ਬਹੁਤ ਸੌਖੀ ਹੈ ਨੁਕਤਾਚੀਨੀ ਕਰਨੀ, ਪਰ

VeryEasy, Criticize, Though

ਬਲਰਾਜ ਸਿੰਘ ਸਿੱਧੂ ਐਸਪੀ

ਭਾਰਤੀਆਂ ਦੇ ਸੁਭਾਅ ਵਿੱਚ ਸਭ ਤੋਂ ਬੁਰੀ ਆਦਤ ਹੈ ਕਿ ਕਿਸੇ ਵੀ ਚੰਗੇ-ਮਾੜੇ ਵਿਅਕਤੀ ਦੀ ਨੁਕਤਾਚੀਨੀ ਕਰਨ ਲੱਗਿਆਂ ਮਿੰਟ ਨਹੀਂ ਲਗਾਉਂਦੇ। ਚੰਗੇ ਭਲੇ ਖਾਨਦਾਨੀ ਬੰਦੇ ਦੀ ਕੋਈ ਨਾ ਕੋਈ ਕਮੀ ਕੱਢ ਹੀ ਲੈਂਦੇ ਹਨ। ਸਰਕਾਰੀ ਮਹਿਕਮਿਆਂ ਵਿੱਚ ਵੀ ਮਹਾਂ ਨਲਾਇਕ ਮੁਲਾਜ਼ਮ ਹਮੇਸ਼ਾਂ ਆਪਣੇ ਅਫਸਰ ਬਾਰੇ ਗਲਤ ਹੀ ਬੋਲਣਗੇ ਚਾਹੇ ਉਹ ਕਿੰਨਾ ਵੀ ਦਿਆਨਤਦਾਰ ਤੇ ਕਾਬਲ ਕਿਉਂ ਨਾ ਹੋਵੇ। ਸਿਆਸੀ ਲੋਕਾਂ ਦਾ ਤਾਂ ਧੰਦਾ ਹੀ ਇਸ ਕੰਮ ‘ਤੇ ਚੱਲਦਾ ਹੈ। ਸਰਕਾਰ, ਆਪੋਜ਼ੀਸ਼ਨ ਪਾਰਟੀ ਅਤੇ ਵਿਰੋਧੀ ਨੇਤਾਵਾਂ ਦੀਆਂ ਕਮੀਆਂ ਪੁੱਟ-ਪੁੱਟ ਕੇ ਲਿਆਉਣਗੇ। ਵੈਸੇ ਵੀ ਜੇ ਕਿਸੇ ਨੇ ਆਪਣੇ ਖਾਨਦਾਨ ਦੀ ਅਸਲੀਅਤ ਦਾ ਪਤਾ ਲਗਾਉਣਾ ਹੋਵੇ ਤਾਂ ਇੱਕ ਵਾਰ ਇਲੈਕਸ਼ਨ ਜ਼ਰੂਰ ਲੜਨੀ ਚਾਹੀਦੀ ਹੈ।   ਵਿਰੋਧੀ ਤੁਹਾਡੀਆਂ ਸੱਤ ਪੀੜ੍ਹੀਆਂ ਦਾ ਇਤਿਹਾਸ ਫੋਲ ਕੇ ਦੱਸ ਦੇਣਗੇ। ਅਸਲ ਵਿੱਚ ਨੁਕਤਾਚੀਨੀ ਕਰਨੀ ਸੌਖੀ ਹੀ ਬਹੁਤ ਹੈ।

ਕਿਸੇ ਵੀ ਵਿਅਕਤੀ ਦੇ ਸੈਂਕੜੇ ਨੁਕਸ ਮਿੰਟਾਂ ਵਿੱਚ ਕੱਢੇ ਜਾ ਸਕਦੇ ਹਨ। ਇਸ ਗੋਲਾਬਾਰੀ ਦੀ ਸਭ ਤੋਂ ਵੱਡੀ ਸ਼ਿਕਾਰ ਅੱਜ ਭਾਰਤੀ ਕ੍ਰਿਕਟ ਟੀਮ ਬਣੀ ਹੋਈ ਹੈ। ਜਦੋਂ ਦੀ ਟੀਮ ਨਿਊਜ਼ੀਲੈਂਡ ਹੱਥੋਂ ਹਾਰ ਕੇ ਵਰਲਡ ਕੱਪ ਤੋਂ ਬਾਹਰ ਹੋਈ ਹੈ, ਹਰ ਜਣਾ-ਖਣਾ ਕ੍ਰਿਕਟ ਦਾ ਮਾਹਿਰ ਬਣਿਆ ਹੋਇਆ ਹੈ। ਮੇਰੇ ਵਰਗੇ, ਜਿਹਨਾਂ ਨੇ ਕਦੇ ਗੁੱਲੀ ਡੰਡਾ ਨਹੀਂ ਖੇਡਿਆ, ਉਹ ਧੋਨੀ ਅਤੇ ਵਿਰਾਟ ਕੋਹਲੀ ਦੀ ਖੇਡ ਅਤੇ ਯੋਜਨਾਬੰਦੀ ਬਾਰੇ ਵਿਚਾਰ ਪੇਸ਼ ਕਰ ਰਹੇ ਹਨ। ਜਿਹੜੇ ਟੀ. ਵੀ. ਚੈਨਲ ਭਾਰਤ ਦੇ ਸੈਮੀਫਾਈਨਲ ਵਿੱਚ ਪਹੁੰਚਣ ਸਮੇਂ ‘ਕੱਲੇ-‘ਕੱਲੇ ਖਿਡਾਰੀ ਦੇ ਕਸੀਦੇ ਪੜ੍ਹ ਰਹੇ ਸਨ, ਉਹ ਰਿਟਾਇਰਡ ਪਲੇਅਰਾਂ ਨੂੰ ਬੁਲਾ ਕੇ ਸਾਰੀ ਟੀਮ ਨੂੰ ਲਾਹਨਤਾਂ ਪਾ ਰਹੇ ਸਨ। ਜਦੋਂ  ਟੀਮ ਜਿੱਤ ਰਹੀ ਸੀ ਤਾਂ ਦੇਸ਼ ਵਾਸੀਆਂ ਨੂੰ ਖਿਡਾਰੀ ਦੇਵਤੇ ਨਜ਼ਰ ਆਉਂਦੇ ਸਨ, ਉਹਨਾਂ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ ਜਾ ਰਹੇ ਸਨ। ਪਰ ਜਿਉਂ ਹੀ ਟੀਮ ਹਾਰੀ, ਉਹੀ ਲੋਕ ਖਿਡਾਰੀਆਂ ਦੇ ਪੁਤਲੇ ਫੂਕਣ ਤੱਕ ਚਲੇ ਗਏ। ਇੱਥੋਂ ਤੱਕ ਕਿ ਖਿਡਾਰੀਆਂ ਦੀਆਂ ਪਤਨੀਆਂ ਅਤੇ ਮਹਿਲਾ ਦੋਸਤਾਂ ‘ਤੇ ਉਹਨਾਂ ਦਾ ਧਿਆਨ ਭਟਕਾਉਣ ਦੇ ਇਲਜ਼ਾਮ ਲਗਾਏ ਜਾਣ ਲੱਗੇ।

ਸੋਸ਼ਲ ਮੀਡੀਆ ਵਾਲੇ ਵਿਦਵਾਨ ਆਪਣੇ-ਆਪ ਨੂੰ ਦੁੱਧ ਧੋਤੇ ਸਮਝਦੇ ਹਨ। ਸਾਰਾ ਦਿਨ ਹੋਰ ਲੋਕਾਂ- ਲੀਡਰਾਂ ਦੀਆਂ ਨੁਕਤਾਚੀਨੀ ਭਰੀਆਂ ਵੀਡੀਉ ਤੇ ਮੈਸੇਜ਼ ਪੋਸਟ ਕਰੀ ਜਾਂਦੇ ਹਨ। ਪੌਣਾ ਪੰਜਾਬ ਤਾਂ ਫੇਸਬੁੱਕ-ਵਟਸਐਪ ‘ਤੇ ਹੈਗਾ ਈ ਆ। ਸਾਰੇ ਈ ਜੇ ਐਨੇ ਸਿਆਣੇ ਆ ਤਾਂ ਫਿਰ ਲੜਾਈਆਂ, ਜ਼ਬਰ ਜਿਨਾਹਾਂ, ਲੁੱਟਾਂ ਅਤੇ ਕਤਲਾਂ ਦੀਆਂ ਖਬਰਾਂ ਨਾਲ ਭਰੀਆਂ ਅਖਬਾਰਾਂ ਕੀ ਯੂ.ਪੀ.-ਬਿਹਾਰ ਦੀਆਂ ਵਾਰਦਾਤਾਂ ਨਾਲ ਭਰੀਆਂ ਹੁੰਦੀਆਂ ਹਨ ਜਦੋਂ ਅਸੀਂ ਘਰੋਂ ਤੁਰਦੇ ਹਾਂ ਤਾਂ ਸਿਰ ‘ਤੇ ਹੈਲਮੇਟ ਜਾਂ ਕਾਰ ਦੇ ਕਾਗਜ਼ਾਤ ਨਾਲ ਰੱਖਣ ਦੀ ਬਜਾਏ ਕਿਸੇ ਰਿਸ਼ਤੇਦਾਰ ਨੇਤਾ ਜਾਂ ਪੁਲਿਸ ਵਾਲੇ ਦਾ ਫੋਨ ਨੰਬਰ ਜੇਬ੍ਹ ਵਿੱਚ ਰੱਖਣਾ ਜ਼ਿਆਦਾ ਜਰੂਰੀ ਸਮਝਦੇ ਹਾਂ।

ਟਰੈਫਿਕ ਪੁਲਿਸ ਵਾਲੇ ਨੂੰ ਡਰਾਇਵਿੰਗ ਲਾਇਸੰਸ ਵਿਖਾਉਣ ਦੀ ਬਜਾਏ ਮੋਬਾਇਲ ਉਸ ਦੇ ਕੰਨ ਨੂੰ ਲਾ ਦੇਂਦੇ ਹਾਂ। ਜੇ ਹੈਲਮੇਟ ਨਾ ਪਾਉਣ ਕਾਰਨ ਸਿਰ ਪਾਟ ਜਾਵੇ ਜਾਂ ਉਵਰ ਸਪੀਡ ਤੇ ਸੀਟ ਬੈਲਟ ਨਾ ਲਗਾਉਣ ਕਾਰਨ ਸੱਟਾਂ ਲੱਗ ਜਾਣ ਤਾਂ ਆਪਣੀ ਗਲਤੀ ਮੰਨਣ ਦੀ ਬਜਾਏ ਨਾਕਸ ਟਰੈਫਿਕ ਪ੍ਰਬੰਧਾਂ ਅਤੇ ਮਾੜੀਆਂ ਸੜਕਾਂ ਕਾਰਨ ਪੁਲਿਸ-ਸਰਕਾਰ ਦੀ ਨੁਕਤਾਚੀਨੀ ਕੀਤੀ ਜਾਂਦੀ ਹੈ। ਜੇ ਕੋਈ ਆਪਣੀ ਮਸਤੀ ਨਾਲ ਮਜ਼ੇ-ਮਜ਼ੇ ਗੱਡੀ ਚਲਾ ਰਿਹਾ ਹੋਵੇ ਤਾਂ ਲੋਕ ਕਹਿਣਗੇ, ਉਏ ਇਸ ਕੱਛੂਕੁੰਮੇ ਦੀ ਔਲਾਦ ਨੂੰ ਲਾਇਸੰਸ ਕਿਸ ਨੇ ਦੇ ਦਿੱਤਾ ਨਾ ਆਪ ਤੁਰਦਾ ਨਾ ਕਿਸੇ ਨੂੰ ਤੁਰਨ ਦੇਂਦਾ। ਉੱਥੇ ਜੇ ਕੋਈ ਅੰਨ੍ਹੇਵਾਹ ਗੱਡੀ ਨਠਾਈ ਜਾਵੇ ਤਾਂ ਫਿਰ, ਹੂੰ! ਫੁਕਰਾ ਕਿਸੇ ਥਾਂ ਦਾ। ਆਪ ਤਾਂ ਮਰਨਾ, ਕਿਸੇ ਹੋਰ ਨੂੰ ਵੀ ਲੈ ਕੇ ਮਰੇਗਾ। ਓ ਦੱਸੋ ਹੁਣ ਕੋਈ ਕੀ ਕਰੇ!

ਅਸੀਂ ਹੋਰ ਕੌਮਾਂ ਨੂੰ ਭ੍ਰਿਸ਼ਟ ਕਰਨ ਵਿੱਚ ਵੀ ਕਸਰ ਨਹੀਂ ਛੱਡ ਰਹੇ। ਕੈਨੇਡਾ ਵਿੱਚ ਆਪਣੇ ਇੱਕ ਮਿੱਤਰ ਨੂੰ ਫਰੀ ਪਾਰਕਿੰਗ ਕਰਾਉਣ ਲਈ ਗਾਰਡਾਂ ਨੂੰ 5-10 ਡਾਲਰ ਦਾ ਲਾਲਚ ਦੇਣ ਦੀ ਕੋਸ਼ਿਸ਼ ਕਰਦਿਆਂ ਮੈਂ ਆਪਣੀ ਅੱਖੀਂ ਵੇਖਿਆ। ਪਰ ਇੱਕ ਵੀ ਵਿਦੇਸ਼ੀ ਨੇ ਉਸ ਦੀ ਰਿਸ਼ਵਤ ਸਵੀਕਾਰ ਨਾ ਕੀਤੀ। ਅਸੀਂ ਰੱਜ ਕੇ ਹਵਾ-ਪਾਣੀ ਗੰਦਾ ਕਰਦੇ ਹਾਂ। ਪੂਰੀ ਬੇਸ਼ਰਮੀ ਨਾਲ ਨਹਿਰਾਂ, ਡਰੇਨਾਂ ਅਤੇ ਦਰਿਆਵਾਂ ਵਿੱਚ ਜ਼ਹਿਰ ਘੋਲਦੇ ਹਾਂ।

ਉਹਨਾਂ ਨੂੰ ਪਵਿੱਤਰ ਰੱਖਣ ਦੀ ਬਜਾਏ ਘਰਾਂ ਵਿੱਚ ਆਰ.ਉ. ਲਗਾ ਕੇ ਸਾਫ ਪਾਣੀ ਪੀਣਾ ਜਿਆਦਾ ਬਿਹਤਰ ਸਮਝਦੇ ਹਾਂ। ਘਰ ਦਾ ਸਾਰਾ ਕੂੜਾ ਅਤੇ ਹੋਰ ਗੰਦ-ਮੰਦ ਸੜਕਾਂ ‘ਤੇ ਖਿਲਾਰਦੇ ਹਾਂ ਤੇ ਫਿਰ ਗੰਦਗੀ ਦਾ ਦੋਸ਼ ਪੰਚਾਇਤ ਅਤੇ ਮਿਊਂਸਪਲ ਕਮੇਟੀ ਦੇ ਸਿਰ ਮੜ੍ਹਦੇ ਹਾਂ। ਖਰੀਦਦਾਰ ਸਸਤੇ ਦੇ ਲਾਲਚ ਵਿੱਚ ਤੇ ਵਪਾਰੀ ਟੈਕਸ ਬਚਾਉਣ ਦੇ ਚੱਕਰ ਵਿੱਚ ਬਿੱਲ ਨਹੀਂ ਕੱਟਦੇ। ਇੱਕ ਦੂਸਰੇ ਨੂੰ ਲੁੱਟਣ ਦੇ ਚੱਕਰ ਵਿੱਚ ਦੇਸ਼ ਨੂੰ ਲੁੱਟੀ ਜਾਂਦੇ ਹਨ। ਜਦੋਂ ਬਿਨਾਂ ਬਿੱਲ ਦੀ ਵਸਤੂ ਖਰਾਬ ਨਿੱਕਲਣ ‘ਤੇ ਵਪਾਰੀ ਵਾਪਸ ਨਹੀਂ ਕਰਦਾ ਤੇ ਨਾ ਹੀ ਕੰਜ਼ਿਊਮਰ ਕੋਰਟ ਸੁਣਦੇ ਹਨ, ਤਾਂ ਦੋਸ਼ ਫਿਰ ਸਰਕਾਰ ਦੇ ਸਿਰ ਥੋਪਿਆ ਜਾਂਦਾ ਹੈ। ਲੁੱਟਣ ਵਾਲੇ ਵੀ ਪੰਜਾਬੀ ਤੇ ਲੁਟਾਉਣ ਵਾਲੇ ਵੀ ਪੰਜਾਬੀ। ਸਾਡੀ ਤਰਾਸਦੀ ਇਹ ਹੈ ਕਿ ਅਸੀਂ ਆਪਣੇ-ਆਪ ਨੂੰ ਬਦਲਣ ਦੀ ਬਜਾਏ ਬੇਗਾਨਿਆਂ ਦੇ ਬਦਲਣ ਦੀ ਆਸ ਜ਼ਿਆਦਾ ਰੱਖਦੇ ਹਾਂ। ਜਦੋਂ ਤੱਕ ਅਸੀਂ ਦੂਸਰਿਆਂ ਦੀ ਨੁਕਤਾਚੀਨੀ ਕਰਨ ਦੀ ਬਜਾਏ ਆਪਣੇ ਨੁਕਸ ਨਹੀਂ ਵੇਖਦੇ, ਸਮਾਜ ਕਦੇ ਵੀ ਸੁਧਰ ਨਹੀਂ ਸਕਦਾ।

ਪੰਡੋਰੀ ਸਿੱਧਵਾਂ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here