ਜਲ ਸ਼ਕਤੀ ਮੰਤਰਾਲੇ ਦੇ ਕੇਂਦਰੀ ਮੰਤਰੀ ਹਨ ਗਜੇਂਦਰ ਸਿੰਘ ਸੇਖਾਵਤ
ਅਟੱਲ ਭੂਜਲ ਯੋਜਨਾ ਤੋਂ ਵੀ ਰੱਖਿਆ ਗਿਆ ਸੀ ਪੰਜਾਬ ਨੂੰ ਬਾਹਰ
ਅਸ਼ਵਨੀ ਚਾਵਲਾ, ਚੰਡੀਗੜ। ਐਸ.ਵਾਈ.ਐਲ. ਨੂੰ ਲੈ ਕੇ ਹਰਿਆਣਾ ਅਤੇ ਪੰਜਾਬ ਦੀ ਜੰਗ ਦਾ ਕੋਈ ਹਲ ਨਾ ਕੱਢ ਸਕਣ ਵਾਲੇ ਕੇਂਦਰੀ ਜਲ ਮੰਤਰੀ ਗਜੇਂਦਰ ਸਿੰਘ ਸੇਖਾਵਤ ਨੂੰ ਭਾਜਪਾ ਵਲੋਂ ਪੰਜਾਬ ਵਿਧਾਨ ਸਭਾ ਦਾ ਚੋਣ ਇੰਚਾਰਜ ਲਗਾ ਦਿੱਤਾ ਗਿਆ ਹੈ। ਜਿਸ ਕਾਰਨ ਪੰਜਾਬ ਦੀ ਸਿਆਸਤ ਵਿੱਚ ਪਾਣੀਆਂ ਦੇ ਮੁੱਦੇ ’ਤੇ ਮੁੜ ਤੋਂ ਮਾਹੌਲ ਗਰਮ ਹੋ ਗਿਆ ਹੈ। ਗਜੇਂਦਰ ਸਿੰਘ ਸੇਖਾਵਤ ਐਸ.ਵਾਈ.ਐਲ. ਨੂੰ ਲੈ ਕੇ ਹਰਿਆਣਾ ਜਾਂ ਫਿਰ ਪੰਜਾਬ ਵਿੱਚੋਂ ਕਿਸੇ ਵੀ ਸੂਬੇ ਦਾ ਪੱਖ ਲੈਂਦੇ ਨਜ਼ਰ ਨਹੀਂ ਆਏ ਹਨ ਪਰ ਇਹ ਮੁੱਦਾ ਉਨਾਂ ਦੇ ਮੰਤਰਾਲੇ ਨਾਲ ਜੁੜਿਆ ਹੋਣ ਕਰਕੇ ਉਹ ਇਸ ਦਾ ਹਲ ਵੀ ਨਹੀਂ ਕੱਢਵਾਂ ਸਕੇ। ਹੁਣ ਗਜੇਂਦਰ ਸਿੰਘ ਸੇਖਾਵਤ ਪੰਜਾਬ ਵਿਧਾਨ ਸਭਾ ਚੋਣਾਂ ਕਰਕੇ ਜਿਆਦਾ ਸਮਾਂ ਪੰਜਾਬ ਵਿੱਚ ਹੀ ਬਿਤਾਉਣ ਵਾਲੇ ਹਨ। ਜਿਸ ਕਰਕੇ ਉਨਾਂ ਨੂੰ ਪੰਜਾਬ ਦੇ ਚੋਣਾਂ ਦੇ ਨਾਲ ਨਾਲ ਐਸ.ਵਾਈ.ਐਲ. ਅਤੇ ਪਾਣੀਆਂ ਦੇ ਮੁੱਦੇ ’ਤੇ ਵੀ ਕਈ ਸੁਆਲਾਂ ਦੇ ਜੁਆਬ ਦੇਣੇ ਪੈ ਸਕਦੇ ਹਨ।
ਬੁੱਧਵਾਰ ਨੂੰ ਹੀ ਕੌਮੀ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਵਲੋਂ ਵਿਧਾਨ ਸਭਾ ਚੋਣਾਂ ਦੇ ਮੱਦੇ-ਨਜ਼ਰ ਇੰਚਾਰਜ ਲਗਾਉਣ ਦਾ ਐਲਾਨ ਕੀਤਾ ਗਿਆ ਹੈ । ਗਜੇਂਦਰ ਸਿੰਘ ਸੇਖਾਵਤ ਦੇ ਨਾਲ ਹੀ ਕੌਮੀ ਭਾਜਪਾ ਪ੍ਰਧਾਨ ਵਲੋਂ ਕੇਂਦਰੀ ਮੰਤਰੀ ਹਰਦੀਪ ਪੁਰੀ, ਕੇਂਦਰੀ ਵਿਦੇਸ਼ ਮੰਤਰੀ ਮੀਨਾਕਸ਼ੀ ਲੇਖੀ ਅਤੇ ਸੰਸਦ ਮੈਂਬਰ ਵਿਨੋਦ ਚਾਵੜਾ ਨੂੰ ਵੀ ਸਹਿ ਇੰਚਾਰਜ ਲਗਾਇਆ ਗਿਆ ਹੈ। ਭਾਜਪਾ ਵਲੋਂ ਆਪਣੇ ਦੋ ਕੈਬਨਿਟ ਮੰਤਰੀਆਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦਾ ਇੰਚਾਰਜ ਲਗਾਉਂਦੇ ਹੋਏ ਇਹ ਇਸ਼ਾਰਾ ਕਰ ਦਿੱਤਾ ਹੈ ਕਿ ਕਿਸਾਨੀ ਅੰਦੋਲਨ ਦੇ ਬਾਵਜੂਦ ਉਹ ਪੰਜਾਬ ਵਿੱਚ ਕਿਸੇ ਵੀ ਹੀਲੇੇ ਚੋਣ ਮੈਦਾਨ ਵਿੱਚੋਂ ਭੱਜਣ ਵਾਲੇ ਨਹੀਂ ।
ਪੰਜਾਬ ਪਾਣੀ ਦੇ ਮਾਮਲੇ ਵਿੱਚ ਅਟੱਲ ਭੂਜਲ ਯੋਜਨਾ ਵਿੱਚ ਵੀ ਪੰਜਾਬ ਨੂੰ ਨਹੀਂ ਰੱਖਿਆ ਗਿਆ ਸੀ ਅਤੇ ਪੰਜਾਬ ਨੂੰ ਇਸ ਯੋਜਨਾ ਤੋਂ ਬਾਹਰ ਕਰ ਦਿੱਤਾ ਗਿਆ ਸੀ। ਜਿਸ ਕਰਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਵੀ ਇਸ ਦਾ ਕਾਫ਼ੀ ਜਿਆਦਾ ਵਿਰੋਧ ਕੀਤਾ ਗਿਆ ਸੀ ਅਤੇ ਕੇਂਦਰ ਸਰਕਾਰ ਨੂੰ ਬਕਾਇਦਾ ਪੱਤਰ ਵੀ ਲਿਖਿਆ ਗਿਆ ਸੀ। ਇਹ ਮਾਮਲਾ ਵੀ ਕਾਫ਼ੀ ਜਿਆਦਾ ਵੱਡਾ ਵਿਧਾਨ ਸਭਾ ਚੋਣਾਂ ਵਿੱਚ ਬਣ ਸਕਦਾ ਹੈ, ਕਿਉਂਕਿ ਇਸ ਯੋਜਨਾ ਵਿੱਚ ਸ਼ਾਮਲ ਕਰਨਾ ਜਾਂ ਫਿਰ ਨਾ ਕਰਨ ਦਾ ਫੈਸਲਾ ਜਲ ਸ਼ਕਤੀ ਮੰਤਰਾਲੇ ਦੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸੇਖਾਵਤ ਨੇ ਹੀ ਕਰਨਾ ਸੀ ਪਰ ਉਨਾਂ ਪੰਜਾਬ ਨੂੰ ਇਸ ਤੋਂ ਬਾਹਰ ਹੀ ਰੱਖਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ