ਫਾਜ਼ਿਲਕਾ (ਰਜਨੀਸ਼ ਰਵੀ)। ਫਾਜ਼ਿਲਕਾ ਸ਼ਹਿਰ ਦੀ ਸਥਾਪਨਾ ਤੋਂ ਬਾਅਦ ਲਗਭਗ 200 ਸਾਲ ਤੱਕ ਇਲਾਕੇ ਵਿੱਚ ਸਮਾਜ ਸੇਵੀ ਕੰਮਾਂ ਵਿੱਚ ਮੋਹਰੀ ਰਹੇ ਪੈੜੀਵਾਲ ਪਰਿਵਾਰ ਦੇ ਰਾਏ ਸਾਹਿਬ ਦੇ ਅਹੁਦੇ ਨਾਲ ਸਨਮਾਨਿਤ ਮਰਹੂਮ ਸੇਠ ਸ਼ਿਓਪਤ ਰਾਏ ਪੈੜੀਵਾਲ ਦੀ 56ਵੀਂ ਬਰਸੀ ਮੌਕੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਯਾਦ ਕੀਤਾ। (Fazilka News)
ਪੈੜੀਵਾਲ ਪਰਿਵਾਰ ਦੇ ਨਜ਼ਦੀਕੀ ਸਮਾਜ ਸੇਵੀ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਦੋ ਵਾਰ ਨਗਰ ਪਾਲਿਕਾ ਫਾਜ਼ਿਲਕਾ ਦੇ ਪ੍ਰਧਾਨ ਅਤੇ ਅਬੋਹਰ ਦੇ ਆਨਰੇਰੀ ਮੈਜਿਸਟ੍ਰੇਟ ਰਹਿ ਚੁੱਕੇ ਸੇਠ ਸ਼ਿਓਪਤ ਰਾਏ ਪੈੜੀਵਾਲ ਨੇ ਫਾਜ਼ਿਲਕਾ ਦੇ ਇਤਿਹਾਸਕ ਘੰਟਾ ਘਰ, ਪੁਰਾਣੇ ਸਿਵਲ ਹਸਪਤਾਲ ਦੇ ਜਨਾਨਾ ਵਾਰਡ, ਵੱਖ-ਵੱਖ ਧਰਮਸ਼ਾਲਾਵਾਂ ਅਤੇ ਮੰਦਰਾਂ ਦਾ ਨਿਰਮਾਣ ਵੀ ਕਰਵਾਇਆ ਸੀ। ਉਹਨਾਂ ਦੇ ਸ਼ਲਾਘਾਯੋਗ ਕੰਮ ਨੂੰ ਦੇਖਦੇ ਹੋਏ ਉਸ ਸਮੇਂ ਦੀ ਬ੍ਰਿਟਿਸ਼ ਸਰਕਾਰ ਨੇ ਉਨ੍ਹਾਂ ਨੂੰ ਸਭ ਤੋਂ ਵੱਡੇ ਐਵਾਰਡ ਰਾਏ ਸਾਹਿਬ ਨਾਲ ਸਨਮਾਨਿਤ ਕੀਤਾ। (Fazilka News)
Also Read : ਸਰਗਰਮ ਰਾਜਨੀਤੀ ਦੀ ਅਹਿਮੀਅਤ ਨੂੰ ਸਮਝਿਆ ਜਾਵੇ
ਉਸ ਸਮੇਂ ਉਹ ਬੀਕਾਨੇਰ ਤੋਂ ਬਹਾਵਲਪੁਰ (ਹੁਣ ਪਾਕਿਸਤਾਨ) ਤੱਕ ਹਜ਼ਾਰਾਂ ਏਕੜ ਜ਼ਮੀਨ ਦੇ ਮਾਲਕ ਸਨ। ਉਨ੍ਹਾਂ ਨੇ ਵੱਖ-ਵੱਖ ਜਨ ਜਾਤੀ ਦੇ ਲੋੜਵੰਦ ਲੋਕਾਂ ਨੂੰ ਪੰਜ-ਪੰਜ ਏਕੜ ਜ਼ਮੀਨ ਦਾਨ ਕਰ ਦਿੱਤੀ ਸੀ। ਸੇਠ ਸ਼ਿਓਪਤ ਰਾਏ ਪੈੜੀਵਾਲ ਦੇ ਪੋਤਰੇ ਬੁਲਾਕੀ ਰਾਮ ਪੈੜੀਵਾਲ, ਪੁਰਸ਼ੋਤਮ ਪੈੜੀਵਾਲ (ਲੁਧਿਆਣਾ), ਸੁਸ਼ੀਲ ਪੈੜੀਵਾਲ ਅਤੇ ਹੋਰ ਮੈਂਬਰ ਸਮਾਜ ਸੇਵਾ ’ਚ ਅੱਜ ਵੀ ਅੱਗੇ ਹਨ। ਫਾਜ਼ਿਲਕਾ ਦੀ ਸਭ ਤੋਂ ਪੁਰਾਣੀ ਇਤਿਹਾਸਕ ਪੈੜੀਵਾਲ ਹਵੇਲੀ, ਜਿਸ ਨੂੰ ਦੂਰੋਂ-ਦੂਰੋਂ ਲੋਕ ਦੇਖਣ ਆਉਂਦੇ ਹਨ, ਜਿਸ ਦੀ ਸਾਂਭ-ਸੰਭਾਲ ਮਾਲਕ ਸੁਸ਼ੀਲ ਪੈੜੀਵਾਲ ਕਰਦੇ ਹਨ।