ਔਕਸੀਟੋਸਿਨ ‘ਤੇ ਸਖ਼ਤੀ ਨਾਲ ਪਾਬੰਦੀ ਲਾਏਗਾ ਪੰਜਾਬ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼) ਪੰਜਾਬ ਵਿੱਚ ਮੱਝਾਂ ਦੇ ਟੀਕੇ ਨਾਲ ਪੰਜਾਬ ਦੀ ਸਿਹਤ ਖ਼ਰਾਬ ਹੋ ਰਹੀ ਹੈ, ਕਿਉਂਕਿ ਇਨ੍ਹਾਂ ਟੀਕਿਆਂ ਨਾਲ ਮੱਝ ਦਾ ਦੁੱਧ ਤਾਂ ਵੱਧ ਜਾਂਦਾ ਹੈ ਪਰ ਇਸ ਨਾਲ ਆਮ ਲੋਕਾਂ ਦੀ ਸਿਹਤ ‘ਤੇ ਅਸਰ ਪੈਣ ਕਾਰਨ ਕਾਫ਼ੀ ਜਿਆਦਾ ਦਿੱਕਤ ਆ ਰਹੀ ਹੈ। ਇੱਥੇ ਹੀ ਇਨ੍ਹਾਂ ਟੀਕਿਆਂ ਦਾ ਇਸਤੇਮਾਲ ਹੋਰ ਖਾਣ-ਪੀਣ ਦੀਆਂ ਚੀਜ਼ਾਂ ‘ਤੇ ਕਰਨ ਨਾਲ ਆਮ ਲੋਕਾਂ ਦੀ ਜਿੰਦਗੀ ‘ਤੇ ਕਾਫ਼ੀ ਜਿਆਦਾ ਬੂਰਾ ਪ੍ਰਭਾਵ ਪੈ ਰਿਹਾ ਹੈ, ਜਿਸ ਕਾਰਨ ਹੁਣ ਪੰਜਾਬ ਸਰਕਾਰ ਇਸ ਟੀਕੇ ‘ਤੇ ਹੀ ਪਾਬੰਦੀ ਲਗਾਉਣ ਜਾ ਰਹੀ ਹੈ। ਪੰਜਾਬ ਵਿੱਚ ਮਿਲਣ ਵਾਲੀ ਦਵਾਈ ਔਕਸੀਟੋਸਿਨ ਦੀ ਦੁਰਵਰਤੋਂ ਰੋਕਣ ਲਈ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਕਾਹਨ ਸਿੰਘ ਪੰਨੂ ਨੇ ਸਿਹਤ ਤੇ ਪਰਿਵਾਰ ਭਲਾਈ, ਪਸ਼ੂ ਪਾਲਣ, ਡੇਅਰੀ ਵਿਕਾਸ ਦੇ ਨਾਲ ਨਾਲ ਸਥਾਨਕ ਸਰਕਾਰਾਂ ਵਿਭਾਗ ਨੂੰ ਲਿਖਿਆ ਹੈ ਕਿ ਉਹ ਇਸ ਦਵਾਈ ਦੀ ਵਰਤੋਂ ‘ਤੇ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨਾ ਯਕੀਨੀ ਬਣਾਉਣ।
ਮਿਸ਼ਨ ਤੰਦਰੁਸਤ ਦੇ ਡਾਇਰੈਕਟਰ ਪੰਨੂੰ ਨੇ ਦੱਸਿਆ ਕਿ ਔਕਸੀਟੋਸਿਨ ਕੁਦਰਤੀ ਤੌਰ ‘ਤੇ ਪੈਦਾ ਹੋਣ ਵਾਲਾ ਹਾਰਮੋਨ ਹੈ, ਜੋ ਬੱਚੇ ਦੇ ਜਨਮ ਤੇ ਨਵੀਆਂ ਮਾਵਾਂ ਲਈ ਬੱਚੇ ਨੂੰ ਦੁੱਧ ਪਿਲਾਉਣ ਲਈ ਲੋੜੀਂਦਾ ਹੈ ਪਰ ਇਸ ਦਵਾਈ ਦੀ ਡੇਅਰੀ ਸਨਅਤ ‘ਚ ਵੱਡੇ ਪੱਧਰ ‘ਤੇ ਦੁਰਵਰਤੋਂ ਹੋ ਰਹੀ ਹੈ। ਇਸ ਦਵਾਈ ਨੂੰ ਮੱਝਾਂ ਤੋਂ ਵੱਧ ਦੁੱਧ ਲੈਣ ਲਈ ਵਰਤਿਆ ਜਾ ਰਿਹਾ ਹੈ ਪਰ ਇਸ ਤਰ੍ਹਾਂ ਪੈਦਾ ਕੀਤਾ ਦੁੱਧ ਪੀਣ ਨਾਲ ਮਨੁੱਖਾਂ ‘ਚ ਹਾਰਮੋਨਾਂ ਦਾ ਤਵਾਜ਼ਨ ਵਿਗੜ ਜਾਂਦਾ ਹੈ। ਇਸ ਦਵਾਈ ਦੀ ਵਰਤੋਂ ਕੱਦੂ, ਖ਼ਰਬੂਜੇ, ਬੈਂਗਣ, ਘੀਆ ਤੇ ਖ਼ੀਰੇ ਵਰਗੀਆਂ ਸਬਜ਼ੀਆਂ ਦਾ ਆਕਾਰ ਵਧਾਉਣ ਲਈ ਵੀ ਕੀਤੀ ਜਾਂਦੀ ਹੈ। ਇਸ ਦੀ ਦੁਰਵਰਤੋਂ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਸਰਕਾਰ ਨੇ ਇਸ ਦਵਾਈ ਦੀ ਘਰੇਲੂ ਵਰਤੋਂ ‘ਤੇ ਪਾਬੰਦੀ ਲਾਈ ਹੈ, ਜਿਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੂੰ ਵੀ ਇਸ ਪਾਬੰਦੀ ਨੂੰ ਪੰਜਾਬ ਵਿੱਚ ਸਖ਼ਤੀ ਨਾਲ ਲਾਗੂ ਕਰਨ ਲਈ ਢੁੱਕਵੇਂ ਕਦਮ ਚੁੱਕਣ ਦੀ ਲੋਣ ਹੈ।
ਇਸ ਕਾਰਨ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਇਸ ਦਵਾਈ ਦੀ ਗੈਰ ਕਾਨੂੰਨੀ ਵਿਕਰੀ ਤੇ ਵਰਤੋਂ ਉਤੇ ਸਖ਼ਤੀ ਨਾਲ ਨਜ਼ਰ ਰੱਖੀ ਜਾਵੇਗੀ। ਇਸ ਤੋਂ ਇਲਾਵਾ ਪੰਜਾਬ ਵਿਚਲੇ ਸਾਰੇ ਰਜਿਸਟਰਡ ਸਰਕਾਰੀ ਤੇ ਪ੍ਰਾਈਵੇਟ ਹਸਪਤਾਲਾਂ ਨੂੰ ਸਲਾਹ ਦਿੱਤੀ ਜਾਵੇਗੀ ਕਿ ਉਹ ਇਸ ਦਵਾਈ ਲਈ ਕਰਨਾਟਕ ਐਂਟੀਬਾਇਓਟਿਕਸ ਤੇ ਫਾਰਮਾਸਿਊਟੀਕਲ ਲਿਮੀਟਿਡ (ਕੇਏਪੀਐਲ) ਨਾਲ ਸੰਪਰਕ ਕਰਨ ਤੇ ਆਪਣੇ ਆਡਰ ਦੇਣ ਕਿਉਂਕਿ ਇਹ ਦਵਾਈ ਹੁਣ ਪਰਚੂਨ ਵਿਕਰੀ ਲਈ ਕੈਮਿਸਟਾਂ ਜਾਂ ਹੋਰ ਉਤਪਾਦਕਾਂ ਕੋਲ ਉਪਲੱਬਧ ਨਹੀਂ ਹੋਵੇਗੀ।
ਸਿਰਫ ਕੇਏਪੀਐੱਲ ਕੰਪਨੀ ਕਰੇਗੀ ਦਵਾਈ ਦਾ ਉਤਪਾਦਨ
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ 27 ਅਪਰੈਲ 2018 ਨੂੰ ਆਪਣੇ ਨੋਟੀਫਿਕੇਸ਼ਨ ਨੰਬਰ 279 ਅਨੁਸਾਰ ਔਕਸੀਟੋਸਿਨ ਦੀ ਵਿਕਰੀ ‘ਤੇ ਪਾਬੰਦੀ ਲਾਈ ਹੈ। ਇਹ ਨੋਟੀਫਿਕੇਸ਼ਨ ਪਹਿਲੀ ਜੁਲਾਈ 2018 ਤੋਂ ਲਾਗੂ ਹੈ। ਪਹਿਲੀ ਜੁਲਾਈ ਤੋਂ ਬਾਅਦ ਕਿਸੇ ਵੀ ਪ੍ਰਾਈਵੇਟ ਉਤਪਾਦਕ ਨੂੰ ਇਸ ਦਵਾਈ ਦਾ ਉਤਪਾਦਨ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ। ਹੁਣ ਸਿਰਫ਼ ਸਰਕਾਰੀ ਕੰਪਨੀ ਕੇ.ਏ.ਪੀ.ਐੱਲ. ਇਸ ਦਵਾਈ ਦਾ ਉਤਪਾਦਨ ਕਰੇਗੀ ਤੇ ਉਹ ਹੀ ਸਰਕਾਰੀ ਤੇ ਪ੍ਰਾਈਵੇਟ ਖੇਤਰ ਦੇ ਰਜਿਸਟਰਡ ਹਸਪਤਾਲਾਂ ਨੂੰ ਇਹ ਦਵਾਈ ਸਪਲਾਈ ਕਰੇਗੀ। ਕੈਮਿਸਟਾਂ ਦੀਆਂ ਦੁਕਾਨਾਂ ‘ਤੇ ਔਕਸੀਟੋਸਿਨ ਨੂੰ ਕਿਸੇ ਵੀ ਰੂਪ ‘ਚ ਵੇਚਣ ਦੀ ਇਜਾਜ਼ਤ ਨਹੀਂ ਹੋਵੇਗੀ। ਸਰਕਾਰ ਨੇ ਇਸ ਦਵਾਈ ਦੀ ਦਰਾਮਦ ‘ਤੇ ਵੀ ਪਾਬੰਦੀ ਲਾਈ ਹੈ।