ਸੂਰਜ ਚੜ੍ਹਨੋਂ ਡਰਦੇ ਨੇ ਕਦੋਂ, ਦੱਸ ਕਾਲੀਆਂ ਰਾਤਾਂ ਤੋਂ…
ਪੰਜਾਬ ਵਿੱਚ ਲਗਭਗ ਪਿਛਲੇ ਢਾਈ ਮਹੀਨਿਆਂ ਤੋਂ ਤੇ ਹੁਣ ਲਗਭਗ ਇੱਕ ਮਹੀਨੇ ਤੋਂ ਵੀ ਵੱਧ ਦਿੱਲੀ ਦੀਆਂ ਬਰੂਹਾਂ ’ਤੇ ਸਾਡੇ ਅੰਨਦਾਤਾ ਕਿਸਾਨ ਅੰਦੋਲਨ ਕਰ ਰਹੇ ਹਨ। ਜਿਸ ਦਾ ਕਾਰਨ ਸਾਡੀ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਤਿੰਨ ਆਰਡੀਨੈਂਸ ਦਾ ਜਾਰੀ ਕਰਨਾ ਹੈ। ਅੰਦੋਲਨ ਦੇ ਢੰਗ ਵੱਖੋ-ਵੱਖਰੇ ਹਨ ਜਿਸ ਤਰ੍ਹਾਂ ਪੂਰਨ ਸ਼ਾਂਤਮਈ ਤਰੀਕੇ ਨਾਲ ਰੇਲਵੇ ਟਰੈਕ ਰੋਕਣੇ, ਹਾਈਵੇ ਜਾਮ ਕਰਨੇ, ਕਾਰਪੋਰੇਟ ਘਰਾਣਿਆਂ ਦੇ ਬਿਜਨਸ਼ ’ਤੇ ਸੱਟ ਮਾਰਨੀ ਅਤੇ ਟੋਲ ਪਲਾਜ਼ੇ ਜਾਮ ਕਰਨੇ ਜੋ ਕਿ ਸਰਾਸਰ ਆਮ ਲੋਕਾਂ ਦੀ ਲੁੱਟ ਦਾ ਕਾਰਨ ਬਣੇ ਹੋਏ ਹਨ, ਉਨ੍ਹਾਂ ’ਤੇ ਨਿਰੰਤਰ ਪ੍ਰਦਰਸ਼ਨ ਕਰਕੇ ਲੋਕਾਂ ਲਈ ਟੋਲ ਫ੍ਰੀ ਰੱਖਿਆ ਜਾ ਰਿਹਾ ਹੈ ਬਹੁ-ਚਰਚਿਤ ਖੇਤੀ ਕਾਨੂੰਨ ਹੁਣ ਕਿਸਾਨਾਂ, ਵਿਰੋਧੀ ਪਾਰਟੀਆਂ, ਸਮਾਜਿਕ ਜਥੇਬੰਦੀਆਂ, ਸੱਭਿਆਚਾਰਕ ਸੰਸਥਾਵਾਂ, ਖੇਡ ਜਗਤ ਦੇ ਸਿਤਾਰਿਆਂ ਅਤੇ ਗਾਇਕ ਕਲਾਕਾਰਾਂ ਤੋਂ ਇਲਾਵਾ ਪੂਰੇ ਵਿਸ਼ਵ ਦੀ ਜ਼ੁਬਾਨ ’ਤੇ ਹੈ।
ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਇੱਕ ਮੀਡੀਆ ਚੈਨਲ ਅਤੇ ਸੋਸ਼ਲ ਚੈਨਲਾਂ ’ਤੇ ਕਿਸਾਨੀ ਸੰਘਰਸ਼ ਦਾ ਹੀ ਜ਼ਿਕਰ ਚੱਲਦਾ ਹੈ। ਜਿਸ ਨਾਲ ਪੂਰੇ ਵਿਸ਼ਵ ਵਿੱਚ ਜਿੱਥੇ ਭਾਰਤ ਦੇਸ਼ ਦੀ ਬਦਨਾਮੀ ਹੋਈ ਹੈ, ਉੱਥੇ ਹੀ ਪੰਜਾਬੀ ਕਿਸਾਨਾਂ ਵੱਲੋਂ ਅੱਗੇ ਹੋ ਕੇ ਵਿੱਢੇ ਇਸ ਸ਼ਾਂਤਮਈ ਸੰਘਰਸ਼ ਵਿੱਚ ਸ਼ਾਮਲ ਦੇਸ਼ ਦੇ ਹਰ ਸੂਬੇ ਦੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦੀ ਸ਼ਲਾਘਾ ਹੋ ਰਹੀ ਹੈ। ਹਰ ਜੀਵ-ਜੰਤੂ ਦਾ ਢਿੱਡ ਭਰਨ ਵਾਲਾ ਇਹ ਅੰਨਦਾਤਾ ਆਖਰ ਸੜਕਾਂ ’ਤੇ ਰੁਲ ਰਿਹਾ ਹੈ। ਜਦੋਂਕਿ ਇਹ ਕਿਸਾਨ ਅੰਨਦਾਤੇ ਇਹ ਦਲੀਲ ਦੇ ਰਹੇ ਹਨ ਕਿ ਖੇਤੀਬਾੜੀ ਉਪਜ ਮੰਡੀ ਕਮੇਟੀਆਂ, ਜੋ ਸਰ ਛੋਟੂ ਰਾਮ ਜੀ ਦੀ ਸਾਲ 1940-42 ਦੇ ਸਮੇਂ ਦੀ ਦੇਣ ਹਨ ਜੋ ਕਿ ਪੂਰੇ ਭਾਰਤ ਵਿੱਚ ਸਥਾਪਿਤ ਹਨ ਜਿਨ੍ਹਾਂ ਦੀ ਕਾਰਗੁਜ਼ਾਰੀ ਨਾਲ ਕਿਸਾਨਾਂ, ਸਮਾਜ ਅਤੇ ਰਾਜਾਂ ਦੀ ਤਰੱਕੀ ਵਿੱਚ ਵਾਧਾ ਹੋ ਰਿਹਾ ਹੈ, ਨੂੰ ਖਤਮ ਨਾ ਕੀਤਾ ਜਾਵੇ। ਪਰ ਦੂਜੇ ਪਾਸੇ ਸਰਕਾਰ ਦੇਸ਼ ਦੇ ਅੰਨਦਾਤਿਆਂ ਦਾ ਗਲਾ ਘੁੱਟ ਕੇ ਕਾਰਪੋਰੇਟ ਘਰਾਣਿਆਂ ਦੀ ਗੋਗੜ ਹੋਰ ਵਧਾਉਣ ਨੂੰ ਤਰਜ਼ੀਹ ਦੇ ਰਹੀ ਹੈ।
ਇਸ ਸਿਸਟਮ ਦੇ ਲਾਗੂ ਹੋ ਜਾਣ ਨਾਲ ਕਿਸਾਨ ਮਜ਼ਦੂਰ, ਆੜ੍ਹਤੀਏ ਅਤੇ ਹੋਰ ਛੋਟੇ ਕੰਮ-ਧੰਦਿਆਂ ਵਾਲੇ ਲੋਕ ਕਾਰਪੋਰੇਟ ਘਰਾਣਿਆਂ ਦੇ ਰਹਿਮੋ-ਕਰਮ ’ਤੇ ਆਸ਼ਰਿਤ ਹੋ ਜਾਣਗੇ। ਦੇਸ਼ ਦੀ ਇੱਕ ਸੌ ਪੈਂਤੀ ਕਰੋੜ ਅਬਾਦੀ ਦਾ ਢਿੱਡ ਭਰਨ ਵਾਲਾ ਇਹ ਅੰਨਦਾਤਾ ਆਪ ਭੁੱਖ-ਤੇਹ ਕੱਟ ਕੇ ਜ਼ਿੰਦਗੀ ਦੇ ਦਿਨ ਬਸਰ ਕਰ ਰਿਹਾ ਹੈ। ਅੱਜ ਕਿਸਾਨਾਂ ਦੇ ਇਸ ਸੰਘਰਸ਼ ਦਾ ਅਸਰ ਇੱਕ ਬਦਲਦੀ ਰੁੱਤ ਵਾਂਗ ਹੋ ਗਿਆ ਹੈ। ਜਿਸ ਵਿੱਚ ਜਿੱਥੇ ਕਿਸਾਨ ਮਜ਼ਦੂਰ ਤੇ ਹੋਰ ਕਿਰਤੀ ਸ਼ਾਮਲ ਹੋ ਰਹੇ ਹਨ, ਉੱਥੇ ਹੀ ਇਸ ਸੰਘਰਸ਼ ਵਿੱਚ ਡਾਕਟਰ, ਅਧਿਆਪਕ, ਗਾਇਕ, ਅਫਸਰ, ਕਵੀ, ਲੇਖਕ, ਵਕੀਲ, ਵਿਕਲਾਂਗ ਅਤੇ ਹੋਰ ਬੁੱਧੀਜੀਵੀ ਲੋਕ ਵੀ ਇਸ ਬਦਲਦੀ ਰੁੱਤ ਦੇ ਪਾਂਧੀ ਬਣ ਤੁਰੇ ਹਨ। ਜਿਵੇਂ ਰੁੱਤ ਆਈ ਤੋਂ ਗੁਲਮੋਹਰ ਦੇ ਦਰੱਖਤਾਂ ਨੂੰ ਸੰਤਰੀ ਰੰਗ ਦੇ ਫੁੱਲ ਪੈ ਜਾਂਦੇ ਹਨ।
ਉਸੇ ਤਰ੍ਹਾਂ ਹੀ ਇਸ ਸੰਘਰਸ਼ ਦੇ ਵਿੱਚੋਂ ਉਸ ਬੁਲੰਦ ਅਵਾਜ਼ ਦਾ ਆਉਣਾ ਸ਼ੁਰੂ ਹੋ ਗਿਆ ਹੈ ਜੋ ਆਵਾਜ ਸਾਡੇ ਸ਼ਹੀਦਾਂ ਨੇ ਅਜ਼ਾਦੀ ਲੈਣ ਸਮੇਂ ਬੁਲੰਦ ਕੀਤੀ ਸੀ ‘ਮੇਰਾ ਰੰਗ ਦੇ ਬਸੰਤੀ ਚੋਲਾ ਨੀ ਮਾਏ, ਮੇਰਾ ਰੰਗ ਦੇ ਬਸੰਤੀ ਚੋਲਾ’ ਇਸ ਠਾਠਾਂ ਮਾਰਦੇ ਸੰਘਰਸ਼ ਵਿੱਚ ਨਿੱਕੇ-ਨਿੱਕੇ ਬੱਚੇ ਜਿੱਥੇ ਤਿਰੰਗੇ ਨੂੰ ਸਮਰਪਿਤ ਤਿੰਨ ਰੰਗ ਦੀਆਂ ਨਿੱਕੀਆਂ-ਨਿੱਕਿਆਂ ਪੱਗੜੀਆਂ ਬੰਨ੍ਹ ਅਜ਼ਾਦੀ ਦੇ ਉਸ ਤਿੰਨ ਰੰਗਾਂ ਦੀ ਅਦੁੱਤੀ ਮਿਸਾਲ ਲੈ ਕੇ ਜਾ ਰਹੇ ਹਨ, ਉੱਥੇ ਹੀ ਸਾਡੀਆਂ ਸਤਿਕਾਰਤ ਔਰਤਾਂ ਦਾ ਵੀ ਬਹੁੱਤ ਵੱਡਾ ਯੋਗਦਾਨ ਹੈ। ਜੋ ਟਰੈਕਟਰ-ਟਰਾਲੀਆਂ ਵਿੱਚ ਆਪਣੇ ਸਿਰਾਂ ’ਤੇ ਹਰਿਆਵਲ ਰੰਗੀਆਂ ਹਰੀਆਂ ਚੁੰਨੀਆਂ ਅਤੇ ਨਿੱਕੇ-ਨਿੱਕੇ ਬੱਚਿਆਂ ਨੂੰ ਗੋਦ ਵਿੱਚ ਲੈ ਕੇ ਇਸ ਸੰਘਰਸ਼ ਵਿੱਚ ਦੇਸ਼ ਦੇ ਅੰਨਦਾਤਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਮੂਰਲੀਆਂ ਸਫਾਂ ਵਿੱਚ ਇਸ ਲੋਕ ਜੰਗ ਨੂੰ ਜਿੱਤਣ ਲਈ ਭਰਪੂਰ ਸਮੱਰਥਨ ਦੇ ਰਹੀਆਂ ਹਨ।
ਲੋਕ ਆਪ-ਮੁਹਾਰੇ ਹੀ ਇਸ ਅੰਦੋਲਨ ਵਿੱਚ ਸ਼ਿਰਕਤ ਕਰ ਰਹੇ ਹਨ।
ਹੁਣ ਇਹ ਕੋਈ ਛੋਟਾ-ਮੋਟਾ ਅੰਦੋਲਨ ਨਹੀਂ ਰਿਹਾ ਸਗੋਂ ਵੱਡੇ ਕਾਫਲੇ ਦੇ ਰੂਪ ਵਿੱਚ ਜਨ-ਅੰਦੋਲਨ ਬਣ ਚੁੱਕਾ ਹੈ ਜਿਸ ਵਿੱਚ ਦੇਸ਼-ਵਿਦੇਸ਼ ਵਿੱਚ ਵੱਸਦਾ ਹਰ ਭਾਰਤੀ ਬਾਸ਼ਿੰਦਾ ਆਪਣਾ ਯੋਗਦਾਨ ਵਧ-ਚੜ੍ਹ ਕੇ ਪਾ ਰਿਹਾ ਹੈ। ਇਸ ਅੰਦੋਲਨ ਸਦਕਾ ਜਿੱਥੇ ਗੁਆਂਢੀ ਸੂਬਿਆਂ ਦੇ ਲੋਕਾਂ ਦੇ ਮਨ ਇੱਕ ਕੀਤੇ ਹਨ, ਉੱਥੇ ਹੀ ਚਿਰਾਂ ਤੋਂ ਦਿਲਾਂ ਵਿੱਚ ਸੁਲਗ ਰਹੀਆਂ ਗਲਤਫਹਿਮੀਆਂ ਤੇ ਨਰਾਜ਼ਗੀਆਂ ਵੀ ਦੂਰ ਹੋਈਆਂ ਹਨ ਕਿਉਂਕਿ ਇਸ ਸੰਘਰਸ਼ ਨੇ ਲੋਕ ਚੇਤਨਤਾ ਫੈਲਾਉਣ ਵਿੱਚ ਵੀ ਆਪਣਾ ਮੋਹਰੀ ਰੋਲ ਅਦਾ ਕੀਤਾ ਹੈ। ਚੇਤਿਆਂ ਦੀ ਇਸ ਚੰਗੇਰ ਨੇ ਜਿੱਥੇ ਆਪਸੀ ਰਿਸ਼ਤਿਆਂ ਦੀ ਤੰਦ ਹੋਰ ਗੂੜ੍ਹੀ ਕਰ ਦਿੱਤੀ ਹੈ, ਉੱਥੇ ਹੀ ਸਾਡੇ ਨੌਜਵਾਨਾਂ ਦੇ ਮਨਾਂ ਵਿਚਲੇ ਸੁੰਨੇਪਣ ਦੂਰ ਹੋ ਗਏ ਹਨ। ਨੌਜਵਾਨ ਹੁਣ ਇਸ ਅੰਦੋਲਨ ਨੂੰ ਜ਼ਮੀਨ, ਬੇਜ਼ਮੀਨ ਦੇ ਸੀਮਤ ਅਰਥਾਂ ਵਿੱਚ ਨਹੀਂ ਦੇਖਦੇ ਸਗੋਂ ਸੱਚ ਤੇ ਝੂਠ, ਕਿਰਤ ਦੀ ਲੁੱਟ ਤੇ ਇਨਸਾਫ ਅਤੇ ਬੇਇਨਸਾਫ ਜਿਹੇ ਬਹੁਤ ਵੱਡੇ ਪੈਮਾਨਿਆਂ ਦੇ ਰੂਪ ਵਿੱਚ ਇਸ ਸੰਘਰਸ਼ ਨੂੰ ਦੂਰ ਅੰਦੇਸ਼ੀ ਪਾਰਖੂ ਨਜ਼ਰ ਨਾਲ ਦੇਖ ਰਹੇ ਹਨ।
ਖੇਤੀ ਸਬੰਧੀ ਅਜਿਹੇ ਕਾਲੇ ਕਾਨੂੰਨ ਲਾਗੂ ਹੋਣ ਨਾਲ ਕਿਸਾਨ ਦੀ ਹੋਂਦ ਹੀ ਇਸ ਜਰਖੇਜ਼ ਧਰਤੀ ਤੋਂ ਮਿਟ ਜਾਵੇਗੀ। ਸਾਰੀ ਦੁਨੀਆਂ ਦਾ ਢਿੱਡ ਭਰਨ ਵਾਲਾ ਇਹ ਅੰਨਦਾਤਾ, ਜਿਸ ਦਾ ਆਹ ਦਿਨਾਂ ’ਚ ਖੇਤਾਂ ਵਿੱਚ ਆਪਣੀ ਫਸਲ ਨੂੰ ਪੁੱਤਾਂ ਵਾਂਗ ਪਾਲਣ ਦਾ ਵੇਲਾ ਸੀ, ਪਰ ਖੇਤਾਂ ਦਾ ਇਹ ਰਾਜਾ ਕੜਾਕੇ ਦੀ ਠੰਢ ’ਚ ਦਿੱਲੀ ਦੀਆਂ ਬਰੂਹਾਂ ’ਤੇ ਆਪਣੇ ਹੱਕ ਲੈਣ ਲਈ ਤਿਲ-ਤਿਲ ਜੀਅ-ਮਰ ਰਿਹਾ ਹੈ।
ਸਮੂਹ ਲੋਕਾਂ ਸਮੇਤ ਦਿੱਲੀ ਦੀ ਇਸ ਹਕੂਮਤ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਢਿੱਡ ਭਰਨ ਵਾਲਾ ਕਿਸਾਨ ਪੁੱਤ ਆਪਣੇ ਪਰਿਵਾਰਾਂ ਸਮੇਤ ਦਿੱਲੀ ਹਕੂਮਤ ਦੇ ਦਰਬਾਰ ਆਪਣੀ ਹੋਂਦ ਨੂੰ ਬਚਾਉਣ ਲਈ ਸ਼ਹਾਦਤਾਂ ਦੇਣ ਤੋਂ ਵੀ ਗੁਰੇਜ਼ ਨਹੀਂ ਕਰ ਰਿਹਾ। ਕਿਸਾਨ ਲੀਡਰਾਂ ਨੂੰ ਵੀ ਇਹ ਅਹਿਸਾਸ ਹੋ ਗਿਆ ਹੈ ਕਿ ਹੁਣ ਸਮੁੱਚਾ ਕਿਸਾਨ ਮਜ਼ਦੂਰ ਅਤੇ ਹਰ ਕਿਰਤੀ ਆਰ-ਪਾਰ ਦੀ ਲੜਾਈ ਦੇ ਸੁਹਿਰਦ ਹੋ ਗਿਆ ਹੈ। ਕਿਸਾਨ ਲੀਡਰਸ਼ਪਿ ਵੀ ਆਪਣੇ ਕਦਮ ਫੂਕ-ਫੂਕ ਕੇ ਅੱਗੇ ਵਧਾ ਰਹੀ ਹੈ ਤਾਂ ਕਿ ਹਕੂਮਤ ਦੇ ਕਿਸੇ ਵੀ ਤਰ੍ਹਾਂ ਦੇ ਮਨਹੂਸ ਇਰਾਦਿਆਂ ਤੋਂ ਬਚਿਆ ਜਾ ਸਕੇ ਜੋ ਕਿ ਇਸ ਸੰਘਰਸ਼ ਨੂੰ ਕਿਸੇ ਵੀ ਕਿਸਮ ਦੀ ਢਾਹ ਜਾਂ ਖੋਰਾ ਲਾ ਕੇ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਹੁਣ ਉਹ ਦਿਨ ਵੀ ਦੂਰ ਨਹੀਂ ਜਦੋਂ ਸਾਡੇ ਇਹ ਅੰਨਦਾਤੇ ਕਿਸਾਨ ਚਾਰੇ ਚੁਫੇਰਿਓਂ ਘੇਰੀ ਦਿੱਲੀ ਹਕੂਮਤ ਨੂੰ ਇਸ ਕਥਨ ਅਨੁਸਾਰ ‘ਸੂਰਜ ਚੜ੍ਹਨੋਂ ਕਦੋਂ ਨੇ ਡਰਦੇ, ਦੱਸ ਕਾਲੀਆਂ ਰਾਤਾਂ ਤੋਂ…’ ਨੂੰ ਸੱਚ ਸਾਬਤ ਕਰਕੇ ਹੀ 1906-07 ਵਾਲੇ ਪੱਗੜੀ ਸੰਭਾਲ ਜੱਟਾ ਵਾਲੇ ਇਤਹਾਸ ਦੇ ਪੰਨੇ ਫਿਰ ਦੁਹਰਾਉਂਦੇ ਹੋਏ ਇੱਕ ਵਾਰ ਫਿਰ ਇਸ ਸ਼ਾਂਤਮਈ ਕਿਸਾਨ ਅੰਦੋਲਨ ਨੂੰ ਆਉਣ ਵਾਲੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਦਰਜ ਕਰਵਾ ਕੇ ਹੀ ਸੂਰਜ ਦੀ ਖਿੜੀ ਉਸ ਲਾਲੀ ਦੇ ਵਾਂਗ ਖਿੜੇ ਚਿਹਰਿਆਂ ਨਾਲ ਆਪਣੇ ਵਤਨ ਦੇ ਘਰਾਂ ਨੂੰ ਸੁੱਖੀ-ਸਾਂਦੀ ਵਾਪਸ ਮੋੜਾ ਪਾਉਣਗੇ।
ਪੱਖੋ ਕਲਾਂ, ਬਰਨਾਲਾ
ਮੋ. 98151-07001
ਜਗਦੀਸ਼ ਸਿੰਘ ਪੱਖੋਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.