਰਕਾਰ ਵੱਲੋਂ ਕੋਰੋਨਾ ਦੇ ਖਿਲਾਫ਼ ਸ਼ੁਰੂ ਕੀਤਾ ਮਿਸ਼ਨ ਫਤਿਹ ਤਹਿਤ ਸਮਾਜਿਕ ਦੂਰੀ ਆਦਿ ਦੇ ਨਿਯਮਾਂ ਨੂੰ ਆਪਣਾ ਕੇ ਇਸ ਮਹਾਂਮਾਰੀ ਖਿਲਾਫ਼ ਲੜਨ। ਅੱਜ ਮਿਸ਼ਨ ਫਹਿਤ ਤਹਿਤ ਸਰਕਾਰ ਦੇ ਇਹ ਨਿਯਮ ਖੁਦ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਦਮ ਤੋੜਦੇ ਨਜ਼ਰ ਆਏ। ਹੁਣ ਸੁਆਲ ਇਹ ਪੈਦਾ ਹੁੰਦਾ ਹੈ ਕਿ ਸ਼ੋਸਲ ਡਿਸਟੈਸਿੰਗ ਸਮੇਤ ਮਾਸਕ ਪਾਉਣ ਵਾਲੀਆਂ ਹਦਾਇਤਾਂ ਸਿਰਫ਼ ਆਮ ਜਨਤਾ ਲਹੀ ਹੀ ਹਨ ਅਤੇ ਇਹ ਨਿਯਮ ਰਾਜਨੀਤਿਕ ਲੋਕਾਂ ਤੇ ਲਾਗੂ ਨਹੀਂ ਹੁੰਦੇ।
ਨਿਯਮਾਂ ਦੀ ਪਾਲਣਾ ਕੀਤੀ ਗਈ: ਰੱਖੜਾ
ਇਸ ਮਾਮਲੇ ਸਬੰਧੀ ਜਦੋਂ ਜ਼ਿਲ੍ਹਾ ਪ੍ਰਧਾਨ ਸੁਰਜੀਤ ਸਿੰਘ ਰੱਖੜਾ ਨਾਲ ਗੱਲ ਕੀਤੀ ਕਿ ਤਾਂ ਉਨ੍ਹਾਂ ਕਿਹਾ ਕਿ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਗਈ ਹੈ। ਜਦੋਂ ਉਨ੍ਹਾਂ ਤੋਂ ਧਰਨੇ ਸਮੇਤ ਡੀਸੀ ਨੂੰ ਮੰਗ ਪੱਤਰ ਦਿੰਦਿਆਂ ਦੀਆਂ ਜਾਰੀ ਹੋਈ ਫੋਟੋਆਂ ਸਬੰਧੀ ਪੁੱਛਿਆ ਤਾਂ ਉਹ ਕੋਈ ਜਵਾਬ ਨਾ ਦੇ ਸਕੇ।
ਉਹ ਕੀ ਕਰ ਸਕਦੇ ਹਨ : ਡਿਪਟੀ ਕਮਿਸ਼ਨਰ
ਇਸ ਸਬੰਧੀ ਜਦੋਂ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਉਹ ਕੀ ਕਰ ਸਕਦੇ ਹਨ, ਕਿਉਂਕਿ ਦਫ਼ਤਰ ਅੰਦਰ ਕਾਫੀ ਆਗੂ ਪੁੱਜ ਗਏ ਸਨ। ਉਨ੍ਹਾਂ ਹੋਰ ਇਸ ਮਾਮਲੇ ਵਿੱਚ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।