ਕਾਲਜ ਵਿੱਚ ਬੀ. ਏ. ਦੇ ਪੱਕੇ ਪੇਪਰਾਂ ਤੋਂ ਪਹਿਲਾਂ ਇੱਕ ਘਰੇਲੂ ਪੇਪਰ ਹੁੰਦੇ ਸਨ ਜਿਸ ਵਿੱਚ ਕੁਝ ਅੰਕ ਲੈ ਕੇ ਹੀ ਪਾਸ ਹੋਣਾ ਹੁੰਦਾ ਸੀ। ਉਹ ਪੇਪਰ ਪਾਸ ਕਰ ਲਏ ਜਾਂਦੇ ਸਨ। ਬੀ. ਏ. ਭਾਗ ਪਹਿਲਾ ਅਤੇ ਭਾਗ ਦੂਜਾ ਵਿੱਚ ਮੈਂ ਇਹ ਬੱਜਰ ਗਲਤੀ ਕਰਦਾ ਰਿਹਾ ਸਾਂ। ਮੈਨੂੰ ਪੂਰਾ ਪੇਪਰ ਆਉਂਦਾ ਵੀ ਹੁੰਦਾ ਸੀ ਪਰ ਮੈਂ ਸਮੇਂ ਤੋਂ ਪਹਿਲਾਂ ਹੀ ਉੱਠ ਕੇ ਆ ਜਾਂਦਾ ਸੀ।
ਮੈਂ ਸਮਝਦਾ ਸੀ ਕਿ ਬੱਸ ਪਾਸ ਹੁਣ ਜੋਗਾ ਕਰ ਲਿਆ ਹੈ, ਹੁਣ ਕੀ ਕਰਨਾ ਹੈ? ਆਪਾਂ ਕਿਹੜਾ ਮੈਰਿਟ ਵਿੱਚ ਆਉਣਾ ਇਹ ਆਦਤ ਮੇਰੇ ਇੱਕ ਦੋਸਤ ਨੇ ਮੈਨੂੰ ਪਾਈ ਸੀ। ਪੇਪਰ ਵਾਲੇ ਦਿਨ ਜਦ ਉਹ ਮੇਰੇ ਕਮਰੇ ਵਿੱਚ ਹੁੰਦਾ ਸੀ ਤਾਂ ਉਹ ਮੈਨੂੰ ਇਸ਼ਾਰਾ ਕਰਦਾ ਕਿ ਚੱਲ, ਚੱਲੀਏ ਹੁਣ! ਤੇ ਅਸੀਂ ਦੋਵੇਂ ਪੱਕੇ ਪੇਪਰਾਂ ’ਚ ਵੀ ਇਸ ਤਰ੍ਹਾਂ ਹੀ ਕਰਦੇ ਰਹੇ। ਸਾਨੂੰ ਬਹੁਤ ਸਾਥੀ ਪੁੱਛਦੇ ਕਿ ਤੁਸੀਂ ਇੰਝ ਕਿਉਂ ਕਰਦੇ ਹੋ? ਤੇ ਮੇਰਾ ਸਾਥੀ ਆਖਦਾ, ‘‘ਤੁਸੀਂ ਕੀ ਲੈਣਾ ਹੈ, ਸਾਡੀ ਮਰਜੀ! ਤੁਸੀਂ ਲੈ ਲਓ ਮੈਡਲ!’’¿; ਬੀ. ਏ. ਭਾਗ ਤੀਜਾ ਵਿੱਚ ਸ਼ਾਇਦ ਮੇਰੇ ਕੋਈ ਅਕਲ ਜਾੜ੍ਹ ਉੱਗੀ ਸੀ ਮੈਂ ਸੋਚਿਆ ਕਿ ਮੇਰੇ ਨੰਬਰ ਤਾਂ ਦੋ ਸਾਲਾਂ ਦੇ ਅੰਕ ਮਿਲਾ ਕੇ ਵੀ ਪੰਜਾਹ ਫੀਸਦੀ ਨਹੀਂ ਬਣਦੇ! ਤੇ ਮੈਂ ਬੀ. ਏ. ਭਾਗ ਤੀਜਾ ਵਿੱਚ ਖੂਬ ਮਿਹਨਤ ਕੀਤੀ, ਪਰ ਕੁੱਲ ਅੰਕ ਪੰਜਾਹ ਫੀਸਦੀ ਤੋਂ ਵੀ ਘਟ ਗਏ ਸਨ। ਮੈਨੂੰ ਇਸ ਗੱਲ ਦਾ ਬਹੁਤ ਪਛਤਾਵਾ ਹੋਇਆ ਸੀ। ਪਰ ਹੁਣ ਹੋ ਵੀ ਕੀ ਸਕਦਾ ਸੀ?
ਕਈ ਵਾਰ ਅਸੀਂ ਜੁਬਲੀ ਸਿਨੇਮਾ ਵਿੱਚ ਚਲੇ ਜਾਂਦੇ। ਉੱਥੇ ਵੀ ਕੋਈ ਚੱਜ ਦੀ ਫਿਲਮ ਨਹੀਂ ਸੀ ਲੱਗਦੀ। ਉਹ ਫ਼ਿਲਮਾਂ ਬਿਹਾਰੀਏ ਬਾਹਲੀਆਂ ਦੇਖਣ ਜਾਂਦੇ ਸਨ ਕਈ ਕਾਲਜ ਦੇ ਮੁੰਡੇ ਵੀ ਫਿਲਮ ਵੇਖਣ ਜਾਂਦੇ, ਜਦ ਟਿਕਟ ਪੰਜ ਰੁਪਏ ਹੁੰਦੀ। ਕਈ ਤਾਂ ਤਿੰਨ ਘੰਟੇ ਸਿਰਫ ਪੱਖਿਆਂ ਦੀ ਹਵਾ ਲੈਣ ਲਈ ਹੀ ਜਾਂਦੇ ਬਈਏ ਮੂੰਹ ਵਿਚ ਪਾਨ ਚੱਬ-ਚੱਬ ਕੇ ਲਾਲ-ਲਾਲ ਪਾਣੀ ਥੁੱਕਦੇ ਰਹਿੰਦੇ। ਉਹ ਬੀੜੀਆਂ ਫੂਕਦੇ ਰਹਿੰਦੇ। ਇੱਕ ਵਾਰ ਮੈਂ ਵੀ ਦੋਸਤਾਂ ਨਾਲ ਫਿਲਮ ਦੇਖਣ ਚਲਾ ਗਿਆ ਜਦ ਅੱਧਾ ਸਮਾਂ ਹੋਇਆ ਤਾਂ ਇੱਕ ਅਸ਼ਲੀਲ ਫਿਲਮ ਦੀ ਕਲਿੱਪ ਚਲਾ ਦਿੱਤੀ ਗਈ। ਉਸ ਤੋਂ ਬਾਅਦ ਮੈਂ ਕਦੇ ਸਿਨੇਮਾ ਵੇਖਣ ਨਹੀਂ ਗਿਆ।
ਕਈ ਵਾਰ ਅਸੀਂ ਕਿਸੇ¿; ਵੀ. ਸੀ. ਆਰ. ਦੀ ਦੁਕਾਨ ਵਿੱਚ ਜਾ ਕੇ ਸੌ ਰੁਪਏ ਵਿੱਚ ਕੋਈ ਮਨਪਸੰਦ ਫ਼ਿਲਮ ਦੇਖਦੇ ਨਾਲ ਦੇ ਮੁੰਡੇ ਸਿਗਰਟ ਪੀ ਲੈਂਦੇ ਸਨ। ਇੱਕ ਵਾਰ ਸਾਡੇ ਨਾਲ ਇੱਕ ਅੰਮਿ੍ਰਤਧਾਰੀ ਮੁੰਡਾ ਵੀ ਚਲਾ ਗਿਆ। ਇੱਕ ਦੋਸਤ ਨੇ ਸਿਗਰਟ ਦਾ ਕਸ਼ ਖਿੱਚਿਆ ਤੇ ਧੂੰਆਂ¿; ਛੱਡ ਦਿੱਤਾ। ਮੈਂ ਇਸ ਗੱਲ ਨੂੰ ਚੰਗਾ ਨਹੀਂ ਸਮਝਿਆ ਤੇ ਉਸ ਨੂੰ ਲਾਹਨਤ ਵੀ ਪਾਈ। ਮੈਂ ਅੱਗੇ ਤੋਂ ਦੁਕਾਨ ਵਿੱਚ ਜਾ ਕੇ ਫ਼ਿਲਮ ਦੇਖਣੀ ਬੰਦ ਕਰ ਦਿੱਤੀ। ਬੀ. ਏ. ਦਾ ਨਤੀਜਾ ਆਇਆ ਤੇ ਮੈਂ ਪਾਸ ਹੋ ਗਿਆ ਸਾਂ। ਮੈਂ ਐਮ. ਏ. ਪੰਜਾਬੀ ਕਰਨ ਦਾ ਮਨ ਬਣਾ ਲਿਆ ਸੀ। ਪਰ ਐਮ. ਏ. ਵਾਸਤੇ ਨੰਬਰ ਕੁਝ ਘਟ ਗਏ ਸਨ।
ਉਸ ਸਮੇਂ ਹਰਿੰਦਰਾ ਨਗਰ ਵਿੱਚ ਰਹਿੰਦੇ ਕਿਸੇ ਲੀਡਰ¿; ਤੋਂ ਸਿਫਾਰਿਸ਼ ਕਰਵਾ ਲਈ ਸੀ। ਤੇ ਮੈਨੂੰ ਦਾਖਲਾ ਮਿਲ ਗਿਆ ਸੀ। ਮੇਰੇ ਨਾਲ ਇੱਕ ਹੋਰ ਮੇਰੇ ਦੋਸਤ ਨੂੰ ਵੀ ਦਾਖਲਾ ਮਿਲ ਗਿਆ ਸੀ ਸ਼ਾਇਦ ਲੱਕੜ ਨਾਲ ਲੋਹਾ ਵੀ ਤਰ ਗਿਆ ਸੀ। ਉਸ ਸਮੇਂ ਪ੍ਰੋਫੈਸਰ ਬ੍ਰਹਮਜਗਦੀਸ਼ ਸਿੰਘ ਜੀ ਅਤੇ ਪ੍ਰੋ. ਸਾਧੂ ਸਿੰਘ ਜੀ ਕਦੇ-ਕਦੇ ਕੋਈ ਭਾਸ਼ਣ ਦੇਣ ਵਾਸਤੇ ਆ ਜਾਂਦੇ। ਉਸ ਸਮੇਂ ਉਹ ਦੋਵੇਂ ਰਿਟਾਇਰਡ ਹੋ ਚੁੱਕੇ ਸਨ। ਕਦੇ ਸੋਚਿਆ ਨਹੀਂ ਸੀ ਕਿ ਪ੍ਰੋਫੈਸਰ ਸਾਧੂ ਸਿੰਘ ਜੀ ਕਦੇ ਸੰਸਦ ਮੈਂਬਰ ਬਣਨਗੇ। ਮੈਂ ਕੁਝ ਸਮਾਂ ਉਨ੍ਹਾਂ ਕੋਲ ਮੁਫਤ ਵਿੱਚ ਅੰਗਰੇਜੀ ਪੜ੍ਹਦਾ ਰਿਹਾ ਸਾਂ। ਉਨ੍ਹਾਂ ਨੇ ਕਦੇ ਪੈਸੇ ਦਾ ਲਾਲਚ ਨਹੀਂ ਸੀ ਕੀਤਾ।
ਦੋ-ਚਾਰ ਵਿਦਿਆਰਥੀ ਅਜਿਹੇ ਸਨ ਜੋ ਟਿਊਸ਼ਨ ਫੀਸ ਨਹੀਂ ਦੇ ਸਕਦੇ ਸਨ। ਪਰ ਪ੍ਰੋਫੈਸਰ ਸਾਹਿਬ ਮੁਫਤ ਹੀ ਪੜ੍ਹਾ ਦਿੰਦੇ। ਆਖਿਰ ਮੇਰੀ ਐਮ. ਏ. ਵੀ ਹੋ ਗਈ ਸੀ। ਮੈਂ ਇੱਕ ਸਾਲ ਤੱਕ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਕੂਲ ਵਿੱਚ ਚੌਦਾਂ ਸੌ ਰੁਪਏ ਉੱਪਰ ਪੜ੍ਹਾਉਂਦਾ ਰਿਹਾ। ਤੇ ਫਿਰ ਇੱਕ ਸਾਲ ਦੇ ਗੈਬ ਬਾਅਦ ਮੈਂ ਬੀ.ਐੱਡ ਕਰਨੀ ਸ਼ੁਰੂ ਕਰ ਦਿੱਤੀ ਸੀ। ਇਨਸਾਨ ਕੋਲ ਜਦ ਸਮਾਂ ਹੁੰਦਾ ਹੈ ਉਦੋਂ ਉਹ ਸੋਚਦਾ ਨਹੀਂ ਹੈ ਤੇ ਜਦ ਸੋਚਦਾ ਹੈ ਤਾਂ ਉਦੋਂ ਤੱਕ ਸਮਾਂ ਨਿੱਕਲ ਜਾਂਦਾ ਹੈ। ਜੀਵਨ ਦੇ ਹਰ ਪੜਾਅ ਦਾ ਇੱਕ ਆਪਣਾ ਇੱਕ ਵੱਖਰਾ ਮਹੱਤਵ ਹੁੰਦਾ ਹੈ ਹਰ ਪੜਾਅ ਵਿਚ ਕੀਤੀ ਮਿਹਨਤ ਜਿੰਦਗੀ ਭਰ ਬੰਦੇ ਦਾ ਸਾਥ ਦਿੰਦੀ ਹੈ?ਅਤੇ ਉਸ ਨੂੰ ਉਸ ਦਾ ਫਲ ਮਿਲਦਾ ਰਹਿੰਦਾ ਹੈ ਜਿੰਦਗੀ ਵਿਚ ਸਹੀ ਸਮੇਂ ’ਤੇ ਲਏ ਸਹੀ ਫੈਸਲਿਆਂ ਦਾ ਅਸਰ ਪੂਰੀ ਜਿੰਦਗੀ ’ਤੇ ਦਿਖਾਈ ਦਿੰਦਾ ਹੈ ਇਸ ਲਈ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਜੇਕਰ ਖੁਦ ਨੂੰ ਸਮਝ ਨਾ ਆਵੇ ਤਾਂ ਆਪ ਤੋਂ ਕਾਮਯਾਬ ਅਤੇ ਸਿਆਣੇ ਬੰਦਿਆਂ ਤੋਂ?ਸਲਾਹ ਲੈ ਲੈਣੀ ਚਾਹੀਦੀ ਹੈ ।