ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨੇ ਪੁਸਤਕ ਸੱਭਿਆਚਾਰ ਪੈਦਾ ਕਰਨ ਲਈ ਲਾਇਬ੍ਰੇਰੀ ਐਕਟ ਅਤੇ ਖੇਡ ਮੈਦਾਨਾਂ ਵਿੱਚ ਵੀ ਲਾਇਬ੍ਰੇਰੀਆਂ ਖੋਲਣ ਦੀ ਕਹੀ ਗੱਲ
ਪਰਗਟ ਸਿੰਘ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਪੱਤਰਕਾਰਾਂ ਦਾ ਰੋਲ ਮਾਡਲ ਦੱਸਿਆ
ਪੰਜਾਬ ਅਤੇ ਚੰਡੀਗੜ ਜਰਨਲਿਸਟ ਯੂਨੀਅਨ ਨੇ ਕੌਮੀ ਪ੍ਰੈੱਸ ਦਿਹਾੜੇ ਮੌਕੇ ‘ਪੰਜਾਬੀ ਭਾਸ਼ਾ ਤੇ ਪੱਤਰਕਾਰੀ ਨੂੰ ਚੁਣੌਤੀਆਂ’ ਬਾਰੇ ਕਰਵਾਈ ਵਿਚਾਰ ਚਰਚਾ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਲਈ ਰਾਜ ਭਾਸ਼ਾ ਕਮਿਸ਼ਨ ਬਣਾਇਆ ਜਾਵੇਗਾ। ਇਸ ਦੇ ਨਾਲ ਹੀ ਪੁਸਤਕ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਲਾਇਬ੍ਰੇਰੀ ਐਕਟ ਦਾ ਆਰਡੀਨੈਂਸ ਜਾਰੀ ਕਰਨ ਦੇ ਨਾਲ ਨੌਜਵਾਨਾਂ ਨੂੰ ਸਾਹਿਤ ਦੀ ਚੇਟਕ ਲਗਾਉਣ ਲਈ ਖੇਡ ਮੈਦਾਨਾਂ ਦੇ ਨਾਲ ਲਾਇਬ੍ਰੇਰੀਆਂ ਵੀ ਬਣਾਈਆਂ ਜਾਣਗੀਆਂ। ਇਹ ਗੱਲ ਸਿੱਖਿਆ, ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਅੱਜ ਕੌਮੀ ਪ੍ਰੈਸ ਦਿਹਾੜੇ ਮੌਕੇ ਪੰਜਾਬ ਅਤੇ ਚੰਡੀਗੜ ਜਰਨਲਿਸਟ ਯੂਨੀਅਨ ਵੱਲੋਂ ਪੰਜਾਬੀ ਲੇਖਕ ਸਭਾ ਤੇ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਵਿਖੇ ‘ਪੰਜਾਬੀ ਭਾਸ਼ਾ ਤੇ ਪੱਤਰਕਾਰੀ ਨੂੰ ਚੁਣੌਤੀਆਂ’ ਵਿਸ਼ੇ ਉਤੇ ਕਰਵਾਈ ਵਿਚਾਰ ਚਰਚਾ ਦੌਰਾਨ ਸੰਬੋਧਨ ਕਰਦਿਆਂ ਕਹੀ।
ਪਰਗਟ ਸਿੰਘ ਨੇ ਇਸ ਮੌਕੇ ਮਹਾਨ ਗਦਰੀ ਯੋਧੇ ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਉਨਾਂ ਦੇ ਛੇ ਸਾਥੀਆਂ ਸਹੀਦ ਬਖਸ਼ੀਸ਼ ਸਿੰਘ, ਸਹੀਦ ਸੁਰੈਣ ਸਿੰਘ (ਵੱਡਾ), ਸ਼ਹੀਦ ਸੁਰੈਣ ਸਿੰਘ (ਛੋਟਾ), ਸ਼ਹੀਦ ਹਰਨਾਮ ਸਿੰਘ ਤੇ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਨੂੰ ਵੀ ਸਲਾਮ ਕੀਤਾ ਜਿਨਾਂ ਨੂੰ ਅੱਜ ਦੇ ਹੀ ਦਿਨ ਪਹਿਲੇ ਲਾਹੌਰ ਸਾਜਿਸ਼ ਕੇਸ ਫਾਂਸੀ ਦਿੱਤੀ ਗਈ ਸੀ। ਸਿੱਖਿਆ ਮੰਤਰੀ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਪੱਤਰਕਾਰਾਂ ਲਈ ਵੀ ਰੋਲ ਮਾਡਲ ਹਨ ਕਿਉਂ ਜੋ ਕਰਤਾਰ ਸਿੰਘ ਸਰਾਭਾ ਗਦਰ ਅਖਬਾਰ ਕੱਢਦੇ ਸਨ। ਉਨਾਂ ਦੇਸ਼ ਦੀ ਆਜਾਦੀ ਲਈ ਗਦਰ ਅਖਬਾਰ ਰਾਹੀਂ ਦੇਸ਼ ਵਾਸੀਆਂ ਵਿੱਚ ਵਤਨਪ੍ਰਸਤੀ ਦੀ ਚਿਣਗ ਬਾਲੀ।
ਪਰਗਟ ਸਿੰਘ ਨੇ ਸਮੂਹ ਸਾਹਿਤਕਾਰਾਂ, ਪੱਤਰਕਾਰਾਂ, ਅਕਾਦਮਿਕ ਮਾਹਿਰਾਂ ਤੇ ਸਿੱਖਿਆ ਸ਼ਾਸਤਰੀਆਂ ਅੱਗੇ ਆਉਣ ਦੀ ਸੱਦਾ ਦਿੱਤਾ ਤਾਂ ਜੋ ਭਾਸਾ ਐਕਟ ਨੂੰ ਸੂਬਾ ਅਤੇ ਜ਼ਿਲ੍ਹਾ ਪੱਧਰ ਉੱਤੇ ਲਾਗੂ ਕਰਨ ਲਈ ਕਮਿਸ਼ਨ ਅਤੇ ਕਮੇਟੀਆਂ ਵਿੱਚ ਉਨ੍ਹਾਂ ਨੂੰ ਸ਼ਾਮਲ ਕੀਤਾ ਜਾ ਸਕੇ। ਉਨਾਂ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਮਾਂ ਬੋਲੀ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਚੀਨ, ਜਪਾਨ ਜਿਹੇ ਮੁਲਕਾਂ ਨੇ ਆਪਣੀਆਂ ਸਥਾਨਕ ਭਾਸ਼ਾ ਦੇ ਬਲਬੂਤੇ ਹੀ ਤਰੱਕੀ ਕੀਤੀ ਹੈ। ਬੱਚਾ ਜੋ ਆਪਣੀ ਮਾਤ ਭਾਸ਼ਾ ਵਿੱਚ ਸਿੱਖ ਹਾਸਲ ਕਰ ਸਕਦਾ ਹੈ, ਉਹ ਹੋਰ ਕਿਸੇ ਭਾਸ਼ਾ ਵਿੱਚ ਨਹੀਂ। ਉਨਾਂ ਕਿਹਾ ਕਿ ਪੰਜਾਬ ਵਿੱਚ 23 ਜ਼ਿਲ੍ਹਾ ਭਾਸ਼ਾ ਅਫਸਰਾਂ ਵਿੱਚੋਂ 21 ਅਸਾਮੀਆਂ ਖਾਲੀ ਸਨ ਜੋ ਹੁਣ ਡੈਪੂਟੇਸ਼ਨ ਉੱਤੇ ਭਰੀਆਂ ਗਈਆਂ ਹਨ।
ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਮੌਜੂਦਾ ਸਮੇਂ ਦੇਸ਼ ਵੱਚ ਪੰਜਾਬ ਮਾਂ ਬੋਲੀ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਜਦੋਂਕਿ ਲੋੜ ਹੈ ਕਿ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਦਿੱਤਾ ਜਾਵੇ। ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਡਾ. ਲਖਵਿੰਦਰ ਸਿੰਘ ਜੌਹਲ ਨੇ ਸੂਬਾ ਸਰਕਾਰ ਭਾਸ਼ਾ ਐਕਟ ਵਿੱਚ ਕੀਤੀਆਂ ਸੋਧਾਂ ਦੀ ਤਾਰੀਫ ਕੀਤੀ।
ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਜੈ ਸਿੰਘ ਛਿੱਬਰ ਨੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਪੰਜਾਬੀ ਮੀਡੀਆ ਨਾਲ ਜੁੜੇ ਪੱਤਰਕਾਰਾਂ ਨੂੰ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਪੰਜਾਬੀ ਲੇਖਕ ਸਭਾ ਦੇ ਬਲਕਾਰ ਸਿੰਘ ਸਿੱਧੂ ਨੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਮੰਚ ਸੰਚਾਲਨ ਦੀਪਕ ਸ਼ਰਮਾ ਚਨਾਰਥਲ ਨੇ ਕੀਤਾ।
ਇਸ ਮੌਕੇ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਸੂਬਾ ਸਕੱਤਰ ਜਨਰਲ ਪ੍ਰੀਤਮ ਰੁਪਾਲ, ਸੂਬਾ ਇਕਾਈ ਦੇ ਖਜ਼ਾਨਚੀ ਸੰਤੋਸ਼ ਗੁਪਤਾ, ਸਰਪ੍ਰਸਤ ਤਰਲੋਚਨ ਸਿੰਘ ਤੇ ਗੁਰ ਉਪਦੇਸ਼ ਸਿੰਘ ਭੁੱਲਰ, ਚੇਅਰਮੈਨ ਜਗਤਾਰ ਸਿੰਘ ਭੁੱਲਰ, ਚੰਡੀਗੜ੍ਵ ਯੂਨਿਟ ਦੇ ਜਨਰਲ ਸਕੱਤਰ ਬਿੰਦੂ ਸਿੰਘ, ਸਕੱਤਰ ਗੁਰਮਿੰਦਰ ਬੱਬੂ ਤੇ ਸਤਿੰਦਰ ਸਿੰਘ ਸਿੱਧੂ, ਚੰਡੀਗੜ ਪ੍ਰੈਸ ਕਲੱਬ ਦੇ ਪ੍ਰਧਾਨ ਨਲਿਨ ਅਚਾਰੀਆ ਸਮੇਤ ਇੰਦਰਪ੍ਰੀਤ ਸਿੰਘ, ਚਰਨਜੀਤ ਭੁੱਲਰ ਤੇ ਆਤਿਸ਼ ਗੁਪਤਾ ਵੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ