ਪਟਿਆਲਾ-ਨਾਭਾ ਤੇ ਪਟਿਆਲਾ-ਸਰਹਿੰਦ ਰੋਡ ਨੂੰ ਫੋਰ ਲੇਨ ਕਰਨ ਦੀ ਮੰਗ
ਪਿਛਲੇ ਦਿਨੀਂ ਗੁਰਤੇਜ ਢਿੱਲੋਂ ਨੇ ਕੀਤੀ ਸੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਮੁਲਾਕਾਤ
ਖੁਸ਼ਵੀਰ ਸਿੰਘ ਤੂਰ, ਪਟਿਆਲਾ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਇੰਪਰੂਵਮੈਂਟ ਟਰੱਸਟ ਨਾਭਾ ਦੇ ਸਾਬਕਾ ਚੇਅਰਮੈਨ ਗੁਰਤੇਜ ਸਿੰਘ ਢਿੱਲੋਂ ਪਟਿਆਲਾ-ਨਾਭਾ ਅਤੇ ਪਟਿਆਲਾ-ਸਰਹਿੰਦ ਰੋਡ ਨੂੰ ਫੋਰ ਲੇਨ ਬਣਾਉਣ ਦਾ ਚੁੱਕਿਆ ਬੀੜਾ ਪ੍ਰਤੀ ਦਿਨ ਰਫਤਾਰ ਫੜਦਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਕੇਂਦਰੀ ਵਣਿਜ ਤੇ ਉਦਯੋਗ ਮੰਤਰੀ ਭਾਰਤ ਸਰਕਾਰ ਸੋਮ ਪ੍ਰਕਾਸ ਵੱਲੋਂ ਗੁਰਤੇਜ ਸਿੰਘ ਢਿੱਲੋਂ ਵੱਲੋਂ ਉਲੀਕੇ ਪ੍ਰੋਜੈਕਟਾਂ ’ਤੇ ਪਿੱਠ ਥਾਪੜਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਆਪਣੇ ਵੱਲੋਂ ਵੀ ਚਿੱਠੀ ਲਿਖ ਕੇ ਉਪਰੋਕਤ ਦੋਵੇਂ ਫੋਰ ਲੇਨ ਪ੍ਰੋਜੈਕਟਾਂ ਨੂੰ ਨੇਪਰੇ ਚਾੜ੍ਹਨ ਦੀ ਪੁਰਜ਼ੋਰ ਸਿਫਾਰਸ਼ ਕੀਤੀ ਹੈ।
ਕੇਂਦਰੀ ਰੋਡ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਲਿਖੇ ਪੱਤਰ ’ਚ ਸੋਮ ਪ੍ਰਕਾਸ਼ ਨੇ ਕਿਹਾ ਕਿ ਪਟਿਆਲਾ-ਨਾਭਾ ਅਤੇ ਪਟਿਆਲਾ-ਸਰਹਿੰਦ ਰੋਡ ਦੋਵੇਂ ਮੁੱਖ ਮਾਰਗ ਹਨ ਅਤੇ ਇਨ੍ਹਾਂ ਦੋਵਾਂ ਮਾਰਗਾਂ ’ਤੇ ਟ੍ਰੈਫਿਕ ਜ਼ਿਆਦਾ ਹੋਣ ਕਾਰਨ ਇਨ੍ਹਾਂ ਨੂੰ ਫੋਰ ਲੇਨ ਕੀਤੇ ਜਾਣਾ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ ਅਜੇ ਪਿਛਲੇ ਦਿਨੀਂ ਹੀ ਇਨ੍ਹਾਂ ਦੋਵੇਂ ਫੋਰ ਲੇਨ ਪ੍ਰੋਜੈਕਟਾਂ ਸਣੇ ਭਾਰਤ ਮਾਲਾ ਪ੍ਰੋਜੈਕਟ (ਦਿੱਲੀਜੰਮੂ ਕਟੜਾ ਹਾਈਵੇਅ) ਸਬੰਧੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਉਨ੍ਹਾਂ ਦੀ ਦਿੱਲੀ ਸਥਿਤ ਰਿਹਾਇਸ਼ ਵਿਖੇ ਮੁਲਾਕਾਤ ਕਰ ਚੁੱਕੇ ਹਨ, ਜਿਥੇ ਉਨ੍ਹਾਂ ਵੱਲੋਂ ਵੀ ਕੇਂਦਰ ਸਰਕਾਰ ਵੱਲੋਂ ਪਟਿਆਲਾ ਜਿਲ੍ਹੇ ਨੂੰ ਇਨ੍ਹਾਂ ਦੋਵੇਂ ਰੋਡ ਪ੍ਰੋਜੈਕਟਾਂ ਨੂੰ ਸਿਰੇ ਚਾੜ੍ਹਨ ਦਾ ਭਰੋਸਾ ਦਿਵਾਇਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।