ਕਮਲ ਬਰਾੜ
ਅੱਜ ਦੀ ਚਮਕ-ਦਮਕ ਵਾਲੀ ਜਿੰਦਗੀ ਵਿਚ ਬੇਸ਼ੱਕ ਸਾਨੂੰ ਲੱਗਦਾ ਹੈ ਕਿ ਅਸੀਂ ਬਹੁਤ ਅੱਗੇ ਨਿੱਕਲ ਗਏ ਹਾਂ, ਅਸੀਂ ਜਿੰਦਗੀ ਦੀਆਂ ਸਾਰੀਆਂ ਸੁਖ-ਸਹੂਲਤਾਂ ਪ੍ਰਾਪਤ ਕਰ ਲਈਆਂ ਹਨ ਪਰ ਜੇਕਰ ਪਿੱਛੇ ਝਾਤੀ ਮਾਰਦੇ ਹਾਂ ਤਾਂ ਲੱਗਦਾ ਹੈ ਕਿ ਅਸੀਂ ਬਹੁਤ ਕੁਝ ਗੁਆ ਵੀ ਲਿਆ ਹੈ। ਅੱਜ ਸਾਡੇ ਕੋਲ ਬਨਾਵਟੀ ਖੁਸ਼ੀਆਂ ਹਨ। ਕਹਿੰਦੇ ਹੁੰਦੇ ਆ ਕਿ ਮਨੋਰੰਜਨ ਦਾ ਵੀ ਜਿੰਦਗੀ ਵਿਚ ਆਪਣਾ ਵਿਸ਼ੇਸ਼ ਸਥਾਨ ਹੁੰਦਾ ਹੈ। ਜਦ ਕੋਈ ਵਿਅਕਤੀ ਅੱਕਿਆ-ਥੱਕਿਆ ਹੁੰਦਾ ਹੈ ਤਾਂ ਕੁਝ ਸਮਾਂ ਆਪਣੇ ਮਨੋਰੰਜਨ ਲਈ ਕੱਢਦਾ ਹੈ।
ਮਨੋਰੰਜਨ ਦੇ ਸਾਧਨ ਆਪੋ-ਆਪਣੀ ਉਮਰ, ਹੈਸੀਅਤ, ਖੇਤਰ ਆਦਿ ਦੇ ਹਿਸਾਬ ਨਾਲ ਵੱਖ-ਵੱਖ ਹੋ ਸਕਦੇ ਹਨ ਪਰ ਕੰਮ ਇੱਕੋ ਥੱਕੇ-ਟੁੱਟੇ ਦਿਮਾਗ ਨੂੰ ਤਰੋ-ਤਾਜ਼ਾ ਕਰਨਾ ਹੁੰਦਾ ਹੈ ਪੁਰਾਣੇ ਸਮਿਆਂ ਵਿਚ ਵੀ ਸੀ ਆਰ ਮਨੋਰੰਜਨ ਦਾ ਇੱਕ ਵਿਸ਼ੇਸ਼ ਸਾਧਨ ਹੁੰਦਾ ਸੀ। ਉਸ ਸਮੇਂ ਹਰੇਕ ਘਰ ਟੀ. ਵੀ. ਨਹੀਂ ਹੁੰਦਾ ਸੀ ਤੇ ਵੀ ਸੀ ਆਰ ਵੀ ਪਿੰਡ ਵਿਚ ਟਾਵੇਂ-ਟਾਵੇਂ ਘਰਾਂ ਕੋਲ ਹੁੰਦਾ ਸੀ। ਮੈਨੂੰ ਯਾਦ ਹੈ ਕਿ ਬਚਪਨ ਵਿਚ ਬਹੁਤ ਫਿਲਮਾਂ ਦੇਖੀਆਂ ਵੀ ਸੀ ਆਰ ‘ਤੇ ਅਸੀਂ। ਪਿੰਡੋਂ ਕਿਰਾਏ ‘ਤੇ ਵੀ ਸੀ ਆਰ ਮਿਲ ਜਾਣਾ ਉਦੋਂ ਕਿਰਾਇਆ ਮਸਾਂ 10, 20 ਰੁਪਏ ਹੁੰਦਾ ਸੀ ਰਾਤ ਦਾ।
ਸਾਡਾ ਚਾਚਾ ਹੁੰਦਾ ਸੀ ਘਰਾਂ ‘ਚ, ਉਹਨੂੰ ਬੜਾ ਸ਼ੌਂਕ ਹੁੰਦਾ ਸੀ ਫਿਲਮਾਂ ਦੇਖਣ ਦਾ ਕਿਉਂਕਿ ਉਹਦੀ ਉਮਰ ਛੋਟੀ ਸੀ ਤਾਂ ਕਰਕੇ ਉਹਦੀ ਸਾਡੇ ਨਾਲ ਮੱਤ ਦੀ ਮਿਲ ਜਾਂਦੀ ਸੀ ਉਹਨੂੰ ਜਦ ਕਹਿ ਦੇਣਾ ਤਾਂ ਉਹਨੇ ਝੱਟ ਵੀ ਸੀ ਆਰ ਲੈ ਆਉਣਾ ਤੇ ਨਾਲ ਚਾਰ-ਪੰਜ ਪੰਜਾਬੀ ਫਿਲਮਾਂ ਲੈ ਆਉਣੀਆਂ ਉਨ੍ਹਾਂ ਸਮਿਆਂ ਵਿਚ ਅੱਜ ਵਾਂਗੂ ਜਣਾ-ਖਣਾ ਫਿਲਮੀ ਸਟਾਰ ਨਹੀਂ ਸੀ ਹੁੰਦਾ ਉਦੋਂ ਮੈਨੂੰ ਯਾਦ ਆ ਗੱਗੂ ਗਿੱਲ, ਯੋਗਰਾਜ, ਵਰਿੰਦਰ ਅਰਗਿਆਂ ਦੀਆਂ ਫਿਲਮਾਂ ਹੁੰਦੀਆਂ ਸੀ।
ਚਾਚੇ ਨੇ ਪਹਿਲਾਂ ਹੀ ਖੁਸ਼ਖਬਰੀ ਸੁਣਾ ਦੇਣੀ ਕਿ ਅੱਜ ਵੀ ਸੀ ਆਰ ਲਾਉਣਾ ਆਪਾਂ ਸਾਰੇ ਟਾਈਮ ਨਾਲ ਵਿਹਲੇ ਹੋ ਕੇ ਆਪਣੇ ਘਰੇ ਆ ਜਾਇਓ। ਸਾਨੂੰ ਵਿਆਹ ਜਿੰਨਾ ਚਾਅ ਚੜ੍ਹ ਜਾਣਾ ਅਸੀਂ ਵੀ ਟਾਈਮ ਨਾਲ ਹੀ ਚਾਚੇ ਕੇ ਘਰ ਜਾ ਕੇ ਬਹਿ ਜਾਣਾ।
ਸਾਡੀ ਵੱਡੀ ਚਾਚੀ ਨੇ ਚੁੱਲ੍ਹੇ ‘ਤੇ ਰੋਟੀਆਂ ਪਕਾਈ ਜਾਣੀਆਂ ਤੇ ਨਾਲੇ ਪੁੱਛਣਾ, ਪੁੱਤ ਰੋਟੀ ਖਾ ਲਓ! ਪਰ ਸਾਡਾ ਧਿਆਨ ਬਰਾਂਡੇ ‘ਚ ਪਏ ਵੀ ਸੀ ਆਰ ਵੱਲ ਜਿਆਦਾ ਹੁੰਦਾ ਸੀ। ਦਿਨ ਛਿਪਦਿਆਂ ਚਾਚੇ ਨੇ ਵੀ ਸੀ ਆਰ ਲਾ ਲੈਣਾ ਉਦੋਂ ਬਲੈਕ ਐਂਡ ਵਾਈਟ ਟੈਲੀਵਿਜ਼ਨ ਹੁੰਦੇ ਸੀ ਆਸੇ-ਪਾਸੇ ਮੁੱਕੀਆਂ ਜੀਆਂ ਮਾਰ ਕੇ ਚਾਚੇ ਨੇ ਪਹਿਲਾਂ ਟੀ. ਵੀ. ਚਲਾਉਣਾ ਤੇ ਫਿਰ ਵੀ ਸੀ ਆਰ। ਜਦ ਕਈ ਵਾਰ ਰੀਲ ਅੜ ਜਾਣੀ ਤਾਂ 10 ਰੁਪਏ ਦਾ ਨੋਟ ਚਾਚੇ ਦੇ ਹੱਥ ਵਿਚ ਹੁੰਦਾ ਸੀ ਤਾਂ ਉਹਨੇ ਝੱਟ ਰੀਲ ਕੱਢ ਕੇ ਵਿਚ ਗੋਲ ਜਾ ਕਰਕੇ ਮਾਰ ਦੇਣਾ। ਇਹ ਡਿਊਟੀ ਚਾਚੇ ਦੀ ਸਾਰੀ ਰਾਤ ਚੱਲਦੀ ਸੀ ਜਦ ਅੱਧੀ ਕੁ ਰਾਤ ਹੋਣੀ ਤਾਂ ਸਾਡੀ ਵੱਡੀ ਚਾਚੀ ਨੇ ਚਾਹ ਬਣਾ ਲਿਆਉਣੀ ਤਾਂ ਜੋ ਅਸੀਂ ਫਿਲਮ ਦੇਖਦੇ ਸੌਂ ਨਾ ਜਾਈਏ।
ਕੇਰਾਂ ਦੀ ਗੱਲ ਆ ਸਾਡੇ ਚਾਚੇ ਦੇ ਵਿਆਹ ਦੀ ਮੂਵੀ ਦੇਖਣ ਲੱਗ ਪਏ ਉਦੋਂ ਅੱਜ ਵਾਂਗ ਲੋਕ ਆਪਣੇ ਘਰਾਂ ਵਿਚ ਬੈਠ ਕੇ ਵਿਆਹ ਦੀ ਮੂਵੀ ਨਹੀਂ ਦੇਖਦੇ ਹੁੰਦੇ ਸੀ ਉਦੋਂ ਸਾਰੇ ਘਰਾਂ ਦੇ ਲੋਕ ਇਕੱਠੇ ਹੋ ਕੇ ਜੀਹਦੇ ਮੁੰਡੇ ਜਾਂ ਕੁੜੀ ਦਾ ਵਿਆਹ ਹੁੰਦਾ ਸੀ ਉਹਨਾਂ ਦੇ ਘਰ ਜਾ ਕੇ ਮੂਵੀ ਦੇਖਦੇ ਸੀ ਜਦ ਕਦੇ ਮੂਵੀ ‘ਚ ਫੋਟੋ ਆ ਜਾਣੀ ਤਾਂ ਬੜਾ ਚਾਅ ਜਿਹਾ ਹੋਣਾ। ਕੇਰਾਂ ਦੀ ਗੱਲ ਆ ਐਵੇਂ ਕੇਰਾਂ ਚਾਚੇ ਦੇ ਘਰ ਉਹਦੇ ਵਿਆਹ ਦੀ ਮੂਵੀ ਦੇਖਣ ਚਲੇ ਗਏ ਬਾਕੀ ਸਾਡੇ ਘਰਾਂ ਦੇ ਵੀ ਲਗਭਗ ਸਾਰੇ-ਸਾਰੇ ਪਰਿਵਾਰਿਕ ਮੈਂਬਰ ਬੈਠੇ ਸਨ। ਕਮਰਿਆਂ ‘ਚ ਤਾਂ ਲੋਟ ਨ੍ਹੀਂ ਆਉਂਦਾ ਸੀ ਕੰਮ ਤਾਂ ਕਰਕੇ ਵਿਹੜੇ ਵਿਚ ਮੇਜ ‘ਤੇ ਟੀ. ਵੀ. ਵੀ ਸੀ ਆਰ ਰੱਖ ਲਿਆ ਸਾਰੇ ਬੜੇ ਚਾਅ ਨਾਲ ਮੂਵੀ ਦੇਖੀ ਜਾਣ। ਅੱਧੀ ਕੁ ਰਾਤ ਨੂੰ ਮੇਰਾ ਬਾਪੂ Àੁੱਠ ਕੇ ਕੇ ਆ ਗਿਆ ਉਹਦੇ ਹੋ ਸਕਦੈ ਘੁੱਟ ਲੱਗੀ ਹੋਵੇ ਹੱਥ ‘ਚ ਉਹ ਬੰਦੂਕ ਫੜੀ ਫਿਰੇ ਨਾਲੇ ਕਰਦਾ ਫਿਰੇ, ਟੀ ਵੀ ਵਿਚ ਦੀ ਕੱਢੂੰ ਗੋਲੀ, ਕੀ ਕਿੱਤਾ ਲਾਇਆ ਅੱਧੀ ਰਾਤ ਹੋਈ ਪਈ ਆ, ਸੁੱਤਾ ਨ੍ਹੀਂ ਜਾਂਦਾ ਥੋਡੇ ਤੋਂ! ਸਾਰੇ ਸੁਸਰੀ ਵਾਂਗੂ ਝਾਕੀ ਜਾਣ ਤੇ ਸਾਰੇ ਡਰਦੇ ਘਰੋ-ਘਰੀ ਚਲੇ ਗਏ।
ਮੈਂ ਅਗਲੇ ਦਿਨ ਦੇਖਿਆ ਕਿ ਬਾਪੂ ਬੰਦੂਕ ‘ਚ ਇਹੋ -ਜਹਾ ਕੀ ਪਾਈ ਫਿਰਦਾ ਸੀ ਕਿ ਸਾਰੇ ਡਰ ਕੇ ਭੱਜ ਗਏ! ਜਦ ਮੈਂ ਦੇਖਿਆ ਤਾਂ ਮੇਰਾ ਹਾਸਾ ਨਾ ਬੰਦ ਹੋਵੇ। ਬੰਦੂਕ ਦੀਆਂ ਦੋਵੇਂ ਨਾਲਾਂ ਤਾਂ ਰੂੰ ਨਾਲ ਬੰਦ ਕੀਤੀਆਂ ਹੋਈਆਂ ਸੀ ਬਾਪੂ ਖਾਲੀ ਰਫਲ ਨਾਲ ਹੀ ਡਰਾ ਆਇਆ ਸੀ ਸਾਰਿਆਂ ਨੂੰ। ਅੱਜ ਨਾ ਤਾਂ ਮੇਰਾ ਬਾਪੂ ਆ ਤੇ ਨਾ ਹੀ ਉਹ ਚਾਚਾ ਤੇ ਨਾ ਹੀ ਸ਼ਾਇਦ ਪਿੰਡ ਵਿਚ ਕਿਸੇ ਕੋਲ ਵੀ ਸੀ ਆਰ ਆ! ਵੱਡੇ-ਵੱਡੇ ਸਿਨੇਮਿਆਂ ਵਿਚ ਫਿਲਮਾਂ ਦੇਖ ਕੇ ਕੁਝ ਸਮਾਂ ਮਨੋਰੰਜਨ ਤਾਂ ਹੁੰਦਾ ਪਰ ਉਹ ਵੀ ਸੀ ਆਰ ਦੇਖ ਕੇ ਜੋ ਰੂਹ ਨੂੰ ਖੁਸ਼ੀ ਮਿਲਦੀ ਸੀ ਉਹ ਕਿਤੇ ਨਹੀਂ ਥਿਆਉਂਦੀ ਤੇ ਨਾ ਹੀ ਕੋਕ ਆਲਾ ਬੱਤਾ ਚਾਚੀ ਦੀ ਚਾਹ ਜਿੰਨਾ ਸੁਆਦ ਦਿੰਦਾ।
ਪਿੰਡ ਕੋਟਲੀ ਅਬਲੂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।