ਚੰਡੀਗੜ੍ਹ (ਸੱਚ ਕਹੂੰ ਨਿਊਜ਼)। Vande Bharat Stoppage: ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਨਵੀਂ ਦਿੱਲੀ ’ਚ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨਾਲ ਮੁਲਾਕਾਤ ਕੀਤੀ ਅਤੇ ਬਰਨਾਲਾ ਵਿੱਚ ਵੰਦੇ ਭਾਰਤ ਰੇਲਗੱਡੀ ਦੇ ਸਟਾਪੇਜ ਦੀ ਮੰਗ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ। ਮੀਤ ਹੇਅਰ ਨੇ ਜ਼ੋਰ ਦੇ ਕੇ ਕਿਹਾ ਕਿ ਨਵੀਂ ਦਿੱਲੀ ਤੋਂ ਫਿਰੋਜ਼ਪੁਰ ਛਾਉਣੀ ਤੱਕ ਚੱਲਣ ਵਾਲੀ ਨਵੀਂ ਵੰਦੇ ਭਾਰਤ ਰੇਲਗੱਡੀ ਲਈ ਬਰਨਾਲਾ ਸਟੇਸ਼ਨ ’ਤੇ ਸਟਾਪੇਜ ਬਹੁਤ ਲਾਭਦਾਇਕ ਹੋਵੇਗਾ। ਮੀਤ ਹੇਅਰ ਨੇ ਦੱਸਿਆ ਕਿ ਬਰਨਾਲਾ ਰੇਲਵੇ ਸਟੇਸ਼ਨ ’ਤੇ ਸਟਾਪੇਜ ਨਾ ਸਿਰਫ਼ ਸ਼ਹਿਰ ਵਾਸੀਆਂ ਲਈ ਸੁਵਿਧਾਜਨਕ ਹੋਵੇਗਾ ਬਲਕਿ ਨੇੜਲੇ ਸੈਂਕੜੇ ਪਿੰਡਾਂ ਤੇ ਕਸਬਿਆਂ ਨੂੰ ਸਿੱਧਾ ਸੰਪਰਕ ਵੀ ਪ੍ਰਦਾਨ ਕਰੇਗਾ।
ਇਹ ਖਬਰ ਵੀ ਪੜ੍ਹੋ : Sunam News: ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਚੱਠਾ ਨਨਹੇੜਾ, ਖਡਿਆਲ ਤੇ ਸੁਨਾਮ ’ਚ ਨੁੱਕੜ ਮੀਟਿੰਗਾਂ
ਉਨ੍ਹਾਂ ਕਿਹਾ, ‘ਬਰਨਾਲਾ ਤੇ ਆਲੇ ਦੁਆਲੇ ਦੇ ਪੇਂਡੂ ਖੇਤਰਾਂ ਦੇ ਲੋਕ ਲੰਬੇ ਸਮੇਂ ਤੋਂ ਅਜਿਹੀ ਸਹੂਲਤ ਦੀ ਉਡੀਕ ਕਰ ਰਹੇ ਹਨ। ਇਹ ਸਟਾਪੇਜ ਉਨ੍ਹਾਂ ਦੀ ਯਾਤਰਾ ਨੂੰ ਆਰਾਮਦਾਇਕ ਤੇ ਸੁਰੱਖਿਅਤ ਬਣਾਏਗਾ।’ ਸੰਸਦ ਮੈਂਬਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਇਹ ਮੰਗ ਕਈ ਵਾਰ ਸੰਸਦ ’ਚ ਉਠਾਈ ਸੀ, ਅਤੇ ਹੁਣ ਜਦੋਂ ਨਵੀਂ ਦਿੱਲੀ ਤੋਂ ਫਿਰੋਜ਼ਪੁਰ ਛਾਉਣੀ ਤੱਕ ਵੰਦੇ ਭਾਰਤ ਰੇਲਗੱਡੀ ਚਲਾਉਣ ਦਾ ਪ੍ਰਸਤਾਵ ਆਇਆ ਹੈ, ਤਾਂ ਬਰਨਾਲਾ ਵਿੱਚ ਇਸਦਾ ਸਟਾਪੇਜ ਯਕੀਨੀ ਬਣਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਰੇਲਵੇ ਰਾਜ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਮੰਗ ’ਤੇ ਵਿਚਾਰ ਕੀਤਾ ਜਾਵੇਗਾ ਤੇ ਰੇਲ ਗੱਡੀ ਜਲਦੀ ਹੀ ਬਰਨਾਲਾ ਰੇਲਵੇ ਸਟੇਸ਼ਨ ’ਤੇ ਰੁਕੇਗੀ।
ਬਰਨਾਲਾ ਲਈ ਇਤਿਹਾਸਕ ਮੌਕਾ | Vande Bharat Stoppage
ਮੀਤ ਹੇਅਰ ਨੇ ਕਿਹਾ ਕਿ ਬਰਨਾਲਾ ਵਿੱਚ ਵੰਦੇ ਭਾਰਤ ਰੇਲ ਗੱਡੀ ਦਾ ਰੁਕਣਾ ਇੱਕ ਇਤਿਹਾਸਕ ਮੌਕਾ ਹੋਵੇਗਾ। ਇਸ ਨਾਲ ਸ਼ਹਿਰ ਤੇ ਆਲੇ-ਦੁਆਲੇ ਦੇ ਖੇਤਰਾਂ ’ਚ ਸੈਰ-ਸਪਾਟਾ, ਵਪਾਰ ਤੇ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ। ਸੰਸਦ ਮੈਂਬਰ ਨੇ ਕਿਹਾ ਕਿ ਜਦੋਂ ਰੇਲ ਗੱਡੀ ਬਰਨਾਲਾ ਸਟੇਸ਼ਨ ’ਤੇ ਰੁਕੇਗੀ, ਤਾਂ ਉਹ ਤੇ ਬਰਨਾਲਾ ਦੇ ਨਾਗਰਿਕ ਇਸਦਾ ਸ਼ਾਨਦਾਰ ਸਵਾਗਤ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਇਸ ਰੁਕਣ ਨਾਲ ਬਰਨਾਲਾ ਦੇ ਵਿਦਿਆਰਥੀ, ਵਪਾਰਕ ਭਾਈਚਾਰਾ ਤੇ ਰੋਜ਼ਾਨਾ ਯਾਤਰੀ ਰਾਸ਼ਟਰੀ ਰਾਜਧਾਨੀ ਦੀ ਤੇਜ਼ ਤੇ ਆਰਾਮਦਾਇਕ ਯਾਤਰਾ ਦਾ ਆਨੰਦ ਮਾਣ ਸਕਣਗੇ। ਮੀਤ ਹੇਅਰ ਨੇ ਰੇਲਵੇ ਮੰਤਰਾਲੇ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਹੁਣ ਪੂਰੀ ਹੋਣ ਦੇ ਕੰਢੇ ਹੈ।