- ਗ੍ਰਿਫ਼ਤਾਰ ਕੀਤੇ ਗਏ ਡੇਰਾ ਸ਼ਰਧਾਲੂਆਂ ਦੇ ਪ੍ਰੀਵਾਰਕ ਮੈਂਬਰਾਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਐਲਾਨ
- ਕਿਹਾ, ਪੁਲਿਸ ਨੇ ਬੱਚੇ ਚੁੱਕਣ ਦੀਆਂ ਧਮਕੀਆਂ ਦੇ ਕੇ ਤੇ ਤਸੱਦਦ ਕਰਕੇ ਲਿਖਵਾਏ ਇਕਬਾਲੀਆ ਬਿਆਨ
ਸੱਚ ਕਹੂੰ ਨਿਊਜ਼, ਫਰੀਦਕੋਟ। ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ’ਚ ਪੰਜਾਬ ਪੁਲਿਸ ਦੀ ਸਿਟ ਵੱਲੋਂ ਥਾਣਾ ਬਾਜਾਖਾਨਾ ’ਚ ਦਰਜ਼ ਐਫ਼ਆਈਆਰ ਨੰਬਰ 128 ’ਚ ਗ੍ਰਿਫ਼ਤਾਰ ਕੀਤੇ ਗਏ ਡੇਰਾ ਸ਼ਰਧਾਲੂਆਂ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਚ ਅਥਾਹ ਸ਼ਰਧਾ ਹੈ, ਉਹ ਬੇਅਦਬੀ ਕਰਨਾ ਤਾਂ ਦੂਰ ਸੋਚ ਵੀ ਨਹੀਂ ਸਕਦੇ ਜੋ ਇਹ ਕਾਰਵਾਈ ਹੋ ਰਹੀ ਹੈ ਇਹ ਸਿਆਸੀ ਰੰਜਿਸ਼ ਤਹਿਤ ਕੀਤਾ ਜਾ ਰਿਹਾ ਹੈ।
ਸਿਟ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਪ੍ਰਦੀਪ ਸਿੰਘ ਦੇ ਜੀਜਾ ਹਰਦੀਪ ਸਿੰਘ ਤੇ ਪਤਨੀ ਸਿਮਰਨ ਕੌਰ, ਨਿਸ਼ਾਨ ਸਿੰਘ ਦੀ ਬੇਟੀ ਮਨਦੀਪ ਕੌਰ, ਸੁਖਜਿੰਦਰ ਸਿੰਘ ਸੰਨੀ ਦੀ ਮਾਤਾ ਰਾਜ ਰਾਣੀ, ਸ਼ਕਤੀ ਸਿੰਘ ਦੀ ਮਾਤਾ ਗੁਰਚਰਨ ਕੌਰ, ਬਲਜੀਤ ਸਿੰਘ ਦੀ ਮਾਤਾ ਕੁਲਵਿੰਦਰ ਕੌਰ ਨੇ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਦੇ ਪਰਿਵਾਰਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ।
ਪ੍ਰਦੀਪ ਸਿੰਘ ਦੇ ਜੀਜਾ ਹਰਦੀਪ ਸਿੰਘ ਨੇ ਦੱਸਿਆ ਕਿ ਇਸ ਸਬੰਧ ’ਚ ਪ੍ਰਦੀਪ ਦੀ ਪਤਨੀ ਸਿਮਰਨ ਕੌਰ ਵੱਲੋਂ ਸਾਲ 2018 ’ਚ ਹਾਈਕੋਰਟ ’ਚ ਰਿੱਟ ਪਟੀਸ਼ਨ ਵੀ ਦਾਇਰ ਕੀਤੀ ਹੋਈ ਹੈ ਕਿ ਕਿਸ ਤਰ੍ਹਾਂ ਪੁਲਿਸ ਨੇ ਅਣਮਨੁੱਖੀ ਤਸ਼ੱਦਦ ਕਰਕੇ ਉਨ੍ਹਾਂ ਤੋਂ ਧੱਕੇ ਨਾਲ ਬਿਆਨ ਦਿਵਾਏ ਗਏ। ਜਦੋਂਕਿ ਹਕੀਕਤ ਇਹ ਹੈ ਕਿ ਇਸ ਤਰ੍ਹਾਂ ਬੇਅਦਬੀ ਕਰਨਾ ਤਾਂ ਦੂਰ ਉਹ ਸੋਚ ਵੀ ਨਹੀਂ ਸਕਦੇ ਕਿਉਂਕਿ ਉਨ੍ਹਾਂ ਨੂੰ ਡੇਰਾ ਸੱਚਾ ਸੌਦਾ ਤੋਂ ਸਿੱਖਿਆ ਹੀ ਸਭ ਧਰਮਾਂ ਦਾ ਸਤਿਕਾਰ ਕਰਨ ਦੀ ਮਿਲੀ ਹੈ।
ਉਨ੍ਹਾਂ ਕਿਹਾ ਕਿ ਸਿਆਸੀ ਰੰਜਿਸਾਂ ਤਹਿਤ ਸਰਕਾਰ ਵੱਲੋਂ ਪੁਲਿਸ ਦੀ ਸਹਾਇਤਾ ਨਾਲ ਇਹ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਸਰਕਾਰ ਆਪਣੀਆਂ ਕਮਜ਼ੋਰੀਆਂ ਨੂੰ ਛੁਪਾਉਣ ਅਤੇ ਬੇਅਦਬੀ ਦਾ ਸਹੀ ਇਨਸਾਫ਼ ਲੋਕਾਂ ਨੂੰ ਨਹੀਂ ਦੇ ਸਕੀ ਇਸ ਲਈ ਖਾਨਾਪੂਰਤੀ ਹਿੱਤ ਹੁਣ ਡੇਰਾ ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪੁਲਿਸ ਇਸ ਮਾਮਲੇ ਨੂੰ ਚੁੱਕ ਰਹੀ ਹੈ ਤੇ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੇ ਨਾਰਕੋਟਿਕ ਟੈਸਟ ਵੀ ਹੋ ਚੁੱਕੇ ਹਨ, ਫਿੰਗਰ ਪ੍ਰਿੰਟ ਵੀ ਲਏ ਜਾ ਚੁੱਕੇ ਹਨ ਪਰ ਪੁਲਿਸ ਨੂੰ ਕੋਈ ਵੀ ਸਬੂਤ ਹਾਲੇ ਤੱਕ ਨਹੀਂ ਮਿਲਿਆ ਉਨ੍ਹਾਂ ਇਹ ਵੀ ਕਿਹਾ ਕਿ ਸਿਟ ਸਿਆਸੀ ਪ੍ਰਭਾਵ ਹੇਠ ਕੰਮ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਇੱਕ ਵੀ ਡੇਰਾ ਸ਼ਰਧਾਲੂ ਦੇ ਖਿਲਾਫ਼ ਜਾਂਚ ’ਚ ਕੋਈ ਸਬੂਤ ਮਿਲਦਾ ਹੈ ਤਾਂ ਉਹ ਆਪਣਾ ਸਿਰ ਵਢਾ ਦੇਣਗੇ।
ਪ੍ਰਦੀਪ ਸਿੰਘ ਦੀ ਪਤਨੀ ਸਿਮਰਨ ਕੌਰ ਨੇ ਕਿਹਾ ਕਿ ਐਤਵਾਰ ਨੂੰ ਉਸਦੇ ਪਤੀ ਨੂੰ ਪੁਲਿਸ ਇਹ ਕਹਿ ਕੇ ਚੁੱਕ ਕੇ ਲੈ ਗਈ ਥਾਣਾ ਸਿਟੀ ’ਚ ਲੈ ਕੇ ਜਾ ਰਹੇ ਹਾਂ ਪਰ ਦੋ-ਢਾਈ ਘੰਟਿਆਂ ਤੱਕ ਪਤਾ ਹੀ ਨਹੀਂ ਲੱਗਿਆ ਕਿ ਕਿੱਥੇ ਲੈ ਕੇ ਗਏ ਸੀ ਉਨ੍ਹਾਂ ਭਰੇ ਮਨ ਨਾਲ ਆਖਿਆ ਕਿ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨਾ ਤਾਂ ਦੂਰ ਦੀ ਗੱਲ ਉਹ ਅਜਿਹਾ ਸੋਚ ਵੀ ਨਹੀਂ ਸਕਦੇ।
ਉਨ੍ਹਾਂ ਕਿਹਾ ਕਿ ਧੱਕੇ ਨਾਲ ਇਸ ਮਾਮਲੇ ’ਚ ਫਸਾਇਆ ਜਾ ਰਿਹਾ ਹੈ ਕਿਉਂਕਿ ਜਦੋਂ ਪਹਿਲਾਂ ਗ੍ਰਿਫ਼ਤਾਰੀ ਹੋਈ ਸੀ ਉਦੋਂ ਕੁੱਟ-ਕੁੱਟ ਕੇ ਤੇ ਬੱਚਿਆਂ ਨੂੁੰ ਚੁੱਕਣ ਦੀਆਂ ਧਮਕੀਆਂ ਦੇ ਕੇ ਬਿਆਨ ਲਿਖਵਾਏ ਗਏ ਸਨ ਇਨ੍ਹਾਂ ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਜਦੋਂ ਇਸ ਤੋਂ ਪਹਿਲਾਂ ਹੋ ਚੁੱਕੇ ਟੈਸਟਾਂ ਅਤੇ ਗ੍ਰਿਫ਼ਤਾਰੀ ਦੌਰਾਨ ਕੁੱਝ ਵੀ ਸਬੂਤ ਸਾਹਮਣੇ ਨਹੀਂ ਆਏ ਤਾਂ ਹੁਣ ਇਹ ਪਰਚੇ ਰੱਦ ਕੀਤੇ ਜਾਣੇ ਚਾਹੀਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।