ਕਮਲ ਬਰਾੜ
ਲੋਕ ਸਭਾ ਚੋਣਾਂ ਦਾ ਰਸਮੀ ਐਲਾਨ ਹੋ ਗਿਆ ਹੈ ਅਤੇ ਪੰਜਾਬ ਵਿੱਚ ਵੋਟਾਂ ਆਖਰੀ ਗੇੜ ਵਿੱਚ 19 ਮਈ ਨੂੰ ਪਾਈਆਂ ਜਾਣਗੀਆਂ। ਇਹਨਾਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਚੋਣ ਸਰਗਰਮੀਆਂ ਵੀ ਆਰੰਭ ਦਿੱਤੀਆਂ ਗਈਆਂ ਹਨ ਅਤੇ ਅੱਜ-ਕੱਲ੍ਹ ਸਾਰੀਆਂ ਹੀ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਨਾਂਅ ਤੈਅ ਕਰਨ ‘ਤੇ ਲੱਗੀਆਂ ਹੋਈਆਂ ਹਨ।
19 ਮਈ ਨੂੰ ਹੋਣ ਵਾਲੀ ਚੋਣ ਲਈ ਰਾਜਨੀਤਿਕ ਸਰਗਰਮੀਆਂ ਭਾਵੇਂ ਜੋਰ ਫੜ੍ਹ ਰਹੀਆਂ ਹਨ ਅਤੇ ਸਾਰੀਆਂ ਹੀ ਪਾਰਟੀਆਂ ਆਪਣੀ ਜਿੱਤ ਦੇ ਦਾਅਵੇ ਵੀ ਕਰਦੀਆਂ ਦਿਖਦੀਆਂ ਹਨ ਪਰੰਤੂ ਇਹਨਾਂ ਚੋਣਾਂ ਪ੍ਰਤੀ ਆਮ ਲੋਕਾਂ ਵਿੱਚ ਕੋਈ ਖਾਸ ਉਤਸ਼ਾਹ ਨਜ਼ਰ ਨਹੀਂ ਆ ਰਿਹਾ। ਇਸਦਾ ਇੱਕ ਕਾਰਨ ਸ਼ਾਇਦ ਇਹ ਵੀ ਹੈ ਕਿ ਵੋਟਾਂ ਪੈਣ ਨੂੰ ਹਾਲੇ ਲਗਭਗ ਸਵਾ ਦੋ ਮਹੀਨੇ ਦਾ ਸਮਾਂ ਬਾਕੀ ਹੈ ਅਤੇ ਹੁਣ ਤੱਕ ਪੂਰੇ ਉਮੀਦਵਾਰ ਵੀ ਮੈਦਾਨ ਵਿੱਚ ਨਹੀਂ ਨਿੱਤਰੇ ਹਨ। ਆਮ ਲੋਕਾਂ ਨਾਲ ਇਸ ਬਾਰੇ ਗੱਲ ਕਰਨ ‘ਤੇ ਉਹ ਅਵੇਸਲੇ ਜਿਹੇ ਹੀ ਦਿਖਦੇ ਹਨ ਅਤੇ ਜਦੋਂ ਮੌਕਾ ਆਏਗਾ ਉਦੋਂ ਵੇਖੀ ਜਾਵੇਗੀ, ਦੀ ਤਰਜ ‘ਤੇ ਗੱਲ ਟਾਲ਼ ਦਿੰਦੇ ਹਨ।
ਦੂਜੇ ਪਾਸੇ ਨੌਜਵਾਨਾਂ ਵਿੱਚ ਇਹਨਾਂ ਚੋਣਾਂ ਪ੍ਰਤੀ ਕੋਈ ਉਤਸ਼ਾਹ ਹੋਣਾ ਤਾਂ ਦੂਰ ਉਲਟਾ ਉਹਨਾਂ ਵਿੱਚ ਸਾਡੇ ਮੌਜੂਦਾ ਰਾਜਨੀਤਿਕ ਢਾਂਚੇ ਪ੍ਰਤੀ ਨਿਰਾਸ਼ਾ ਨਜ਼ਰ ਆਉਂਦੀ ਹੈ। ਵੱਡੀ ਗਿਣਤੀ ਨੌਜਵਾਨ ਮੁੰਡੇ ਅਤੇ ਕੁੜੀਆਂ, ਜਿਹੜੇ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਰਗਰਮ ਤੌਰ ‘ਤੇ ਜੁੜੇ ਹੋਏ ਨਹੀਂ ਹਨ, ਚੋਣ ਅਮਲ ਪ੍ਰਤੀ ਪੂਰੀ ਤਰ੍ਹਾਂ ਅਵੇਸਲੇ ਜਿਹੇ ਹੀ ਨਜ਼ਰ ਆਉਂਦੇ ਹਨ ਅਤੇ ਵੱਖ ਵੱਖ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਚੋਣ ਪ੍ਰਚਾਰ ਪ੍ਰਤੀ ਗੱਲ ਤੱਕ ਕਰਨ ਲਈ ਤਿਆਰ ਨਹੀਂ ਹਨ।
ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹਨਾਂ ਚੋਣਾਂ ਪ੍ਰਤੀ ਸਭ ਤੋਂ ਵੱਧ ਬੇਰੁਖੀ ਅਤੇ ਨਿਰਾਸ਼ਾ ਦਾ ਮਾਹੌਲ ਨੌਜਵਾਨਾਂ ਵਿੱਚ ਹੀ ਦਿਖਦਾ ਹੈ ਜਿਹਨਾਂ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਨੌਜਵਾਨ ਇਸ ਵਾਰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰਾਂ ਦੀ ਚੋਣ ਵਿੱਚ ਮੁੱਖ ਭੂਮਿਕਾ ਨਿਭਾਉਣਗੇ। ਦੇਸ਼ ਵਿੱਚ ਕੁੱਲ 90 ਕਰੋੜ ਵੋਟਰ ਹਨ ਜਿਨ੍ਹਾਂ ਵਿੱਚੋਂ ਲਗਭਗ 10 ਕਰੋੜ ਦੇ ਕਰੀਬ ਨਵੇਂ ਬਣੇ ਵੋਟਰ ਅਜਿਹੇ ਹਨ ਜਿਹਨਾਂ ਨੇ ਆਪਣੀ ਜਿੰਦਗੀ ਵਿੱਚ ਪਹਿਲੀ ਵਾਰ ਲੋਕ ਸਭਾ ਚੋਣਾਂ ਲਈ ਵੋਟਿੰਗ ਕਰਨੀ ਹੈ ਅਤੇ ਕੁੱਲ ਵੋਟਾਂ ਦਾ ਲਗਭਗ 10 ਫੀਸਦੀ ਇਹ ਹਿੱਸਾ ਜਿਸ ਵੀ ਪਾਰਟੀ ਦੇ ਹੱਕ ਵਿੱਚ ਖੜ੍ਹਾ ਹੋ ਜਾਵੇਗਾ ਉਸਦਾ ਪੱਲੜਾ ਭਾਰੀ ਹੋਣਾ ਤੈਅ ਹੈ। ਇਹੀ ਕਾਰਨ ਹੈ ਕਿ ਵੱਖ-ਵੱਖ ਪਾਰਟੀਆਂ ਵੱਲੋਂ ਨੌਜਵਾਨ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਜਿੱਥੇ ਪ੍ਰਚਾਰ ਦੇ ਅਤਿ ਆਧੁਨਿਕ ਤਰੀਕਿਆਂ ਦੀ ਵਰਤੋਂ ਉੱਪਰ ਜੋਰ ਦਿੱਤਾ ਜਾ ਰਿਹਾ ਹੈ, ਉੱਥੇ ਸੋਸ਼ਲ ਨੈੱਟਵਰਕਿੰਗ ਸਾਈਟਾਂ ‘ਤੇ ਆਪਣਾ ਵੱਧ ਤੋਂ ਵੱਧ ਪ੍ਰਚਾਰ ਕਰਕੇ ਨੌਜਵਾਨਾਂ ਤੱਕ ਪਹੁੰਚ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਹਨ।
ਦੇਸ਼ ਦੇ ਨੌਜਵਾਨਾਂ ਵਿੱਚ ਚੋਣਾਂ ਪ੍ਰਤੀ ਬੇਰੁਖੀ ਦਾ ਮੁੱਖ ਕਾਰਨ ਸਾਡੇ ਮੌਜੂਦਾ ਰਾਜਨੀਤਿਕ ਸਿਸਟਮ ਪ੍ਰਤੀ ਨੌਜਵਾਨਾਂ ਵਿੱਚ ਬੇਭਰੋਸਗੀ ਦੀ ਭਾਵਨਾ ਹੈ। ਜ਼ਿਆਦਾਤਰ ਨੌਜਵਾਨ ਆਮ ਗੱਲਬਾਤ ਦੌਰਾਨ ਨਿਰਾਸ਼ਾ ਵਿੱਚ ਇਹ ਗੱਲ ਕਹਿੰਦੇ ਹਨ ਕਿ ਸਾਡੇ ਰਾਜਨੀਤਿਕ ਆਗੂਆਂ ਨੇ ਹੀ ਦੇਸ਼ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ ਅਤੇ ਜੇਕਰ ਉਹਨਾਂ ਨੇ ਇਹਨਾਂ ਵਿੱਚੋਂ ਕਿਸੇ ਨੂੰ ਵੋਟ ਪਾ ਵੀ ਦਿੱਤੀ ਤਾਂ ਵੀ ਉਸਦਾ ਕੋਈ ਲਾਭ ਹੋਣ ਵਾਲਾ ਨਹੀਂ ਹੈ। ਇਹਨਾਂ ਨੌਜਵਾਨਾਂ ਵਿੱਚੋਂ ਕੁੱਝ ਇਹ ਵੀ ਕਹਿੰਦੇ ਹਨ ਕਿ ਚੋਣ ਲੜਨ ਵਾਲੇ ਜਿਹਨਾਂ ਉਮੀਦਵਾਰਾਂ ਵਿੱਚ ਮੁੱਖ ਤੌਰ ‘ਤੇ ਮੁਕਾਬਲਾ ਹੋਣਾ ਹੈ ਉਹਨਾਂ ਦੋਵਾਂ ਪਾਰਟੀਆਂ (ਐਨਡੀਏ ਅਤੇ ਯੂਪੀਏ) ਨੂੰ ਲੋਕ ਪਹਿਲਾਂ ਵੀ ਅਜਮਾ ਚੁੱਕੇ ਹਨ ਪਰੰਤੂ ਹੁਣ ਤੱਕ ਇਹਨਾਂ ਵਿੱਚੋਂ ਕਿਸੇ ਦੀ ਵੀ ਕਾਰਗੁਜ਼ਾਰੀ ਆਮ ਲੋਕਾਂ ਦੀ ਕਸੌਟੀ ‘ਤੇ ਖਰੀ ਨਹੀਂ ਉੱਤਰੀ ਹੈ।
ਇੱਕ ਪਾਸੇ ਤਾਂ ਭਾਰਤੀ ਜਨਤਾ ਪਾਰਟੀ ਵੱਲੋਂ ਵਧ-ਚੜ੍ਹ ਕੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਸ਼ ਦੇ ਮੌਜੂਦਾ ਪ੍ਰਧਾਨ ਮੰਤਰੀ ਅਤੇ ਐਨਡੀਏ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸ੍ਰੀ ਨਰਿੰਦਰ ਮੋਦੀ ਦੇਸ਼ ਦੇ ਨੌਜਵਾਨਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ ਅਤੇ ਦੂਜੇ ਪਾਸੇ ਕਾਂਗਰਸ ਪਾਰਟੀ ਵੀ ਦਾਅਵਾ ਕਰ ਰਹੀ ਹੈ ਕਿ ਕਾਂਗਰਸ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੀ ਭਰੋਸੇਯੋਗਤਾ ਅਤੇ ਹਰਮਨਪਿਆਰਤਾ ਵਧਣ ਨਾਲ ਦੇਸ਼ ਦੇ ਨੌਜਵਾਨ ਉਹਨਾਂ ‘ਤੇ ਹੀ ਭਰੋਸਾ ਕਰਦੇ ਹਨ ਪਰੰਤੂ ਅਜਿਹਾ ਬਿਲਕੁਲ ਵੀ ਨਹੀਂ ਹੈ। ਜ਼ਿਆਦਾਤਰ ਨੌਜਵਾਨ ਆਮ ਗੱਲਬਾਤ ਦੌਰਾਨ ਇਹਨਾਂ ਦੋਵਾਂ ਪਾਰਟੀਆਂ ਨੂੰ ਇੱਕੋ ਵਰਗਾ ਹੀ ਮੰਨਦੇ ਹਨ ਅਤੇ ਉਹ ਇਹਨਾਂ ਵਿੱਚੋਂ ਕਿਸੇ ਵੀ ਉੱਪਰ ਭਰੋਸਾ ਕਰਨ ਲਈ ਤਿਆਰ ਨਹੀਂ ਦਿਖਦੇ।
ਹੁਣ ਤੱਕ ਕਿਸੇ ਵੀ ਰਾਜਨੀਤਿਕ ਧਿਰ ਨਾਲ ਨਾ ਜੁੜਨ ਵਾਲੇ ਇਹਨਾਂ ਨੌਜਵਾਨਾਂ ਨੂੰ ਇਹ ਜਰੂਰ ਲੱਗਦਾ ਹੈ ਕਿ ਪਿਛਲੇ ਸਮੇਂ ਦੌਰਾਨ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ ਨੇ ਦੇਸ਼ ਵਿੱਚ ਰਾਜਨੀਤੀ ਦਾ ਇੱਕ ਸਾਰਥਿਕ ਬਦਲ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰੰਤੂ ਉਸਦੀ ਮੌਜੂਦਾ ਕਾਰਗੁਜ਼ਾਰੀ ਕਾਰਨ ਉਹ ਆਮ ਆਦਮੀ ਪਾਰਟੀ ਤੋਂ ਵੀ ਨਿਰਾਸ਼ ਦਿਖਦੇ ਹਨ। ਜਿਆਦਾਤਰ ਨੌਜਵਾਨ ਤਾਂ ਇਹੀ ਕਹਿੰਦੇ ਹਨ ਕਿ ਜਾਂ ਤਾਂ ਉਹ ਵੋਟ ਪਾਉਣਗੇ ਹੀ ਨਹੀਂ ਅਤੇ ਜੇਕਰ ਵੋਟ ਪਾਉਣ ਗਏ ਤਾਂ ਵੀ ਉਹ ਨੋਟਾ (ਸਾਰੇ ਉਮੀਦਵਾਰਾਂ ਨੂੰ ਰੱਦ ਕਰਨ ਵਾਲੇ) ਦੇ ਬਟਨ ਨੂੰ ਹੀ ਆਪਣੀ ਵੋਟ ਦੇਣਗੇ।
ਸਾਡੇ ਨੌਜਵਾਨਾਂ ਵਿੱਚ ਚੋਣ ਅਮਲ ਪ੍ਰਤੀ ਪਾਈ ਜਾਣ ਵਾਲੀ ਇਹ ਬੇਰੁਖੀ ਇਹ ਜ਼ਾਹਿਰ ਕਰਦੀ ਹੈ ਕਿ ਰਾਜਨੀਤਿਕ ਪਾਰਟੀਆਂ ਭਾਵੇਂ ਕਿੰਨੇ ਵੀ ਦਾਅਵੇ ਕਰਨ ਪਰੰਤੂ ਅਸਲ ਵਿੱਚ ਇਹ ਪਾਰਟੀਆਂ ਆਮ ਲੋਕਾਂ ਵਿੱਚ ਆਪਣਾ ਭਰੋਸਾ ਗਵਾਉਂਦੀਆਂ ਜਾ ਰਹੀਆਂ ਹਨ ਤੇ ਜੇਕਰ ਇਹੀ ਹਾਲ ਰਿਹਾ ਤਾਂ ਨੌਜਵਾਨਾਂ ਵੱਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਦਾ ਫੀਸਦੀ ਆਸ ਤੋਂ ਬਹੁਤ ਘੱਟ ਰਹਿ ਜਾਣਾ ਹੈ।
ਕੋਟਲੀ ਅਬਲੂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।