ਅਧਿਆਪਕ ਏਕਤਾ ਨੂੰ ਮਜਬੂਤ ਕਰਨ ਲਈ ਵੱਖ- ਵੱਖ ਜਥੇਬੰਦੀਆਂ ਨੇ ਡੈਮੋਕ੍ਰੇਟਿਕ ਟੀਚਰ ਫਰੰਟ ’ਚ ਕੀਤਾ ਰਲੇਵਾਂ

Teacher Unity Sachkahoon

6505, 5178, 6060, 3582 ਅਧਿਆਪਕ ਜਥੇਬੰਦੀਆਂ ਵੀ ਹੋਈਆਂ ਡੀ.ਟੀ.ਐੱਫ. ’ਚ ਮਰਜ਼

(ਜਸਵੀਰ ਸਿੰਘ ਗਹਿਲ) ਬਰਨਾਲਾ। ਅਧਿਆਪਕ ਲਹਿਰ ਨੂੰ ਮਜਬੂਤ ਕਰਨ ਲਈ ਬਰਨਾਲਾ ਦੀਆਂ ਵੱਖ-ਵੱਖ ਅਧਿਆਪਕ ਜਥੇਬੰਦੀਆਂ ਵੱਲੋਂ ਸਥਾਨਕ ਤਰਕਸ਼ੀਲ ਭਵਨ ਵਿਖੇ ਅਧਿਆਪਕ ਏਕਤਾ ਕਮੇਟੀ ਦੀ ਅਗਵਾਈ ਹੇਠ ਅਧਿਆਪਕ ਏਕਤਾ ਕਨਵੈਨਸ਼ਨ ਕਰਵਾਈ ਗਈ। ਇਸ ਮੌਕੇ ਡੈਮੋਕ੍ਰੇਟਿਕ ਟੀਚਰ ਫਰੰਟ ਦੇ ਵਿਚਾਰਾਂ ਅਤੇ ਸਿਧਾਂਤਾਂ ਨੂੰ ਪ੍ਰਣਾਉਂਦਿਆਂ ਐੱਸ. ਐੱਸ.ਏ/ਰਮਸਾ ਅਧਿਆਪਕ ਵੱਡੀ ਗਿਣਤੀ ਵਿੱਚ ਡੈਮੋਕ੍ਰੇਟਿਕ ਟੀਚਰ ਫਰੰਟ ਵਿੱਚ ਸ਼ਾਮਲ ਹੋਏ।

ਇਸ ਮੌਕੇ ਮੁੱਖ ਬੁਲਾਰੇ ਦੇ ਤੌਰ ’ਤੇ ਪਹੁੰਚੇ ਡੈਮੋਕ੍ਰੇਟਿਕ ਟੀਚਰ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਨੇ ਸਰਕਾਰ ਦੇ ਸਿੱਖਿਆ ਵਿਰੋਧੀ ਮਾਰੂ ਹਮਲਿਆਂ ’ਤੇ ਵਰ੍ਹਦਿਆਂ ਕਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਬਦਲਣ ਨਾਲ ਸਰਕਾਰ ਦੀਆਂ ਨਾਕਾਮੀਆਂ ਨਹੀਂ ਲੁਕ ਸਕਦੀਆਂ, ਸਮੇਂ ਦੀ ਲੋੜ ਨੀਤੀਆਂ ਨੂੰ ਬਦਲਣ ਦੀ ਹੈ, ਪਰ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਜੋ ਫੈਸਲੇ ਕਰ ਰਹੇ ਹਨ, ਉਹਨਾਂ ਤੋਂ ਵੀ ਕੋਈ ਵਧੀਆ ਆਸ ਸਿੱਖਿਆ ਨੂੰ ਬਚਾਉਣ ਦੀ ਨਜ਼ਰ ਨਹੀਂ ਆ ਰਹੀ, ਸਿਰਫ਼ ਚਿਹਰੇ ਬਦਲਣ ਦਾ ਕਾਂਗਰਸ ਸਰਕਾਰ ਨਾਟਕ ਕਰਕੇ ਸਿੱਖਿਆ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਦੇ ਆਪਣੇ ਏਜੰਡੇ ’ਤੇ ਬਜਿੱਦ ਹੈ, ਜਿਸ ਦਾ ਆਉਣ ਵਾਲੇ ਸਮੇਂ ਵਿੱਚ ਡੀ.ਟੀ.ਐੱਫ. ਵੱਲੋਂ ਸਖਤ ਨੋਟਿਸ ਲੈਂਦਿਆਂ ਜਬਰਦਸਤ ਵਿਰੋਧ ਕੀਤਾ ਜਾਵੇਗਾ ਅਤੇ ਅਧਿਆਪਕ ਏਕਤਾ ਨੂੰ ਮਜਬੂਤ ਕਰਨ ਲਈ ਏਕਤਾ ਵੱਲ ਹੋਰ ਸੁਹਿਰਦ ਯਤਨ ਕੀਤੇ ਜਾਣਗੇ।

ਇਸ ਕੰਨਵੈਨਸ਼ਨ ਵਿੱਚ ਡੈਮੋਕ੍ਰੇਟਿਕ ਟੀਚਰ ਫਰੰਟ, ਐੱਸ. ਐੱਸ.ਏ/ ਰਮਸਾ ਅਧਿਆਪਕ ਯੂਨੀਅਨ, 5178 ਮਾਸਟਰ ਕਾਡਰ ਯੂਨੀਅਨ, 6060 ਅਧਿਆਪਕ ਯੂਨੀਅਨ, 3582 ਅਧਿਆਪਕ ਯੂਨੀਅਨ ਤੇ 6505 ਈ:ਟੀ:ਟੀ: ਅਧਿਆਪਕ ਯੂਨੀਅਨ ਨੇ ਵੀ ਭਾਗ ਲਿਆ। ਇਸ ਤੋਂ ਇਲਾਵਾ 6505 ਈ:ਟੀ:ਟੀ: ਅਧਿਆਪਕ ਜਸਵੀਰ ਭੰਮਾ, 5178 ਅਧਿਆਪਕ ਲਖਵੀਰ ਠੁੱਲੀਵਾਲ, 6060 ਅਧਿਆਪਕ ਯੂਨੀਅਨ ਸੁਖਪ੍ਰੀਤ ਬੜੀ, ਰਘਬੀਰ ਮਹਿਤਾ, 3582 ਅਧਿਆਪਕ ਯੂਨੀਅਨ ਪ੍ਰਦੀਪ ਬਖਤਗੜ ਦੀ ਅਗਵਾਈ ਵਿੱਚ ਡੀ.ਟੀ.ਐੱਫ.ਵਿੱਚ ਸ਼ਾਮਲ ਹੋਏ, ਜਿਨਾਂ ਦਾ ਸਵਾਗਤ ਕਰਦਿਆਂ ਡੈਮੋਕ੍ਰੇਟਿਕ ਟੀਚਰ ਫਰੰਟ ਦੇ ਆਗੂਆਂ ਨੇ ਸਵਾਗਤ ਕਰਦਿਆਂ ਕਿਹਾ ਕਿ ਜੁਝਾਰੂ ਸਾਥੀਆਂ ਦੇ ਆਉਣ ਨਾਲ ਅਧਿਆਪਕ ਏਕਤਾ ਤੇ ਲਹਿਰ ਨੂੰ ਮਜਬੂਤੀ ਮਿਲੇਗੀ, ਉੱਥੇ ਹੀ ਸਰਕਾਰ ਦੇ ਜਿਸ ਤਰਾਂ ਸਿੱਖਿਆ ਵਿਰੋਧੀ ਏਜੰਡੇ ਹਨ,ਉਹਨਾਂ ਖਿਲਾਫ਼ ਇੱਕਜੁੱਟਤਾ ਨਾਲ ਲੜਨਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਰਾਜੀਵ ਬਰਨਾਲਾ ਨੇ ਬਾਖੂਬੀ ਨਿਭਾਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ