ਸਦਨ ਵੱਲੋਂ ਦੋ ਸਾਬਕਾ ਮੰਤਰੀਆਂ, ਆਜ਼ਾਦੀ ਘੁਲਾਟੀਆਂ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਨੂੰ ਸ਼ਰਧਾਂਜਲੀ
ਚੰਡੀਗੜ,(ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਦੇ ਖਾਸ ਇਜਲਾਸ ‘ਚ ਮੁੱਖ ਮੰਤਰੀ ਅਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਸਦਨ ਵੱਲੋਂ ਸ਼ੁੱਕਰਵਾਰ ਨੂੰ ਵਿਧਾਨ ਸਭਾ ਦੇ ਪਿਛਲੇ ਸੈਸ਼ਨ ਤੋਂ ਬਾਅਦ ਵਿੱਛੜ ਚੁੱਕੇ ਆਜ਼ਾਦੀ ਘੁਲਾਟੀਆਂ, ਸਿਆਸਤਦਾਨਾਂ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਨੂੰ ਸਰਧਾਂਜਲੀ ਭੇਟ ਕੀਤੀ ਗਈ। ਸਦਨ ਵੱਲੋਂ ਸੁਤੰਤਰਤਾ ਸੰਗਰਾਮੀਆਂ ਰਾਜ ਕੁਮਾਰ, ਜੀਵਨ ਸਿੰਘ ਅਤੇ ਮਹਿੰਦਰ ਸਿੰਘ ਸਲੂਜਾ ਸਮੇਤ ਸਾਬਕਾ ਮੰਤਰੀਆਂ ਜਸਬੀਰ ਸਿੰਘ ਅਤੇ ਸੁਖਦੇਵ ਸਿੰਘ ਸਹਿਬਾਜ਼ਪੁਰੀ ਅਤੇ ਦੋ ਸਾਬਕਾ ਵਿਧਾਇਕਾਂ ਕਾਮਰੇਡ ਬੂਟਾ ਸਿੰਘ ਅਤੇ ਦਲਜੀਤ ਕੌਰ ਪਡਿਆਲਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਸਦਨ ਵੱਲੋਂ ਮਹਾਵੀਰ ਚੱਕਰ ਐਵਾਰਡੀ ਬ੍ਰਿਗੇਡੀਅਰ ਮਨਜੀਤ ਸਿੰਘ ਨੂੰ ਵੀ ਯਾਦ ਕੀਤਾ ਗਿਆ ਅਤੇ ਪ੍ਰਸਿੱਧ ਪੰਜਾਬੀ ਲੋਕ ਗਾਇਕ ਮੁਹੰਮਦ ਸ਼ਰੀਫ ਈਦੂ, ਉੱਘੇ ਸੰਪਾਦਕ ਅਤੇ ਪੰਜਾਬੀ ਕਾਲਮਵੀਸ ਸ਼ਿੰਗਾਰਾ ਸਿੰਘ ਭੁੱਲਰ ਸੀਨੀਅਰ ਭਾਜਪਾ ਆਗੂ ਅਵਿਨਾਸ਼ ਰਾਏ ਖੰਨਾ ਦੇ ਮਾਤਾ ਸ੍ਰੀਮਤੀ ਰਾਜ ਰਾਣੀ ਅਤੇ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦੇ ਮਾਤਾ ਸ੍ਰੀਮਤੀ ਸੁਰਜੀਤ ਕੌਰ ਉੱਘੇ ਪੰਜਾਬੀ ਲੇਖਕ ਅਤੇ ਸਿੱਖ ਇਤਿਹਾਸਕਾਰ ਪ੍ਰੋ. ਸੁਰਜੀਤ ਹਾਂਸ ਉੱਘੇ ਆਜ਼ਾਦੀ ਘੁਲਾਟੀਏ ਬਾਬਾ ਕਿਸ਼ਨ ਸਿੰਘ ਦੇ ਪੁੱਤਰ ਸੀਨੀਅਰ ਪੱਤਰਕਾਰ ਹਰਦੇਵ ਸਿੰਘ ਨੂੰ ਸ਼ਰਧਾਜਲੀਆਂ ਦਿੱਤੀਆਂ।
23 ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਆਤਮਹੱਤਿਆ ਨੂੰ ਵੀ ਕੀਤਾ ਜਾਵੇ ਸ਼ਾਮਲ
ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਸਰਧਾਂਜਲੀ ਮੌਕੇ ਸਪੀਕਰ ਰਾਣਾ ਕੇ.ਪੀ. ਸਿੰਘ ਕੋਲ ਮੰਗ ਰੱਖੀ ਕਿ ਪਿਛਲੇ ਸੈਸ਼ਨ ਤੋਂ ਲੈ ਕੇ ਹੁਣ ਤੱਕ 23 ਕਿਸਾਨਾਂ ਅਤੇ 23 ਖੇਤ ਮਜ਼ਦੂਰਾਂ ਵਲੋਂ ਕਰਜ਼ੇ ਕਰਕੇ ਆਤਮਹੱਤਿਆ ਕਰ ਲਈ ਗਈ ਹੈ। ਇਸ ਨੂੰ ਵੀ ਸਰਧਾਂਜਲੀ ਦੇਣ ਲਈ ਸ਼ਾਮਲ ਕਰ ਲਿਆ ਜਾਵੇ ਪਰ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਇਸ ਮੰਗ ਨੂੰ ਸਾਫ਼ ਇਨਕਾਰ ਕਰ ਦਿੱਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।