ਬੇਰੁਜ਼ਗਾਰ ਅਧਿਆਪਕਾਂ ਦਾ ਟੈਂਟ ਪੁੱਟਿਆ, ਗ੍ਰਿਫਤਾਰੀ ਮਗਰੋਂ ਰਿਹਾਈ

ਭਰਾਤਰੀ ਜਥੇਬੰਦੀਆਂ ਦੇ ਦਬਾਅ ਮਗਰੋਂ ਪ੍ਰਸ਼ਾਸਨ ਨੇ ਦਰਜ਼ ਮਾਮਲੇ ਰੱਦ ਕਰਨ ਅਤੇ ਪੈਨਲ-ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਅੱਜ ਚੜ੍ਹ੍ਹਦੀ ਸਵੇਰ ਰੁਜ਼ਗਾਰ ਦੀ ਮੰਗ ਕਰਦੇ ਬੇਰੁਜ਼ਗਾਰ ਡੀਪੀਈ ਅਧਿਆਪਕਾਂ ਉੱਤੇ ਉਸ ਸਮੇਂ ਭਾਰੀ ਪਈ ਜਦੋਂ ਸਥਾਨਕ ਸਰਹਿੰਦ ਰੋਡ ਉੱਤੇ ਡੀਐਲਐੱਫ ਕਾਲੋਨੀ ਵਿਚ ਲੰਘੀ ਮਿਆਦ ਵਾਲੀ ਟੈਂਕੀ ਉੱਤੇ 47 ਦਿਨਾਂ ਤੋਂ ਸਰਕਾਰ ਖਿਲਾਫ਼ ਮੋਰਚਾ ਲਾਈ ਬੈਠੇ ਬੇਰੁਜ਼ਗਾਰ ਅਧਿਆਪਕਾਂ ਨੂੰ ਸਮੇਤ ਟੈਟ ਜਬਰੀ ਚੁੱਕ ਕੇ ਥਾਣੇ ਡੱਕ ਦਿੱਤਾ ਗਿਆ। ਯੂਨੀਅਨ ਦੇ ਸੂਬਾ ਪ੍ਰਧਾਨ ਜਗਸੀਰ ਸਿੰਘ ਸਮੇਤ ਗ੍ਰਿਫਤਾਰ ਕੀਤੇ ਬੇਰੁਜ਼ਗਾਰ ਅਧਿਆਪਕਾਂ ਦੀ ਰਿਹਾਈ ਲਈ ਟੈੱਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ ਅਤੇ ਸਮੂਹ ਭਰਾਤਰੀ ਜਥੇਬੰਦੀਆਂ ਦੇ ਰੋਸ ਅੱਗੇ ਪੁਲਿਸ ਪ੍ਰਸ਼ਾਸਨ ਨੂੰ ਝੁਕਣਾ ਪਿਆ।

ਜਮਹੂਰੀ ਅਧਿਕਾਰ ਸਭਾ ਵੱਲੋਂ ਤਰਸੇਮ ਲਾਲ ਅਤੇ ਕਿਸਾਨ ਆਗੂ ਦਰਸ਼ਨਪਾਲ ਦੇ ਉੱਦਮ ਸਦਕਾ ਪੁਲਿਸ ਪ੍ਰਸ਼ਾਸਨ ਨੇ ਬੇਰੁਜ਼ਗਾਰਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ, ਜਬਤ ਕੀਤੇ ਟੈਂਟ ਅਤੇ ਹੋਰ ਸਮਾਨ ਵਾਪਿਸ ਕਰਨ,ਦਰਜ਼ ਮਾਮਲੇ ਰੱਦ ਕਰਨ ਦਾ ਭਰੋਸਾ ਦੇ ਕੇ ਜਲਦੀ ਹੀ ਮੁੜ ਪ੍ਰਮੁੱਖ ਸਕਤੱਰ ਸ਼ੁਰੇਸ਼ ਕੁਮਾਰ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ।

ਬੇਰੁਜ਼ਗਾਰ ਆਲ ਪੰਜਾਬ 873  ਡੀ ਪੀ ਈ ਅਤੇ ਟੈੱਟ ਪਾਸ ਬੀ ਐਡ ਅਧਿਆਪਕਾਂ  ਦੇ ਆਗੂ ਹਰਬੰਸ ਅਤੇ ਗੋਲਡੀ ਬਰਨਾਲ਼ਾ ਨੇ ਦਸਿਆ ਕਿ ਜੇਕਰ ਜਲਦੀ ਮੀਟਿੰਗ ਕਰਵਾ ਕੇ ਯੋਗ ਹੱਲ ਨਾ ਕੱਢਿਆ ਤਾਂ  ਬੇਰੁਜ਼ਗਾਰ ਮੁੜ ਸਾਂਝੇ ਸੰਘਰਸ਼ ਨਾਲ 6 ਨਵੰਬਰ ਨੂੰ ਸਰਕਾਰ ਦਾ ਤਖਤ ਹਿਲਾਉਣਗੇ। ਇਸ ਮੌਕੇ ਮੰਗ ਕੀਤੀ ਗਈ ਕਿ  ਡੀ ਪੀ ਈ ਅਧਿਆਪਕਾਂ ਲਈ ਪਿਛਲੇ 873 ਵਾਲੇ  ਇਸ਼ਤਿਹਾਰ ਵਿੱਚ 1000 ਪੋਸਟਾਂ ਹੋਰ ਵਾਧਾ ਕੀਤੀਆਂ ਜਾਣ। ਇਸੇ ਤਰ੍ਹਾਂ ਮਾਸਟਰ ਕੇਡਰ ਦੀਆਂ 3700 ਅਸਾਮੀਆਂ ਵਿੱਚ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ 6000 ਪੋਸਟਾਂ ਹੋਰ ਐਡ ਕਰਨ ਸਮੇਤ ਉਮਰ ਹੱਦ ਵਿੱਚ ਛੋਟ ਦੇਣ ਦੀ ਮੰਗ ਕੀਤੀ। ਜਥੇਬੰਦਕ ਆਗੂਆਂ ਨੇ ਰੁਜ਼ਗਾਰ ਮੰਗਦੇ ਬੇਰੁਜ਼ਗਾਰਾਂ ਉੱਤੇ ਮਾਮਲੇ ਦਰਜ਼ ਕਰਨ ਦੀ ਨਿਖੇਧੀ ਕਰਦਿਆਂ 6 ਨਵੰਬਰ ਦੇ ਰੋਸ ਮਾਰਚ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ।

ਇਸ ਸਮੇਂ ਪੰਜਾਬ ਸਟੂਡੈਂਟਸ ਵੈਲਫੇਅਰ ਐਸ਼ੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਨਦਾਮਪੁਰ, ਬੇਰੁਜ਼ਗਾਰ ਅਧਿਆਪਕ ਆਗੂ ਰਣਬੀਰ ਨਦਾਮਪੁਰ, ਹਰਦੀਪ ਸਿੰਘ ਪਾਤੜਾਂ, ਰੋਹਿਤ ਲੁਧਿਆਣਾ, ਮਨਦੀਪ ਸਿੰਘ ਸੁਨਾਮ, ਬਿਕਰਮ ਜੀਤ ਸਿੰਘ ਲੁਧਿਆਣਾ, ਜਗਤਾਰ ਸਿੰਘ ਮੋਹਾਲੀ ਅਤੇ ਹਰਪ੍ਰੀਤ ਸਿੰਘ ਬਰਨਾਲਾ, ਦਿਲਬਾਗ ਸਿੰਘ ਮੰਡਵੀ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.