ਦੋ ਨਿੱਜੀ ਕੰਪਨੀਆ ਵੱਲੋਂ 2000 ਕਰੋੜ ਦੇ ਨਿਵੇਸ਼ ਦਾ ਐਲਾਨ
ਚੌਥੇ ਪ੍ਰਗਤੀਸੀਲ ਪੰਜਾਬ ਨਿਵੇਸਕ ਸੰਮੇਲਨ ’ਚ ਮੁੱਖ ਮੰਤਰੀ ਨੇ ਕੀਤੀ ਸਿਰਕਤ
(ਸੱਚ ਕਹੂੰ ਨਿਊਜ਼) ਲੁਧਿਆਣਾ। ਲੁਧਿਆਣਾ ਵਿਖੇ ਕਰਵਾਏ ਗਏ ਚੌਥੇ ਪ੍ਰਗਤੀਸੀਲ ਪੰਜਾਬ ਨਿਵੇਸਕ ਸੰਮੇਲਨ ਦੇ ਦੂਜੇ ਦਿਨ ਉਦਯੋਗਪਤੀਆਂ, ਵਪਾਰੀਆਂ ਅਤੇ ਸੰਭਾਵੀ ਉੱਦਮੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ’ਚ ਵਪਾਰ ਕਰਨ ਨੂੰ ਸੁਖਾਲਾ ਬਣਾਉਣ ਵਾਸਤੇ ਸਾਜ਼ਗਾਰ ਮਾਹੌਲ ਸਿਰਜਣ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਹਨਾਂ ਦੇਸ ਅੰਦਰ ਹੀ ਨਹੀਂ ਸਗੋਂ ਵਿਸਵ ਭਰ ਵਿੱਚ ਮੋਹਰੀ ਰਾਜ ਵਜੋਂ ਉਭਾਰਨ ਲਈ ਵਪਾਰ ਅਤੇ ਉਦਯੋਗ ਨੂੰ ਭਰਪੂਰ ਸਮਰਥਨ ਦੇਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਪੰਜਾਬ ’ਚ ਵਪਾਰ ਤੇ ਉਦਯੋਗ ਨੂੰ ਸੁਖਾਲਾ ਬਣਾ ਕੇ ਇਸ ਨੂੰ ਲਾਲਫੀਤਾਸ਼ਾਹੀ, ਇੰਸਪੈਕਟਰੀ ਰਾਜ ਤੇ ਭਿ੍ਰਸ਼ਟਾਚਾਰ ਮੁਕਤ ਬਣਾਇਆ ਜਾਵੇਗਾ।
ਇਸ ਨਿਵੇਸਕ ਸੰਮੇਲਨ ’ਚ ਮਲਹੋਤਰਾ ਗਰੁੱਪ ਦੀ ਚੇਅਰਪਰਸਨ ਮੀਨੂੰ ਮਲਹੋਤਰਾ ਨੇ ਰੀਅਲ ਅਸਟੇਟ ਸੈਕਟਰ ਵਿੱਚ 1600 ਕਰੋੜ ਰੁਪਏ ਦੇ ਨਿਵੇਸ ਦੀ ਪੁਸਟੀ ਕੀਤੀ ਅਤੇ ਵਰਧਮਾਨ ਟੈਕਸਟਾਈਲ ਦੇ ਵਾਈਸ ਚੇਅਰਮੈਨ ਅਤੇ ਐਮਡੀ ਸੁਚਿਤਾ ਓਸਵਾਲ ਜੈਨ ਨੇ ਸੂਬੇ ਵਿੱਚ ਆਪਣੀ ਕੰਪਨੀ ਦੀਆਂ 400 ਕਰੋੜ ਰੁਪਏ ਦੀਆਂ ਵਿਸਤਾਰ ਯੋਜਨਾਵਾਂ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਇੰਟਰਨੈਸਨਲ ਟਰੈਕਟਰਜ ਦੇ ਉਪ ਪ੍ਰਧਾਨ ਏ.ਐਸ. ਮਿੱਤਲ ਨੇ ਸੂਬੇ ਵਿੱਚ ਇੱਕ ਹੋਰ ਅਤਿ ਆਧੁਨਿਕ ਟਰੈਕਟਰ ਫੈਕਟਰੀ ਸਥਾਪਤ ਕਰਨ ਦਾ ਐਲਾਨ ਕੀਤਾ। ਆਰਥਿਕ ਗਤੀਵਿਧੀ ਨੂੰ ਹੁਲਾਰਾ ਦੇਣ ਲਈ ਬਿਹਤਰੀਨ ਹਵਾਈ ਸੰਪਰਕ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਨੇ ਰਾਏਕੋਟ ਨੇੜੇ ਹਲਵਾਰਾ (ਲੁਧਿਆਣਾ) ਵਿਖੇ ਬਣਨ ਵਾਲੇ ਗ੍ਰੀਨ ਫੀਲਡ ਹਵਾਈ ਅੱਡੇ ਦਾ 15 ਨਵੰਬਰ ਨੂੰ ਨੀਂਹ ਪੱਥਰ ਰੱਖਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਹ ਵੱਕਾਰੀ ਹਵਾਈ ਅੱਡਾ ਅੱਠ ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ।
ਉਦਯੋਗਿਕ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਉਦਯੋਗਪਤੀਆਂ ਅਤੇ ਵਪਾਰੀਆਂ ਵਿੱਚ ਭਰੋਸਾ ਪੈਦਾ ਕਰਨ ਵਾਸਤੇ ਕੀਤੀਆਂ ਵੱਡੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅੱਜ ਇੱਥੇ ਸੂਬੇ ਦੀ ਉਦਯੋਗਿਕ ਰਾਜਧਾਨੀ ਵਿਖੇ ਬੁਲਾਈ ਗਈ ਮੰਤਰੀ ਮੰਡਲ ਦੀ ਵਿਸ਼ੇਸ਼ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਸੂਬੇ ਵਿੱਚ ਵਪਾਰ ਅਤੇ ਉਦਯੋਗ ਨੂੰ ਹੁਲਾਰਾ ਦੇਣ ਲਈ ਪਹਿਲਾਂ ਹੀ ਕਈ ਨਿਵੇਸਕ ਪੱਖੀ ਪਹਿਲਕਦਮੀਆਂ ਅਤੇ ਰਿਆਇਤਾਂ ਨੂੰ ਪ੍ਰਵਾਨਗੀ ਦਿੱਤੀ ਹੈ।
ਆਪਣੇ ਸੰਬੋਧਨ ਵਿੱਚ ਉਦਯੋਗ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਸਾਰੇ ਪਤਵੰਤਿਆਂ ਦਾ ਸਵਾਗਤ ਕੀਤਾ। ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਚੰਨੀ ਦੀ ਦੂਰਅੰਦੇਸੀ ਅਗਵਾਈ ਸਦਕਾ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲਿਆ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਦੇ ਠੋਸ ਯਤਨਾਂ ਸਦਕਾ ਪੰਜਾਬ ਅੱਜ ਉਦਯੋਗਿਕ ਗਤੀਵਿਧੀਆਂ ਦੇ ਕੇਂਦਰ ਵਜੋਂ ਉੱਭਰਿਆ ਹੈ। ਉਦਯੋਗ ਮੰਤਰੀ ਨੇ ਕਿਹਾ ਕਿ ਲੁਧਿਆਣਾ ਉਦਯੋਗਿਕ ਗਤੀਵਿਧੀਆਂ ਦੇ ਹੱਬ ਵਜੋਂ ਉਭਰੇਗਾ। ਸ. ਕੋਟਲੀ ਨੇ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਖੁਸਹਾਲੀ ਲਈ ਵਚਨਬੱਧ ਹੈ। ਇਸ ਮੌਕੇ ਧੰਨਵਾਦ ਕਰਦਿਆਂ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸੂਬੇ ਦੇ ਉਦਯੋਗ ਨੂੰ ਨਵੀਂ ਸਿਖਰ ‘ਤੇ ਲਿਜਾਣ ਲਈ ਮੁੱਖ ਮੰਤਰੀ ਦੀ ਪਹੁੰਚ ਨੂੰ ਦੂਰਦਰਸੀ ਅਤੇ ਨਿਵੇਸਕ ਪੱਖੀ ਦੱਸਿਆ ਸਲਾਘਾ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ