ਵਾਈਸ-ਚਾਂਸਲਰ ਡਾ. ਅਰਵਿੰਦ ਵੱਲੋਂ ਭਾਸ਼ਾ ਫੈਕਲਟੀ ਨਾਲ ਸੰਬੰਧਤ ਵਿਭਾਗਾਂ ਦਾ ਦੌਰਾ
ਪਟਿਆਲਾ, (ਸੱਚ ਕਹੂੰ ਨਿਊਜ)। ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਵਾਈਸ-ਚਾਂਸਲਰ ਡਾ. ਅਰਵਿੰਦ ਵੱਲੋਂ ਪ੍ਰਬੰਧਕੀ ਅਤੇ ਵਿਭਾਗੀ ਕਾਰਜਕੁਸ਼ਲਤਾ ਸਕੀਮ ਅਧੀਨ ਵੱਖ-ਵੱਖ ਵਿਭਾਗਾਂ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਪ੍ਰੋ. ਸਤਿਨਾਮ ਸਿੰਘ ਸੰਧੂ, ਡੀਨ, ਭਾਸ਼ਾਵਾਂ ਉਨ੍ਹਾਂ ਦੇ ਨਾਲ ਸਨ। ਭਾਸ਼ਾ ਫੈਕਲਟੀ ਨਾਲ ਸੰਬੰਧਤ ਵਿਭਾਗਾਂ ਨਾਲ ਮਿਲਣੀ ਦਾ ਕੰਮ ਪੰਜਾਬੀ ਵਿਭਾਗ ਤੋਂ ਸ਼ੁਰੂ ਕੀਤਾ ਗਿਆ ਜਿੱਥੇ ਉਹ ਅਧਿਆਪਕਾਂ ਤੋਂ ਇਲਾਵਾ ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਮਿਲੇ।
ਇਸ ਉਪਰੰਤ ਉਨ੍ਹਾਂ ਵੱਲੋਂ ਕ੍ਰਮਵਾਰ ਅੰਗਰੇਜ਼ੀ, ਹਿੰਦੀ, ਸੰਸਕਿ੍ਰਤ ਅਤੇ ਪਾਲੀ, ਉਰਦੂ-ਪਰਸ਼ੀਅਨ ਵਿਭਾਗ ਅਤੇ ਵਿਦੇਸ਼ੀ ਭਾਸ਼ਾਵਾਂ ਵਿਭਾਗ ਦਾ ਦੌਰਾ ਕੀਤਾ ਗਿਆ। ਇਨ੍ਹਾਂ ਵਿਭਾਗਾਂ ਦੇ ਮੁਖੀ ਅਤੇ ਅਧਿਆਪਕਾਂ ਨਾਲ ਵਿਭਾਗ ਦੀ ਕਾਰਜ-ਕੁਸ਼ਲਤਾ ਅਤੇ ਵਿਭਾਗੀ ਸਮੱਸਿਆਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਵਿਚਾਰ ਚਰਚਾ ਦੌਰਾਨ ਵਿਭਾਗਾਂ ਵਿੱਚ ਕਮਰਿਆਂ, ਲਾਇਬ੍ਰੇਰੀ ਅਤੇ ਇੰਟਰਨੈੱਟ ਸੁਵਿਧਾ, ਅਧਿਆਪਕਾਂ ਦੀ ਗਿਣਤੀ ਆਦਿ ਸੰਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਇਸ ਮਿਲਣੀ ਵਿੱਚ ਉਨ੍ਹਾਂ ਵੱਲੋਂ ਕੋਸ਼ਿਸ਼ ਕੀਤੀ ਗਈ ਕਿ ਵਿਭਾਗ ਦੀਆਂ ਸਮੱਸਿਆਵਾਂ ਨੂੰ ਨਿੱਜੀ ਤੌਰ ’ਤੇ ਵੇਖਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਹੱਲ ਕਰਨ ਲਈ ਅਗਲੇਰੀ ਕਾਰਵਾਈ ਕੀਤੀ ਜਾ ਸਕੇ।
ਵਾਈਸ-ਚਾਂਸਲਰ ਅਤੇ ਡੀਨ, ਭਾਸ਼ਾਵਾਂ ਨੇ ਇਨ੍ਹਾਂ ਵਿਭਾਗਾਂ ਦੇ ਖੋਜ ਵਿਦਿਆਰਥੀਆਂ ਨਾਲ ਨਿੱਜੀ ਤੌਰ ’ਤੇ ਮਿਲਣੀ ਕਰਕੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਬਾਰੇ ਵੀ ਅਲੱਗ ਤੋਂ ਵਿਚਾਰ ਚਰਚਾ ਕੀਤੀ । ਖੋਜ ਵਿਦਿਆਰਥੀਆਂ ਵੱਲੋਂ ਲਾਇਬ੍ਰੇਰੀ ਅਤੇ ਰਿਹਾਇਸ਼ ਸਬੰਧੀ ਕੁੱਝ ਸਮੱਸਿਆਵਾਂ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਇਆ ਗਿਆ। ਵਾਈਸ-ਚਾਂਸਲਰ ਨੇ ਵਿਦਿਆਰਥੀਆਂ ਨੂੰ ਖੋਜ ਦਾ ਮਿਆਰ ਬੇਹਤਰ ਬਣਾਉਣ ਅਤੇ ਸਮਾਜ ਦੇ ਨਵੇਂ ਪੱਖਾਂ ’ਤੇ ਖੋਜ ਕਰਨ ਅਤੇ ਉਸ ਨੂੰ ਅਕਾਦਮਿਕ ਜਗਤ ਤੱਕ ਲੈ ਕੇ ਜਾਣ ਬਾਰੇ ਸੁਝਾਅ ਦਿੱਤੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ