ਕਰਵਾ ਚੌਥ ਦਾ ਤਿਉਹਾਰ ਟੈਂਟ ‘ਚ 24 ਘੰਟੇ ਦੀ ਭੁੱਖ ਹੜਤਾਲ ਰੱਖ ਕੇ ਮਨਾਉਣਗੀਆਂ ਅਧਿਆਪਕਾਵਾਂ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਕਰਵਾ ਚੌਥ ਦਾ ਵਰਤ ਵੀ ਮਹਿਲਾ ਅਧਿਆਪਕਾਂ ਲਈ ਸੰਘਰਸ਼ ਦਾ ਦਿਨ ਹੋ ਨਿੱਬੜੇਗਾ। ਕੱਲ੍ਹ ਕਰਵਾ ਚੌਥ ਮੌਕੇ ਵੱਡੀ ਗਿਣਤੀ ਅਧਿਆਪਕਾਵਾਂ ਸਾਂਝਾ ਅਧਿਆਪਕ ਮੋਰਚਾ ਵੱਲੋਂ ਸ਼ੁਰੂ ਕੀਤੀ ਗਈ ਭੁੱਖ ਹੜ੍ਹਤਾਲ ਮੌਕੇ ਆਪਣੇ ਹੱਕਾਂ ਲਈ ਡੱਟਣਗੀਆਂ। ਇਹ ਅਧਿਆਪਕਾਵਾਂ ਸਾਂਝਾ ਮੋਰਚਾ ਦੇ ਟੈਂਟ ਵਿੱਚ ਹੀ ਭੁੱਖ ਹੜਤਾਲ ਰੱਖ ਕੇ ਆਪਣਾ ਕਰਵਾ ਚੌਂਕ ਵਾਲਾ ਤਿਉਹਾਰ ਮਨਾਉਣਗੀਆਂ। ਜਾਣਕਾਰੀ ਅਨੁਸਾਰ ਸਾਂਝਾ ਅਧਿਆਪਕ ਮੋਰਚਾ ਵੱਲੋਂ ਆਪਣੀ ਤਨਖਾਹ ਕਟੌਤੀ ਦੇ ਮਾਮਲੇ ਨੂੰ ਲੈ ਕੇ ਲਗਾਇਆ ਗਿਆ ਪੱਕਾ ਮੋਰਚਾ ਅੱਜ 20ਵੇਂ ਦਿਨ ਵਿੱਚ ਪੁੱਜ ਗਿਆ ਹੈ।
ਅੱਜ 11 ਅਧਿਆਪਕ ਪਹਿਲੇ ਦਿਨ 24-24 ਘੰਟੇ ਦੀ ਭੁੱਖ ਹੜਤਾਲ ‘ਤੇ ਬੈਠੇ ਜਦਕਿ ਕੱਲ੍ਹ ਨੂੰ ਕਰਵਾ ਚੌਥ ਦੇ ਵਰਤ ਮੌਕੇ ਸਿਰਫ਼ ਮਹਿਲਾ ਅÎਧਿਆਪਕਾਵਾਂ ਹੀ ਇਸ ਭੁੱਖ ਹੜਤਾਲ ‘ਤੇ ਬੈਠਣਗੀਆਂ। ਪਤਾ ਲੱਗਾ ਹੈ ਕਿ ਦਰਜ਼ਨ ਭਰ ਤੋਂ ਵੱਧ ਅਧਿਆਪਕਾਵਾਂ ਭੁੱਖ ਹੜਤਾਲ ‘ਤੇ ਡੱਟਣਗੀਆਂ। ਕਰਵਾ ਚੌਥ ਦੇ ਵਰਤ ਮੌਕੇ ਭੁੱਖ ਹੜਤਾਲ ‘ਤੇ ਬੈਠਣ ਵਾਲੀਆਂ ਅਧਿਆਪਕਾਵਾਂ ਵਿੱਚ ਕੁਲਦੀਪ ਕੌਰ ਮਾਨਸਾ, ਸੋਨੀਆ ਪਟਿਆਲਾ, ਸੁਖਵਿੰਦਰ ਕੌਰ ਬਰਨਾਲਾ, ਹਰਜੀਤ ਕੌਰ ਪਟਿਆਲਾ, ਨਵਜੋਤ ਕੌਰ ਬਰਨਾਲਾ, ਅਮਨਦੀਪ ਕੌਰ ਬਰਨਾਲਾ, ਨਨੀਤਾ ਨਾਭਾ, ਗਗਨ ਨਾਭਾ ਆਦਿ ਸ਼ਾਮਲ ਹਨ।
ਇਨ੍ਹਾਂ ਅਧਿਆਪਕਾਵਾਂ ਦਾ ਕਹਿਣਾ ਹੈ ਕਿ ਇਸ ਸਰਕਾਰ ਨੇ ਤਾ ਉਨ੍ਹਾਂ ਦੇ ਤਿਉਹਾਰਾਂ ਨੂੰ ਵੀ ਸੰਘਰਸ਼ ਦੇ ਤਿਉਹਾਰ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਰਵਾ ਚੌਥ ਦਾ ਤਿਉਹਾਰ ਹਰੇਕ ਔਰਤ ਲਈ ਖਾਸ ਮਹੱਤਵ ਰੱਖਦਾ ਹੈ ਤੇ ਇਸ ਦਿਨ ਔਰਤ ਆਪਣੇ ਪਰਿਵਾਰ ਨਾਲ ਰਹਿ ਕੇ ਆਪਣਾ ਵਰਤ ਰੱਖਦੀ ਹੈ ਪਰ ਇਸ ਚੰਦਰੀ ਸਰਕਾਰ ਨੇ ਉਨ੍ਹਾਂ ਨੂੰ ਆਪਣੀਆਂ ਉਚ ਡਿਗਰੀਆਂ ਦੇ ਹੁੰਦਿਆਂ ਹੋਇਆਂ ਸੜਕਾਂ ‘ਤੇ ਰੋਲ ਰੱਖਿਆ ਹੈ ਅਤੇ ਇੱਥੇ ਹੀ ਆਪਣੇ ਹੱਕਾਂ ਲਈ ਕਰਵਾ ਚੌਥ ਦਾ ਤਿਉਹਾਰ ਰੱਖਣਗੀਆਂ।
ਸੋਨੀਆ ਪਟਿਆਲਾ ਦਾ ਕਹਿਣਾ ਸੀ ਕਿ ਤਨਖਾਹ ਕਟੌਤੀ ਨੇ ਤਾਂ ਉਨ੍ਹਾਂ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲਗਾ ਦਿੱਤਾ ਹੈ। ਉਸ ਨੇ ਕਿਹਾ ਕਿ ਉਹ ਪਿਛਲੇ 20 ਦਿਨਾਂ ਤੋਂ ਇਸ ਸੰਘਰਸ਼ ‘ਚ ਡਟੀ ਹੋਈ ਹੈ, ਪਰ ਸਰਕਾਰ ਧੀਆਂ ‘ਤੇ ਤਰਸ ਨਹੀਂ ਕਰ ਰਹੀ। ਉਸ ਨੇ ਮਿਹਣਾ ਮਾਰਦਿਆਂ ਕਿਹਾ ਕਿ ਇੱਕ ਪਾਸੇ ਸਰਕਾਰਾਂ ਬੇਟੀ ਬਚਾਓ, ਬੇਟੀ ਪੜ੍ਹਾਓ ਦੀ ਗੱਲ ਆਖ ਰਹੀਆਂ ਹਨ ਜਦਕਿ ਦੂਜੇ ਪਾਸੇ ਪੜ੍ਹੀਆਂ ਹੋਈਆਂ ਬੇਟੀਆਂ ਦੇ ਹੱਕ ਖੋਹੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਉੁਹ ਆਪਣੇ ਹੱਕਾਂ ਲਈ ਲੜਦੇ ਰਹਿਣਗੇ।
ਇਨ੍ਹਾਂ ਅਧਿਆਪਕ ਆਗੂਆਂ ਦਾ ਕਹਿਣਾ ਸੀ ਕਿ ਕੱਲ੍ਹ ਨੂੰ ਕਰਵਾ ਚੌਥ ਵਾਲੇ ਦਿਨ ਵੀ ਇੱਥੇ ਟੈਂਟ ‘ਚ ਭੁੱਖ ਹੜਤਾਲ ‘ਤੇ ਡੱਟਣਗੀਆਂ ਤੇ ਇੱਥੇ ਹੀ ਆਪਣਾ ਤਿਉਹਾਰ ਮਨਾਉਣਗੀਆਂ। ਦੱਸਣਯੋਗ ਹੈ ਕਿ ਕੱਲ ਦੋ ਜਥੇਬੰਦੀਆਂ ਵੱਲੋਂ ਆਪਣਾ ਮਰਨ ਵਰਤ ਸਮਾਪਤ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਅੱਜ 24 ਘੰਟੇ ਦੀ ਭੁੱਖ ਹੜਤਾਲ ‘ਤੇ 11 ਅਧਿਆਪਕ ਬੈਠੇ। ਅਧਿਆਪਕ ਆਗੂਆਂ ਹਰਦੀਪ ਸਿੰਘ ਟੋਡਰਪੁਰ, ਗੁਰਜਿੰਦਰ ਪਾਲ ਸਿੰਘ ਤੇ ਵਿਕਰਮਦੇਵ ਸਿੰਘ ਦਾ ਕਹਿਣਾ ਹੈ ਕਿ ਉਹ 5 ਨਵੰਬਰ ਤੱਕ ਆਪਣਾ ਸੰਘਰਸ਼ ਇਸੇ ਤਰ੍ਹਾਂ ਹੀ ਜਾਰੀ ਰੱਖਣਗੇ ਤੇ ਜੇਕਰ ਮੁੱਖ ਮੰਤਰੀ ਨਾਲ ਮੀਟਿੰਗ ਦੌਰਾਨ ਕੋਈ ਮਸਲਾ ਹੱਲ ਨਾ ਹੋਇਆ ਤਾਂ ਉਸ ਤੋਂ ਬਾਅਦ ਤਕੜਾ ਸੰਘਰਸ਼ ਆਰੰਭਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।