ਮਾਪਿਆਂ ਪ੍ਰਤੀ ਜ਼ਿੰਮੇਵਾਰੀਆਂ ਨੂੰ ਸਮਝੋ

ਮਾਪਿਆਂ ਪ੍ਰਤੀ ਜ਼ਿੰਮੇਵਾਰੀਆਂ ਨੂੰ ਸਮਝੋ

ਸ਼ਾਇਦ ਤੁਸੀਂ ਕਦੇ ਪੁੱਛਿਆ ਵੀ ਨਹੀਂ ਹੋਣਾ ਤੇ ਸੋਚਿਆ ਵੀ ਨਹੀਂ ਹੋਣਾ ਕਿ ਤੁਹਾਡੇ ਬਹੁਤ ਹੀ ਕਮਜ਼ੋਰ ਤੇ ਬੁੱਢੇ ਦਿਸਣ ਵਾਲੇ ਮਾਪਿਆਂ ਨੇ ਤੁਹਾਡੇ ਜੰਮਣ ਤੋਂ ਲੈ ਕੇ ਹੋਸ਼ ਸੰਭਾਲਣ ਤੱਕ ਕਿੰਨੀਆਂ ਕੁ ਤਕਲੀਫਾਂ ਤੁਹਾਡੇ ਲਈ ਸਹੀਆਂ ਹੋਣਗੀਆਂ। ਬਹੁਤ ਛੋਟੀਆਂ-ਛੋਟੀਆਂ ਲੱਖਾਂ ਹੀ ਗੱਲਾਂ ਨਾ ਤਾਂ ਤੁਸੀਂ ਕਦੇ ਸੁਣਨ ਲਈ ਟਾਈਮ ਕੱਢਣਾ ਹੈ ਤੇ ਨਾ ਹੀ ਉਹਨਾਂ ਨੇ ਤੁਹਾਨੂੰ ਹੁਣ ਦੱਸ ਸਕਣਾ ਹੈ ਜੋ ਉਹਨਾਂ ਨੇ ਹਰ ਰੋਜ਼ ਦੀਆਂ ਤੁਹਾਡੇ ਬਚਪਨ ਦੀਆਂ, ਤੁਹਾਡੀਆਂ ਖਾਣ-ਪੀਣ ਦੀਆਂ, ਤੁਹਾਡੇ ਸੌਣ-ਜਾਗਣ ਦੀਆਂ ਉਹਨਾਂ ਦੇ ਦਿਮਾਗ ’ਚ ਸੰਭੀਆਂ ਪਈਆਂ ਹਨ। ਉਹ ਦਿਨ-ਰਾਤ ਤੁਹਾਡੇ ਫਾਇਦੇ ਲਈ ਹੀ ਕੁੱਝ ਨਾ ਕੁਝ ਕਰਦੇ ਰਹਿੰਦੇ ਸੀ। ਤੁਹਾਡੇ ਕੱਪੜੇ, ਖਿਡੌਣੇ ਤੇ ਹੋਰ ਤੁਹਾਡੀ ਲੋੜ ਦੀਆਂ ਚੀਜਾਂ ਆਪਣੇ ਵਿੱਤੋਂ ਵਧ ਕੇ ਖਰੀਦਦੇ ਸੀ। ਤੁਹਾਡੇ ਮੁਸਕੁਰਾਉਣ ’ਤੇ ਉਹਨਾਂ ਦਾ ਖੂਨ ਵਧ ਜਾਂਦਾ ਸੀ। ਤੁਹਾਡੇ ਜ਼ਰਾ ਵੀ ਉਦਾਸ ਹੋਣ ’ਤੇ ਉਹ ਬੇਹੱਦ ਦੁਖੀ ਹੋ ਜਾਂਦੇ ਸੀ।

ਉਹ ਤੁਹਾਡੇ ਖਾਣੇ ਦੇ ਛੱਡੇ ਭੋਰੇ ਵੀ ਖਾ ਲੈਂਦੇ ਸੀ ਤੇ ਤੁਹਾਡੀ ਕਿਸੇ ਚੀਜ ਦੀ ਸੂਗ ਵੀ ਨਹੀਂ ਮੰਨਦੇ ਸੀ। ਤੁਸੀਂ ਜਦ ਮਰਜੀ ਟੱਟੀ-ਪਿਸਾਬ ਕਰ ਦਿੰਦੇ ਸੀ ਤੇ ਅਕਸਰ ਹੀ ਉਹਨਾਂ ਦਾ ਖਾਣਾ ਹੀ ਹਰਾਮ ਕਰ ਦਿੰਦੇ ਸੀ। ਅੱਜ ਜੋ ਉਹਨਾਂ ਦੇ ਕਮਜ਼ੋਰ ਜਿਹੇ ਹੱਥ ਤੁਹਾਨੂੰ ਬਹੁਤ ਝੁਰੜੀਆਂ ਭਰੇ ਲੱਗਦੇ ਹਨ। ਇਹਨਾਂ ਹੱਥਾਂ ਨਾਲ ਹੀ ਤੁਹਾਡੀ ਟਹਿਲ-ਸੇਵਾ ਕੀਤੀ ਉਹਨਾਂ ਨੌਕਰਾਂ ਵਾਂਗ ਦਿਨ-ਰਾਤ, ਉਹ ਵੀ ਮੁਫਤ ਵਿੱਚ। ਉਹ ਉਦੋਂ ਵੀ ਤੁਹਾਨੂੰ ਸੁਖੀ ਦੇਖਣਾ ਚਾਹੁੰਦੇ ਸੀ ਤੇ ਅੱਜ ਵੀ ਤੁਹਾਨੂੰ ਸੁਖੀ ਦੇਖਣਾ ਚਾਹੁੰਦੇ ਹਨ। ਉਹ ਤੁਹਾਨੂੰ ਕਦੇ ਵੀ ਔਖ ’ਚ ਨਹੀਂ ਦੇਖ ਸਕਦੇ ਸੀ ਤੇ ਅੱਜ ਵੀ ਕਿਸੇ ਵੀ ਕਿਸਮ ਦੀ ਔਖ ਨਹੀਂ ਦੇਣਾ ਚਾਹੁੰਦੇ। ਸ਼ਾਇਦ ਤੁਹਾਨੂੰ ਪਤਾ ਨਹੀਂ ਕਿ ਉਹ ਆਪਣੇ ਫਿਕਰ ਸੰਸੇ ਆਪਣੀਆਂ ਭਾਵਨਾਵਾਂ ਆਪਣੇ ਨਾਲ ਹੀ ਲੈ ਜਾਣਗੇ। ਉਹਨਾਂ ਨੂੰ ਅੱਜ ਵੀ ਤੁਹਾਡੀ ਹਰ ਮਜ਼ਬੂਰੀ, ਤੁਹਾਡੇ ਵਿੱਤ ਤੇ ਤੁਹਾਡੀ ਸੋਚ ਦਾ ਪਤਾ ਹੈ।

ਉਹ ਤੁਹਾਨੂੰ ਭੋਲੇ ਲੱਗਦੇ ਹਨ ਪਰ ਉਹ ਤੁਹਾਡੇ ਭਲੇ ਲਈ ਹੀ ਭੋਲੇ ਬਣੇ ਰਹਿੰਦੇ ਹਨ। ਉਹਨਾਂ ਦੀਆਂ ਅੱਜ ਵੀ ਬਹੁਤ ਇੱਛਾਵਾਂ ਹਨ ਪਰ ਤੁਸੀਂ ਪੂਰੀਆਂ ਨਹੀਂ ਕਰ ਸਕਦੇ ਇਸ ਲਈ ਉਹ ਜਾਹਿਰ ਨਹੀਂ ਕਰਦੇ
ਅਸਲ ਵਿੱਚ ਉਹਨਾਂ ਨੂੰ ਤੁਹਾਡੇ ਸਭ ਦੀ ਅਸਲੀਅਤ ਦਾ ਪਤਾ ਹੈ। ਜਦੋਂ ਕਿ ਤੁਹਾਨੂੰ ਉਹਨਾਂ ਦਾ ਕੁੱਝ ਵੀ ਨਹੀਂ ਪਤਾ। ਆਖਿਰ ਉਹਨਾਂ ਨੇ ਦੁਨੀਆ ਦੇਖੀ ਹੈ। ਉਹ ਪੜੇ੍ਹ ਭਾਵੇਂ ਘੱਟ ਹੀ ਹਨ ਪਰ ਸਿਆਣੇ ਬਹੁਤ ਹਨ। ਉਹਨਾਂ ਨੂੰ ਜਿੰਦਗੀ ਦਾ ਜ਼ਿਆਦਾ ਤਜ਼ਰਬਾ ਹੈ। ਉਹਨਾਂ ਦੇ ਤਜ਼ਰਬੇ ਨੇ ਹੀ ਉਹਨਾਂ ਨੂੰ ਅਜਿਹੇ ਬਣਾ ਦਿੱਤਾ ਹੈ ਜਿਹੋ-ਜਿਹੇ ਤੁਹਾਨੂੰ ਉਹ ਚੰਗੇ ਨਹੀਂ ਲੱਗਦੇ।

ਪਰ ਤੁਸੀਂ ਜਿਹੋ-ਜਿਹੇ ਵੀ ਹੋ ਉਹਨਾਂ ਨੂੰ ਚੰਗੇ ਲੱਗਦੇ ਹੋ ਹਾਲਾਂਕਿ ਉਹਨਾਂ ਨੂੰ ਪਤਾ ਹੈ ਕਿ ਤੁਸੀਂ ਉਹੋ-ਜਿਹੇ ਨਹੀਂ ਹੋ ਜਿਹੋ-ਜਿਹੇ ਉਹ ਤੁਹਾਨੂੰ ਦੇਖਣਾ ਚਾਹੁੰਦੇ ਸੀ। ਇਸੇ ਲਈ ਕਹਿ ਸਕਦੇ ਹਾਂ ਕਿ ਉਹ ਸੱਚਮੁੱਚ ਸਿਆਣੇ ਹਨ ਹਾਲਾਂਕਿ ਉਹ ਦੇਖਣ ’ਚ ਲੱਗਦੇ ਨਹੀਂ ਤੇ ਤੁਸੀਂ ਵੀ ਨਹੀਂ ਮੰਨਦੇ ਉਹਨਾਂ ਨੂੰ ਸਿਆਣੇ ਜਦੋਂਕਿ ਤੁਸੀਂ ਸਿਆਣੇ ਬਣਦੇ ਹੋ ਹਾਲਾਂਕਿ ਐਨੇ ਸਿਆਣੇ ਨਹੀਂ ਹੋ ਕਿ ਤੁਹਾਡੇ ਮਾਂ-ਪਿਉ ਹੀ ਬਾਂਹ ਖੜ੍ਹੀ ਕਰਕੇ ਕਹਿ ਸਕਣ ਕਿ ਹੁਣ ਤੁਸੀਂ ਸਿਆਣੇ-ਬਿਆਣੇ ਹੋ ਗਏ ਹੋ ਤੇ ਤੁਹਾਨੂੰ ਕਿਸੇ ਸਲਾਹ ਦੇਣ ਵਾਲੇ ਦੀ ਲੋੜ ਨਹੀਂ ਹੈ। ਉਹ ਤੁਹਾਡੀਆਂ ਨਿੱਤ ਦੀਆਂ ਮੂਰਖਤਾਈਆਂ ਦੇਖ ਕੇ ਵੀ ਚੁੱਪ ਹਨ ਤੇ ਤੁਸੀਂ ਉਹਨਾਂ ਦੀਆਂ ਸਿਆਣਪਾਂ ਕਰਕੇ ਹੀ ਅੱਜ ਇਸ ਸਥਾਨ ’ਤੇ ਹੋ ਪਰ ਅਜੇ ਵੀ ਉਹਨਾਂ ਦੀ ਸਾਰੀ ਉਮਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹੋ। ਇਹ ਤਾਂ ਉਹ ਗੱਲ ਹੋਈ ਨਾਲੇ ਖੋਤੀ ਖੇਤ ਚਰ ਗਈ ਨਾਲੇ ਮੂੰਹ ਵਿੰਗੇ ਦਾ ਵਿੰਗਾ।

ਘਰ ਦਾ ਸਭ ਤੋਂ ਸੋਹਣਾ ਕਮਰਾ ਆਪਣੇ ਬੁੱਢੇ ਮਾਪਿਆਂ ਨੂੰ ਦਿਉ। ਹਰ ਚੀਜ਼ ਖਰੀਦਣ-ਵੇਚਣ ਦੀ ਉਹਨਾਂ ਨਾਲ ਸਲਾਹ ਕਰਿਆ ਕਰੋ। ਹਰ ਨਵੀਂ ਚੀਜ ਲਿਆਉਣ ਦੀ ਸਭ ਤੋਂ ਪਹਿਲਾਂ ਉਹਨਾਂ ਨੂੰ ਖੁਸ਼ਖਬਰੀ ਦਿਆ ਕਰੋ। ਜੇ ਕੋਈ ਕਾਰ-ਜੀਪ ਖਰੀਦਦੇ ਹੋ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਬਿਠਾ ਕੇ ਘੁਮਾਇਆ ਕਰੋ।

ਆਪਣੇ ਬੱਚਿਆਂ ਨੂੰ ਉਹਨਾਂ ਕੋਲ ਬੈਠ ਕੇ ਖਾਣ-ਪੀਣ ਦਾ ਅਨੰਦ ਮਾਨਣਾ ਸਿਖਾਉ। ਬੱਚਿਆਂ ਕੋਲ ਮਾਪਿਆਂ ਦੀ ਕੋਈ ਨਿੰਦਿਆ ਨਾ ਕਰੋ। ਬਲਕਿ ਉਹਨਾਂ ਦੇ ਔਗੁਣ ਅੱਖੋਂ ਪਰੋਖੇ ਕਰਕੇ ਗੁਣ ਹੀ ਦੱਸੋ ਜਿਵੇਂ ਤੁਹਾਡੇ ਮਾਪੇ ਤੁਹਾਡੀ ਹਰ ਥਾਂ ਸੋਭਾ ਕਰਦੇ ਰਹੇ ਸੀ। ਤਾਂ ਕਿ ਤੁਹਾਡੇ ਬੱਚਿਆਂ ਨੂੰ ਉਹਨਾਂ ਦਾ ਦਿਲੋਂ ਸਤਿਕਾਰ ਕਰਨ ਦੀ ਆਦਤ ਪਵੇ।

ਪਰਮਾਤਮਾ ਹਰ ਥਾਂ ਨਹੀਂ ਜਾ ਸਕਦਾ ਸੀ ਇਸ ਲਈ ਉਹਨੇ ਆਪਣੇ ਵਰਗੀ ਸੋਚ ਦੇ ਮਾਪੇ ਬਣਾਏ ਜੋ ਬੱਚਿਆਂ ਦੀ ਪਰਵਰਿਸ਼ ਰੱਬ ਬਣਕੇ ਹੀ ਸਾਰੀ ਉਮਰ ਕਰਦੇ ਹਨ ਤੇ ਆਪਣੀ ਡਿਊਟੀ ਪੂਰੀ ਕਰਕੇ ਬਿਨਾਂ ਕੁੱਝ ਲਿਆਂ ਉਡਾਰੀ ਮਾਰ ਜਾਂਦੇ ਹਨ ਬਲਕਿ ਆਪਣਾ ਸਭ ਕੁੱਝ ਵੀ ਬੱਚਿਆਂ ਨੂੰ ਦਾਨ ਹੀ ਕਰ ਜਾਂਦੇ ਹਨ। ਤੇ ਵਾਪਸ ਰੱਬ ਕੋਲ ਖਾਲੀ ਹੱਥ ਚਲੇ ਜਾਂਦੇ ਹਨ।
ਡਾ. ਕਰਮਜੀਤ ਕੌਰ ਬੈਂਸ,
ਬੈਂਸ ਹੈਲਥ ਸੈਂਟਰ, ਮੋਗਾ
ਮੋ. 94630-38229

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ