20,000 ਰੁਪਏ ਦੀ ਰਿਸਵਤ ਲੈਂਦਾ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ | Bathinda News
ਬਠਿੰਡਾ (ਸੁਖਜੀਤ ਮਾਨ)। Bathinda News : ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਅੱਜ ਮੌੜ ਮੰਡੀ ਵਿਖੇ ਪੀਐਸਪੀਸੀਐਲ ਦਫਤਰ ਦੇ ਇੱਕ ਨਿੱਜੀ ਠੇਕੇਦਾਰ ਅੰਮ੍ਰਿਤ ਪਾਲ ਉਰਫ਼ ਕੱਦੂ ਨੂੰ ਪੀਐਸਪੀਸੀਐਲ ਗਰਿੱਡ, ਮੌੜ ਤੋਂ 20 ਹਜ਼ਾਰ ਰੁਪਏ ਦੀ ਰਿਸਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਉਸ ਵੱਲੋਂ ਇਹ ਰਿਸ਼ਵਤ ਮੋਟਰ ਕੁਨੈਕਸ਼ਨ ਦਿਵਾਉਣ ਬਦਲੇ ਲਈ ਜਾ ਰਹੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜਮ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੁੱਤੀਵਾਲ ਖੁਰਦ ਦੀ ਵਸਨੀਕ ਨਿੱਕੀ ਕੌਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗਿ੍ਰਫਤਾਰ ਕੀਤਾ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਮੁਲਜਮ ਨੇ ਉਸ ਦੀ ਵਾਹੀਯੋਗ ਜਮੀਨ ਦਾ ਟਿਊਬਵੈੱਲ ਕੁਨੈਕਸ਼ਨ ਦਿਵਾਉਣ ਬਦਲੇ 80,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਤੇ ਭਰੋਸਾ ਦਿੱਤਾ ਕਿ ਠੇਕੇਦਾਰ ਹੋਣ ਨਾਤੇ ਪੀਐਸਪੀਸੀਐਲ ਦਫਤਰ ਮੌੜ ਵਿਖੇ ਤਾਇਨਾਤ ਅਧਿਕਾਰੀਆਂ ਨਾਲ ਉਸ ਦੇ ਚੰਗੇ ਸਬੰਧ ਹਨ। ਉਸਨੇ ਅੱਗੇ ਦੋਸ਼ ਲਾਇਆ ਕਿ ਮੁਲਜਮ ਨੇ ਪੇਸ਼ਗੀ ਵਜੋਂ 30,000 ਰੁਪਏ ਅਤੇ ਬਾਕੀ ਪੈਸੇ ਬਿਜਲੀ ਕੁਨੈਕਸ਼ਨ ਲੱਗਣ ਤੋਂ ਬਾਅਦ ਦੇਣ ਲਈ ਕਿਹਾ।
Read This : ਨਸ਼ੇ ਦੇ ਭੈੜੇ ਦੈਂਤ ਨੇ ਨਿਗਲਿਆ ਇੱਕ ਹੋਰ ਨੌਜਵਾਨ, ਮੌਤ
ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਟੀਮ ਨੇ ਜਾਲ ਵਿਛਾਇਆ ਤੇ ਮੁਲਜ਼ਮ ਠੇਕੇਦਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ’ਚ ਸ਼ਿਕਾਇਤਕਰਤਾ ਤੋਂ ਪਹਿਲੀ ਕਿਸਤ ਵਜੋਂ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧ ’ਚ ਵਿਜੀਲੈਂਸ ਬਿਊਰੋ ਥਾਣਾ ਬਠਿੰਡਾ ਰੇਂਜ ’ਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਲਜਮ ਨੂੰ ਭਲਕੇ ਅਦਾਲਤ ’ਚ ਪੇਸ਼ ਕੀਤਾ ਜਾਵੇਗਾ ਤੇ ਅਗਲੇਰੀ ਤਫਤੀਸ ਦੌਰਾਨ ਪੀਐਸਪੀਸੀਐਲ ਦਫਤਰ ਮੌੜ ਨਾਲ ਸਬੰਧਤ ਹੋਰਨਾਂ ਕਰਮਚਾਰੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ। Bathinda News