ਸਾਡੇ ਨਾਲ ਸ਼ਾਮਲ

Follow us

12.1 C
Chandigarh
Monday, January 19, 2026
More
    Home ਵਿਚਾਰ ਲੇਖ …ਜਦੋਂ ਮ...

    …ਜਦੋਂ ਮੈਂ ਬਾਲ ਮਜ਼ਦੂਰ ਨੂੰ ਢਾਬੇ ਤੋਂ ਛੁਡਵਾਇਆ ਤੇ ਬਹੁਤ ਪਛਤਾਇਆ!

    ਹਰ ਸਾਲ ਵਿਸ਼ਵ ਬਾਲ ਮਜ਼ਦੂਰ ਦਿਵਸ ਮੌਕੇ ਸਾਡੀਆਂ ਸਰਕਾਰਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਸਮਾਜ ਸੇਵੀ ਸੰਸਥਾਵਾਂ ਤੇ ਹੋਰ ਬੁੱਧੀਜੀਵੀ ਲੋਕਾਂ ਦੇ ਸਹਿਯੋਗ ਨਾਲ ਪੱਬਾਂ ਭਾਰ ਹੋ ਕੇ ਬਾਲ ਮਜ਼ਦੂਰੀ ਰੋਕਣ ਲਈ ਯਤਨ ਕਰਦੇ ਹਨ ਪਰ ਇਨ੍ਹਾਂ ਬਾਲ ਮਜ਼ਦੂਰਾਂ ਦੇ ਮਜ਼ਦੂਰੀ ਕਰਨ ਪਿੱਛੇ ਛੁਪੇ ਕਾਰਨਾਂ ਨੂੰ ਅੱਜ ਤੱਕ ਕਿਸੇ ਨੇ ਵੀ ਖੰਘਾਲਣ ਦਾ ਯਤਨ ਨਹੀਂ ਕੀਤਾ।

    ਗੱਲ ਕੋਈ ਬਹੁਤੀ ਪੁਰਾਣੀ ਨਹੀਂ ਅੱਜ ਤੋਂ ਛੇ ਕੁ ਸਾਲ ਪਹਿਲਾਂ ਦੀ ਹੈ। ਉਦੋਂ ਮੈਂ ਪਿੰਡ ਰਹਿੰਦਾ ਸੀ। ਤੇ ਇੱਕ ਐਨ.ਜੀ.ਓ. ਨੇ ਪਿੰਡ ‘ਚ ਇੱਕ ਕਮੇਟੀ ਦਾ ਗਠਨ ਕੀਤਾ ਤੇ ਮੈਨੂੰ ਉਸ ਕਮੇਟੀ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ। ਕਮੇਟੀ ਦੇ ਕੰਮ ਸਨ ਕਿ ਕਿਤੇ ਬਾਲ ਮਜ਼ਦੂਰੀ ਹੁੰਦੀ ਹੋਵੇ ਤਾਂ ਉਸਨੂੰ ਰੋਕਣਾ, ਬਾਲ ਵਿਆਹ ਰੋਕਣਾ ਅਤੇ  ਸਕੂਲੇ ਨਾ ਜਾਣ ਵਾਲੇ ਬੱਚਿਆਂ ਨੂੰ ਸਕੂਲ ਭੇਜਣਾ ਜਾਂ ਉਨ੍ਹਾਂ ਦੇ ਮਾਪਿਆਂ ਨੂੰ ਬੱਚਿਆਂ ਨੂੰ ਸਕੂਲ ਭੇਜਣ ਲਈ ਪ੍ਰੇਰਿਤ ਕਰਨਾ ਆਦਿ। ਮੈਂ ਇਸ ਕੰਮ ਨੂੰ ਸਮਾਜ ਦੀ ਵੱਡੀ ਸੇਵਾ ਸਮਝ ਕੇ ਖੁਸ਼ੀ-ਖੁਸ਼ੀ ਪਰਵਾਨ ਕਰ ਲਿਆ ਤੇ ਪੂਰੀ ਤਨਦੇਹੀ ਨਾਲ ਕੰਮ ਕਰਨ ਲੱਗਾ।

    ਇੱਕ ਵਾਰ ਸਾਡੇ ਪਿੰਡ ਦੇ ਅੱਡੇ ‘ਤੇ ਹੀ ਬਣੇ ਇੱਕ ਢਾਬੇ  ‘ਤੇ ਮੈਂ ਇੱਕ ਬਾਲ ਮਜ਼ਦੂਰ ਨੂੰ ਕੰਮ ਕਰਦਿਆਂ ਦੇਖਿਆ। ਪਹਿਲਾਂ ਤਾਂ ਮੈਂ ਢਾਬੇ ਵਾਲੇ ਨੂੰ ਚੇਤਾਵਨੀ ਦਿੱਤੀ ਕਿ ਉਹ ਇਸ ਬੱਚੇ ਨੂੰ ਕੰਮ ‘ਤੇ ਨਾ ਰੱਖੇ। ਬਾਲ ਮਜ਼ਦੂਰੀ ਕਰਵਾਉਣਾ ਚਾਈਲਡ ਲੇਬਰ ਐਕਟ ਦੇ ਅਧੀਨ ਕਾਨੂੰਨੀ ਅਪਰਾਧ ਹੈ। ਪਰ ਉਸਨੇ ਮੇਰੀ ਇਸ ਗੱਲ ਨੂੰ ਅਣਗੌਲਿਆਂ ਕਰ ਦਿੱਤਾ ਜਿਸ ਕਰਕੇ ਮੈਨੂੰ ਮਜ਼ਬੂਰਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਨੀ  ਪਈ। ਜਿਸ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਇੱਕ ਟੀਮ ਸਾਡੇ ਪਿੰਡ ਭੇਜ ਦਿੱਤੀ  ਗਈ ਅਤੇ ਉਸ ਬਾਲ ਮਜ਼ਦੂਰ ਨੂੰ ਕੰਮ ਤੋਂ ਛੁਡਵਾ ਕੇ ਘਰ ਭੇਜ ਦਿੱਤਾ।

    ਟੀਮ ਨੇ ਢਾਬੇ ਦੇ ਮਾਲਕ ਨੂੰ ਜ਼ੁਰਮਾਨਾ ਕੀਤਾ ਅਤੇ ਅੱਗੇ ਤੋਂ ਅਜਿਹਾ ਨਾ ਕਰਨ ਦੀ ਤਾੜਨਾ ਕੀਤੀ। ਜ਼ੁਰਮਾਨਾ ਆਪਣੀ ਜੇਬ੍ਹ ਵਿੱਚ ਪਾ ਕੇ ਅਫ਼ਸਰ ਤੁਰਦੇ ਬਣੇ ਸ਼ਾਇਦ ਉਹਨਾਂ ਨੂੰ ਇਹ ਜ਼ੁਰਮਾਨਾ ਸਰਕਾਰੀ ਖ਼ਜਾਨੇ ਵਿੱਚ ਜਮ੍ਹਾ ਕਰਵਾਉਣ ਦੀ ਅਤੇ ਇੱਕ ਬਾਲ ਮਜ਼ਦੂਰ ਨੂੰ ਕੰਮ ਤੋਂ ਹਟਾ ਕੇ ਵੱਡੇ ਅਫ਼ਸਰਾਂ ਕੋਲੋਂ ਸ਼ਾਬਾਸ਼ੀ ਲੈਣ ਦੀ ਕਾਹਲੀ ਸੀ। ਪਰ ਉਸ ਸਮੇਂ ਮੈਨੂੰ ਬਹੁਤ ਪਛਤਾਵਾ ਹੋਇਆ ਜਦੋਂ ਮੈਨੂੰ ਪਿੰਡ ਦੇ ਲੋਕਾਂ ਨੇ ਕਿਹਾ ਕਿ ਇਹ ਕੰਮ ਤੂੰ ਬਹੁਤ ਮਾੜਾ ਕੀਤਾ।

    ਇਹ ਵੀ ਪੜ੍ਹੋ : ਮੀਹ ਕਿਸੇ ਲਈ ਰਾਹਤ ਤੇ ਕਿਸੇ ਲਈ ਆਫਤ ਲੈ ਕੇ ਆਇਆ

    ਮੈਂ ਉਹਨਾਂ ਨੂੰ ਪੁੱਛਿਆ ਕਿ ਇਹਦੇ ਵਿੱਚ ਮਾੜੀ ਗੱਲ ਕੀ ਹੈ? ਤਾਂ ਉਹਨਾਂ ਮੈਨੂੰ ਦੱਸਿਆ ਕਿ ਇਹ ਬੱਚਾ ਨਾਲ ਦੇ ਇੱਕ ਪਿੰਡ ਦਾ ਰਹਿਣ ਵਾਲਾ ਸੀ ਤੇ ਇਸਦਾ ਪਿਤਾ ਇਸ ਦੁਨੀਆਂ ‘ਤੇ ਨਹੀਂ ਹੈ। ਉਸਦੀ ਮਾਂ ਬਿਮਾਰ ਰਹਿੰਦੀ ਸੀ ਪਰ ਫਿਰ ਵੀ ਉਹ ਲੋਕਾਂ ਘਰੇ ਕੰਮ-ਕਾਰ ਕਰਦੀ ਸੀ, ਜਿਸ ਨਾਲ ਉਸਦੀਆਂ ਦਵਾਈਆਂ ਦਾ ਖ਼ਰਚ ਹੀ ਮਸਾਂ ਨਿੱਕਲਦਾ ਸੀ। ਇਸ ਬੱਚੇ ਦੀ ਕਮਾਈ ਨਾਲ ਇਨ੍ਹਾਂ ਦੇ ਘਰ ਦੀਆਂ ਨਿੱਕੀਆਂ-ਮੋਟੀਆਂ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਸਨ। ਇਹ ਬੱਚਾ ਕਈ ਥਾਈਂ ਕੰਮ ਲੱਭਦਾ ਫਿਰਦਾ ਸੀ ਪਰ ਇਸ ਨੂੰ ਕੋਈ ਵੀ ਕੰਮ ‘ਤੇ ਨਹੀਂ ਰੱਖਦਾ ਸੀ। ਪਰ ਪਿੰਡ ਦੇ ਕੁਝ ਮੋਹਤਬ ਬੰਦਿਆਂ ਦੇ ਕਹਿਣ ‘ਤੇ ਇਸ ਬੱਚੇ ਨੂੰ ਇਹ ਢਾਬੇ ਵਾਲਾ ਅੱਠ ਸੌ ਰੁਪਏ ਮਹੀਨੇ ਵਿੱਚ ਰੱਖਣ ਲਈ ਤਿਆਰ ਹੋ ਗਿਆ। ਪਰ ਤੂੰ ਆਹ ਬਹੁਤ ਮਾੜਾ ਕੰਮ ਕੀਤਾ।

    ਹੁਣ ਇਹ ਬੱਚਾ ਕਿੱਥੇ ਜਾਵੇਗਾ? ਕੀ ਕਰੇਗਾ? ਇਹਨਾਂ ਦੇ ਘਰ ਦਾ ਖ਼ਰਚ ਕਿਵੇਂ  ਚੱਲੇਗਾ? ਇਸ ਨੂੰ ਕੌਣ ਕੰਮ ‘ਤੇ ਰੱਖੇਗਾ? ਆਦਿ ਸਵਾਲ ਮੇਰੇ ਜ਼ਿਹਨ ਵਿੱਚ ਵਾਰ-ਵਾਰ ਘੁੰਮ ਰਹੇ ਸਨ। ਫਿਰ ਮੈਂ ਇਸ ਐਨ.ਜੀ.ਓ. ਦੇ ਜ਼ਿਲ੍ਹਾ ਕੁਆਰਡੀਨੇਟਰ ਨਾਲ ਗੱਲ ਕੀਤੀ ਤੇ ਸਾਰੀ ਗੱਲ ਦੱਸ ਕੇ ਕਿਹਾ ਕਿ ਸਾਨੂੰ ਉਸ ਬੱਚੇ ਦੀ ਆਰਥਿਕ ਮੱਦਦ ਕਰਨੀ ਚਾਹੀਦੀ ਹੈ ਪਰ ਉਹਨਾਂ ਨੇ ਸਾਫ਼ ਜਵਾਬ ਦੇ ਦਿੱਤਾ ਤੇ ਕਿਹਾ, ਅਸੀਂ ਸਿਰਫ਼ ਬੱਚਿਆਂ ਨੂੰ ਬਾਲ ਮਜ਼ਦੂਰੀ ਕਰਨ ਤੋਂ ਰੋਕ ਕੇ ਉਹਨਾਂ ਨੂੰ ਸਕੂਲ ਭੇਜਣ ਲਈ ਪ੍ਰੇਰਿਤ ਕਰ ਸਕਦੇ ਹਾਂ ਇਸ ਤੋਂ ਵੱਧ ਹੋਰ ਅਸੀਂ ਕੁਝ ਨਹੀਂ ਕਰ ਸਕਦੇ। ਉਹਨਾਂ ਇਹ ਵੀ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਮੁਫ਼ਤ ਹੁੰਦੀ ਹੈ, ਵਰਦੀਆਂ ਮੁਫ਼ਤ ਮਿਲਦੀਆਂ ਹਨ, ਖਾਣਾ ਮੁਫ਼ਤ ਮਿਲਦਾ ਹੈ। ਹੋਰ ਤਾਂ ਹੋਰ ਇਹਨਾਂ ਲੋਕਾਂ ਨੂੰ ਆਟਾ-ਦਾਲ ਵੀ ਮੁਫ਼ਤ ਮਿਲਦਾ ਹੈ।

    ਹੋਰ ਇਹਨਾਂ ਨੂੰ ਕੀ ਚਾਹੀਦਾ ਹੈ? ਏਨਾ ਕਹਿੰਦੇ ਹੀ ਉਹਨਾਂ ਫੋਨ ਕੱਟ ਦਿੱਤਾ। ਕੁਆਰਡੀਨੇਟਰ ਦੀ ਗੱਲ ਸੁਣ ਕੇ ਮੈਂ ਸੋਚੀਂ ਪੈ ਗਿਆ ਕਿ ਕੀ ਸਿਰਫ਼ ਆਟਾ-ਦਾਲ ਹੀ ਸਾਡੀਆਂ ਮੁੱਖ ਲੋੜਾਂ ਹਨ? ਇੱਕ ਜਿਊਂਦੇ ਇਨਸਾਨ ਦੀਆਂ ਹੋਰ ਕੀ ਮਜ਼ਬੂਰੀਆਂ ਅਤੇ ਲੋੜਾਂ ਹੋ ਸਕਦੀਆਂ ਹਨ! ਇਸ ਗੱਲ ਦਾ ਅੰਦਾਜ਼ਾ ਨਾ ਤਾਂ ਸਾਡੀਆਂ ਸਰਕਾਰਾਂ ਹੀ ਲਾਉਂਦੀਆਂ ਹਨ ਤੇ ਨਾ ਹੀ ਉਸ ਸਮਾਜ ਸੇਵੀ ਸੰਸਥਾ ਨੇ ਲਾਇਆ ਹੋਵੇਗਾ। ਪਰ ਮੈਂ ਬਹੁਤ ਪਛਤਾ ਰਿਹਾ ਸੀ ਅਤੇ ਵਾਰ-ਵਾਰ ਇਹ ਸੋਚ ਰਿਹਾ ਸੀ।

    ਇਹ ਵੀ ਪੜ੍ਹੋ : Punjab Weather Today : ਪੰਜਾਬ ਭਰ ’ਚ ਇਸ ਦਿਨ ਤੇਜ਼ ਹਵਾਵਾਂ ਨਾਲ ਫਿਰ ਮੀਂਹ ਦਾ ਯੈਲੋ ਅਲਰਟ ਜਾਰੀ

    ਕਿ ਹੋ ਸਕਦਾ ਸੀ ਕਿ ਇਹ ਬੱਚਾ ਢਾਬੇ ‘ਤੇ ਕੁਝ ਸਾਲ ਕੰਮ ਕਰਕੇ ਕੁਝ ਸਿੱਖ ਜਾਂਦਾ ਤੇ ਕਿਤੇ ਨਾ ਕਿਤੇ ਆਪਣਾ ਕੋਈ ਰੁਜ਼ਗਾਰ ਚਲਾਉਣ ਦੇ ਕਾਬਲ ਹੋ ਜਾਂਦਾ। ਹਰ ਪਾਸੇ ਤੋਂ ਦੁਰਕਾਰਿਆ ਇਹ ਬੱਚਾ ਹੁਣ ਕੀ ਕਰੇਗਾ? ਚੋਰੀਆਂ, ਨਸ਼ੇ ਜਾਂ ਫਿਰ ਇਸ ਤੋਂ ਵੀ ਵੱਧ ਕੁਝ ਹੋਰ…! ਮੇਰਾ ਦਿਮਾਗ ਪੂਰੀ ਤਰ੍ਹਾਂ ਘੁੰਮ ਗਿਆ ਸੀ। ਮੈਨੂੰ ਇੰਝ ਲੱਗ ਰਿਹਾ ਸੀ ਜਿਵੇਂ ਮੇਰੇ ਹੱਥੋਂ ਬਹੁਤ ਵੱਡਾ ਪਾਪ ਹੋ ਗਿਆ ਸੀ। ਮੈਂ ਉਸੇ ਵੇਲੇ ਕੁਆਰਡੀਨੇਟਰ ਨੂੰ ਦੁਬਾਰਾ ਫੋਨ ਲਾਇਆ ਤੇ ਕਹਿ ਦਿੱਤਾ ਕਿ ਮੈਂ ਹੁਣ ਇਸ ਸੰਸਥਾ ਲਈ ਕੋਈ ਕੰਮ ਨਹੀਂ ਕਰਾਂਗਾ। ਅੱਜ ਵੀ ਜਦੋਂ ਬਾਲ ਮਜ਼ਦੂਰ ਦਿਵਸ ਆਉਂਦਾ ਹੈ ਤੇ ਮੈਂ ਸਰਕਾਰਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਜਾਂਦੀਆਂ ਮੀਟਿੰਗਾਂ ਬਾਰੇ ਅਖ਼ਬਾਰਾਂ ‘ਚ ਪੜ੍ਹਦਾ ਹਾਂ ਤਾਂ ਇਹ ਘਟਨਾ ਕਿਸੇ ਖੰਰੀਡ ਆਏ ਜ਼ਖ਼ਮ ਨੂੰ ਕੁਰੇਦਣ ਵਾਂਗ ਫਿਰ ਹਰੀ ਹੋ ਜਾਂਦੀ ਹੈ।

    LEAVE A REPLY

    Please enter your comment!
    Please enter your name here