ਨਵੇਂ ਆਰਡੀਨੈਂਸ ਰਾਹੀਂ ਕਿਸਾਨਾਂ ਨੂੰ ਦੂਜੇ ਰਾਜਾਂ ਵਿੱਚ ਜਾ ਕੇ ਫਸਲਾਂ ਵੇਚਣ ਦਾ ਮਿਲੇਗਾ ਮੌਕਾ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਅਵਿਨਾਸ਼ ਰਾਏ ਖੰਨਾ ਸਾਬਕਾ ਸੰਸਦ ਮੈਂਬਰ ਤੇ ਭਾਜਪਾ ਦੇ ਉਪ ਪ੍ਰਧਾਨ ਨੇ ਭਾਜਪਾ ਆਗੂ ਸਤਵੰਤ ਸਿੰਘ ਪੂਨੀਆ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਭਾਜਪਾ ਦੀ ਸਰਕਾਰ ਕਿਸਾਨਾਂ ਦੇ ਹਿੱਤਾਂ ਦੀ ਗੱਲ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਵੇਂ ਆਰਡੀਨੈਂਸ ਰਾਹੀਂ ਕਿਸਾਨਾਂ ਦੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਖਤਮ ਨਹੀਂ ਕਰ ਰਹੀ ਸਗੋਂ ਉਹ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਮੰਡੀ ਹੋਰ ਖੁੱਲ੍ਹੀ ਕਰ ਰਹੀ ਹੈ
ਉਨ੍ਹਾਂ ਕਿਹਾ ਕਿ ਜਿਵੇਂ ਦੂਜੇ ਰਾਜਾਂ ਮੱਧ ਪ੍ਰਦੇਸ਼, ਰਾਜਸਥਾਨ ਦੇ ਕਿਸਾਨਾਂ ਦੀਆਂ ਫਸਲਾਂ ਪੰਜਾਬ ਵਿੱਚ ਵਿਕਣ ਲਈ ਆਉਂਦੀਆਂ ਹਨ ਅਤੇ ਇਸੇ ਤਰ੍ਹਾਂ ਜਿਹੜੇ ਸਰਦੇ ਪੁੱਜਦੇ ਕਿਸਾਨ ਹਨ ਜਿਨ੍ਹਾਂ ਨੂੰ ਟਰੈਕਟਰ ਟਰਾਲੀ, ਟਰੱਕ ਆਦਿ ਸਾਧਨ ਹਨ ਤਾਂ ਉਹ ਆਪਣੀਆਂ ਫਸਲਾਂ ਦੂਜੇ ਰਾਜਾਂ ਵਿੱਚ ਵੀ ਵੇਚ ਸਕਦੇ ਹਨ ਉਨ੍ਹਾਂ ਕਿਹਾ ਕਾਂਗਰਸ ਦੀ ਅਗਵਾਈ ਵਾਲੀਆਂ ਸਰਕਾਰਾਂ ਸਮੇਂ ਦੇਸ਼ ਵਿੱਚ ਐਮ.ਐਸ.ਪੀ. ਨੂੰ ਵਧਾਉਣ ਲਈ ਕਿਸਾਨਾਂ ਨੂੰ ਰੌਲਾ ਪਾਉਣਾ ਪੈਂਦਾ ਸੀ ਫਿਰ ਕਿਤੇ ਜਾ ਕੇ ਮਸਾਂ 20 ਜਾਂ 30 ਰੁਪਏ ਤੱਕ ਹੀ ਵਾਧਾ ਹੁੰਦਾ ਸੀ ਪਰ ਹੁਣ ਸਰਕਾਰ ਨੇ ਅਜਿਹਾ ਸਿਸਟਮ ਬਣਾ ਦਿੱਤਾ ਹੈ ਜਿਸ ਨਾਲ ਇਹ ਵਾਧਾ ਆਪਣੇ ਆਪ ਹੁੰਦਾ ਰਹੇਗਾ
ਦੇਸ਼ ਵਿੱਚ ਫੈਲੀ ਕੋਰੋਨਾ ਦੀ ਮਹਾਂਮਾਰੀ ਬਾਰੇ ਗੱਲਬਾਤ ਕਰਦਿਆਂ ਖੰਨਾ ਨੇ ਕਿਹਾ ਕਿ ਦੇਸ਼ ਵਿੱਚ ਭਾਵੇਂ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਪਰ ਤਸੱਲੀ ਵਾਲੀ ਗੱਲ ਇਹ ਉੱਭਰ ਕੇ ਸਾਹਮਣੇ ਆਈ ਹੈ ਕਿ ਭਾਰਤ ਵਿੱਚ ਮਰੀਜ਼ਾਂ ਦੇ ਠੀਕ ਹੋਣ ਦੀ ਦਰ 50 ਫੀਸਦੀ ਤੋਂ ਵੀ ਟੱਪ ਗਈ ਹੈ, ਇਹ ਆਪਣੇ ਆਪ ਵਿੱਚ ਇਹ ਬਹੁਤ ਵਧੀਆ ਗੱਲ ਹੈ ਉਨ੍ਹਾਂ ਕਿਹਾ ਕਿ ਕੋਰੋਨਾ ਨੇ ਦੇਸ਼ ਨੂੰ ਆਤਮ ਨਿਰਭਰ ਬਣਨ ਦਾ ਮੌਕਾ ਪ੍ਰਦਾਨ ਕੀਤਾ ਹੈ ਉਨ੍ਹਾਂ ਕਿਹਾ ਕਿ ਦੇਸ਼ ਪਹਿਲਾਂ ਪਹਿਲਾਂ ਕਦੇ ਏਨੀ ਵੱਡੀ ਗਿਣਤੀ ਵਿੱਚ ਪੀਪੀਈ ਕਿੱਟਾਂ ਨਹੀਂ ਸਨ ਬਣੀਆਂ, ਹੁਣ 2 ਲੱਖ ਕਿਟਾਂ, ਤੇ ਲੱਖਾਂ ਐਨ. 95 ਮਾਸਕ ਹਰ ਰੋਜ਼ ਬਣਨ ਦੀ ਦੇਸ਼ ਵਿੱਚ ਸਮਰੱਥਾ ਹੋ ਗਈ ਹੈ ਉਨ੍ਹਾਂ ਕਿਹਾ ਕਿ ਸਰਕਾਰ ਨੇ ਕੋਰੋਨਾ ਮਹਾਂਮਾਰੀ ਦਾ ਸ਼ਿਕਾਰ ਹੋਏ ਮਜ਼ਦੂਰ ਤੇ ਉਦਯੋਗਪਤੀ ਤੱਕ ਸਾਰਿਆਂ ਨੂੰ ਰਾਹਤ ਦੇਣ ਦਾ ਵੱਡਾ ਉਪਰਾਲਾ ਕੀਤਾ ਹੈ
ਪੰਜਾਬ ਦੀ ਮੌਜ਼ੂਦਾ ਰਾਜਨੀਤੀ ‘ਤੇ ਬੋਲਦਿਆਂ ਖੰਨਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਨਾਲ ਭਾਜਪਾ ਦਾ ਕੋਈ ਰਾਜਨੀਤਕ ਗਠਜੋੜ ਨਹੀਂ ਬਲਕਿ ਸਮਾਜਿਕ ਤੇ ਧਾਰਮਿਕ ਵੀ ਹੈ ਇਹ ਗਠਜੋੜ ਪੰਜਾਬ ਵਿੱਚ ਹਿੰਦੂ -ਸਿੱਖ ਏਕਤਾ ਦਾ ਪ੍ਰਤੀਕ ਹੈ ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਸੀਟਾਂ ਵੱਧ ਮੰਗੇ ਜਾਣ ਦਾ ਆਧਾਰ ਤਦੇ ਹੀ ਬਣ ਸਕਦਾ ਹੈ ਜੇਕਰ ਵੱਧ ਕੰਮ ਕਰਕੇ ਦਿਖਾਇਆ ਜਾਵੇ ਉਨ੍ਹਾਂ ਇਹ ਵੀ ਕਿਹਾ ਅਕਾਲੀ ਦਲ ਨਾਲ ਸੀਟਾਂ ਦੀ ਅਦਲਾ ਬਦਲੀ ਜਾਂ ਵਧਾਉਣ ਘਟਾਉਣ ਬਾਰੇ ਮਸਲੇ ਬੈਠ ਕੇ ਹੀ ਹੱਲ ਹੋ ਸਕਦੇ ਹਨ
ਇਸ ਮੌਕੇ ਅਮਨਦੀਪ ਸਿੰਘ ਪੂਨੀਆ ਸੀਨੀਅਰ ਭਾਜਪਾ ਆਗੂ, ਜਤਿੰਦਰ ਕਾਲੜਾ, ਰਣਦੀਪ ਸਿੰਘ ਦਿਓਲ ਜ਼ਿਲ੍ਹਾ ਪ੍ਰਧਾਨ ਭਾਜਪਾ, ਲਲਿਤ ਕੁਮਾਰ ਐਡਵੋਕੇਟ, ਸਰਜੀਵਨ ਜਿੰਦਲ, ਸਚਿਨ ਭਾਰਦਵਾਜ, ਕਮਲਦੀਪ ਜੋਸ਼ੀ, ਮੰਜੂਲਾ ਸ਼ਰਮਾ, ਸੁਰਜੀਤ ਰੰਧਾਵਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਮੌਜ਼ੂਦ ਸਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।