ਗੋਲੀਬਾਰੀ ’ਚ ਇੱਕ ਔਰਤ ਦੀ ਮੌਤ, ਇੱਕ ਜ਼ਖਮੀ | Crime News
- ਪੁਲਿਸ ਵੱਲੋਂ ਮੁਲਜ਼ਮ ਕਾਬੂ, ਅਸਲਾ ਲਿਆ ਕਬਜ਼ੇ ’ਚ
ਤਲਵੰਡੀ ਸਾਬੋ (ਕਮਲਪ੍ਰੀਤ ਸਿੰਘ)। Crime News: ਉਪ ਮੰਡਲ ਤਲਵੰਡੀ ਸਾਬੋ ਦੀ ਸਰਹੱਦ ਨਾਲ ਲੱਗਦੇ ਪਿੰਡ ਰਾਈਆ ਵਿਖੇ ਖੇਤ ਵਿੱਚ ਲੱਗੀ ਮੋਟਰ ਨੂੰ ਲੈ ਕੇ ਦੋ ਧਿਰਾਂ ’ਚ ਝਗੜਾ ਹੋ ਗਿਆ। ਝਗੜੇ ਦੌਰਾਨ ਦੋਨਾਂ ਧਿਰਾਂ ਵੱਲੋਂ ਇੱਕ ਦੂਜੇ ਉੱਪਰ ਹਮਲਾ ਕਰ ਦਿੱਤਾ ਗਿਆ, ਜਿਸ ’ਚ ਗੋਲੀ ਲੱਗਣ ਨਾਲ ਇੱਕ ਔਰਤ ਦੀ ਮੌਤ ਹੋ ਗਈ ਅਤੇ ਇੱਕ ਔਰਤ ਜ਼ੇਰੇ-ਇਲਾਜ ਹੈ। ਪੁਲਿਸ ਵੱਲੋਂ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਗਈ। ਇਸ ਸਬੰਧੀ ਜਾਂਚ ਅਧਿਕਾਰੀ ਸੁਖਜੰਟ ਸਿੰਘ ਚੌਂਕੀ ਇੰਚਾਰਜ ਸੀਂਗੋ ਮੰਡੀ ਨੇ ਦੱਸਿਆ ਕਿ ਪਿੰਡ ਰਾਈਆ ਵਿਖੇ ਦੋ ਗੁਆਂਢੀਆਂ ਦੀ ਖੇਤ ਵਿੱਚ ਲੱਗੀ ਮੋਟਰ ਨੂੰ ਲੈ ਕੇ ਪੁਰਾਣੀ ਰੰਜਿਸ਼ ਚਲਦੀ ਆ ਰਹੀ ਸੀ।
ਜਿਸ ਸਬੰਧੀ ਅੱਜ ਦੋਵਾਂ ਧਿਰਾਂ ਵਿਚਕਾਰ ਲੜਾਈ ਹੋਈ, ਜਿਸ ਨੇ ਬਾਅਦ ਵਿੱਚ ਖੂਨੀ ਰੂਪ ਧਾਰ ਲਿਆ। ਇਸ ਮੌਕੇ ਇੱਕ ਧਿਰ ਦੇ ਗੁਰਸੇਵਕ ਸਿੰਘ ਵੱਲੋਂ ਕਥਿਤ ਤੌਰ ’ਤੇ ਦੂਸਰੀ ਧਿਰ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਨਾਲ ਦੂਸਰੀ ਧਿਰ ਦੇ ਬਲਜਿੰਦਰ ਸਿੰਘ ਦੀ ਮਾਤਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ, ਜਿਸ ਨੂੰ ਤੁਰੰਤ ਤਲਵੰਡੀ ਸਾਬੋ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਡਾਕਟਰਾਂ ਵੱਲੋਂ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਏਮਜ ਹਸਪਤਾਲ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਗਿਆ, ਜਿੱਥੇ ਇਲਾਜ ਦੌਰਾਨ ਬਲਵਿੰਦਰ ਸਿੰਘ ਦੀ ਮਾਤਾ ਸੁਖਪਾਲ ਕੌਰ (60) ਪਤਨੀ ਜਗਨ ਸਿੰਘ ਦੀ ਮੌਤ ਹੋ ਗਈ। Crime News
Read This : Bathinda News: ਸਾਵਧਾਨ! ਨਹਿਰਾਂ ‘ਤੇ ਨਹਾਉਣ ਜਾਂਦੇ ਹੋ ਤਾਂ ਪੜ੍ਹ ਲਓ ਇਹ ਖ਼ਬਰ
ਚੌਂਕੀ ਇੰਚਾਰਜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਗੁਰਸੇਵਕ ਸਿੰਘ ਅਤੇ ਉਸ ਦੀ ਪਤਨੀ ਸੁਖਵਿੰਦਰ ਕੌਰ ’ਤੇ ਕਤਲ ਦਾ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਅਸਲਾ ਕਬਜ਼ੇ ’ਚ ਲੈ ਕੇ ਅਸਲੇ ਦਾ ਲਾਇਸੈਂਸ ਕੈਂਸਲ ਕਰਨ ਲਈ ਦਰਖਾਸਤ ਭੇਜ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬਲਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਵੱਲੋਂ ਕਥਿਤ ਮੁਲਜ਼ਮ ਗੁਰਸੇਵਕ ਸਿੰਘ ਦੀ ਮਾਤਾ ’ਤੇ ਹਮਲਾ ਕਰ ਦਿੱਤਾ ਗਿਆ, ਜਿਸ ਨਾਲ ਗੁਰਸੇਵਕ ਸਿੰਘ ਦੀ ਮਾਤਾ ਗੰਭੀਰ ਜ਼ਖਮੀ ਹੋ ਗਈ ਅਤੇ ਹਸਪਤਾਲ ’ਚ ਜ਼ੇਰੇ-ਇਲਾਜ ਹੈ। ਚੌਂਕੀ ਇੰਚਾਰਜ ਨੇ ਦੱਸਿਆ ਕਿ ਸੁਖਪਾਲ ਕੌਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ। ਇਸ ਲੜਾਈ ਵਿੱਚ ਪੁਲਿਸ ਵੱਲੋਂ ਦੋਵਾਂ ਧਿਰਾਂ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। Crime News