ਵਿਦਿਆਰਥੀ ਚੰਗੇ ਨੰਬਰ ਲੈ ਕੇ ਆਪਣੇ ਅਧਿਆਪਕਾਂ ਤੇ ਮਾਪਿਆਂ ਦਾ ਨਾਂਅ ਰੌਸ਼ਨ ਕਰਨ
ਹਰ ਸਾਲ ਜਦੋਂ ਵੀ ਬੋਰਡ ਦੀਆਂ ਪ੍ਰੀਖਿਆਵਾਂ ਆਉਂਦੀਆਂ ਹਨ ਤਾਂ ਬਹੁਤੇ ਬੱਚੇ ਉਦਾਸ ਰਹਿਣ ਲੱਗ ਪੈਂਦੇ ਹਨ। ਇੱਥੋਂ ਤੱਕ ਕਿ ਜ਼ਿਆਦਾ ਹੁਸ਼ਿਆਰ ਬੱਚੇ ਵੀ ਡਰਦੇ ਹਨ ਕਿ ਕਿਤੇ ਉਹ ਫ਼ੇਲ੍ਹ ਨਾ ਹੋਣ ਜਾਣ ਜਾਂ ਫਿਰ ਘੱਟ ਨੰਬਰ ਨਾ ਆ ਜਾਣ। ਬੱਚਿਆਂ ਦੇ ਅੰਦਰ ਇਹ ਡਰ ਉਦੋਂ ਹੀ ਪੈਦਾ ਹੁੰਦਾ ਹੈ, ਜਦੋਂ ਬੱਚੇ ਧਿਆਨ ਨਾਲ ਨਹੀਂ ਪੜ੍ਹਦੇ ਸਿਰਫ਼ ਰੱਟਾ ਲਾਉਂਦੇ ਹਨ, ਜਿਸ ਦਾ ਫ਼ਾਇਦਾ ਨਹੀਂ ਸਗੋਂ ਨੁਕਸਾਨ ਹੀ ਹੁੰਦਾ ਹੈ। ਬੋਰਡ ਦਾ ਪੇਪਰ ਬਹੁਤੇ ਬੱਚਿਆਂ ਨੂੰ ਚੰਗੀ ਤਰ੍ਹਾਂ ਆਉਂਦਾ ਹੁੰਦਾ ਹੈ, ਪਰ ਉਹ ਉਕਤ ਪੇਪਰ ਨੂੰ ਪੂਰਾ ਕਰ ਹੀ ਨਹੀਂ ਪਾਉਂਦੇ, ਕਿਉਂਕਿ ਬੱਚਿਆਂ ਦੇ ਅੰਦਰ ਇੱਕ ਡਰ ਹੁੰਦਾ ਹੈ, ਜੋ ਉਨ੍ਹਾਂ ਨੂੰ ਕੁੱਝ ਵੀ ਕਰਨ ਤੋਂ ਰੋਕਦਾ ਹੈ। ਦਰਅਸਲ, ਬੱਚੇ ਉਦੋਂ ਹੀ ਆਪਣਾ-ਆਪ ਸੰਭਾਲ ਨਹੀਂ ਪਾਉਂਦੇ, ਜਦੋਂ ਉਨ੍ਹਾਂ ਦੇ ਅੰਦਰ ਡਰ ਪੈਦਾ ਹੋ ਜਾਂਦਾ ਹੈ।
ਮਾਪਿਆਂ ਤੇ ਅਧਿਆਪਕਾਂ ਨੂੰ ਚਾਹੀਦੈੈ ਕਿ ਉਹ ਬੱਚਿਆਂ ਨੂੰ ਕਹਿਣ- ‘‘ਬੱਚਿਓ ਡਰੋ ਨਾ ਆਪਣੀ ਮਿਹਨਤ ’ਤੇ ਵਿਸ਼ਵਾਸ ਰੱਖੋ, ਤੁਸੀਂ ਜ਼ਰੂਰ ਕਾਮਯਾਬ ਹੋਵੋਗੇ ਤੇ ਚੰਗੇ ਨੰਬਰ ਲੈ ਕੇ ਪਾਸ ਹੋਵੋਗੇ।’’ ਜੇਕਰ ਬੱਚਿਆਂ ਨੂੰ ਹਰ ਰੋਜ਼ ਘਰ ਵਿਚ ਤੇ ਸਕੂਲ ਵਿਚ ਅਜਿਹੇ ਵਿਚਾਰ ਸੁਣਨ ਨੂੰ ਮਿਲਦੇ ਰਹਿਣ ਤਾਂ ਬੱਚੇ ਜ਼ਰੂਰ ਕਾਮਯਾਬ ਹੋ ਸਕਦੇ ਹਨ। ਜਦੋਂ ਵੀ ਕੋਈ ਬੱਚਾ ਦਿਲੋਂ ਮਿਹਨਤ ਕਰਨ ਲੱਗਦਾ ਹੈ ਤਾਂ ਉਸ ਦੇ ਅੰਦਰ ਪਾਸ ਹੋਣ ਦੀ ਭਾਵਨਾ ਖੁਦ-ਬ-ਖੁਦ ਜਾਗਣ ਲੱਗ ਪੈਂਦੀ ਹੈ। ਜਦੋਂ ਬੱਚਾ ਪਾਸ ਹੋਣ ਦੀ ਉਮੀਦ ਰੱਖਦਾ ਹੈ, ਉਦੋਂ ਉਹ ਬੱਚਾ ਮਿਹਨਤ ਕਰਕੇ ਪਾਸ ਹੋਣ ਦੇ ਨਾਲ-ਨਾਲ ਚੰਗੇ ਨੰਬਰ ਲੈ ਕੇ ਆਪਣੇ ਅਧਿਆਪਕਾਂ ਤੇ ਮਾਪਿਆਂ ਦਾ ਨਾਂਅ ਰੌਸ਼ਨ ਕਰਦਾ ਹੈ। ਇਹ ਸਭ ਕੁੱਝ ਉਦੋਂ ਹੀ ਸੰਭਵ ਹੋ ਸਕਦਾ ਹੈ, ਜਦੋਂ ਬੱਚੇ ਬਿਨਾਂ ਡਰ ਤੋਂ ਆਪਣੀ ਪੜ੍ਹਾਈ ਨੂੰ ਜਾਰੀ ਰੱਖਣਗੇ।
ਜਿਸ ਹਿਸਾਬ ਨਾਲ ਅੱਜ-ਕੱਲ੍ਹ ਹਰ ਬੱਚੇ ਦਾ ਮਾਤਾ-ਪਿਤਾ ਕਿਸੇ ਨਾ ਕਿਸੇ ਕੰਮ ਵਿਚ ਵਿਅਸਤ ਰਹਿੰਦਾ ਹੈ ਜਦੋਂ ਮਾਂ-ਬਾਪ ਆਪਣੇ ਬੱਚੇ ਨਾਲ ਸਮਾਂ ਨਹੀਂ ਬਿਤਾਉਂਦੇ ਤਾਂ, ਬੱਚਾ ਕਈ ਵਾਰ ਗ਼ਲਤ ਸੰਗਤ ਵਿਚ ਪੈ ਜਾਂਦਾ ਹੈ। ਬਹੁਤੇ ਮਾਪੇ ਤਾਂ ਅਜਿਹੇ ਵੀ ਹਨ, ਜਿਨ੍ਹਾਂ ਨੇ ਸਭ ਕੁੱਝ ਅਧਿਆਪਕਾਂ ਉੱਪਰ ਹੀ ਛੱਡਿਆ ਹੋਇਆ ਹੈ ਕਿ ਅਧਿਆਪਕ ਹੀ ਉਨ੍ਹਾਂ ਦੇ ਬੱਚੇ ਨੂੰ ਪੂਰੀ ਤਰ੍ਹਾਂ ਪੜ੍ਹਾ-ਲਿਖਾ ਕੇ ਅੱਗੇ ਲੈ ਕੇ ਜਾਣ, ਜਦੋਂਕਿ ਮਾਪਿਆਂ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਸਮੇਂ ਵਿਚੋਂ ਸਮਾਂ ਕੱਢ ਕੇ ਬੱਚਿਆਂ ਦੇ ਨਾਲ ਕੁੱਝ ਪਲ ਬਿਤਾਉਣ ਤਾਂ, ਜੋ ਬੱਚਿਆਂ ਦੇ ਚਿਹਰਿਆਂ ਉੱਪਰ ਆਈ ਉਦਾਸੀ ਦੂਰ ਹੋ ਸਕੇ ਅਤੇ ਉਹ ਆਪਣੇ-ਆਪ ਨੂੰ ਚੰਗਾ ਮਹਿਸੂਸ ਕਰ ਸਕਣ।
ਵੇਖਿਆ ਜਾਵੇ ਤਾਂ ਦੂਜੇ ਪਾਸੇ ਕਈ ਵਾਰ ਅਜਿਹੇ ਮਾਮਲੇ ਵੀ ਸਾਹਮਣੇ ਆਉਂਦੇ ਹਨ ਕਿ ਬੱਚੇ ਦੇ ਦਿਮਾਗ਼ ਵਿਚ ਪੜ੍ਹਾਉਣ ਦੇ ਬਾਵਜੂਦ ਵੀ ਕੁੱਝ ਨਹੀਂ ਪੈਂਦਾ। ਕਿਉਂਕਿ ਬੱਚਾ ਇੱਕ-ਦੋ ਵਾਰ ਤਾਂ ਸਕੂਲੀ ਟੈਸਟ ਵਿਚੋਂ ਪਾਸ ਹੋ ਕੇ ਚੰਗੇ ਨੰਬਰ ਲੈ ਆਉਂਦਾ ਹੈ, ਪਰ ਬੋਰਡ ਦੀਆਂ ਪ੍ਰੀਖਿਆਵਾਂ ਸਮੇਂ ਬੱਚੇ ਦੇ ਨੰਬਰ ਘਟ ਜਾਂਦੇ ਹਨ। ਇਸ ਦਾ ਕਾਰਨ ਹੁਣ ਤੱਕ ਇਹ ਹੀ ਸਾਹਮਣੇ ਆਇਆ ਹੈ ਕਿ ਬੱਚੇ ਪੜ੍ਹਦੇ ਜ਼ਰੂਰ ਹਨ, ਟੀਚਰ ਦੁਆਰਾ ਦਿੱਤੇ ਗਏ ਗਿਆਨ ਨੂੰ ਵੀ ਗ੍ਰਹਿਣ ਕਰਦੇ ਹਨ, ਪਰ ਬੱਚੇ ਟੀਚਰ ਦੁਆਰਾ ਦੱਸੀਆਂ ਗਈਆਂ ਗੱਲਾਂ ਨੂੰ ਦਿਮਾਗ਼ ਵਿਚ ਬਿਠਾਉਣ ਦੀ ਬਜਾਏ, ਸਕੂਲੀ ਟੈਸਟ ਦੇਣ ਤੱਕ ਹੀ ਠੀਕ ਸਮਝਦੇ ਹਨ। ਬੱਚਿਆਂ ਕੋਲ ਸਮਾਂ ਵੀ ਹੁੰਦਾ ਹੈ, ਪਰ ਉਹ ਫਿਰ ਵੀ ਆਪਣੇ ਸਮੇਂ ਨੂੰ ਕਿਸੇ ਕਿਤਾਬ ਦੇ ਪਾਠ ਨੂੰ ਸਮਝਣ ਦੀ ਬਜਾਏ, ਰੱਟਾ ਹੀ ਲਾਉਂਦੇ ਹਨ, ਜਿਸ ਕਾਰਨ ਉਹ ਕਾਮਯਾਬ ਨਹੀਂ ਹੋ ਪਾਉਂਦੇ। ਰੱਟਾ ਲਾਉਣ ਦੀ ਬਜਾਏ, ਪਾਠ ਨੂੰ ਸਮਝਣਾ ਚਾਹੀਦਾ ਹੈ ਤਾਂ ਹੀ ਬੱਚਾ ਚੰਗੇ ਨੰਬਰ ਲਿਆ ਸਕਦਾ ਹੈ।
ਦੱਸ ਦਈਏ ਕਿ ਘਰ ਤੋਂ ਲੈ ਕੇ ਸਕੂਲ ਵਿਚ ਸਵੇਰ ਦੀ ਸਭਾ ਤੱਕ, ਹਰ ਰੋਜ਼ ਹੀ ਮਾਪੇ ਤੇ ਅਧਿਆਪਕ ਬੱਚਿਆਂ ਮੂਹਰੇ ਚੰਗੇ-ਚੰਗੇ ਵਿਚਾਰ ਪੇਸ਼ ਕਰਦੇ ਹਨ। ਜਿਹੜੇ ਬੱਚੇ ਤਾਂ, ਮਾਪਿਆਂ ਅਤੇ ਅਧਿਆਪਕਾਂ ਦੁਆਰਾ ਦਿੱਤੇ ਗਏ ਚੰਗੇ ਵਿਚਾਰਾਂ ਨੂੰ ਗ੍ਰਹਿਣ ਕਰ ਲੈਂਦੇ ਹਨ, ਉਹ ਤਾਂ ਅੱਗੇ ਵਧ ਜਾਂਦੇ ਹਨ। ਬਹੁਤੇ ਬੱਚਿਆਂ ਦੇ ਦਿਮਾਗ਼ ਵਿਚ ਚੰਗੇ ਵਿਚਾਰ ਇਸ ਕਰਕੇ ਨਹੀਂ ਆਉਂਦੇ, ਕਿਉਂਕਿ ਸਕੂਲ ਦੀ ਸਭਾ ’ਚ ਤੇ ਘਰ ਵਿਚ ਮਾਪਿਆਂ ਦੁਆਰਾ ਦਿੱਤੇ ਗਏ ਗਿਆਨ ਵੇਲੇ ਉਨ੍ਹਾਂ ਦਾ ਧਿਆਨ ਹੀ ਕਿਸੇ ਹੋਰ ਪਾਸੇ ਹੁੰਦਾ ਹੈ। ਸਾਡੇ ਸਮਾਜ ਵਿਚ ਨਿੱਤ ਵਾਪਰਦੀਆਂ ਵੱਖ-ਵੱਖ ਘਟਨਾਵਾਂ ਵੀ ਬੱਚਿਆਂ ਦੇ ਮਨਾਂ ਉੱਪਰ ਕਾਫ਼ੀ ਜ਼ਿਆਦਾ ਅਸਰ ਪਾਉਂਦੀਆਂ ਹਨ। ਬੱਚਿਆਂ ਦੇ ਦਿਮਾਗ਼ ਵਿਚ ਚੰਗੇ ਵਿਚਾਰ ਉਦੋਂ ਹੀ ਆਉਣੇ ਸ਼ੁਰੂ ਹੋ ਜਾਂਦੇ ਹਨ, ਜਦੋਂ ਮਾਪੇ ਤੇ ਅਧਿਆਪਕ ਬੱਚੇ ਨੂੰ ਸਖ਼ਤ ਮਿਹਨਤ ਕਰਕੇ, ਸਿਰਫ਼ ਪਾਸ ਹੀ ਨਹੀਂ ਬਲਕਿ ਜ਼ਿੰਦਗੀ ਦੀ ਹਰ ਔਕੜ ਦੇ ਨਾਲ ਲੜਨ ਲਈ ਸਮਝਾਉਂਦੇ ਹਨ।
ਬਹੁਤੇ ਬੱਚੇ ਅਜਿਹੇ ਵੀ ਹੁੰਦੇ ਹਨ, ਜੋ ਆਪਣੇ ਅਧਿਆਪਕ ਕੋਲੋਂ ਬੇਵਜ੍ਹਾ ਹੀ ਡਰਦੇ ਰਹਿੰਦੇ ਹਨ। ਜਦੋਂ ਵੀ ਕੋਈ ਬੱਚਾ ਬਿਨਾਂ ਕਿਸੇ ਵਜ੍ਹਾ ਤੋਂ ਅਧਿਆਪਕ ਕੋਲੋਂ ਡਰਦਾ ਰਹਿੰਦਾ ਹੈ, ਉਦੋਂ ਉਹ ਅੱਗੇ ਨਹੀਂ ਵਧ ਸਕਦਾ। ਕਿਉਂਕਿ ਅਧਿਆਪਕ ਦਾ ਫ਼ਰਜ਼ ਹੁੰਦਾ ਹੈ ਕਿ ਉਹ ਕਲਾਸ ਵਿਚ ਬੱਚਿਆਂ ਨੂੰ ਪੜ੍ਹਾਉਣ ਸਮੇਂ ਹਰ ਵਾਰ ਹੀ ਇਹ ਕਹਿੰਦੈ ਕਿ ਬੱਚਿਓ ਜੇਕਰ ਤੁਹਾਨੂੰ ਕਿਸੇ ਗੱਲ ਦਾ ਪਤਾ ਨਹੀਂ ਲੱਗਾ ਤਾਂ ਤੁਸੀਂ ਦੁਬਾਰਾ ਪੁੱਛ ਸਕਦੇ ਹੋ। ਬਹੁਤੇ ਬੱਚੇ ਡਰਦੇ ਮਾਰੇ ਹੀ ਪੁੱਛਦੇ ਨਹੀਂ ਕਿ ਉਨ੍ਹਾਂ ਨੂੰ ਕਿਤੇ ਅਧਿਆਪਕ ਕੁੱਝ ਕਹਿ ਨਾ ਦੇਵੇ। ਜਿਹੜਾ ਅਧਿਆਪਕ ਬੱਚਿਆਂ ਨੂੰ ਇੰਨਾ ਕਹਿੰਦਾ ਹੈ ਅਜਿਹੇ ਅਧਿਆਪਕ ਤੋਂ ਬਿਨਾਂ ਕਿਸੇ ਡਰ ਤੋਂ ਹੀ ਬੱਚਿਆਂ ਨੂੰ ਸਵਾਲ-ਜਵਾਬ ਕਰ ਲੈਣੇ ਚਾਹੀਦੇ ਹਨ। ਜਿਹੜੇ ਸਵਾਲ ਦਾ ਜਵਾਬ ਨਹੀਂ ਲੱਭਦਾ, ਉਹ ਸਵਾਲ ਬੱਚਿਆਂ ਨੂੰ ਅਧਿਆਪਕ ਕੋਲੋਂ ਸਮਝਣਾ ਚਾਹੀਦਾ ਹੈ।
ਜੇਕਰ ਬੱਚਾ ਅਧਿਆਪਕ ਦੁਆਰਾ ਦੱਸੀਆਂ ਗਈਆਂ ਚੰਗੀਆਂ ਗੱਲਾਂ ਨੂੰ ਗ੍ਰਹਿਣ ਕਰਦਾ ਰਹੇ, ਤਾਂ ਉਹ ਕਦੇ ਵੀ ਜ਼ਿੰਦਗੀ ਵਿਚ ਮਾਰ ਨਹੀਂ ਖਾ ਸਕਦਾ। ਕਿਉਂਕਿ ਅਧਿਆਪਕ ਹੀ ਅਜਿਹਾ ਸਮਾਜ ਦਾ ਇੱਕ ਸ਼ੀਸ਼ਾ ਹੁੰਦਾ ਹੈ, ਜੋ ਹਮੇਸ਼ਾ ਹੀ ਸਹੀ ਰਸਤੇ ’ਤੇ ਚੱਲਣ ਦੀ ਸਲਾਹ ਦਿੰਦਾ ਹੈ। ਬਹੁਤੇ ਬੱਚੇ ਅਜਿਹੇ ਵੀ ਹੁੰਦੇ ਹਨ, ਜੋ ਸਭ ਕੁੱਝ ਅਧਿਆਪਕ ਦੁਆਰਾ ਦੱਸਿਆ ਗ੍ਰਹਿਣ ਵੀ ਕਰਦੇ ਹਨ, ਪਰ ਪੇਪਰਾਂ ਦੇ ਸਮੇਂ ਉਨ੍ਹਾਂ ਦੇ ਅੰਦਰ ਡਰ ਪੈਦਾ ਹੋ ਜਾਂਦਾ ਹੈ ਕਿ ਜੇਕਰ ਕਿਤੇ ਉਹ ਫ਼ੇਲ੍ਹ ਹੋ ਗਏ ਜਾਂ ਫਿਰ ਨੰਬਰ ਘੱਟ ਆ ਗਏ, ਤਾਂ ਉਨ੍ਹਾਂ ਨੂੰ ਅਧਿਆਪਕ ਤੇ ਮਾਪਿਆਂ ਕੋਲੋਂ ਮਾਰ ਨਾ ਪੈ ਜਾਵੇ!
ਜੇਕਰ ਬੱਚੇ ਅਜਿਹੇ ਵਿਚਾਰ ਆਪਣੇ ਮਨ ਅੰਦਰ ਲਿਆਉਣਗੇ ਤਾਂ, ਉਨ੍ਹਾਂ ਨੂੰ ਹਮੇਸ਼ਾ ਹੀ ਡਰ ਰਹੇਗਾ ਕਿ ਉਹ ਫ਼ੇਲ੍ਹ ਹੋਣਗੇ ਤੇ ਉਨ੍ਹਾਂ ਦੇ ਨੰਬਰ ਘੱਟ ਆਉਣਗੇ। ਇਸ ਲਈ ਕਦੇ ਵੀ ਅਜਿਹੇ ਵਿਚਾਰ ਬੱਚੇ ਦਿਮਾਗ਼ ਵਿਚ ਨਾ ਲਿਆਉਣ ਤੇ ਹਮੇਸ਼ਾ ਅਧਿਆਪਕ ਦੁਆਰਾ ਆਖੀਆਂ ਗਈਆਂ ਗੱਲਾਂ ਨੂੰ ਧਿਆਨ ਵਿਚ ਰੱਖਣ ਤੇ ਉਨ੍ਹਾਂ ਵਿਚਾਰਾਂ ਨੂੰ ਗ੍ਰਹਿਣ ਕਰਨ। ਹੁਸ਼ਿਆਰ ਬੱਚੇ ਕਦੇ ਵੀ ਨਕਲ ਨਹੀਂ ਮਾਰਦੇ, ਤਾਂ ਹੀ ਖੌਰੇ ਉਨ੍ਹਾਂ ਨੂੰ ਅਧਿਆਪਕ ਵੀ ਸਲਾਹੁੰਦੇ ਹਨ। ਪਰ ਜੇਕਰ ਹੁਸ਼ਿਆਰ ਬੱਚੇ ਵੀ ਨਕਲਚੀਆਂ ਵਾਂਗੂ ਹੋਰਾਂ ਉੱਪਰ ਹੀ ਆਸ ਰੱਖਣ ਲੱਗ ਪੈਣ ਤਾਂ ਫਿਰ ਉਹ ਕਦੇ ਵੀ ਪਾਸ ਨਹੀਂ ਹੋ ਸਕਣਗੇ। ਬੱਚਿਆਂ ਨੂੰ ਨਕਲ ਕਰਨ ਤੋਂ ਬਚਣਾ ਚਾਹੀਦਾ ਹੈ।
ਨੰਬਰ ਭਾਵੇਂ ਹੀ ਘੱਟ ਆਉਣ, ਪਰ ਅਧਿਆਪਕ ਦੁਆਰਾ ਪੜ੍ਹਾਏ ਗਏ ਪਾਠ ਨੂੰ ਪੂਰੀ ਤਰ੍ਹਾਂ ਸਮਝਣਾ ਚਾਹੀਦਾ ਹੈ। ਜੇਕਰ ਕੋਈ ਬੱਚਾ ਅਧਿਆਪਕ ਦੁਆਰਾ ਸਮਝਾਏ ਗਏ ਪਾਠ ਨੂੰ ਸਮਝੇਗਾ ਰੱਟਾ ਨਹੀਂ ਲਾਏਗਾ ਤਾਂ, ਉਹ ਹਮੇਸ਼ਾ ਹੀ ਕਾਮਯਾਬ ਹੋਵੇਗਾ। ਕਿਉਂਕਿ ਰੱਟਾ ਲਾਉਣ ਦੇ ਨਾਲ ਇੱਕ ਵਾਰ ਹੀ ਕੋਈ ਚੀਜ਼ ਯਾਦ ਰਹਿੰਦੀ ਹੈ, ਹਮੇਸ਼ਾ ਲਈ ਕਿਸੇ ਵੀ ਚੀਜ਼ ਨੂੰ ਯਾਦ ਰੱਖਣ ਵਾਸਤੇ ਬੱਚੇ ਨੂੰ ਰੱਟਾ ਲਾਉਣ ਦੀ ਬਜਾਏ ਸਮਝਣਾ ਚਾਹੀਦਾ ਹੈ, ਤਾਂ ਜੋ ਉਹ ਚੰਗੇ ਨੰਬਰ ਲੈਣ ਤੋਂ ਇਲਾਵਾ ਅੱਗੇ ਵੀ ਉਕਤ ਪਾਠ ਹੋਰਨਾਂ ਨੂੰ ਸਮਝਾ ਸਕੇ।
ਜਿਹੜੇ ਬੱਚੇ ਖ਼ੁਦ ਮਿਹਨਤ ਕਰਕੇ ਪਾਸ ਹੁੰਦੇ ਹਨ, ਉਹ ਕਦੇ ਵੀ ਜ਼ਿੰਦਗੀ ਵਿਚ ਮਾਰ ਨਹੀਂ ਖਾਂਦੇ।
ਮਿਹਨਤ ਕਰਕੇ ਚੰਗੇ ਨੰਬਰਾਂ ਦੀ ਆਸ ਰੱਖਣ ਵਾਲੇ ਬੇਸ਼ੱਕ ਬਹੁਤ ਘੱਟ ਹੁੰਦੇ ਹਨ, ਪਰ ਘੱਟ ਨੰਬਰ ਆਉਣ ’ਤੇ ਕਦੇ ਵੀ ਉਦਾਸ ਨਹੀਂ ਹੋਣਾ ਚਾਹੀਦਾ, ਸਗੋਂ ਮਿਹਨਤ ਹੀ ਐਨੀ ਜ਼ਿਆਦਾ ਕਰਨੀ ਚਾਹੀਦੀ ਹੈ, ਤਾਂ ਜੋ ਉਦਾਸੀ ਝੱਲਣੀ ਹੀ ਨਾ ਪਵੇ। ਜੇਕਰ ਬੱਚੇ ਨੰਬਰ ਘੱਟ ਆਉਣ ’ਤੇ ਉਦਾਸ ਰਹਿਣ ਲੱਗ ਪੈਣਗੇ, ਤਾਂ ਫਿਰ ਉਹ ਕਦੇ ਵੀ ਜ਼ਿੰਦਗੀ ’ਚ ਕਾਮਯਾਬ ਨਹੀਂ ਹੋ ਸਕਣਗੇ। ਕਿਉਂਕਿ ਹੁਣ ਤੱਕ ਜ਼ਿੰਦਗੀ ਵਿਚ ਕਾਮਯਾਬ ਉਹੀ ਇਨਸਾਨ ਹੋਏ ਹਨ, ਜਿਨ੍ਹਾਂ ਨੇ ਸਖ਼ਤ ਮਿਹਨਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਤੇ ਹੌਂਸਲੇ ਤੇ ਡਰ ਦੋਵਾਂ ਨੂੰ ਹੀ ਆਪਣਾ ਮਿੱਤਰ ਬਣਾਇਆ ਹੈ। ਸੋ ਬੱਚਿਓ, ਇਸ ਲਈ ਬੋਰਡ ਦੀਆਂ ਪ੍ਰੀਖਿਆਵਾਂ ’ਚ ਕਦੇ ਵੀ ਡਰੋ ਨਾ, ਸਗੋਂ ਕੀਤੀ ਗਈ ਸਖ਼ਤ ਮਿਹਨਤ ਮੁਤਾਬਿਕ ਬਿਨਾਂ ਕਿਸੇ ਡਰ ਤੋਂ ਆਪਣਾ ਪੇਪਰ ਕਰੋ ਤਾਂ, ਜੋ ਚੰਗੇ ਨੰਬਰ ਲੈ?ਕੇ ਕਾਮਯਾਬ ਪ੍ਰਾਪਤ ਕਰ ਸਕੋ।
ਪਰਮਜੀਤ ਕੌਰ ਸਿੱਧੂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.