ਸਾਉਣੀ ਦੀ ਫਸਲ ਤੋਂ ਬਾਅਦ ਹਾੜੀ ਦੀ ਫਸਲ ’ਤੇ ਪੈਣ ਲੱਗੀ ਦਰਿਆਈ ਪਾਣੀ ਦੀ ਮਾਰ
ਕਿਸਾਨਾਂ ਵੱਲੋਂ ਸਰਕਾਰ ਤੋਂ ਮੱਦਦ ਦੀ ਅਪੀਲ
(ਵਿਜੈ ਹਾਂਡਾ) ਗੁਰੂਹਰਸਹਾਏ। ਦੇਸ਼ ਦਾ ਅੰਨਦਾਤਾ ਅਖਵਾਉਣ ਵਾਲਾ ਕਿਸਾਨ ਹਰ ਸਮੇਂ ਮੁਸ਼ਕਲਾਂ ਨਾਲ ਘਿਰਿਆ ਰਹਿੰਦਾ ਹੈ ਕਦੇ ਹਾੜੀ ਤੇ ਕਦੇ ਸਾਉਣੀ ਦੀਆਂ ਪੁੱਤਾਂ ਵਾਗੂੰ ਪਾਲੀਆਂ ਫਸਲਾਂ ’ਤੇ ਕੁਦਰਤੀ ਮਾਰ ਪੈ ਜਾਂਦੀ ਹੈ ਤੇ ਕਦੇ ਆਪਣੇ ਹੱਕਾਂ ਲਈ ਸਰਕਾਰਾਂ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਹੁਣ ਜਦੋਂ ਕਿਸਾਨਾਂ ਦੀ ਸੋਨੇ ਵਰਗੀ ਕਣਕ ਦੀ ਫਸਲ ਜੋ ਪੂਰੀ ਤਰ੍ਹਾਂ ਪੱਕ ਕੇ ਮੰਡੀਆਂ ਅੰਦਰ ਵਿੱਚ ਆਉਣ ਲਈ ਤਿਆਰ ਹੈ ਪਰ ਉਸ ਨੂੰ ਗ੍ਰਹਿਣ ਲੱਗਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਸਤਲੁਜ ਦਰਿਆ (Sutlej River) ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਕਿਸਾਨ ਚਿੰਤਾ ’ਚ ਹਨ। ਸਤਲੁਜ ਦਰਿਆ ਜੋ ਕਿ ਬਾਰਡਰ ਪੱਟੀ ’ਤੇ ਵੱਸੇ ਪਿੰਡ ਦੋਨਾਂ ਮੱਤੜ, ਚੱਕ ਸਿਕਾਰਗਾਹ ਮਾੜੇ, ਰਾਜਾ ਰਾਏ, ਗੱਟੀ ਸਮੇਤ ਆਦਿ ਪਿੰਡਾਂ ਦੇ ਨੇੜਿਉਂ ਦੀ ਖਹਿ ਕੇ ਲੰਘਦਾ ਹੈ, ਦੇ ਕਿਸਾਨਾਂ ਨੂੰ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਦਾ ਡਰ ਸਤਾ ਰਿਹਾ ਹੈ ਕਿਉਂਕਿ ਕਣਕ ਦੀ ਪੱਕ ਚੁੱਕੀ ਫਸਲ ਨੂੰ ਕਿਵੇਂ ਵੱਢਿਆ ਜਾਵੇ ਇਹ ਸਵਾਲ ਕਿਸਾਨਾਂ ਲਈ ਸਿਰਦਰਦੀ ਬਣਿਆ ਹੋਇਆ ਹੈ ਤੇ ਕਿਸਾਨਾਂ ਦੀਆਂ ਫਸਲਾਂ ’ਤੇ ਖਤਰਾ ਮੰਡਰਾਉਣ ਲੱਗਿਆ ਹੈ ।
ਸਤਲੁਜ ਦਰਿਆ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਸਰਪੰਚ ਗੁਰਮੇਜ ਸਿੰਘ, ਸਰਪੰਚ ਮੁਖਤਿਆਰ ਸਿੰਘ, ਸਰਪੰਚ ਗੁਰਦੀਪ ਸਿੰਘ, ਕੁਲਵੰਤ ਸਿੰਘ, ਮਲਕੀਤ ਸਿੰਘ, ਗੁਰਮੁਖ ਸਿੰਘ, ਅਮਨਦੀਪ ਸਿੰਘ, ਗੁਰਚਰਨ ਸਿੰਘ ਆਦਿ ਨੇ ਭਰੇ ਹੋਏ ਮਨ ਨਾਲ ਦੱਸਿਆ ਕਿ ਮਹਿੰਗੇ ਭਾਅ ਦੇ ਡੀਜ਼ਲ ਫੂਕ ਫੂਕ ਕੇ ਤੇ ਮਹਿੰਗੀਆਂ ਖਾਦਾਂ ਸਪਰੇਆਂ ਨਾਲ ਕਿਸਾਨ ਪਹਿਲਾਂ ਹੀ ਕੱਖੋਂ ਹੌਲਾ ਹੋਇਆ ਪਿਆ ਹੈ ਤੇ ਉਪਰੋਂ ਕਣਕ ਦੀ ਫਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਖੜ੍ਹੀ ਹੈ ਤਾਂ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਉਹ ਦਰਿਆ ਤੋਂ ਪਾਰ ਨਹੀਂ ਜਾ ਸਕਦੇ ਕਿਉਂਕਿ ਹਰ ਵਕਤ ਜਾਨ ਤੇ ਮਾਲ ਦਾ ਖਤਰਾ ਬਣਿਆ ਹੋਇਆ ਹੈ । ਪਿੰਡ ਦੋਨਾਂ ਮੱਤੜ ਤੇ ਚੱਕ ਸ਼ਿਕਾਰਗਾਹ ਦੇ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੀ ਸਤਲੁਜ ਦਰਿਆ ਤੋਂ 2500 ਤੋਂ ਲੈ ਕੇ 3000 ਏਕੜ ਦੇ ਕਰੀਬ ਕਣਕ ਦੀ ਫਸਲ ਪੱਕ ਕੇ ਖੜੀ ਹੈ ਪਰ ਉਸ ਨੂੰ ਕੱਟਣ ਵਿੱਚ ਅਸਮਰੱਥ ਹਾਂ ਕਿਉਂਕਿ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ।
ਸਤਲੁਜ ਦਰਿਆ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਨੇ ਸਮੇਂ-ਸਮੇਂ ਦੀਆਂ ਸਰਕਾਰਾਂ ’ਤੇ ਰੋਸ ਜਾਹਰ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਕਈ ਵਾਰ ਐਥੇ ਪੁਲ ਦੀ ਮੰਗ ਕੀਤੀ ਗਈ ਪਰ ਹਰ ਵਾਰ ਲਾਰਿਆਂ ਤੋਂ ਸਿਵਾਏ ਉਹਨਾਂ ਪੱਲੇ ਕੁਝ ਨਹੀਂ ਪਿਆ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਕਈ ਦਿਨਾਂ ਤੋਂ ਪ੍ਰਸਾਸ਼ਨ ਤੋਂ ਵੱਡੇ ਬੇੜੇ ਦੀ ਮੰਗ ਕੀਤੀ ਗਈ ਪਰ ਹਰ ਵਾਰ ਅਣਗੌਲਿਆਂ ਕੀਤਾ ਗਿਆ ਤੇ ਉਹਨਾਂ ਦੀਆਂ ਫ਼ਸਲਾਂ ਅੱਖੀ ਵੇਖਦਿਆਂ ਹਰ ਸਾਲ ਬਰਬਾਦ ਹੋ ਜਾਂਦੀਆਂ ਹਨ। ਉਹਨਾਂ ਕਿਹਾ ਕਿ ਜਿਹੜਾ ਬੇੜਾ ਉਹਨਾਂ ਕੋਲ ਹੈ ਉਹ ਵੀ ਟੁੱਟ ਚੁੱਕਾ ਹੈ ਤੇ ਉਸ ਅੰਦਰ ਪਾਣੀ ਭਰ ਜਾਂਦਾ ਹੈ ਤੇ ਦਰਿਆ ਪਾਰ ਕਰਦੇ ਸਮੇਂ ਡੁੱਬਣ ਦਾ ਖਤਰਾ ਬਣਿਆ ਰਹਿੰਦਾ ।ਕਿਸਾਨਾਂ ਨੇ ਕਿਹਾ ਕਿ ਇਸ ਸਾਲ ਪਹਿਲਾਂ ਹੀ ਕਣਕ ਦੀ ਫਸਲ ਦਾ ਝਾੜ ਘੱਟ ਨਿਕਲ ਰਿਹਾ ਹੈ ਉਪਰੋਂ ਇਸ ਤਰ੍ਹਾਂ ਦੀਆਂ ਮਾਰਾਂ ਕਿਸਾਨੀ ਦਾ ਲੱਕ ਤੋੜ ਕੇ ਰੱਖ ਦੇਣਗੀਆਂ। ਉਹਨਾਂ ਸਰਕਾਰ ਤੋਂ ਅਪੀਲ ਕੀਤੀ ਕਿ ਇਸ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤਾਂ ਜੋ ਉਹ ਆਪਣੀ ਕਣਕ ਦੀ ਫਸਲ ਕੱਟ ਸਕਣ।
ਕਣਕ ਨਾਲ ਭਰਿਆ ਟਰੈਕਟਰ-ਟਰਾਲੀ ਪਾਣੀ ’ਚ ਡੁੱਬਿਆ
ਕਣਕ ਦੀ ਫਸਲ ਦੀ ਕਟਾਈ ਕਰਕੇ ਜਦੋਂ ਕਣਕ ਦੇ ਦਾਣਿਆਂ ਨਾਲ ਭਰੀ ਟਰੈਕਟਰ-ਟਰਾਲੀ ਸਤਲੁਜ ਦਰਿਆ ਪਾਰ ਕਰਨ ਲੱਗੇ ਤਾਂ ਪਾਣੀ ਦਾ ਪੱਧਰ ਵਧਿਆ ਹੋਣ ਕਰਕੇ ਵਿੱਚ ਡੁੱਬ ਗਿਆ ਇਸ ਹਾਦਸੇ ਦੌਰਾਨ ਕਿਸਾਨ ਨੂੰ ਤਾਂ ਬੇੜੀ ਰਾਹੀਂ ਬਚਾ ਲਿਆ ਗਿਆ ਪਰ ਪਾਣੀ ਦਾ ਵਹਾਅ ਤੇ ਪੱਧਰ ਜਿਆਦਾ ਹੋਣ ਕਰਕੇ ਟਰੈਕਟਰ, ਟਰਾਲੀ ਸਮੇਤ ਕਣਕ ਵਿੱਚ ਡੁੱਬ ਗਿਆ ਜਿਸ ਨੂੰ ਬਾਹਰ ਕੱਢਣ ਲਈ ਕਿਸਾਨਾਂ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਤੋਂ ਮੱਦਦ ਦੀ ਅਪੀਲ ਕੀਤੀ ਜਾ ਰਹੀ ਹੈ।
ਪਸ਼ੂਆਂ ਲਈ ਹਰਾ ਚਾਰਾ ਤੇ ਤੂੜੀ ਤੰਦ ਤੋਂ ਔਖੇ ਹੋਏ ਕਿਸਾਨ
ਕਿਸਾਨਾਂ ਨੂੰ ਜਿੱਥੇ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਕਣਕ ਕੱਟਣ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਕਿਸਾਨਾਂ ਸਾਹਮਣੇ ਇੱਕ ਹੋਰ ਮੁਸੀਬਤ ਖੜ੍ਹੀ ਹੋ ਗਈ ਹੈ ਉਹ ਹੈ ਪਸ਼ੂਆਂ ਨੂੰ ਪਾਉਣ ਵਾਲੇ ਹਰੇ ਚਾਰੇ ਤੇ ਤੂੜੀ ਤੰਦ ਦੀ, ਕਿਉਂਕਿ ਕਿਸਾਨਾਂ ਦੀ ਜ਼ਮੀਨ ਦਰਿਆ ਤੋਂ ਪਾਰ ਹੋਣ ਕਰਕੇ ਕਿਸਾਨ ਜਿੱਥੇ ਕਣਕ ਦੀ ਕਾਸਤ ਦਰਿਆ ਤੋਂ ਪਾਰ ਕਰਦੇ ਹਨ ਉੱਥੇ ਹੀ ਉਹਨਾਂ ਵੱਲੋਂ ਹਰਾ ਚਾਰਾ ਤੇ ਤੂੜੀ ਤੰਦ ਵੀ ਦਰਿਆ ਪਾਰ ਹੀ ਬੀਜੀ ਜਾਂਦੀ ਹੈ ਜੋ ਹੁਣ ਪਾਣੀ ਦਾ ਪੱਧਰ ਵਧਣ ਕਾਰਨ ਪਰੇਸ਼ਾਨੀ ਹੋਰ ਵਧ ਗਈ ਹੈ ।
ਕਿਸਾਨਾਂ ਦੀਆਂ ਮੰਗਾਂ ਨੂੰ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਗਿਆ ਹੈ : ਤਹਿਸੀਲਦਾਰ
ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਤੋਂ ਬਾਅਦ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਗੁਰੂਹਰਸਹਾਏ ਦੇ ਤਹਿਸੀਲਦਾਰ ਹਰਸਿਮਰਨ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆਂ ਕਿ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਤੇ ਕਿਸਾਨਾਂ ਨੂੰ ਸਤਲੁਜ ਦਰਿਆ ਤੋਂ ਪਾਰ ਕਣਕ ਦੀ ਫਸਲ ਕੱਟਣ ਵਿੱਚ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਉੱਚ ਅਧਿਕਾਰੀਆਂ ਤੱਕ ਪੁੱਜਦਾ ਕਰ ਦਿੱਤਾ ਗਿਆ ਹੈ ਤੇ ਜਲਦ ਇਸ ਦਾ ਹੱਲ ਕੱਢਿਆ ਜਾਵੇਗਾ।
ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ: ਵਿਧਾਇਕ ਸਰਾਰੀ
ਸਤਲੁਜ ਦਰਿਆ ’ਤੇ ਵਧੇ ਪਾਣੀ ਦਾ ਜਾਇਜ਼ਾ ਲੈਣ ਲਈ ਪਹੁੰਚੇ ਹਲਕਾ ਗੁਰੂਹਰਸਹਾਏ ਤੋਂ ਵਿਧਾਇਕ ਫੋਜਾ ਸਿੰਘ ਸਰਾਰੀ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਦੀ ਅਣਗਹਿਲੀ ਦਾ ਖਮਿਆਜ਼ਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਪ੍ਰਸਾਸ਼ਨ ਦੇ ਅਧਿਕਾਰੀਆਂ ਨੂੰ ਇਸ ਵੱਲ ਪਹਿਲਾਂ ਹੀ ਧਿਆਨ ਦੇਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਜਾਣੂ ਕਰਵਾਇਆ ਗਿਆ ਹੈ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਜਲਦ ਕੀਤਾ ਜਾਵੇਗਾ। ਕਿਸਾਨਾਂ ਦੀ ਪੁਲ ਦੀ ਮੰਗ ਸਬੰਧੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਆਰਜੀ ਪੁਲ ਪਹਿਲਾਂ ਤਿਆਰ ਕੀਤਾ ਜਾਵੇਗਾ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ