Punjab Health News: ਇੱਕ ਦਿਨ ਦਾ 10 ਹਜ਼ਾਰ ਰੁਪਏ ਤੱਕ ਖ਼ਰਚਾ ਲੈ ਲੈਂਦੇ ਹਨ ਪ੍ਰਾਈਵੇਟ ਹਸਪਤਾਲ ਪ੍ਰਬੰਧਕ
- ਪੰਜਾਬ ਦੇ ਸਿਹਤ ਮੰਤਰੀ ਨੇ ਪ੍ਰਾਈਵੇਟ ਹਸਪਤਾਲਾਂ ’ਤੇ ਕਾਰਵਾਈ ਕਰਨ ਤੋਂ ਕੀਤਾ ਇਨਕਾਰ | Punjab Health News
Punjab Health News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪ੍ਰਾਈਵੇਟ ਹਸਪਤਾਲਾਂ ’ਤੇ ਸਰਕਾਰ ਦਾ ਕੋਈ ਵੀ ਕੰਟਰੋਲ ਨਹੀਂ ਹੈ, ਜਿਸ ਕਾਰਨ ਉਹ ਕਿੰਨੀ ਫੀਸ ਲੈਣਗੇ ਜਾਂ ਫਿਰ ਨਹੀਂ ਲੈਣਗੇ, ਇਸ ਬਾਰੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਸਕਦੀ ਹੈ।
ਡਾ. ਬਲਬੀਰ ਸਿੰਘ ਦਾ ਸਾਫ਼ ਕਹਿਣਾ ਹੈ ਕਿ ਜੇਕਰ ਆਮ ਲੋਕਾਂ ਨੇ ਇਸ ਲੁੱਟ ਦੇ ਸ਼ਿਕਾਰ ਤੋਂ ਬਚਣਾ ਹੈ ਤਾਂ ਉਨ੍ਹਾਂ ਨੂੰ ਪ੍ਰਾਈਵੇਟ ਹਸਤਪਾਲਾਂ ਦੀ ਥਾਂ ’ਤੇ ਸਰਕਾਰੀ ਹਸਪਤਾਲਾਂ ’ਚ ਹੀ ਇਲਾਜ਼ ਕਰਵਾਉਣਾ ਪਏਗਾ। ਜੇਕਰ ਕੋਈ ਮਰੀਜ਼ ਖ਼ੁਦ ਹੀ ਪ੍ਰਾਈਵੇਟ ਹਸਪਤਾਲ ਵਿੱਚ ਜਾ ਰਿਹਾ ਹੈ ਤਾਂ ਉਸ ਨੂੰ ਮੈਡੀਕਲ ਫੀਸ ਵੀ ਉਸ ਪ੍ਰਾਈਵੇਟ ਹਸਤਪਾਲ ਅਨੁਸਾਰ ਹੀ ਦੇਣੀ ਪਏਗੀ। ਸਿਹਤ ਵਿਭਾਗ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵਲੋਂ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਹ ਗੱਲ ਆਖੀ ਗਈ ਹੈ। Health Minister of Punjab
Punjab Health News
ਡਾ. ਬਲਬੀਰ ਸਿੰਘ ਵੱਲੋਂ ਚੰਡੀਗੜ੍ਹ ਵਿਖੇ ਡੇਂਗੂ ਕੰਟਰੋਲ ਨੂੰ ਲੈ ਕੇ ਸਿਹਤ ਤੇ ਹੋਰ ਵਿਭਾਗਾਂ ਨਾਲ ਮੀਟਿੰਗ ਕੀਤੀ ਜਾ ਰਹੀ ਸੀ ਤੇ ਇਸ ਮੀਟਿੰਗ ਤੋਂ ਬਾਅਦ ਡਾ. ਬਲਬੀਰ ਸਿੰਘ ਨੇ ਦੱਸਿਆ ਕੀ ਪੰਜਾਬ ’ਚ ਇਸ ਵਾਰ ਡੇਂਗੂ ਤੇ ਮਲੇਰੀਆ ਸਣੇ ਚਿਕਨਗੁਨੀਆਂ ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਵੱਡੇ ਪੱਧਰ ’ਤੇ ਤਿਆਰੀ ਕੀਤੀ ਜਾ ਰਹੀ ਹੈ ਤਾਂਕਿ ਪੰਜਾਬ ਵਿੱਚ ਡੇਂਗੂ ਦੇ ਘੱਟ ਤੋਂ ਘੱਟ ਮਾਮਲੇ ਦਰਜ਼ ਕੀਤੇ ਜਾਣ।
Read Also : India Pakistan Border: ਸਰਹੱਦੀ ਇਲਾਕਿਆ ’ਚੋਂ 3 ਡਰੋਨ ਤੇ 2 ਪੈਕਟ ਹੈਰੋਇਨ ਬਰਾਮਦ
ਇਸ ਪ੍ਰੈਸ ਕਾਨਫਰੰਸ ’ਚ ਡਾ. ਬਲਬੀਰ ਸਿੰਘ ਨੂੰ ਪੁੱਛਿਆ ਗਿਆ ਕਿ ਸਰਕਾਰੀ ਹਸਪਤਾਲਾਂ ’ਚ ਭੀੜ ਨੂੰ ਦੇਖਦੇ ਹੋਏ ਵੱਡੇ ਪੱਧਰ ’ਤੇ ਮਰੀਜ਼ਾਂ ਵੱਲੋਂ ਪ੍ਰਾਈਵੇਟ ਹਸਪਤਾਲਾਂ ’ਚ ਵੀ ਇਲਾਜ਼ ਕਰਵਾਇਆ ਜਾਂਦਾ ਹੈ ਅਤੇ ਇਸ ਦਾ ਫਾਇਦਾ ਚੁੱਕਦੇ ਹੋਏ ਕੁਝ ਪ੍ਰਾਈਵੇਟ ਹਸਪਤਾਲਾਂ ਵੱਲੋਂ ਮੋਟੀ ਫੀਸਾਂ ਲੈਂਦੇ ਹੋਏ ਮਰੀਜ਼ਾਂ ਦੀ ਲੁੱਟ ਵੀ ਕੀਤੀ ਜਾਂਦੀ ਹੈ, ਇਸ ਮਾਮਲੇ ’ਚ ਸਰਕਾਰ ਕੀ ਕਾਰਵਾਈ ਕਰ ਰਹੀ ਹੈ?
ਇਸ ਸੁਆਲ ’ਤੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ’ਤੇ ਸਰਕਾਰ ਦਾ ਕੋਈ ਵੀ ਕੰਟਰੋਲ ਨਹੀਂ ਹੁੰਦਾ ਹੈ ਤੇ ਨਾ ਹੀ ਸਿਹਤ ਵਿਭਾਗ ਇਸ ਤਰ੍ਹਾਂ ਦੇ ਕੋਈ ਆਦੇਸ਼ ਜਾਰੀ ਕਰ ਸਕਦਾ ਹੈ ਕਿ ਕਿਹੜੇ ਇਲਾਜ਼ ਲਈ ਕਿੰਨੇ ਪੈਸੇ ਲਏ ਜਾਣਗੇ। ਇਸ ਲਈ ਪ੍ਰਾਈਵੇਟ ਹਸਪਤਾਲਾਂ ਵਿੱਚ ਜੇਕਰ ਡੇਂਗੂ ਦੇ ਮਰੀਜ਼ ਇਲਾਜ਼ ਕਰਵਾਉਣ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਪ੍ਰਾਈਵੇਟ ਹਸਤਪਾਲਾਂ ਦੇ ਪ੍ਰਬੰਧਕਾਂ ਅਨੁਸਾਰ ਹੀ ਫੀਸ ਵੀ ਦੇਣੀ ਪਏਗੀ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਸ ਤੋਂ ਚੰਗਾ ਹੈ ਕਿ ਸਰਕਾਰੀ ਹਸਪਤਾਲਾਂ ’ਚ ਹੀ ਇਲਾਜ਼ ਕਰਵਾਇਆ ਜਾਵੇ ਤਾਂ ਕਿ ਉਨ੍ਹਾਂ ਦੇ ਪੈਸੇ ਬਚ ਸਕਣ ਪਰ ਪ੍ਰਾਈਵੇਟ ਹਸਤਪਾਲਾਂ ਬਾਰੇ ’ਚ ਉਹ ਕੁਝ ਨਹੀਂ ਕਰ ਸਕਦੇ ਹਨ।
ਘਰ-ਘਰ ਨਹੀਂ ਜਾਣਗੇ ਵਿਦਿਆਰਥੀ, ਜਾਰੀ ਪੱਤਰ ਗਲਤ
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਕੂਲਾਂ ਦੇ ਵਿਦਿਆਰਥੀਆਂ ਨੂੰ ਘਰ ਘਰ ਜਾਂ ਫਿਰ ਆਲੇ ਦੁਆਲੇ ਜਾਣ ਦੇ ਆਦੇਸ਼ ਨਹੀਂ ਹਨ। ਉਨ੍ਹਾਂ ਆਪਣੇ ਘਰਾਂ ’ਚ ਹੀ ਡੇਂਗੂ ਦੇ ਲਾਰਵੇ ਨੂੰ ਚੈੱਕ ਕਰਨਾ ਹੈ ਤੇ ਉੱਥੇ ਸਾਫ-ਸਫ਼ਾਈ ਨੂੰ ਦੇਖਣਾ ਹੈ। ਜੇਕਰ ਇਹੋ ਜਿਹਾ ਕੋਈ ਪੱਤਰ ਜਾਂ ਫਿਰ ਜਾਣਕਾਰੀ ਜਾਰੀ ਕੀਤੀ ਗਈ ਹੈ ਤਾਂ ਇਹ ਗਲਤ ਹੈ ਅਤੇ ਇਸ ਤਰੀਕੇ ਦੇ ਕੋਈ ਵੀ ਆਦੇਸ਼ ਨਹੀਂ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕਿਸੇ ਵੀ ਤਰ੍ਹਾਂ ਦੀ ਜਾਂਚ ਜਾਂ ਫਿਰ ਚੈਕਿੰਗ ’ਚ ਸ਼ਾਮਲ ਨਹੀਂ ਕੀਤਾ ਜਾਏਗਾ।