ਸਧਾਰਨਤਾ ਨਾਲ ਭਰਪੂਰ ਹਨ ਪਿੰਡ
ਆਮ ਕਹਾਵਤ ਵੀ ਇਹੀ ਹੈ ਕਿ ਪਿੰਡਾਂ ਵਰਗਾ ਮਾਹੌਲ ਸਹਿਰਾਂ ਚ ਨਹੀਂ ਹੁੰਦਾ, ਇਹ ਵੀ ਕਿਹਾ ਜਾਂਦਾ ਹੈ ਕਿ ਪਿੰਡਾਂ (Villages) ਵਿੱਚ ਰੱਬ ਵਸਦਾ। ਬਿਲਕੁਲ ਇਹ ਹਕੀਕੀ ਗੱਲਾਂ ਨੇ,ਜੋ ਇਨਸਾਨ ਪਹਿਲਾਂ ਪਿੰਡ ਵਿੱਚ ਰਹਿੰਦਾ ਹੋਵੇ ਹੁਣ ਬੇਸੱਕ ਸਹਿਰ ਆ ਵਸਿਆ ਹੋਵੇ ਓਹ ਇਨ੍ਹਾਂ ਗੱਲਾਂ ਨੂੰ ਬਾਖੂਬੀ ਜਾਣਦਾ ਹੈ।
ਬੇਸੱਕ ਜ਼ਿਆਦਾ ਤਰ ਵੀਰ ਪਹਿਲਾਂ ਪਿੰਡਾਂ (Villages) ਵਿੱਚ ਹੀ ਰਿਹਾ ਕਰਦੇ ਸਨ ਤੇ ਪੰਜਾਬ ਨੂੰ ਪਿੰਡਾਂ ਵਾਲਾ ਪੰਜਾਬ ਹੀ ਕਿਹਾ ਜਾਂਦਾ ਰਿਹਾ ਹੈ।ਪਰ ਹੌਲੀ-ਹੌਲੀ ਜਿਉਂ ਜਿਉਂ ਤਰੱਕੀ ਦੀਆਂ ਬੁਲੰਦੀਆਂ ਨੂੰ ਛੋਹ ਰਹੇ ਹਾਂ ਆਪਾਂ, ਬਾਈਵੀਂ ਸਦੀ ਵਿੱਚ ਪ੍ਰਵੇਸ ਕੀਤਾ ਓਦੋਂ ਤੋਂ ਲੋੜ ਮੁਤਾਬਕ ਸਹਿਰਾਂ ਵਿੱਚ ਆ ਵਸਣਾ ਵੀ ਹਰ ਇਨਸਾਨ ਦੀ ਮਜ਼ਬੂਰੀ ਹੋ ਗਈ ਹੈ। ਬੱਚਿਆਂ ਦੀ ਉੱਚਕੋਟੀ ਦੀ ਪੜ੍ਹਾਈ ਲਈ ਇਹ ਜਰੂਰੀ ਵੀ ਹੋ ਗਿਆ ਹੈ।ਪਰ ਜਿਹੜੇ ਲੋਕ ਹਾਲੇ ਵੀ ਪਿੰਡਾਂ ਵਿੱਚ ਰਹਿੰਦੇ ਹਨ ਓਹਨਾਂ ਦਾ ਇਹੀ ਕਹਿਣਾ ਹੈ ਕਿ ਪਿੰਡਾਂ ਦੀ ਜ਼ਿੰਦਗੀ ਸਹਿਰਾਂ ਨਾਲੋਂ ਹਾਲੇ ਵੀ ਬਿਹਤਰ ਹੈ। ਮੈਨੂੰ ਵੀ ਬੇਸੱਕ ਪਹਿਲਾਂ ਪਿੰਡ ਵਿੱਚ ਹੀ (ਪਿੰਡ ਦੱਦਾਹੂਰ ਜ਼ਿਲ੍ਹਾ ਮੋਗਾ) ਰਹਿੰਦਾ ਸੀ ਪਰ ਹੁਣ ਸ੍ਰੀ ਮੁਕਤਸਰ ਸਾਹਿਬ ਵਿਖੇ ਆਏ ਨੂੰ ਵੀ ਤੇਤੀ ਸਾਲ ਹੋ ਗਏ ਕਰਕੇ ਓਹੋ ਜਿਹੇ ਹੀ ਹੋ ਗਏ ਹਾਂ। ਪਰ ਕੱਲ੍ਹ ਮੈਨੂੰ ਹਰਿਆਣਾ ਦੇ ਪਿੰਡ ਦਾਰੇ ਵਾਲਾ (ਜੋ ਡਬਵਾਲੀ-ਐਲਨਾਬਾਦ ਰੋਡ ਤੇ ਡਬਵਾਲੀ ਤੋਂ ਕਰੀਬ ਬੱਤੀ ਕਿਲੋਮੀਟਰ ਬਿੱਜੂਆਂ ਵਾਲੀ ਤੋਂ ਲਿੰਕ ਰੋਡ ਤੇ ਸਥਿਤ ਹੈ) ਜਾਣ ਦਾ ਮੌਕਾ ਪ੍ਰਾਪਤ ਹੋਇਆ, ਓਥੇ ਇੱਕ ਵਿਆਹ ਪ੍ਰੋਗਰਾਮ ਜਿਸ ਦੀ ਸਤਾਈ ਜਨਵਰੀ ਨੂੰ ਜਾਗੋ, ਪਿੰਡ ਦਾਰੇ ਵਾਲਾ ਵਿਖੇ,ਅਠਾਈ ਜਨਵਰੀ ਨੂੰ ਡਬਵਾਲੀ-ਚੌਟਾਲਾ ਰੋਡ ਤੇ ਇਕ ਪੈਲੇਸ ਵਿੱਚ ਵਿਆਹ ਹੋਇਆ ਹੈ। ਓਥੇ ਜੋ ਕੁੱਝ ਪਿੰਡ ਵਿੱਚ ਵੇਖਿਆ ਓਹੋ ਹੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਹਾਂ।
ਰਾਤ ਨੂੰ ਜੋ ਮੇਲ ਆਇਆ (ਰਿਸਤੇਦਾਰ)ਓਹ ਘਰ ਵਿੱਚ ਇਕੋ ਕਮਰੇ ਵਿੱਚ ਬੈਠ ਕੇ ਵਿਆਹ ਦੇ ਗੀਤ ਗਾਉਂਦੀਆਂ ਬੀਬੀਆਂ, ਹੋਰ ਪਰਿਵਾਰਕ ਗੱਲਾਂ ਬਾਤਾਂ ਕਰਦੀਆਂ ਓਥੇ ਹੀ ਬੈਠ ਰੋਟੀ ਖਾਂਦਿਆਂ ਵਿੱਚੋਂ ਜੋ ਪਿਆਰ ਮੁਹੱਬਤ ਅਪਣੱਤ ਦਿਸ ਰਹੀ ਸੀ ਓਹ ਅਜੋਕੇ ਸਹਿਰਾਂ ਵਾਲੇ ਵਿਆਹਾਂ ਵਿੱਚ ਕਿਤੋਂ ਵੀ ਵੇਖਣ ਨੂੰ ਨਹੀਂ ਮਿਲਦੀ। ਜਦੋਂ ਸਵੇਰੇ ਸਵੇਰੇ ਖੇਤਾਂ ਵਾਲੇ ਪਾਸੇ ਗੇੜਾ ਮਾਰਿਆ ਤਾਂ ਵਾਕਿਆ ਈ ਇਹ ਬਿਲਕੁਲ ਸਚਾਈ ਜਾਪੀ ਕਿ ਪੇਂਡੂ ਖਿੱਤਿਆਂ ਵਿੱਚ ਹੀ ਰੱਬ ਵਸਦਾ ਹੈ। ਚਿੜੀਆਂ ਦੀ ਚੀਂ ਚੀਂ ਘੁਗੀਆਂ ਕਬੂਤਰਾਂ ਦੀਆਂ ਆਵਾਜਾਂ ਦਿਲ ਨੂੰ ਮੋਂਹਦੀਆਂ ਸਨ,ਜੋ ਕਿ ਸਹਿਰਾਂ ਵਿੱਚ ਬਿਲਕੁਲ ਕਿਤੇ ਵੀ ਸੁਣਾਈ ਨਹੀਂ ਦਿੰਦੀ, ਤੇ ਨਾ ਹੀ ਘੁਗੀਆਂ ਕਬੂਤਰ, ਗਟਾਰਾਂ ਕਿਧਰੇ ਦਿਸਦੀਆਂ ਹੀ ਹਨ। ਛੋਟੀਆਂ ਛੋਟੀਆਂ ਕਿਆਰੀਆਂ ਬਣਾ ਕੇ ਪਾਲਕ,ਮੇਥੀ, ਧਨੀਆਂ ਲਸਣ, ਗਾਜਰਾਂ ਅਤੇ ਵੱਟਾਂ ਤੇ ਮੂਲੀਆਂ ਲਾਈਆਂ ਇੱਕ ਖੇਤ ਵਿਚ ਸਰੋਂ ਬੀਜੀ,ਜੋ ਕਿ ਬਿਨਾਂ ਕਿਸੇ ਖਾਦ ਮਤਲਬ ਔਰਗੈਨਿਕ,ਰਾਤ ਨੂੰ ਵੱਟ ਤੋਂ ਮੂਲੀਆਂ ਪੱਟ ਕੇ ਜਦੋਂ ਸਲਾਦ ਦੇ ਤੌਰ ਦੇ ਰੋਟੀ ਨਾਲ ਖਾਧੀਆਂ ਤਾਂ ਇਹੋ ਜਿਹਾ ਸਵਾਦ ਕਦੇ ਵੀ ਸਹਿਰ ਚੋਂ ਨਹੀਂ ਆਇਆ,ਇਹ ਬਿਲਕੁਲ ਸਚਾਈ ਹੈ।
ਅੱਗੇ ਗਏ ਤਾਂ ਵੇਖਿਆ ਕਿ ਓਸ ਪਰਿਵਾਰ ਨੇ (ਜਿਸ ਘਰ ਵਿਆਹ ਤੇ ਗਏ ਸਾਂ) ਆਪਣੇ ਖੇਤਾਂ ਵਿੱਚ ਸਿਰਫ ਆਪਣੇ ਪਰਿਵਾਰ ਲਈ ਸੋਲਰ ਸਿਸਟਮ ਪਲਾਂਟ ਲਾਇਆ ਹੋਇਆ ਸੀ,ਇਸ ਦੀ ਬਾਬਤ ਓਹਨਾਂ ਨੇ ਗੱਲ ਕਰਦਿਆਂ ਦੱਸਿਆ ਕਿ ਸੂਰਜੀ ਸਕਤੀ ਨਾਲ ਹੀ ਇਹ ਪਲਾਂਟ ਕੰਮ ਕਰਦਾ ਹੈ,ਇਹ ਆਪਣੇ ਆਪ ਹੀ ਚਾਲੂ ਹੋ ਕੇ ਬਹੁਤ ਵੱਡਾ ਜੋ ਪਾਣੀ ਵਾਲਾ ਟੈਂਕ ਬਣਾਇਆ ਹੈ ਓਹਦੇ ਵਿੱਚ ਪਾਣੀ ਭਰ ਦਿੰਦਾ ਹੈ, ਤੇ ਜਦੋਂ ਲੋੜ ਹੋਵੇ ਓਦੋਂ ਓਥੇ ਲੱਗੇ ਟੁਲੂ ਪੰਪ ਨਾਲ ਚੱਕ ਕੇ ਖੇਤਾਂ ਨੂੰ ਲਾਈਦਾ ਹੈ।ਇਸੇ ਤਰ੍ਹਾਂ ਘਰ ਵਿੱਚ ਜਿੰਨੀ ਮਰਜੀ ਬਿਜਲੀ ਦੀ ਲੋੜ ਹੈ ਸੂਰਜੀ ਸਕਤੀ ਨਾਲ ਇਹ ਸੋਲਰ ਸਿਸਟਮ ਬਣਾ ਦਿੰਦਾ ਹੈ, ਤੇ ਜੇਕਰ ਸਾਡੀ ਲੋੜ ਤੋਂ ਵੱਧ ਬਿਜਲੀ ਪੈਦਾ ਹੁੰਦੀ ਹੈ ਤਾਂ ਅਸੀ ਬਿਜਲੀ ਘਰ ਵਿੱਚ ਵੀ ਭੇਜਦੇ ਹਾਂ, ਤੇ ਓਹਦੇ ਸਾਨੂੰ ਪੈਸੇ ਮਿਲਦੇ ਹਨ।ਇਹ ਸਾਰੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਹੋ ਰਿਹਾ ਸਾਂ। ਸਿਰਫ ਕੜਕਦੀ ਧੁੱਪ ਵਿਚ ਹੀ ਇਹ ਸੋਲਰ ਸਿਸਟਮ ਪਲਾਂਟ ਕੰਮ ਕਰਦਾ ਹੈ ਇਹ ਵੀ ਉਸ ਨੇ ਦੱਸਿਆ।
ਅੱਗੇ ਗੱਲ ਕਰਦਿਆਂ ਓਹਨਾਂ ਦੱਸਿਆ ਕਿ ਅੰਡਰਗਰਾਊਂਡ ਸਾਰੇ ਖੇਤ ਨੂੰ ਪਾਣੀ ਲਾਉਣ ਲਈ ਵਧੀਆ ਕੁਆਲਟੀ ਦੀ ਪਾਈਪ ਦੱਬੀ ਹੋਈ ਹੈ,ਜਿਸ ਰਾਹੀਂ ਸਾਰੇ ਖੇਤ ਨੂੰ ਪਾਣੀ ਲਾਈਦਾ ਹੈ,ਕੋਈ ਆੜ ਬਣਾਉਣ ਦਾ ਝੰਜਟ ਨਹੀਂ ਜੋ ਪਹਿਲਾਂ ਸਾਡੇ ਪੁਰਖੇ ਕਰਦੇ ਰਹੇ ਹਨ, ਫਿਰ ਓਹਨਾ ਆੜਾਂ ਵਿੱਚ ਫਾਲਤੂ ਘਾਹ ਉੱਗ ਆਉਂਦਾ ਸੀ ਤੇ ਉਸ ਨੂੰ ਘੜਦੇ ਸਨ, ਹੁਣ ਓਸ ਝੰਜਟ ਤੋਂ ਖਹਿੜਾ ਛੁੱਟਿਆ ਹੈ। ਮੈਂ ਇਹ ਸੱਭ ਕੁੱਝ ਸੁਣਕੇ ਹੈਰਾਨ ਹੋ ਰਿਹਾ ਸਾਂ ਇਸ ਕਰਕੇ ਇਹ ਨਵੀਆਂ ਨਵੀਆਂ ਤਕਨੀਕਾਂ ਨਾਲ ਅਜੋਕੇ ਸਮਿਆਂ ਵਿੱਚ ਖੇਤੀਬਾੜੀ ਕਰ ਰਹੇ ਹਨ, ਪਿੰਡਾਂ (Villages) ਦੇ ਅਗਾਂਹਵਧੂ ਕਿਸਾਨ।ਜੌਨਡੀਅਰ ਟਰੈਕਟਰ ਸਮੇਤ ਵੱਡੇ ਟਰਾਲੇ ਵੀ ਘਰ ਵਿੱਚ ਮੌਜੂਦ ਸੀ,ਜਿਸ ਦੀ ਟਰਾਲੇ ਸਮੇਤ ਕਰੀਬ ਅੱਠ ਲੱਖ ਕੀਮਤ ਹੈ। ਬਹੁਤ ਖੁੱਲ੍ਹਾ ਡੁੱਲ੍ਹਾ ਘਰ,ਘਰ ਵਿੱਚ ਮੱਝਾਂ ਗਾਵਾਂ ਬੱਕਰੀਆਂ ਰੱਖੀਆਂ ਹੋਈਆਂ ਹਨ,ਘਰ ਦਾ ਦੁੱਧ,ਘਰ ਦੀ ਦਹੀਂ ਗੱਲ ਕੀ ਹਰ ਓਹ ਸਹੂਲਤ ਮੌਜੂਦ ਜੋ ਕਿ ਸਹਿਰਾਂ ਵਿੱਚ ਨਸੀਬ ਹੋਣੀ ਮੁਸਕਿਲ ਹੈ।
ਇਸ ਤੋਂ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਵਾਕਈ ਈ ਪਿੰਡਾਂ (Villages) ਵਿੱਚ ਰੱਬ ਵਸਦਾ ਹੈ,ਇਹ ਸਾਰਾ ਨਜਾਰਾ ਵੇਖ ਕੇ ਇਹੀ ਮਹਿਸੂਸ ਹੋ ਰਿਹਾ ਸੀ। ਇਹ ਸਾਰਾ ਦਿ੍ਰਸ ਜਾਗੋ ਵਾਲੀ ਰਾਤ ਤੋਂ ਪਹਿਲਾਂ ਦਾ ਹੈ ਜੀ। ਇਹ ਛੋਟੇ ਜਿਹੇ ਪਿੰਡ ਵਿੱਚ ਸਾਰੇ ਲੋਕ ਪਿਆਰ ਸਤਿਕਾਰ ਨਾਲ ਰਹਿੰਦੇ ਹਨ, ਕੋਈ ਪਾਰਟੀ ਬਾਜੀ ਨਹੀਂ ਹੈ,ਇਹੋ ਜਿਹੇ ਪਿੰਡ ਅਜੋਕੇ ਸਮਿਆਂ ਵਿੱਚ ਕਿਧਰੇ ਘੱਟ ਹੀ ਦਿਸਦੇ ਹਨ,ਇਹ ਸੱਭ ਉਪਰੋਕਤ ਵੇਖ ਕੇ ਇਹ ਕਹਿਣ ਲਈ ਦਿਲ ਮਜ਼ਬੂਰ ਹੋ ਜਾਂਦਾ ਹੈ ਕਿ ਪਿੰਡਾਂ ਦੀ ਜ਼ਿੰਦਗੀ ਸਹਿਰਾਂ ਨਾਲੋਂ ਹਾਲੇ ਵੀ ਬਹੁਤ ਬਿਹਤਰ ਹੈ।
ਜਸਵੀਰ ਸ਼ਰਮਾ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ