ਸੋਸ਼ਲ ਮੀਡੀਆ ’ਤੇ ਵਾਇਰਲ ਗਲਤ ਪ੍ਰਚਾਰ
ਮੈਂ ਕਈ ਅਜਿਹੇ ਵਿਅਕਤੀਆਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਫੇਸਬੁੱਕ ’ਤੇ ਕਾਰੋਬਾਰ ਸ਼ੁਰੂ ਕੀਤਾ ਸੀ ਅਤੇ ਹੁਣ ਉਨ੍ਹਾਂ ਨੇ ਬਹੁਤ ਕਮਾਈ ਕੀਤੀ ਹੈ ਇਸ ਡਿਜ਼ੀਟਲ ਦੁਨੀਆ ਵਿੱਚ, ਇੰਟਰਨੈਟ ’ਤੇ ਕਾਰੋਬਾਰੀਆਂ ਕੋਲ ਮਹਾਨ ਉਚਾਈਆਂ ਪ੍ਰਾਪਤ ਕਰਨ ਦੇ ਵਿਸ਼ਾਲ ਮੌਕੇ ਹਨ। ਨੌਜਵਾਨ ਸੋਸ਼ਲ ਮੀਡੀਆ ’ਤੇ ਕੁਝ ਉਤਪਾਦਾਂ ਦੇ ਨਾਲ ਇੱਕ ਛੋਟਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ।
ਜੋ ਬਹੁਤ ਸੌਖਾ ਹੈ ਤੁਹਾਨੂੰ ਸਿਰਫ ਕੁਝ ਸਮਾਨ ਸੋਚ ਵਾਲੇ ਲੋਕਾਂ ਨਾਲ ਜੁੜਨ ਤੇ ਆਪਣੇ ਉਤਪਾਦਾਂ ਨੂੰ ਉਤਸਾਹਿਤ ਕਰਨ ਦੀ ਜਰੂਰਤ ਹੈ। ਤੁਸੀਂ ਆਪਣੇ ਕਾਰੋਬਾਰ ਤੋਂ ਇਲਾਵਾ ਕਿਸੇ ਹੋਰ ਕੰਪਨੀ ਲਈ ਸੋਸ਼ਲ ਮੀਡੀਆ ਮਾਰਕੇਟਰ ਵਜੋਂ ਕੰਮ ਕਰ ਸਕਦੇ ਹੋ। ਇਹ ਦਿਨ-ਪ੍ਰਤੀਦਿਨ ਪ੍ਰਸਿੱਧ ਹੋ ਰਿਹਾ ਹੈ। ਹਜਾਰਾਂ ਲੋਕ ਹਰ ਮਹੀਨੇ ਸ਼ਾਮਲ ਹੋ ਰਹੇ ਹਨ।
ਸੋਸ਼ਲ ਮੀਡੀਆ ’ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹੈ, ਜਿਵੇਂ ਕਿਸੇ ਨੂੰ ਮੁਫਤ ਵਿੱਚ ਕਾਲ ਕਰਨਾ ਤੁਸੀਂ ਕਿਸੇ ਵੀ ਵਿਅਕਤੀ ਨੂੰ ਦੁਨੀਆ ਵਿੱਚ ਕਿਤੇ ਵੀ ਮੁਫਤ ਸੁਨੇਹਾ ਭੇਜ ਸਕਦੇ ਹੋ, ਇਸ ਵਿੱਚ ਇੱਕ ਸਕਿੰਟ ਵੀ ਨਹੀਂ ਲੱਗਦਾ। ਕੀ ਇਹ ਹੈਰਾਨੀਜਨਕ ਨਹੀਂ ਹੈ? ਲੋਕਾਂ ਨੇ ਸੋਸ਼ਲ ਮੀਡੀਆ ਵਿੱਚ ਵੀਡੀਓ, ਖਬਰਾਂ ਤੇ ਖੇਡਾਂ ਵੇਖਣੀਆਂ ਸ਼ੁਰੂ ਕਰ ਦਿੱਤੀਆਂ ਹਨ ਇਹ ਇੱਕ ਡਿਜ਼ੀਟਲ ਕ੍ਰਾਂਤੀ ਹੈ।
ਬਹੁਤ ਸਾਰੇ ਫਾਇਦਿਆਂ ਦੇ ਨਾਲ, ਇਸ ਦੇ ਕੁਝ ਨੁਕਸਾਨ ਵੀ ਹਨ। ਇਹ ਪੂਰੀ ਤਰ੍ਹਾਂ ਉਪਭੋਗਤਾ ਦੀ ਨੀਅਤ ’ਤੇ ਨਿਰਭਰ ਕਰਦਾ ਹੈ। ਹਰ ਇੱਕ ਪਲੇਟਫਾਰਮ ਬੁਰਾ ਨਹੀਂ ਹੁੰਦਾ, ਪਰ ਲੋਕ ਇਸ ਨੂੰ ਗਲਤ ਤਰੀਕੇ ਨਾਲ ਵਰਤਦੇ ਹਨ।
ਸਭ ਤੋਂ ਵੱਡੀ ਸਮੱਸਿਆ ਸੋਸ਼ਲ ਮੀਡੀਆ ਵਿੱਚ ਜਾਅਲੀ ਖਬਰਾਂ ਫੈਲਾਉਣਾ ਹੈ। ਬਹੁਤ ਸਾਰੇ ਲੋਕ ਆਪਣੀਆਂ ਮੌਜੂਦਾ ਭਾਵਨਾਵਾਂ ਨੂੰ ਨਿਯੰਤਰਿਤ ਨਹੀਂ ਕਰ ਸਕਦੇ। ਉਹ ਅਸਲੀਅਤ ਦੀ ਪੁਸ਼ਟੀ ਨਹੀਂ ਕਰਦੇ ਕੁਝ ਵੈਬਸਾਈਟਾਂ ਤੇ ਅਖਬਾਰ ਅਜਿਹੀਆਂ ਝੂਠੀਆਂ ਅਤੇ ਕਲਿਕਬਾਈਟ ਖਬਰਾਂ ਬਣਾ ਕੇ ਵਧੇਰੇ ਪੈਸਾ ਕਮਾਉਣਾ ਚਾਹੁੰਦੇ ਹਨ। ਸਾਨੂੰ ਉਨ੍ਹਾਂ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ। ਸਾਈਬਰ ਧੱਕੇਸ਼ਾਹੀ ਇੱਕ ਹੋਰ ਨੁਕਸਾਨ ਹੈ।
ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਇੱਕ-ਦੂਜੇ ਨਾਲ ਗੱਲਬਾਤ ਕਰਨ ਦਾ ਸਾਧਨ ਹੀ ਨਹੀਂ, ਸਗੋਂ ਲੋਕਾਂ ਨੂੰ ਬਰਬਾਦੀ ਵੱਲ ਤੋਰਨ ਦਾ ਵੀ ਸਾਧਨ ਬਣ ਚੁੱਕਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਕੇ ਕੇਵਲ ਆਪਣੇ ਦਿਮਾਗ ਨੂੰ ਖੋਖਲਾ ਹੀ ਨਹੀਂ ਕਰਦੀ ਸਗੋਂ ਕਈ-ਕਈ ਘੰਟੇ ਸੋਸ਼ਲ ਮੀਡੀਆ ’ਤੇ ਬਿਤਾਉਣ ਨਾਲ ਆਪਣੇ ਸਮੇਂ ਦਾ ਨਾਸ਼ ਵੀ ਕਰ ਰਹੀ ਹੈ। ਹੁਣ ਸੋਸ਼ਲ ਮੀਡੀਆ ਦਿਖਾਵੇ ਦਾ ਯੰਤਰ ਬਣ ਚੁੱਕਾ ਹੈ।
ਕੋਈ ਦੁੱਖ-ਸੁੱਖ ਸਾਂਝਾ ਕਰਨਾ ਹੋਵੇ ਤਾਂ ਆਪਣੇ ਪਰਿਵਾਰ ਨੂੰ ਨਹੀਂ ਦੱਸਦੇ, ਸਗੋਂ ਸੋਸ਼ਲ ਮੀਡੀਆ ’ਤੇ ਝੂਠੇ ਸਟੇਟਸ ਪਾ ਕੇ ਅਜਿਹੇ ਲੋਕਾਂ ਨਾਲ ਸਾਂਝਾ ਕਰਦੇ ਹਨ, ਜਿੰਨਾਂ ’ਚੋਂ ਵਧੇਰੇ ਲੋਕਾਂ ਨੂੰ ਤਾਂ ਅਸਲ ਜ਼ਿੰਦਗੀ ’ਚ ਕਦੇ ਦੇਖਿਆ ਵੀ ਨਹੀਂ ਹੁੰਦਾ। ਕੁੱਝ ਤਾਂ ਅਜਿਹੇ ਵੀ ਹਨ, ਜਿਨ੍ਹਾਂ ਦੀ ਹਵਾਈ ਯਾਤਰਾ ਉਦੋਂ ਤੱਕ ਮੁਕੰਮਲ ਨਹੀਂ ਹੁੰਦੀ, ਜਦੋਂ ਤੱਕ ਉਹ ਹਵਾਈ ਅੱਡੇ ’ਤੇ ਆਪਣੀ ਤਸਵੀਰ ਖਿੱਚ ਕੇ ਸੋਸ਼ਲ ਮੀਡੀਆ ’ਤੇ ਸਾਂਝਾ ਨਾ ਕਰ ਦੇਣ।
ਸੋਸ਼ਲ ਮੀਡੀਆ ਦੀ ਇਸ ਦੁਨੀਆ ਵਿੱਚ ਤਾਂ ਇੰਝ ਜਾਪਦਾ ਹੈ, ਜਿਵੇਂ ਲੋਕਾਂ ਦੀ ਕਿਸੇ ਧਾਰਮਿਕ ਸਥਾਨ ਦੀ ਯਾਤਰਾ ਵੀ ਉਦੋਂ ਤੱਕ ਸਫਲ ਨਹੀਂ ਹੁੰਦੀ ਜਦੋਂ ਤੱਕ ਉਹ ਫੇਸਬੁੱਕ ’ਤੇ ਝੂਠੀ ਫੀਲਿੰਗ ਬਲੈਸ ਡੂ ਲਿਖ ਕੇ ਆਪਣੀ ਤਸਵੀਰ ਨਾ ਸਾਂਝੀ ਕਰ ਦੇਣ। ਇੰਝ ਜਾਪਦਾ ਹੈ ਜਿਵੇਂ ਪਰਮਾਤਮਾ ਉਨ੍ਹਾਂ ਦੀ ਅਰਦਾਸ ਨਹੀਂ ਸੁਣੇਗਾ, ਜੇਕਰ ਉਹ ਫੇਸਬੁੱਕ ’ਤੇ ਵੱਸਦੀ ਦੁਨੀਆਂ ਨੂੰ ਆਪਣੀ ਉਸ ਧਾਰਮਿਕ ਯਾਤਰਾ ਬਾਰੇ ਨਾ ਦੱਸਣ।
ਮੇਰਾ ਮਤਲਬ ਇਹ ਨਹੀਂ ਹੈ ਕਿ ਸੋਸ਼ਲ ਮੀਡੀਆ ਗਲਤ ਹੈ ਜਾਂ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਮੈਂ ਤਾਂ ਕੇਵਲ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਇਸ ਦਾ ਇਸਤੇਮਾਲ ਜਰੂਰਤ ਤੋਂ ਜ਼ਿਆਦਾ ਨਹੀਂ ਕਰਨਾ ਚਾਹੀਦਾ ਅਤੇ ਅਜਿਹੀਆਂ ਪੋਸਟਾਂ, ਜਿਨ੍ਹਾਂ ਰਾਹੀ ਸਮਾਜ ਨੂੰ ਗਲਤ ਸੰਦੇਸ਼ ਦਿੱਤਾ ਜਾ ਰਿਹਾ ਹੋਵੇ, ਸ਼ੇਅਰ ਨਹੀਂ ਕਰਨੀਆਂ ਚਾਹੀਦੀਆਂ।
ਕੁੱਝ ਲੋਕਾਂ ਨੇ ਸੋਸ਼ਲ ਮੀਡੀਆ ਨੂੰ ਇੱਕ ਘਾਤਕ ਯੰਤਰ ਬਣਾ ਦਿੱਤਾ ਹੈ, ਜੋ ਕਿ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰਦੇ ਹਨ, ਪਰ ਜੇਕਰ ਚੰਗੇ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਸੋਸ਼ਲ ਮੀਡੀਆ ਬਹੁਤ ਕੰਮ ਦਾ ਯੰਤਰ ਹੈ ਤੇ ਇਸ ਰਾਹੀਂ ਮਨੁੱਖੀ ਜੀਵਨ ਵਿੱਚ ਜੋ ਚੰਗੇ ਬਦਲਾਅ ਆਏ ਹਨ, ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਜ ਦੇ ਸਮੇਂ ਸੋਸ਼ਲ ਮੀਡੀਆ ਹਰ ਵਿਅਕਤੀ ਲਈ ਜ਼ਰੂਰੀ ਹੈ ਪਰ ਇਸਤੇਮਾਲ ਠੀਕ ਕਰੋ।
ਬੁਢਲਾਡਾ, ਮਾਨਸਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ