ਪੰਜ ਲੱਖ ਕੀਮਤ ਦੀ ਹੈਰੋਇਨ ਸਮੇਤ ਦੋ ਕਾਰ ਸਵਾਰ ਕਾਬੂ
ਮਲੋਟ, (ਮਨੋਜ)। ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਪੁਲਿਸ ਕਪਤਾਨ ਸ੍ਰੀਮਤੀ ਡੀ.ਸੂਡਰਵਿਲੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ ਪੀ (ਪੀ ਬੀ ਆਈ) ਕੁਲਵੰਤ ਰਾਏ ਅਤੇ ਡੀ ਐਸ ਪੀ ਮਲੋਟ ਭੁਪਿੰਦਰ ਸਿੰਘ ਰੰਧਾਵਾ ਦੀਆਂ ਹਦਾਇਤਾਂ ਤੇ ਗੈਰ ਸਮਾਜੀ ਅਨਸਰਾਂ ਅਤੇ ਨਸ਼ਾ ਤਸਕਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਐਂਟੀਨਾਰਕੋਟਿਸ ਸੈਲ ਦੀ ਟੀਮ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਦੋ ਕਾਰ ਸਵਾਰ ਤਸਕਰਾਂ ਤੋਂ ਭਾਰੀ ਮਾਤਰਾ ਵਿਚ ਹੈਰੋਇਨ ਬਰਾਮਦ ਕੀਤੀ ਜਿਸ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕੀਮਤ 5 ਲੱਖ ਤੋਂ ਵੱਧ ਬਣਦੀ ਹੈ। ਜਾਣਕਾਰੀ ਅਨੁਸਾਰ ਐਂਟੀਨਾਰਕੋਟਿਸ ਸੈਲ ਦੇ ਇੰਚਾਰਜ ਇੰਸਪੈਕਟਰ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਏ ਐਸ ਆਈ ਹਰਭਜਨ ਸਿੰਘ ਸਮੇਤ ਐਚ ਸੀ ਜਸਕਰਨਜੀਤ ਸਿੰਘ, ਐਚ ਸੀ ਪਰਮਜੀਤ ਸਿੰਘ ਸਮੇਤ ਟੀਮ ਨੇ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਝੌਰੜ ਦੇ ਸਾਹਮਣੇ ਔਲਖ ਵਾਲੇ ਪਾਸੇ ਤੋਂ ਇਕ ਕਾਰ ਸਵਿਫਟ ਰੰਗ ਚਿੱਟਾ ਪੀ ਬੀ 02ਸੀ ਐਨ-7041 ਜਿਸ ਵਿਚ ਦੋ ਮੋਨੇ ਨੌਜਵਾਨ ਸਨ ਨੂੰ ਰੁਕਣ ਦਾ ਇਸ਼ਾਰਾ ਕੀਤਾ
ਪਰ ਉਹਨਾਂ ਕਾਰ ਰੋਕ ਕਿ ਵਾਪਸ ਮੋੜਨ ਦੀ ਕੋਸ਼ਿਸ਼ ਕੀਤੀ ਪਰ ਟੀਮ ਨੇ ਉਹਨਾਂ ਨੂੰ ਕਾਬੂ ਕੀਤਾ। ਇਸ ਸਬੰਧੀ ਜਾਣਕਾਰੀ ਮਿਲਣ ‘ਤੇ ਇੰਸਪੈਕਟਰ ਭੁਪਿੰਦਰ ਸਿੰਘ ਮੌਕੇ ‘ਤੇ ਪੁੱਜੇ। ਉਕਤ ਨੌਜਵਾਨ ਜਿਹਨਾਂ ਦੀ ਸ਼ਨਾਖਤ ਹਰਿੰਦਰ ਸਿੰਘ ਉਰਫ ਨਿੱਕਾ ਪੁੱਤਰ ਮਹਿਲ ਸਿੰਘ ਵਾਸੀ ਮੰਡਿਆਲਾ ਥਾਣਾ ਚਾਟੀਵਿੰਡ ਜਿਲ੍ਹਾ ਸ੍ਰੀ ਅਮ੍ਰਿਤਸਰ ਅਤੇ ਕਰਨਵੀਰ ਸਿੰਘ ਕਰਨ ਪੁੱਤਰ ਰਵਿੰਦਰ ਸਿੰਘ ਵਾਸੀ ਵਾਰਡ ਨੰਬਰ 12 ਪੱਟੀ ਜਿਲ੍ਹਾ ਤਰਨਤਾਰਨ ਵਜੋਂ ਹੋਈ। ਪੁਲਿਸ ਅਧਿਕਾਰੀ ਨੇ ਤਲਾਸ਼ੀ ਲਈ ਤਾਂ ਇਹਨਾਂ ਪਾਸੋਂ 130 ਗ੍ਰਾਮ ਹੈਰੋਇਨ ਬਰਾਮਦ ਹੋਈ। ਟੀਮ ਨੇ ਇਹਨਾਂ ਨੂੰ ਹਿਰਾਸਤ ਵਿਚ ਲੈਕੇ ਥਾਣਾ ਸਦਰ ਮਲੋਟ ਵਿਖੇ ਮੁਕਦਮਾਂ ਨੰਬਰ 174 ਮਿਤੀ 26/10/2020 ਅ/ਧ 21ਬੀ/61/85 ਐਨ ਡੀ ਪੀ ਐਸ ਐਕਟ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.