ਕਰਜ਼ੇ ਹੇਠ ਦੱਬੇ ਦੋ ਸਕੇ ਭਰਾਵਾਂ ਵੱਲੋਂ ਟ੍ਰੇਨ ਹੇਠਾਂ ਆ ਕੇ ਕੀਤੀ ਖੁਦਕੁਸ਼ੀ
Sad News: ਕੋਟਕਪੂਰਾ (ਅਜੈ ਮਨਚੰਦਾ)। ਕੋਟਕਪੂਰਾ ਨੇੜੇ ਕਰਜ਼ੇ ਤੋਂ ਪਰੇਸ਼ਾਨ ਦੋ ਸਕੇ ਭਰਾਵਾਂ ਵੱਲੋਂ ਟ੍ਰੇਨ ਹੇਠਾਂ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਦੀ ਪਛਾਣ ਪਿੰਡ ਹਰੀਨੋ ਦੇ ਰਹਿਣ ਵਾਲੇ ਜਸਕਰਨ ਸਿੰਘ (38)ਅਤੇ ਉਸਦੇ ਛੋਟੇ ਭਰਾ ਜਸਵਿੰਦਰ ਸਿੰਘ (34) ਵਜੋਂ ਹੋਈ ਹੈ। ਇਸ ਮਾਮਲੇ ਵਿੱਚ ਜੀਆਰਪੀ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਫਰੀਦਕੋਟ ਦੇ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ 0146ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਿਕ ਅੱਠ ਭੈਣ-ਭਰਾਵਾਂ ਵਿੱਚੋਂ ਛੋਟੇ ਦੋਵੇਂ ਭਰਾ ਆਪਸ ਵਿੱਚ ਬਹੁਤ ਪਿਆਰ ਨਾਲ ਰਹਿੰਦੇ ਸਨ ਅਤੇ ਇਕੱਠੇ ਖੇਤੀਬਾੜੀ ਅਤੇ ਹੋਰ ਕੰਮ ਕਰਦੇ ਸਨ। ਪਿੰਡ ਵਾਸੀਆਂ ਦੇ ਮੁਤਾਬਕ ਭਾਵੇਂ ਪਰਿਵਾਰ ਕੋਲ ਘੱਟ ਜ਼ਮੀਨ ਸੀ, ਪਰ ਉਹ ਠੇਕੇ ’ਤੇ ਜ਼ਮੀਨ ਲੈ ਕੇ ਵੀ ਖੇਤੀ ਕਰਦੇ ਸਨ। ਦੋਵੇਂ ਭਰਾ ਇੱਕੋ ਘਰ ਵਿੱਚ ਵਿਆਹੇ ਹੋਏ ਸਨ, ਜਿਸ ਕਰਕੇ ਪਰਿਵਾਰ ਵਿੱਚ ਕਾਫ਼ੀ ਮੇਲ-ਮਿਲਾਪ ਸੀ। ਪਰ ਸਿਰ ’ਤੇ ਚੜ੍ਹੇ ਕਰਜ਼ੇ ਕਾਰਨ ਉਹ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ’ਤੇ ਪਰੇਸ਼ਾਨ ਚੱਲ ਰਹੇ ਸਨ। ਇਸੇ ਪਰੇਸ਼ਾਨੀ ਦੇ ਚੱਲਦਿਆਂ ਉਨ੍ਹਾਂ ਨੇ ਪਿੰਡ ਢਾਬ ਬਾਮਣ ਵਾਲਾ ਨੇੜੇ ਲੰਘ ਰਹੀ ਰੇਲਵੇ ਲਾਈਨ ’ਤੇ ਛਿੰਦਵਾੜਾ ਐਕਸਪ੍ਰੈਸ ਅੱਗੇ ਆ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ’ਤੇ ਪਿੰਡ ਦੇ ਲੋਕ ਮੌਕੇ ’ਤੇ ਪਹੁੰਚੇ ਅਤੇ ਜੀਆਰਪੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। Sad News
ਇਹ ਵੀ ਪੜ੍ਹੋ: Shehad Bhagat Singh: ਕੱਲਾ ਹਥਿਆਰਾਂ ਵਾਲਾ ਨਹੀਂ ਵਿਚਾਰਾਂ ਵਾਲਾ ਵੀ ਸੀ ਸ੍ਰ. ਭਗਤ ਸਿੰਘ ਦਾ ਕਿਰਦਾਰ
ਇਸ ਸਬੰਧੀ ਪਿੰਡ ਦੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਦੋਵੇਂ ਭਰਾ ਆਪਸ ਵਿੱਚ ਬਹੁਤ ਪਿਆਰ ਕਰਦੇ ਸਨ ਅਤੇ ਕਰਜ਼ੇ ਤੋਂ ਤੰਗ ਆ ਕੇ ਇਹ ਕਦਮ ਚੁੱਕਿਆ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਰਿਵਾਰ ਦਾ ਕਰਜ਼ਾ ਮਾਫ ਕਰਕੇ ਆਰਥਿਕ ਮੱਦਦ ਦਿੱਤੀ ਜਾਵੇ, ਕਿਉਂਕਿ ਦੋਵਾਂ ਦੇ ਇੱਕ-ਇੱਕ ਛੋਟੀ ਬੱਚੀ ਹੈ। ਇਸ ਮਾਮਲੇ ਵਿੱਚ ਜੀਆਰਪੀ ਚੌਂਕੀ ਦੇ ਏਐਸਆਈ ਰਜਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਵੱਲੋਂ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।














