ਸਰਕਾਰ ਸਿਹਤ ਬਣਾਉਣ ਦੀ ਥਾਂ ਨਸ਼ਿਆਂ ਵੱਲ ਜਿਆਦਾ ਮਿਹਰਨਬਾਨ: ਜਿੰਮ ਮਾਲਕ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਲਾਕਡਾਊਨ ਤੋਂ ਬਾਅਦ ਪੰਜਾਬ ਅੰਦਰ ਸਰਕਾਰ ਸ਼ਰਾਬ ਨੇ ਠੇਕਿਆਂ ਨੂੰ ਖੋਲ੍ਹਣ ਲਈ ਤਾਂ ਪੱਬਾ ਭਾਰ ਰਹੀ, ਪਰ ਜਿੰਮ ਮਾਲਕਾਂ ਦੀ ਚਾਰ ਮਹੀਨਿਆਂ ਬਾਅਦ ਵੀ ਨਹੀਂ ਸੁਣੀ ਗਈ। ਜਿੰਮ ਨਾ ਖੁੱਲ੍ਹਣ ਕਾਰਨ ਅੱਜ ਜਿੰਮ ਮਾਲਕਾਂ, ਬਾਡੀ ਬਿਲਡਰਾਂ ਅਤੇ ਭਲਵਾਨਾਂ ਵੱਲੋਂ ਸ਼ਰਾਬ ਦੇ ਠੇਕੇ ਅੱਗੇ ਡੰਡ ਅਤੇ ਡੰਬਲ ਮਾਰ ਕੇ ਅਨੋਖਾ ਰੋਸ਼ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਜਿੰਮ ਮਾਲਕਾਂ ਨੇ ਰੋਸ਼ ਜਿਤਾਉਂਦਿਆਂ ਕਿਹਾ ਕਿ ਲੋਨ ਚੁੱਕ ਕੇ ਜਿੰਮ ਦਾ ਕੰਮ ਖੋਲ੍ਹਣ ‘ਤੇ ਉਹ ਲੱਖਾਂ ਦੇ ਕਰਜ਼ਈ ਹੋ ਗਏ ਹਨ, ਪਰ ਸਰਕਾਰ ਨੌਜਵਾਨਾਂ ਦੀ ਚੰਗੀ ਸਿਹਤ ਦੀ ਥਾਂ ਨਸ਼ਿਆਂ ਨੂੰ ਜਿਆਦਾ ਤਰਜੀਹ ਦੇ ਰਹੀ ਹੈ, ਜਿਸ ਦੀ ਉਦਾਹਰਣ ਸ਼ਰਾਬ ਦੇ ਠੇਕੇ ਹਨ।
ਜਾਣਕਾਰੀ ਅਨੁਸਾਰ ਅੱਜ ਜਿੰਮ ਮਾਲਕ ਤੇ ਬਾਡੀ ਬਿਲਡਰ ਡੰਬਲ ਤੇ ਹੋਰ ਸਾਜੋ ਸਾਮਾਨ ਲੈ ਕੇ ਸ਼ਹਿਰ ਦੇ ਇੱਕ ਸ਼ਰਾਬ ਦੇ ਠੇਕੇ ਅੱਗੇ ਪੁੱਜ ਗਏ ਬਾਡੀ ਬਿਲਡਰਾਂ ਅਤੇ ਭਲਵਾਨਾਂ ਨੂੰ ਠੇਕੇ ਦੇ ਬਾਹਰ ਇਕੱਠਾ ਹੁੰਦਿਆਂ ਦੇਖ ਠੇਕੇ ਦੇ ਕਰਿੰਦਿਆਂ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਭਲਵਾਨਾਂ ਨੇ ਠੇਕੇ ਅੱਗੇ ਕਮੀਜਾਂ ਉਤਾਰ ਕੇ ਨੰਗੇ ਧੜ ਡੰਡ ਤੇ ਡੰਬਲ ਲਾਉਣੇ ਸ਼ੁਰੂ ਕਰ ਦਿੱਤੇ ਤਾਂ ਲੋਕਾਂ ਦੀ ਭੀੜ ਜਮਾਂ ਹੋਣ ਲੱਗੀ। ਦੇਖਦੇ ਹੀ ਦੇਖਦੇ ਵੱਡੀ ਗਿਣਤੀ ਲੋਕ ਇਕੱਠੇ ਹੋ ਗਏ ਅਤੇ ਭਲਵਾਨਾਂ ਦੇ ਜੋਹਰ ਦੇਖਣ ਲੱਗੇ।
ਭਲਵਾਨਾਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀਆਂ ਗੱਲਾਂ ਤਾਂ ਕਰ ਰਹੀ ਹੈ ਪਰ ਅਸਲ ਵਿੱਚ ਇਸ ਨੂੰ ਲਾਗੂ ਨਹੀਂ ਕਰਨਾ ਚਾਹੁੰਦੀ ਉਨ੍ਹਾਂ ਕਿਹਾ ਕਿ ਕੋਰੋਨਾ ਕਰਕੇ ਲੱਗਿਆ ਕਰਫਿਊ ਤੇ ਲਾਕਡਾਊਨ ਖੁੱਲ੍ਹ ਗਿਆ ਹੈ ਤੇ ਸਾਰੇ ਬਜਾਰਾਂ, ਮਾਲ ਤੇ ਹੋਰ ਅਦਾਰਿਆਂ ਨੂੰ ਖੋਲ੍ਹਣ ਦੀ ਛੋਟੀ ਦਿੱਤੀ ਹੈ
ਪਰ ਹੈਰਾਨੀ ਵਾਲੀ ਗੱਲ ਹੈ ਕਿ ਤੈਅ ਸਮੇਂ ਤੋਂ ਵੀ ਵੱਧ ਖੁੱਲ੍ਹਣ ਵਾਲੇ ਸ਼ਰਾਬ ਦੇ ਠੇਕਿਆਂ ‘ਤੇ ਖਾਸ ਮਿਹਰਬਾਨੀ ਦਿਖਾਈ ਜਾ ਰਹੀ ਹੈ ਜਦੋਂਕਿ ਲੋਕਾਂ ਨੂੰ ਸਿਹਤਮੰਦ ਤੇ ਨਸ਼ਿਆਂ ਤੋਂ ਦੂਰ ਲੈ ਕੇ ਜਾਣ ਵਾਲੇ ਜਿੰਮ ਬੰਦ ਕਰਵਾ ਦਿੱਤੇ ਹਨ ਬਾਡੀ ਬਿਲਡਰ ਰਜੇਸ਼ ਅਰੋੜਾ ਨੇ ਕਿਹਾ ਕਿ ਜਿਆਦਾਤਰ ਜਿੰਮ ਮਾਲਕ ਕਿਰਾਏ ਦੇ ਇਮਾਰਤ ਵਿੱਚ ਜਿੰਮ ਚਲਾਉਂਦੇ ਹਨ ਜੋਕਿ ਪਿਛਲੇ ਚਾਰ ਮਹੀਨੇ ਤੋਂ ਬੰਦ ਹੈ ਪਰ ਕਿਰਾਇਆ ਤੇ ਬਿਜਲੀ ਦਾ ਬਿੱਲ ਹਰ ਮਹੀਨੇ ਭਰਨਾ ਪੈਂਦਾ ਹੈ ਕੋਈ ਆਮਦਨੀ ਨਾ ਹੋ ਕੇ ਸਿਰਫ ਪੱਲਿਓਂ ਖਰਚੇ ਕਰਕੇ ਜੇਬਾਂ ਵੀ ਖਾਲੀ ਹੋ ਗਈਆਂ ਹਨ ਤੇ ਹੁਣ ਘਰ ਦਾ ਗੁਜ਼ਾਰਾ ਵੀ ਨਹੀਂ ਚੱਲਦਾ
ਇਸ ਮੌਕੇ ਇੱਕ ਹੋਰ ਜਿੰਮ ਮਾਲਕ ਨੇ ਦੱਸਿਆ ਕਿ ਉਸ ਵੱਲੋਂ 30 ਲੱਖ ਰੁਪਏ ਦਾ ਕਰਜ਼ਾ ਚੁੱਕੇ ਕੇ ਜਿੰਮ ਖੋਲ੍ਹਿਆ ਗਿਆ ਸੀ, ਪਰ ਕੁਝ ਸਮੇਂ ਬਾਅਦ ਹੀ ਲਾਕਡਾਊਨ ਲੱਗ ਜਾਣ ਕਰਕੇ ਉਹ ਪਾਈ ਪਾਈ ਦਾ ਮੁਹਤਾਜ਼ ਹੋ ਗਿਆ ਹੈ ਅਤੇ ਉੱਪਰੋਂ ਲੋਨ ਗਲ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਜਦ ਸਭ ਕੁਝ ਖੁੱਲ੍ਹ ਗਿਆ ਹੈ ਤਾਂ ਸਰਕਾਰ ਜਿੰਮ ਖੋਲ੍ਹਣ ਤੋਂ ਕਿਉਂ ਡਰ ਰਹੀ ਹੈ। ਇਸ ਦੌਰਾਨ ਜਿੰਮ ਮਾਲਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਮਾਲ, ਹੋਟਲ ਤੇ ਰੈਸਟੋਰੈਂਟ ਆਦਿ ਨੂੰ ਨਿਰਦੇਸ਼ਾਂ ਤਹਿਤ ਖੁੱਲ੍ਹਣ ਦੀ ਮਨਜੂਰੀ ਦਿੱਤੀ ਹੈ ਉਸੇ ਤਰ੍ਹਾਂ ਹੀ ਜਿੰਮ ਵੀ ਖੋਲ੍ਹਣ ਦੀ ਮਨਜੂਰੀ ਦਿੱਤੀ ਜਾਵੇ, ਤਾਂ ਜੋ ਉਨ੍ਹਾਂ ਦੀ ਰੋਜ਼ੀ ਰੋਟੀ ਵੀ ਚੱਲ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ