ਜਦੋਂ ਪਤੀ-ਪਤਨੀ ਦੀ ਆਪਸੀ ਬੋਲਚਾਲ ਹੋ ਜਾਵੇ ਬੰਦ
ਅਕਸਰ ਹਾਸੇ-ਹਾਸੇ ’ਚ ਇਹ ਗੱਲ ਆਮ ਕਹੀ ਜਾਂਦੀ ਹੈ ਕਿ ਵਿਆਹ ਤੋਂ ਪਹਿਲਾਂ ਲੜਕਾ ਬੋਲਦਾ ਹੈ ਤੇ ਲੜਕੀ ਸੁਣਦੀ ਹੈ। ਵਿਆਹ ਤੋਂ ਬਾਅਦ ਪਤਨੀ ਬੋਲਦੀ ਹੈ ਤੇ ਪਤੀ ਸੁਣਦਾ ਹੈ। ਕੁੱਝ ਸਮੇਂ ਬਾਅਦ ਦੋਵੇਂ ਬੋਲਦੇ ਹਨ ਤੇ ਦੁਨੀਆਂ ਸੁਣਦੀ ਹੈ। ਕੁੱਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਲੋਕਾਂ ਨੂੰ ਸੁਣਾਉਣ ਦੀ ਬਜਾਏ, ਖੁਦ ਹੀ ਚੁੱਪ ਰਹਿ ਜਾਣਾ ਜ਼ਿਆਦਾ ਪਸੰਦ ਕਰਦੇ ਹਨ। ਪਰ ਇਸ ਚੁੱਪ ਦਾ ਗ੍ਰਹਿਸਥੀ ਜੀਵਨ ਉੱਤੇ ਉਲਟਾ ਅਸਰ ਪੈਂਦਾ ਹੈ।
ਦੋਹਾਂ ਜੀਆਂ ਦੀ ਅਕਸਰ ਹੀ ਇਹ ਸ਼ਿਕਾਇਤ ਹੁੰਦੀ ਹੈ। ਕਿ ਮੇਰੇ ਨਾਲ ਗੱਲਬਾਤ ਨਹੀਂ ਕੀਤੀ ਜਾਂਦੀ ਆਮ ਤੌਰ ’ਤੇ ਸਮਾਂ ਬੀਤਣ ਨਾਲ ਪਤੀ-ਪਤਨੀ ਵਿਚਕਾਰ ਗੱਲਬਾਤ ਦਾ ਸਿਲਸਿਲਾ ਘਟਦਾ ਜਾਂਦਾ ਹੈ। ਪਤੀ, ਆਪਣੀਆਂ ਜਿੰਮੇਵਾਰੀਆਂ ਵਿੱਚ ਰੁੱਝ ਜਾਂਦਾ ਹੈ। ਪਤਨੀ ਦੇ ਘਰੇਲੂ ਰੁਝੇਵੇਂ ਹੁੰਦੇ ਹਨ। ਵਿਆਹ ਦੇ ਮੁੱਢਲੇ ਦਿਨਾਂ ਵਿਚ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਇੱਕ-ਦੂਜੇ ਨੂੰ ਨੇੜੇ ਕਰੀ ਰੱਖਦੀ ਹੈ। ਫਿਰ ਜਦ ਇਨ੍ਹਾਂ ਰੰਗਲੇ ਸੁਪਨਿਆਂ ਦੀ ਹਕੀਕਤ ਦਾ ਜਾਦੂ ਟੁੱਟਦਾ ਹੈ, ਘਰੇਲੂ ਜਿੰਮੇਵਾਰੀਆਂ ਵਧਦੀਆਂ ਹਨ, ਤੰਗੀਆਂ-ਤੁਰਸ਼ੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਆਪਸੀ ਪਿਆਰ ਅਤੇ ਬੋਲਚਾਲ ਦਾ ਸਿਲਸਿਲਾ ਕੁਦਰਤੀ ਤੌਰ ’ਤੇ ਘੱਟ ਹੋ ਜਾਂਦਾ ਹੈ। ਕਈ ਵੇਰ ਥੋੜ੍ਹੇ ਬਹੁਤ ਮਨ-ਮੁਟਾਵ ਦੇ ਹੁੰਦਿਆਂ ਆਪਸੀ ਬੋਲਚਾਲ ਬੰਦ ਵੀ ਹੋ ਜਾਂਦੀ ਹੈ। ਬੋਲਚਾਲ ਬੰਦ ਜਾਂ ਘੱਟ ਹੋ ਜਾਣ ਨਾਲ ਮਨ ਅਸ਼ਾਂਤ ਰਹਿਣ ਲੱਗਦਾ ਹੈ। ਦਿਲ ਦੀ ਗੱਲ ਦਿਲ ਵਿੱਚ ਹੀ ਰੱਖ ਲੈਣ ਅਤੇ ਅੰਤਰਮੁਖੀ ਹੋ ਜਾਣ ਨਾਲ ਦੋਵੇਂ ਜੀਅ ਆਪਣੇ ਅੰਦਰ ਘੁਟਣ ਜਿਹੀ ਮਹਿਸੂਸ ਕਰਨ ਲੱਗ ਜਾਂਦੇ ਹਨ ਜੋ ਕਿ ਬਹੁਤ ਨੁਕਸਾਨਦਾਇਕ ਹੈ।
ਦੋਵੇਂ ਜੀਅ ਹੁਣ ਤੱਕ ਵੱਖੋ-ਵੱਖਰੇ ਮਾਹੌਲ ਵਿਚ ਪਲੇ ਹੁੰਦੇ ਹਨ। ਸਿੱਖਿਆ, ਸੰਸਕਾਰ ਅਤੇ ਸੋਚ-ਵਿਚਾਰ ਦਾ ਢੰਗ ਵੱਖਰਾ ਹੁੰਦਾ ਹੈ। ਦੋਹਾਂ ਜੀਆਂ ਦੀ ਆਪਣੀ ਵੱਖਰੀ ਹੈਸੀਅਤ ਅਤੇ ਰੁਤਬਾ ਰਿਹਾ ਹੁੰਦਾ ਹੈ। ਗ੍ਰਹਿਸਥੀ ਜ਼ਿੰਦਗੀ ਵਿਚ ਦੋਵੇਂ ਹੀ ਇੱਕ-ਦੂਸਰੇ ਨੂੰ ਆਪਣੀ ਸੋਚ ਅਨੁਸਾਰ ਢਾਲਣਾ ਚਾਹੁੰਦੇ ਹਨ ਪਰ ਜਿਸ ਤਰ੍ਹਾਂ ਪੱਕਿਆ ਭਾਂਡਾ ਬਿਨਾਂ ਤੋੜਿਆਂ ਕਿਸੇ ਹੋਰ ਸਾਂਚੇ ਵਿਚ ਨਹੀਂ ਢਾਲਿਆ ਜਾ ਸਕਦਾ, ਇਹੀ ਹਾਲ ਆਦਮੀ ਦਾ ਹੈ। ਸਾਥੀ ਨੂੰ ਬਦਲਣ ਵਿਚ ਸਫਲਤਾ ਨਹੀਂ ਮਿਲਦੀ, ਆਪ ਬਦਲ ਨਹੀਂ ਸਕਦਾ। ਫਿਰ ਇੱਕ-ਦੂਜੇ ਉੱਤੇ ਦਬਾਅ ਪਾਇਆ ਜਾਂਦਾ ਹੈ, ਤਾਂ ਕਲੇਸ਼ ਵਧਦਾ ਹੈ ਜਾਂ ਫਿਰ ਚੁੱਪ ਰਹਿਣ ਵਿਚ ਹੀ ਭਲਾ ਸਮਝਿਆ ਜਾਂਦਾ ਹੈ।
ਇਸ ਗਰਮਾਹਟ ਭਰੇ ਅਟੁੱਟ ਰਿਸ਼ਤੇ ਵਿਚ ਜ਼ਿਆਦਾ ਚੁੱਪ ਰਹਿਣਾ ਅਤੇ ਗੱਲਬਾਤ ਬੰਦ ਕਰਨਾ ਵੀ ਰੜਕਣ ਲੱਗ ਪੈਂਦਾ ਹੈ। ਪਰਸਪਰ ਦੂਰੀਆਂ ਵਧ ਜਾਂਦੀਆਂ ਹਨ। ਦੋਹਾਂ ਜੀਆਂ ਨੂੰ ਚਾਹੀਦਾ ਹੈ ਕਿ ਇੱਕ ਦੂਸਰੇ ਦੀਆਂ ਜ਼ਰੂਰਤਾਂ ਨੂੰ ਬਰੀਕੀ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ, ਇੱਕ-ਦੂਜੇ ਦੀਆਂ ਇੱਛਾਵਾਂ ਨੂੰ ਮਹਿਸੂਸ ਕਰਕੇ ਪੂਰੀਆਂ ਕਰਨ ਦੇ ਯਤਨ ਕੀਤੇ ਜਾਣ। ਦੋਹਾਂ ਨੂੰ ਚਾਹੀਦਾ ਹੈ ਕਿ ਇੱਕ-ਦੂਜੇ ਨੂੰ ਬੁਲਾਉਣ ਦੇ ਮੌਕੇ ਲੱਭਣ ਅਜਿਹੇ ਮੌਕੇ ਹੁੰਦੇ ਹਨ ਜਦ ਜਾਣ-ਬੁੱਝ ਕੇ ਕੁੱਝ ਪੁੱਛ ਲਿਆ ਜਾਵੇ, ਜਿਵੇਂ ਜੇਕਰ ਪਤੀ ਅਖ਼ਬਾਰ ਪੜ੍ਹ ਰਿਹਾ ਏ ਤਾਂ ਪਤਨੀ ਪੁੱਛ ਲਵੇਂ ‘ਕੀ ਕਰ ਰਹੇ ਓ?’ ਤਾਂ ਇਸ ਦਾ ਸਿੱਧਾ ਮਤਲਬ ਹੁੰਦਾ ਹੈ ‘ਮੈਨੂੰ ਬਲਾਉ ਜੀ… ਮੈ ਗੱਲ ਕਰਨਾ ਚਾਹੁੰਦੀ ਹਾਂ…, ਪਰ ਜੇਕਰ ਅੱਗੋਂ ਜਵਾਬ ਮਿਲਦਾ ਹੈ, ‘ਦਿਸਦਾ ਨਹੀਂ…’ ਏਸੇ ਤਰ੍ਹਾਂ ਜੇਕਰ ਪਤਨੀ ਸਬਜ਼ੀ ਕੱਟ ਰਹੀ ਹੈ ਤੇ ਪਤੀ ਪੁੱਛ ਲਵੇ, ‘ਕੀ ਬਣ ਰਿਹੈ…?’ ਤੇ ਅੱਗੋਂ ਜਵਾਬ ਮਿਲੇਗਾ, ‘ਪਤਾ ਨਹੀਂ..।’ ਤਾ ਸਮਝੋ ਅੱਗੋਂ ਗੱਲਬਾਤ ਦਾ ਸਿਲਸਿਲਾ ਬੰਦ। ਪਤੀ ਪਤਨੀ ਨੂੰ ਸਮਝਣਾ ਚਾਹੀਦਾ ਹੈ ਕਿ ਇਹੀ ਤਾਂ ਗੱਲਬਾਤ ਕਰਨ, ਨੇੜੇ ਆਉਣ ਅਤੇ ਰੋਸੇ ਦੂਰ ਕਰਨ ਦਾ ਸ਼ੁਰੂਆਤੀ ਮੌਕਾ ਹੁੰਦਾ ਹੈ। ਅਜਿਹੇ ਸੁੰਦਰ ਮੌਕੇ ਹੱਥੋਂ ਨਹੀਂ ਜਾਣ ਦੇਣੇ ਚਾਹੀਦੇ।
ਵਿਆਹ ਤੋਂ ਪਹਿਲਾਂ ਇਕੱਠੇ ਪੜ੍ਹਦਿਆਂ ਤਾਂ ਜਿੰਦਗੀ ਦੀਆਂ ਗੱਲਾਂ, ਸਾਥੀ ਮੁੰਡੇ-ਕੁੜੀਆਂ ਦੀਆਂ ਗੱਲਾਂ, ਖੇਡ-ਕੁੱਦ ਅਤੇ ਹੋਰ ਅਨੇਕਾਂ ਵਿਸ਼ਿਆਂ ’ਤੇ ਤਾਂ ਹੁੰਦੀਆਂ ਹੀ ਰਹਿੰਦੀਆਂ ਹਨ ਪਰ ਵਿਆਹ ਤੋਂ ਬਾਅਦ ਇਹ ਸਭ ਬੰਦ ਹੋ ਜਾਂਦੀਆਂ ਹਨ। ਪਹਿਲਾਂ ਵਾਲੀ ਸਹਿਜ਼ਤਾ ਖਤਮ ਹੋ ਜਾਂਦੀ ਹੈ ਭਾਵੇਂ ਕਿੰਨੀਆਂ ਹੀ ਦਿਲਚਸਪ ਗੱਲਾਂ ਕਿਉਂ ਨਾ ਹੋ ਰਹੀਆਂ ਹੋਣ। ਇੱਕ ਦੂਜੇ ਉੱਤੇ ਵਿਅੰਗਾਤਮਕ ਅਤੇ ਚੁਭਵੀਆਂ ਗੱਲਾਂ ਦੇ ਨੁਕੀਲੇ ਤੀਰ ਛੱਡੇ ਜਾਂਦੇ ਹਨ। ਤਾਂ ਬੋਲ-ਚਾਲ ਦੀ ਗੁੰਜ਼ਾਇਸ਼ ਖਤਮ ਹੋ ਜਾਂਦੀ ਹੈ।
ਇੱਕ ਤਾਨਾਸ਼ਾਹੀ ਰਵੱਈਆ, ਦੂਸਰਾ ਇੱਕ-ਦੂਜੇ ਨੂੰ ਤੁੱਛ ਜਿਹਾ ਅਤੇ ਬੇਵਕੂਫ ਸਮਝਣ ਦੀ ਭਾਵਨਾ, ਤੀਸਰਾ ਇੱਕ ਦੂਜੇ ਦੇ ਕੰਮ ਨੂੰ ਮਹੱਤਵਹੀਣ ਸਮਝ ਕੇ ਦੁਰਵਿਹਾਰ ਕਰਨਾ ਇਹ ਸਭ ਪਤੀ-ਪਤਨੀ ਦੇ ਸੰਬੰਧਾਂ ਉੱਤੇ ਮਾੜਾ ਅਸਰ ਪਾਉਂਦੇ ਹਨ। ਫਲਸਰੂਪ ਮਾਨਸਿਕ ਤਣਾਅ ਵਧ ਜਾਂਦਾ ਹੈ। ਮਨਾਂ ਅੰਦਰ ਗਲਤ-ਫਹਿਮੀਆਂ ਘਰ ਕਰ ਜਾਂਦੀਆਂ ਹਨ, ਪ੍ਰਸਪਰ ਬੋਲਚਾਲ ਘਟ ਜਾਂਦੀ ਹੈ ਜਾਂ ਬੰਦ ਹੋ ਜਾਂਦੀ ਹੈ। ਅਕਸਰ ਹੁੰਦਾ ਇਹ ਹੈ ਕਿ ਦੋਵੇਂ ਇੱਕ-ਦੂਜੇ ਦੇ ਕੰਮਾਂ ਪ੍ਰਤੀ ਰੁਚੀ ਨਹੀਂ ਰੱਖਦੇ, ਬੋਲਚਾਲ ਦਾ ਸਿਲਸਿਲਾ ਚੱਲਦਾ ਰੱਖਣ ਲਈ ਜ਼ਰੂਰੀ ਹੈ ਕਿ ਇੱਕ-ਦੂਜੇ ਦੀਆਂ ਰੁਚੀਆਂ ਜਾਣ ਕੇ ਉਸ ਵਿਸ਼ੇ ’ਤੇ ਗੱਲ ਕੀਤੀ ਜਾਵੇ। ਇਹ ਸਿਲਸਿਲਾ ਚੱਲਦਾ ਰਹਿੰਦਾ ਹੈ ਤਾਂ ਗਲਤਫਹਿਮੀਆਂ ਪੈਦਾ ਨਹੀਂ ਹੁੰਦੀਆਂ। ਹੁੰਦੀਆਂ ਵੀ ਹਨ ਤਾਂ ਜਲਦੀ ਦੂਰ ਵੀ ਹੋ ਜਾਂਦੀਆਂ ਹਨ। ਲੋੜ ਹੈ ਨਿੱਕੀਆਂ-ਮੋਟੀਆਂ ਰੰਜਿਸ਼ਾਂ ਭੁਲਾ ਕੇ ਇੱਕ-ਦੂਜੇ ਪ੍ਰਤੀ ਸਮਰਪਿਤ ਹੋਣ ਦੀ।
ਸੰਤੋਖ ਸਿੰਘ ਭਾਣਾ, ਗੁਰੂ ਅਰਜਨ ਦੇਵ ਨਗਰ
ਪੁਰਾਣੀ ਕੈਂਟ ਰੋਡ, ਨੇੜੇ ਚੁੰਗੀ ਨੰ:7, ਫਰੀਦਕੋਟ।
ਮੋ. 98152-96475
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।