ਅਸੀਂ ਕੀ ਬੋਲਦੇ ਹਾਂ?
ਆਪਾਂ ਜਾਣਦੇ ਹਾਂ ਕਿ ਦੁਨੀਆਂ ਦੀਆਂ ਸਾਰੀਆਂ ਭਾਸ਼ਾਵਾਂ ‘ਚ ਸ਼ਬਦਾਂ ਦਾ ਅਥਾਰ ਭੰਡਾਰ ਮੌਜੂਦ ਹੈ। ਸ਼ਬਦ ਬਹੁਤ ਵਡਮੁੱਲੇ ਅਤੇ ਮਹੱਤਵਪੂਰਨ ਹੁੰਦੇ ਹਨ। ਪਰ ਇਨ੍ਹਾਂ ਦਾ ਮਹੱਤਵ ਅਰਥਾਂ ‘ਤੇ ਨਿਰਭਰ ਕਰਦਾ ਹੈ। ਬਿਨਾਂ ਅਰਥਾਂ ਦੇ ਸ਼ਬਦਾਂ ਦੀ ਕੋਈ ਕੀਮਤ ਨਹੀਂ, ਕੋਈ ਮਹੱਤਵ ਨਹੀਂ। ਇਸ ਦੇ ਬਿਨਾਂ ਇਹ ਵਿਅਰਥ ਅਤੇ ਬੇਕਾਰ ਹਨ। ਸਾਡੀ ਬੋਲਬਾਣੀ ਸ਼ਬਦਾਂ ਦਾ ਹੀ ਸਮੂਹ ਹੁੰਦੀ ਹੈ। ਬੋਲਬਾਣੀ ਦੀ ਲੋੜ ਅਨੁਸਾਰ ਸੁਚੱਜਤਾ ਨਾਲ ਕੀਤੀ ਗਈ ਵਰਤੋਂ ਨਾਲ ਵੱਡੀਆਂ-ਵੱਡੀਆਂ ਉਲਝਣਾਂ ਅਤੇ ਸਮੱਸਿਆਵਾਂ ਦਾ ਨਿਬੇੜਾ ਸੰਭਵ ਹੈ। ਹਰੇਕ ਥਾਂ ਅਤੇ ਹਰੇਕ ਸਮਾਂ ਬੋਲਣ ਦੇ ਯੋਗ ਨਹੀਂ ਹੁੰਦੇ। ਕਈ ਵਾਰ ਕਿਸੇ ਥਾਂ ‘ਤੇ ਚੁੱਪ ਕਰ ਜਾਣਾ ਜਾਂ ਘੱਟ ਬੋਲਣਾ ਵੀ ਸਾਡੀ ਕਾਮਯਾਬੀ ਅਤੇ ਸਾਡੀ ਸਿਆਣਪ ਲਈ ਫਾਇਦੇਮੰਦ ਹੁੰਦਾ ਹੈ। ਇਹ ਸਭ ਨਿਰਭਰ ਹੈ ਤੁਹਾਡੀ ਉਸਾਰੂ ਅਤੇ ਸਮਝਦਾਰੀ ਭਰੀ ਬੋਲਚਾਲ ‘ਤੇ। ਕਈ ਵਾਰ ਸਿਰਫ ਦੋ ਸ਼ਬਦਾਂ ਨਾਲ ਹੀ ਗੱਲ ਬਣ ਜਾਂ ਵਿਗੜ ਜਾਂਦੀ ਹੈ।
ਜ਼ਿਆਦਾ ਬੋਲਣ ਵਾਲੇ ਬੰਦੇ ਕੁੱਝ ਸਮੇਂ ਲਈ ਹੀ ਪਸੰਦ ਕੀਤੀ ਜਾਂਦੇ ਹਨ। ਘੱਟ ਬੋਲਣ ਵਾਲੇ ਆਦਮੀ ਜ਼ਿਆਦਾ ਸਤਿਕਾਰੇ ਜਾਂਦੇ ਹਨ। ਜੋ ਆਦਮੀ ਜ਼ਿਆਦਾ ਬੋਲਦੇ ਹਨ, ਉਸਦੇ ਪਿੱਛੇ ਇੱਕ ਖਾਸ ਕਾਰਨ ਇਹ ਹੁੰਦਾ ਹੈ ਕਿ ਕਿਤੇ ਨਾ ਕਿਤੇ ਉਨ੍ਹਾਂ ਨੂੰ ਆਪਣੇ ਕਮਜ਼ੋਰ ਪੱਖ ਦਾ ਗਿਆਨ ਹੁੰਦਾ ਹੈ। ਉਨ੍ਹਾਂ ਨੂੰ ਆਪਣੇ ਦਿਮਾਗ ਦੀ ਸਾਂਤੀ ਉੱਪਰ ਸ਼ੱਕ ਹੁੰਦਾ ਹੈ। ਬੱਸ ਇਹੀ ਕਮਜ਼ੋਰੀਆਂ ਜ਼ਾਹਿਰ ਨਾ ਹੋ ਜਾਣ ਇਸੇ ਲਈ ਉਹ ਜਿਆਦਾ ਬੋਲ ਕੇ ਆਪਣੀ ਮਾਨਸਿਕ ਸ਼ਕਤੀ ਦਾ ਵਿਖਾਵਾ ਕਰਨ ਲਈ ਵਿਆਕੁਲ ਰਹਿੰਦੇ ਹਨ।
ਕਈ ਵਾਰ ਅਸੀਂ ਵੇਖਦੇ ਹਾਂ ਕਿ ਕੁੱਝ ਬੋਲਣ ਤੋਂ ਪਹਿਲਾਂ ਸਾਹਮਣੇ ਵਾਲਾ ਆਦਮੀ ਕਹਿੰਦਾ ਹੈ ਕਿ ‘ਜਰਾ ਸੰਖੇਪ ‘ਚ ਹੀ ਗੱਲ ਕਰਨਾ।’ ਇਸਦਾ ਮਤਲਬ ਸਾਫ ਹੈ ਕਿ ਤੁਸੀਂ ਜੋ ਕਹਿਣ ਜਾ ਰਹੇ ਹੋ ਉਸਨੂੰ ਸੁਣਨ ਵਿੱਚ ਕਿਸੇ ਨੂੰ ਜ਼ਰਾ ਜਿੰਨੀ ਵੀ ਦਿਲਚਸਪੀ ਨਹੀਂ ਹੈ। ਉਹ ਤਾਂ ਤੁਹਾਨੂੰ ਸਿਰਫ ਇਸ ਲਈ ਬੋਲਣ ਦਾ ਮੌਕਾ ਦੇ ਰਹੇ ਹਨ ਤਾਂ ਕਿ ਤੁਸੀਂ ਆਪਣੀ ਬੋਲਣ ਦੀ ਭੁੱਖ ਨੂੰ ਮਿਟਾ ਲਉ। ਦੁਨੀਆਂ ‘ਚ ਕਿਸੇ ਵੀ ਆਦਮੀ ਨੂੰ ਸਮਝਣ ਲਈ ਉਹਦੇ ਸਾਹਮਣੇ ਬੋਲਣਾ ਜ਼ਰੂਰੀ ਨਹੀਂ ਹੈ, ਉਸਨੂੰ ਸੁਣਨਾ ਜ਼ਰੂਰੀ ਹੈ ਹੱਸਣਾ, ਜਿੰਨਾ ਤੁਹਾਡੀ ਸਿਹਤ ਲਈ ਚੰਗਾ ਹੈ, ਜ਼ਿਆਦਾ ਬੋਲਣਾ ਤੁਹਾਡੀ ਸਿਹਤ ਲਈ ਓਨਾ ਹੀ ਖਰਾਬ ਹੈ। ਜਿੱਥੋਂ ਤੱਕ ਸੰਭਵ ਹੋ ਸਕੇ ਚੁੱਪ ਰਹਿਣ ਦੀ ਆਦਤ ਪਾਓ। ਇਹ ਦੁਨੀਆਂ ਸ਼ਾਂਤ ਅਤੇ ਚੁੱਪ ਰਹਿਣ ਵਾਲੇ ਆਦਮੀਆਂ ਨੂੰ ਸਿਆਣੇ ਅਤੇ ਅਕਲਮੰਦ ਇਨਸਾਨ ਸਮਝਦੀ ਹੈ।
ਬਿਹਤਰ ਹੈ ਕਿ ਠ੍ਹੋਕਰ ਪੈਰ ਤੋਂ ਖਾਉ ਨਾ ਕਿ ਜੀਭ ਤੋਂ। ਜੋ ਲੋਕ ਘੱਟ ਬੋਲਦੇ ਹਨ ਉਨ੍ਹਾਂ ਦੇ ਸ਼ਬਦਾਂ ਦੀ ਕੀਮਤ ਏਨੀ ਜ਼ਿਆਦਾ ਹੁੰਦੀ ਹੈ ਕਿ ਅਸੀਂ ਤਾਰਨ ‘ਚ ਅਸਮਰੱਥ ਹੁੰਦੇ ਹਾਂ। ਅਜਿਹੇ ਲੋਕਾਂ ਨੂੰ ‘ਮੁਆਫ ਕਰਨਾ’ ਕਹਿਣ ਦੀ ਕਦੇ ਵੀ ਲੋੜ ਨਹੀਂ ਪੈਂਦੀ । ਜ਼ਿਆਦਾ ਬੋਲਣਾ ਸਾਰੇ ਸਮਾਜਿਕ ਦੋਸ਼ਾਂ ਵਿੱਚੋਂ ਸਭ ਤੋਂ ਬੁਰਾ ਦੋਸ਼ ਹੈ। ਜੇਕਰ ਤੁਹਾਡੇ ‘ਚ ਇਹ ਦੋਸ਼ ਹੈ ਤਾਂ ਤੁਹਾਡਾ ਸਭ ਤੋਂ ਗੂੜ੍ਹਾ ਦੋਸਤ ਵੀ ਤੁਹਾਨੂੰ ਇਸ ਬਾਰੇ ਨਹੀਂ ਦੱਸੇਗਾ, ਸਗੋਂ ਉਹ ਤੁਹਾਡੇ ਤੋਂ ਕੰਨੀ ਕਤਰਾਉਂਦਾ ਫਿਰੇਗਾ।
ਸ਼ਾਂਤ ਰਹਿ ਕੇ ਸੁਣਨ ਦਾ ਇੱਕ ਹੋਰ ਫਾਇਦਾ ਇਹ ਹੈ ਕਿ ਅਸੀਂ ਸਾਹਮਣੇ ਵਾਲੇ ਦੀਆਂ ਗੱਲਾਂ ਸੁਣਨ ਤੋਂ ਹੀ ਸਮਝ ਜਾਂਦੇ ਹਾਂ ਕਿ ਉਹ ਕੀ ਸੋਚ ਰਿਹਾ ਹੈ ਅਤੇ ਕੀ ਕਰਨਾ ਚਾਹੁੰਦਾ ਹੈ। ਜੇਕਰ ਤੁਸੀਂ ਸਾਹਮਣੇ ਵਾਲੇ ਦੀਆਂ ਗੱਲਾਂ ਵੱਲ ਧਿਆਨ ਕੇਂਦ੍ਰਿਤ ਕਰੋਗੇ ਤਾਂ ਹੀ ਤੁਸੀਂ ਉਹਨੂੰ ਆਪਣੀ ਗੱਲ ਸੁਣਨ ਲਈ ਮਜ਼ਬੂਰ ਕਰ ਸਕੋਗੇ। ਲੋਕੀ ਹਮੇਸ਼ਾ ਉਸ ਆਦਮੀ ਤੋਂ ਨਫਰਤ ਕਰਦੇ ਹਨ ਜੋ ਆਪਣੇ ਦਿਮਾਗ ਦੇ ਇੰਜਣ ਨੂੰ ਚਾਲੂ ਕੀਤੇ ਬਿਨਾਂ ਹੀ ਮੂੰਹ ਨੂੰ ਟਾਪ ਗੇਅਰ ‘ਚ ਪਾ ਲੈਂਦੇ ਹਨ।
ਜਿਆਦਾਤਰ ਬੰਦੇ ਬੋਲਣ ਲਈ ਕਾਹਲੇ ਹੋਏ ਰਹਿੰਦੇ ਹਨ। ਸੁਣਨਾ ਕਿਸੇ ਨੂੰ ਵੀ ਪਸੰਦ ਨਹੀਂ ਪਰ ਕੁਦਰਤ ਦਾ ਨਿਯਮ ਹੈ ਕਿ ਅਸੀਂ ਦੁੱਗਣਾ ਸੁਣੀਏ ਅਤੇ ਉਸ ਤੋਂ ਅੱਧਾ ਬੋਲੀਏ ।ਕਾਰਨ ਸਾਫ ਹੈ ਸਾਡੀ ਜੀਭ ਤਾਂ ਇੱਕ ਹੈ ਤੇ ਕੰਨ ਦੋ। ਵੇਖਿਆ ਗਿਆ ਹੈ ਕਿ ਜੋ ਲੋਕ ਜ਼ਿਆਦਾ ਬੋਲਣਾ ਪਸੰਦ ਕਰਦੇ ਹਨ ਉਨ੍ਹਾਂ ਨੂੰ ਕੋਈ ਸੁਣਨਾ ਪਸੰਦ ਨਹੀਂ ਕਰਦਾ। ਜਿਹੜੇ ਬੰਦੇ ਸ਼ਾਂਤ ਰਹਿਣਾ ਜਾਣਦੇ ਹਨ, ਦੁਨੀਆਂ ਉਨ੍ਹਾਂ ਨੂੰ ਸੁਣਨ ਲਈ ਵਿਆਕੁਲ ਰਹਿੰਦੀ ਹੈ।
ਜਰੂਰੀ ਨਹੀਂ ਕਿ ਲੋਕੀ ਇਸ ਲਈ ਬੋਲਦੇ ਹਨ ਕਿ ਉਨ੍ਹਾਂ ਦੀਆਂ ਗੱਲਾਂ ਦਾ ਕੋਈ ਮਤਲਬ ਨਿੱਕਲੇ। ਬਹੁਤੇ ਲੋਕੀ ਤਾਂ ਸਿਰਫ ਬੋਲਣ ਲਈ ਹੀ ਬੋਲਦੇ ਹਨ। ਉਹ ਆਪਣੀ ਬੋਲਬਾਣੀ ਰਾਹੀਂ ਆਪਣੇ-ਆਪ ਨੂੰ ਸਿੱਧ ਕਰਨ ‘ਚ ਲੱਗੇ ਰਹਿੰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਦੂਸਰਿਆਂ ਨੂੰ ਬਿਨਾ ਦੇਖੇ ਹੀ ਬੋਲ ਕੇ ਸਭ ਕੁੱਝ ਦਿਖਾ ਦਿੱਤਾ ਜਾਵੇ। ਬੁਹਤੇ ਲੋਕੀ ਝੂਠੀਆਂ ਘਟਨਾਵਾਂ ਨੂੰ ਆਪਣੀਆਂ ਗੱਲਾਂ ਰਾਹੀਂ ਸੱਚੀਆਂ ਅਤੇ ਆਕਰਸ਼ਕ ਬਣਾਉਣ ਦੀ ਕੋਸ਼ਿਸ਼ ‘ਚ ਵੱਧ ਤੋਂ ਵੱਧ ਬੋਲਦੇ ਹਨ।
ਮੌਨ ਰਹਿਣਾ ਹਰ ਹਾਲਤ ‘ਚ ਲਾਭਕਾਰੀ ਹੈ। ਬੋਲਣ ਨਾਲ ਜਿੰਨੇ ਸਮੇਂ ‘ਚ ਅਸੀਂ ਜਿਹੜੇ ਵਿਚਾਰ ਪ੍ਰਗਟ ਕਰਦੇ ਹਾਂ, ਸ਼ਾਂਤ ਰਹਿ ਕੇ ਉਸ ਤੋਂ ਕਈ ਗੁਣਾ ਜ਼ਿਆਦਾ ਵਿਚਾਰ ਅਸੀਂ ਓਨੇ ਹੀ ਸਮੇਂ ‘ਚ ਆਪਣੇ ਮਨ ‘ਚ ਉਤਪੰਨ ਕਰ ਸਕਦੇ ਹਾਂ। ਜਿਆਦਾਤਰ ਇਕੱਠਾਂ ‘ਚ ਲੋਕ ਬੋਲਣ ਵਾਲੇ ਨੂੰ ਸੁਣਦੇ ਘੱਟ ਤੇ ਵੇਖਦੇ ਜਿਆਦਾ ਹਨ। ਇੱਕ ਹਿੰਦੀ ਲੇਖਿਕਾ ਮੀਨਾਕਸ਼ੀ ਮਨਹਰ ਨੇ ਆਪਣਾ ਸਾਢੇ ਤਿੰਨ ਸੌ ਸਫਿਆਂ ਦਾ ਨਾਵਲ ਛਪਣ ਲਈ ਪ੍ਰਕਾਸ਼ਕ ਕੋਲ ਭੇਜਿਆ।
ਮੈਂ ਉਨ੍ਹਾਂ ਨਾਲ ਨਾਵਲ ਦੇ ਜਿਆਦਾ ਵਿਸਥਾਰ ਬਾਰੇ ਗੱਲ ਕੀਤੀ ਤਾਂ ਉਹ ਕਹਿਣ ਲੱਗੇ ਕਿ ਅਜੇ ਤਾਂ ਮੇਰੀ ਗੱਲ ਵੀ ਪੂਰੀ ਨਹੀਂ ਹੋਈ। ਸਮਝਦਾਰ ਆਦਮੀ ਇੱਕ ਸ਼ਬਦ ਕਹਿੰਦਾ ਹੈ ਅਤੇ ਦੋ ਸ਼ਬਦ ਸੁਣਦਾ ਹੈ। ਖੁੱਲ੍ਹੇ ਦਿਲ ਵਾਲਾ ਆਦਮੀ ਤਾਂ ਹੀ ਮਹੱਤਵਪੂਰਨ ਹੁੰਦਾ ਹੈ ਜੇਕਰ ਉਹ ਖੁੱਲ੍ਹੇ ਕੰਨਾਂ ਵਾਲਾ ਵੀ ਹੋਵੇ। ਸਮਝਦਾਰੀ ਇਸ ‘ਚ ਨਹੀਂ ਕਿ ਅਸੀਂ ਕਿਉਂ ਬੋਲਦੇ ਹਾਂ, ਸਗੋਂ ਇਸ ‘ਚ ਹੈ ਕਿ ਅਸੀਂ ਕੀ ਬੋਲਦੇ ਹਾਂ!
ਨੇੜੇ ਚੰਗੀ ਨੰ:7, ਫਰੀਦਕੋਟ।
ਮੋ. 98152-96475
ਸੰਤੋਖ ਸਿੰਘ ਭਾਣਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.