ਬੇਰੁਜਗਾਰ ਅਧਿਆਪਕ ਸੁਰਿੰਦਰਪਾਲ ਦੀ ਲੜਾਈ ‘ਟਾਵਰ ਤੋਂ ਟਵਿੱਟਰ’ ਤੱਕ ਪੁੱਜੀ

ਸੁਰਿੰਦਰਪਾਲ ਦੇ ਹੱਕ ’ਚ ਹਜਾਰਾਂ ਦੀ ਗਿਣਤੀ ’ਚ ਹੋਏ ਟਵੀਟ

  • ਐਕਟਵਿਸਟ ਡਾ ਰਿਤੂ ਸਿੰਘ ਨੇ ਟਵੀਟ ਕਰਕੇ ਦੇਸ਼ਾਂ ਵਿਦੇਸ਼ਾਂ ਚੋਂ ਸੁਰਿੰਦਰਪਾਲ ਦੇ ਹੱਕ ਚ ਆਉਣ ਲਈ ਕਿਹਾ

(ਖੁਸ਼ਵੀਰ ਸਿੰਘ ਤੂਰ) ਪਟਿਆਲਾ । ਰੁਜਗਾਰ ਦੀ ਮੰਗ ਨੂੰ ਲੈ ਕੇ ਟਾਵਰ ’ਤੇ ਬੈਠੇ ਬੇਰੁਜਗਾਰ ਈਟੀਟੀ ਟੈੱਟ ਪਾਸ ਅਧਿਆਪਕ ਸੁਰਿੰਦਰਪਾਲ ਗੁਰਦਾਸਪੁਰ ਦੀ ਲੜਾਈ ਟਾਵਰ ਤੋਂ ਟਵਿੱਟਰ ਤੱਕ ਪੁੱਜ ਗਈ ਹੈ । ਅੱਜ ਵੱਡੀ ਗਿਣਤੀ ਨੌਜਵਾਨਾਂ ਵੱਲੋਂ ਸੁਰਿੰਦਰਪਾਲ ਦੇ ਹੱਕ ਵਿੱਚ ਟਵਿੱਟਰ ’ਤੇ ਮੁਹਿੰਮ ਚਲਾਈ ਗਈ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਟਵੀਟ ਕੀਤੇ ਗਏ । ਇਸਦੇ ਨਾਲ ਹੀ ਐਕਟਵਿਸਟ ਡਾ. ਰਿਤੂ ਸਿੰਘ ਵੱਲੋਂ ਵੀ ਸੁਰਿੰਦਰਪਾਲ ਦੇ ਹੱਕ ਵਿੱਚ ਟਵੀਟ ਕਰਕੇ ਦੇਸ਼ਾਂ ਵਿਦੇਸ਼ਾਂ ’ਚ ਬੈਠੇ ਲੋਕਾਂ ਨੂੰ ਸੁਰਿੰਦਰਪਾਲ ਦੇ ਹੱਕ ਵਿੱਚ ਆਉਣ ਦੀ ਅਪੀਲ ਕੀਤੀ ਹੈ।

ਜਾਣਕਾਰੀ ਅਨੁਸਾਰ ਸੁਰਿੰਦਰਪਾਲ ਗੁਰਦਾਸਪੁਰ ਨੂੰ ਅੱਜ ਟਾਵਰ ’ਤੇ ਬੈਠਿਆਂ 127 ਦਿਨ ਬੀਤ ਗਏ ਹਨ ਪਰ ਅਜੇ ਤੱਕ ਨਾ ਤਾਂ ਸਰਕਾਰ ਜਾਗੀ ਹੈ ਅਤੇ ਨਾ ਹੀ ਪਟਿਆਲਾ ਪ੍ਰਸ਼ਾਸਨ ਵੱਲੋਂ ਉਸ ਦੀ ਮੰਗ ਨੂੰ ਬੂਰ ਪਾਇਆ ਹੈ, ਇੱਥੋਂ ਤੱਕ ਕਿ ਸੁਰਿੰਦਰਪਾਲ ਗਰਮੀ, ਸਰਦੀ ਅਤੇ ਭਾਰੀ ਮੀਂਹ ਵਿੱਚ ਹੀ ਟਾਵਰ ’ਤੇ ਡਟਿਆ ਹੋਇਆ ਸਰਕਾਰਾਂ ਨੂੰ ਕੋਸ ਰਿਹਾ ਹੈ। ਹਾਲਾਤ ਇਹ ਹਨ ਕਿ ਸੁਰਿੰਦਰਪਾਲ ਦੇ ਪੈਰਾਂ ਦੀ ਚਮੜੀ ਤਾਂ ਪਹਿਲਾਂ ਹੀ ਉਖੜ ਰਹੀ ਸੀ ਹੁਣ ਖੱਬੀ ਬਾਂਹ ਦੀ ਚਮੜੀ ਵੀ ਖ਼ਰਾਬ ਹੋਣੀ ਸ਼ੁਰੂ ਹੋ ਚੁੱਕੀ ਹੈ। ਅੱਜ ਬੇਰੁਜਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿਦਿਆਰਥੀਆਂ ਵੱਲੋਂ ਟਵਿੱਟਰ ’ਤੇ ਸੁਰਿੰਦਰਪਾਲ ਦੇ ਹੱਕ ਵਿੱਚ #ਸਪੋਰਟਸੁਰਿੰਦਰਪਾਲ ਦੀ ਮੁਹਿੰਮ ਚਲਾਈ ਗਈ। ਇਸ ਦੌਰਾਨ ਹਜਾਰਾਂ ਦੀ ਗਿਣਤੀ ਵਿੱਚ ਸੁਰਿੰਦਰਪਾਲ ਦੇ ਹੱਕ ਵਿੱਚ ਟਵੀਟ ਹੋਏ ।

ਇਸ ਮੌਕੇ ਐਕਟਵਿਸਟ ਡਾ. ਰਿਤੂ ਸਿੰਘ ਨੇ ਵੀ ਸੁਰਿੰਦਰਪਾਲ ਗੁਰਦਾਸਪੁਰ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦੇ ਹੋਏ ਟਵੀਟ ਕੀਤਾ ਅਤੇ ਆਪਣੀ ਵੀਡੀਓ ਵੀ ਸ਼ੇਅਰ ਕੀਤੀ । ਡਾ. ਰਿਤੂ ਸਿੰਘ ਨੇ ਦੇਸ਼ ਵਿਦੇਸ਼ ਵਿੱਚ ਬੈਠੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਰਿੰਦਰਪਾਲ ਦੇ ਹੱਕ ਵਿੱਚ ਆਉਣ ਤਾਂ ਜੋ ਪੰਜਾਬ ਦੀ ਅੰਨ੍ਹੀ ਬੋਲੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਜਗਾਇਆ ਜਾ ਸਕੇ ਤੇ ਪੜ੍ਹੇ ਲਿਖੇ ਬੇਰੁਜਗਾਰ ਨੌਜਵਾਨਾਂ ਦੀ ਜਾਨ ਬਚਾਈ ਜਾ ਸਕੇ। ਉਨ੍ਹਾਂ ਕਿਹਾ ਕਿ ਦਲਿਤ ਨੌਜਵਾਨ ਸੁਰਿੰਦਰਪਾਲ ਸਿਰਫ ਆਪਣੇ ਲਈ ਨਹੀਂ ਸਗੋਂ ਆਪਣੇ ਅਧਿਆਪਕ ਵਰਗ ਲਈ ਲੜ ਰਿਹਾ ਹੈ । ਵੱਖ-ਵੱਖ ਨੌਜਵਾਨਾਂ ਵੱਲੋਂ ਅੱਜ ਕੀਤੇ ਗਏ ਟਵੀਟਸ ’ਚ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਫੋਟੋ ਲਾ ਕੇ ਉਨ੍ਹਾਂ ਨੂੰ ਬੇਰੋਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਨੂੰ ਤੁਰੰਤ ਹੱਲ ਕਰਨ ਲਈ ਆਖਿਆ ਗਿਆ ।

ਇਸ ਮੌਕੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਚਾਰ ਮਹੀਨਿਆਂ ਤੋਂ ਵੱਧ ਸਮਾਂ ਹੋਣ ਦੇ ਬਾਵਜੂਦ ਬੇਰੁਜਗਾਰ ਅਧਿਆਪਕਾਂ ਨੂੰ ਰੁਜਗਾਰ ਨਾ ਦੇਣ ਕਰਕੇ ਪੰਜਾਬ ਸਰਕਾਰ ਖਿਲਾਫ ਇੱਕ ਮੁਹਿੰਮ ਰਾਹੀਂ ਆਪਣਾ ਰੋਸ ਪ੍ਰਗਟ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਅੱਜ ਦੀ ਟਵਿੱਟਰ ਮੁਹਿੰਮ ਵਿੱਚ ਨੌਜਵਾਨਾਂ , ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਵੱਡਾ ਸਹਿਯੋਗ ਮਿਲਿਆ ਹੈ ਇਸ ਦੇ ਨਾਲ ਹੀ ਪੰਜਾਬ ਤੋਂ ਬਾਹਰ ਵਸਦੇ ਬੁੱਧੀਜੀਵੀਆਂ ਅਤੇ ਐਕਟੀਵਿਸਟਾਂ ਵੱਲੋਂ ਵੀ ਸੁਰਿੰਦਰਪਾਲ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਗਈ ਹੈ । ਉਨ੍ਹਾਂ ਕਿਹਾ ਕਿ ਜੇਕਰ ਬੇਰੁਜਗਾਰ ਅਧਿਆਪਕਾਂ ਦੀਆਂ ਮੰਗਾਂ ਦਾ ਜਲਦ ਹੱਲ ਨਾ ਕੀਤਾ ਤਾਂ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਭਰਾਤਰੀ ਜਥੇਬੰਦੀਆਂ ਨਾਲ ਮਿਲ ਕੇ ਤਿੱਖੇ ਐਕਸ਼ਨ ਉਲੀਕੇ ਜਾਣਗੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ