ਘੁੱਲੂਮਾਜਰਾ, ਮਰਾਰੜੂ, ਹੈਬਤਪੁਰ, ਨਰਾਇਣਗੜ, ਵਡਾਲੀ ਪਿੰਡਾਂ ਨੇ ਧਾਰਿਆ ਨਦੀ ਦਾ ਰੂਪ
(ਅਨਿਲ ਲੁਟਾਵਾ) ਅਮਲੋਹ। ਬਰਸਾਤ ਦਾ ਪਾਣੀ ਵੱਧਣ ਨਾਲ ਬਲਾਕ ਅਮਲੋਹ ਦੇ ਘੁੱਲੂਮਾਜਰਾ, ਮਰਾਰੜੂ, ਹੈਬਤਪੁਰ, ਨਰਾਇਣਗੜ, ਵਡਾਲੀ ਪਿੰਡਾਂ ਵਿਚ 4-5 ਫੁੱਟ ਤੱਕ ਪਾਣੀ ਭਰਿਆ, (Flood Alert) ਸਾਰੀਆਂ ਸੜਕਾਂ ’ਤੇ ਪਾਣੀ ਭਰਨ ਨਾਲ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਹਿੰਦ ਚੋਅ ਸਮੇਤ ਰੋਪੜ ਵੱਲੋਂ ਆਏ ਬਰਸਾਤੀ ਪਾਣੀ ਕਾਰਨ ਤਹਿਸੀਲ ਅਮਲੋਹ ਦੇ ਕਈ ਪਿੰਡਾਂ ‘ਚ ਪਾਣੀ ਭਰ ਗਿਆ ਹੈ, ‘ਤੇ ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ।
ਬਰਸਾਤ ਬੰਦ ਹੋਣ ਦੇ ਬਾਵਜੂਦ ਵੀ ਅੱਜ ਸਵੇਰੇ ਹੀ ਚੋਏ ਦਾ ਪਾਣੀ ਇਨ੍ਹਾਂ ਪਿੰਡਾਂ ਵਿੱਚ ਦਾਖਲ ਹੋਇਆ ਤੇ ਕਈ ਪਿੰਡਾਂ ਦੀ ਸੈਂਕੜੇ ਏਕੜ ਜਮੀਨ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਤੇ ਹੁਣ ਪਾਣੀ ਦਾ ਲੈਬਲ 4-5 ਫੁੱਟ ਦੇ ਕਰੀਬ ਪਹੁੰਚ ਗਿਆ ਤੇ ਸੜਕਾਂ ’ਤੇ ਪਾਣੀ ਪੂਰੇ ਤੇਜ਼ ਵਹਾਅ ਨਾਲ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਸਰਸਾ ‘ਚ ਘੱਗਰ ‘ਤੇ ਓਟੂ ਹੈੱਡ ਦੇ ਸਾਰੇ ਗੇਟ ਖੋਲ੍ਹੇ, ਲੋਕਾਂ ’ਚ ਡਰ ਦਾ ਮਾਹੌਲ
ਸਭ ਤੋਂ ਪਹਿਲਾ ਬਰਸਾਤੀ ਪਾਣੀ ਬਲਾਕ ਸਰਹਿੰਦ ਦੇ ਪਿੰਡਾਂ ਤੋਂ ਹੁੰਦਾ ਹੋਇਆ ਬਲਾਕ ਅਮਲੋਹ ਦੇ ਪਿੰਡ ਬਡਾਲੀ ‘ਚ ਦਾਖਲ ਹੋਇਆ ਤੇ ਹੁਣ ਇਹ ਘੁੱਲੂਮਾਜਰਾ,ਮਰਾਰੜੂ,ਹੈਬਤਪੁਰ,ਨਰਾਇਣਗੜ ਵਿੱਚ ਦਾਖਲ ਹੋ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਪਿੰਡ ਘੁੱਲੂਮਾਜਰਾ ਦੇ ਰਾਜਿੰਦਰ ਸਿੰਘ, ਪਰਮਿੰਦਰ ਸਿੰਘ, ਹਰਨੇਕ ਸਿੰਘ, ਹਰਮੇਲ ਸਿੰਘ, ਕੁਲਵਿੰਦਰ ਸਿੰਘ ਨੇ ਦੱਸਿਆ ਕਿ ਭਾਰੀ ਬਰਸਾਤ ਤੋ ਬਾਅਦ ਸਰਹਿੰਦ ਚੋਏ ਦਾ ਪਾਣੀ ਆਉਣ ਕਾਰਨ ਉਨ੍ਹਾ ਦਾ ਪਿੰਡ ਤੇ ਨਾਲ ਦੇ ਕਈ ਪਿੰਡਾਂ ਵਿੱਚ 4 ਤੋਂ 5 ਫੁੱਟ ਤੱਕ ਪਾਣੀ ਆ ਗਿਆ ਹੈ।
ਉਨ੍ਹਾਂ ਕਿਹਾ ਕਿ ਤਰਾਸਦੀ ਇਹ ਹੈ ਕਿ ਜਿੱਥੇ ਪਾਣੀ ਦੇ ਵਧਦੇ ਲੈਬਲ ਤੋਂ ਉਹ ਲੋਕ ਪੇ੍ਸ਼ਾਨ ਹਨ ਉੱਥੇ ਅਮਲੋਹ ਸ਼ਹਿਰ ਦਾ ਸੀਵਰੇਜ ਦਾ ਪਾਣੀ ਜੋ ਕਿ ਅਮਲੋਹ ਤੋਂ ਚੋਏ ‘ਚ ਪਾਇਆ ਹੋਇਆ ਹੈ ਤੇ ਚੋਏ ਵਿੱਚ ਪਾਣੀ ਆਉਣ ਕਾਰਨ ਸੀਵਰੇਜ ਬੈਕ ਮਾਰਨ ਕਾਰਨ ਪਿੰਡ ਦੇ ਸੀਵਰੇਜ ਵਾਲੇ ਪਾਇਪ ਵੀ ਲੀਕ ਕਰਨ ਲੱਗ ਪਏ।
ਜਿਸ ਕਾਰਣ ਗੰਦੇ ਪਾਣੀ ਦੀ ਬਦਬੂ ਨਾਲ ਪਿੰਡ ‘ਚ ਖੜਨਾ ਵੀ ਔਖਾ ਹੋਇਆ ਪਿਆ ਹੈ ਤੇ ਇਸ ਸੀਵਰੇਜ ਦੇ ਪਾਣੀ ਨਾਲ ਬਰਸਾਤੀ ਪਾਣੀ ਦੇ ਮਿਲਣ ਕਾਰਨ ਪਿੰਡ ਵਿੱਚ ਬੀਮਾਰੀਆਂ ਫੈਲ਼ਣ ਦਾ ਡਰ ਵੀ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਨੇ ਉਨ੍ਹਾਂ ਦੇ ਪਿੰਡ ਪਹੁੰਚ ਕੇ ਸਾਰ ਨਹੀਂ ਲਈ ਜਿਸ ਕਾਰਨ ਪਿੰਡ ਵਾਸੀ ਬਹੁਤ ਪੇ੍ਸ਼ਾਨੀ ਦੇ ਆਲਮ ਵਿੱਚ ਹਨ। Flood Alert
ਕੀ ਕਹਿਣਾ ਹੈ ਨਾਇਬ ਤਹਿਸੀਲਦਾਰ ਰਾਜੇਸ਼ ਆਹੂਜਾ ਦਾ (Flood Alert)
ਇਸ ਸਬੰਧੀ ਗੱਲਬਾਤ ਕਰਨ ਤੇ ਨਾਇਬ ਤਹਿਸੀਲਦਾਰ ਰਾਜੇਸ਼ ਆਹੂਜਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੀਤੇ ਵੀ ਜਦੋਂ ਸਾਨੂੰ ਪਾਣੀ ਦੇ ਪਿੰਡਾਂ ਵਿੱਚ ਆਉਣ ਦੀ ਜਾਣਕਾਰੀ ਮਿਲਦੀ ਹੈ ਤਾਂ ਉਹ ਇਸ ਨੂੰ ਹੱਲ ਕਰਨ ਲਈ ਤਰੁੰਤ ਹੀ ਪ੍ਬੰਧ ਕਰਦੇ ਹਨ ‘ਤੇ ਹੁਣ ਵੀ ਉਨ੍ਹਾਂ ਵੱਲੋਂ ਬਡਾਲੀ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਫਲੱਡ ਸਬੰਧੀ ਐਮਰਜੈਂਸੀ ਨੰਬਰ ਵੀ ਦਿੱਤੇ ਗਏ ਹਨ ਤੇ ਲੋਕ ਜੇਕਰ ਕੋਈ ਪੇ੍ਸ਼ਾਨੀ ਦੇ ਵਿੱਚ ਹਨ ਤਾਂ ਉਹ ਤਰੁੰਤ ਇਨ੍ਹਾਂ ਨੰਬਰਾਂ ’ਤੇ ਗੱਲ ਕਰ ਸਕਦੇ ਹਨ। ਉਨ੍ਹਾਂ ਦੀ ਮੌਕੇ ’ਤੇ ਹੀ ਮੱਦਦ ਹੋਵੇਗੀ ਤੇ ਉਨ੍ਹਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਪ੍ਸ਼ਾਸਨ ਵੱਲੋਂ ਹੜਾਂ ਦੇ ਪਾਣੀ ਨਾਲ ਨਜਿੱਠਣ ਲਈ ਪੁਖਤਾ ਪ੍ਬੰਧ ਹਨ।