ਮੰਤਰੀ ਨੇ ਕਿਹਾ, ਵਿਰੋਧੀ ਧਿਰ ਬਦਨਾਮ ਕਰਨ ਲਈ ਕਰ ਰਿਹੈ ਕੋਝੀ ਹਰਕਤਾਂ
- 10 ਮਾਰਚ ਨੂੰ ਨਤੀਜੇ ਆਉਣ ਮੌਕੇ ਦੀ ਵੀਡੀਓ, ਲੋਕਾਂ ਦਾ ਧੰਨਵਾਦ ਕਰਨ ਮੌਕੇ ਚੜਿਆ ਸੀ ਗੱਡੀ ’ਤੇ : ਲਾਲਜੀਤ ਭੁੱਲਰ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਭੂਲਰ ਦੀ ਇੱਕ ਵੀਡੀਓ ਕਾਫ਼ੀ ਜਿਆਦਾ ਵਾਈਰਲ ਹੋ ਰਹੀ ਹੈ। ਜਿਸ ਵਿੱਚ ਉਹ ਆਪਣੀ ਨਿੱਜੀ ਗੱਡੀ ਦੇ ਰੂਫ ਰਾਹੀਂ ਬਾਹਰ ਨਿਕਲ ਕੇ ਬੈਠੇ ਹੋਏ ਹਨ ਤਾਂ ਸੁਰੱਖਿਆ ਕਰਮਚਾਰੀ ਤਾਕੀਆਂ ਰਾਹੀਂ ਬਾਹਰ ਆਏ ਹੋਏ ਹਨ। ਇਸ ਵੀਡੀਓ ਦੇ ਵਾਈਰਲ ਹੋਣ ਤੋਂ ਬਾਅਦ ਵਿਰੋਧੀ ਧਿਰਾਂ ਨੇ ਟਰਾਂਸਪੋਰਟ ਮੰਤਰੀ ਨੂੰ ਹੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਾ ਮੰਤਰੀ ਕਰਾਰ ਦਿੰਦੇ ਹੋਏ ਕਾਰਵਾਈ ਦੀ ਮੰਗ ਕਰ ਦਿੱਤੀ ਹੈ। ਇਸ ’ਤੇ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਇਸ ਨੂੰ ਵਿਰੋਧੀਆਂ ਦੀ ਕੋਝੀ ਸਾਜ਼ਿਸ਼ ਕਰਾਰ ਦਿੰਦੇ ਹੋਏ ਤਿੰਨ ਮਹੀਨੇ ਪੁਰਾਣੀ ਵੀਡੀਓ ਦੱਸ ਰਹੇ ਹਨ।
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸਵੇਰੇ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਜਿਆਦਾ ਵਾਈਰਲ ਹੋ ਰਿਹਾ ਸੀ ਅਤੇ ਆਮ ਜਨਤਾ ਤੋਂ ਲੈ ਕੇ ਵਿਰੋਧੀ ਧਿਰਾਂ ਵਲੋਂ ਵੀ ਇਸ ਵੀਡੀਓ ਨੂੰ ਲੈ ਕੇ ਕਾਫ਼ੀ ਜਿਆਦਾ ਟਿੱਪਣੀਆਂ ਕੀਤੀ ਜਾ ਰਹੀਆਂ ਸਨ। ਇਸ ਵੀਡੀਓ ਵਿੱਚ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨਿਯਮਾਂ ਤੋਂ ਉਲਟ ਗੱਡੀ ਦੇ ਉੱਪਰ ਬੈਠ ਕੇ ਹੱਥ ਹਿਲਾਉਂਦੇ ਨਜ਼ਰ ਆ ਰਹੇ ਹਨ ਅਤੇ ਗੱਡੀ ਵੀ ਕਾਫ਼ੀ ਤੇਜੀ ਨਾਲ ਭੱਜ ਰਹੀ ਸੀ।
ਇਸ ਵੀਡੀਓ ਦੇ ਵਾਈਰਲ ਹੋਣ ਤੋਂ ਬਾਅਦ ਖ਼ੁਦ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਸਾਹਮਣੇ ਆਏ ਅਤੇ ਉਨਾਂ ਕਿਹਾ ਕਿ 10 ਮਾਰਚ ਨੂੰ ਜਦੋਂ ਵਿਧਾਨ ਸਭਾ ਦੇ ਨਤੀਜੇ ਆਏ ਸਨ ਤਾਂ ਉਹ ਜਿੱਤਣ ਤੋਂ ਬਾਅਦ ਆਪਣੇ ਇਲਾਕੇ ਦੇ ਲੋਕਾਂ ਦਾ ਧੰਨਵਾਦ ਕਰ ਰਹੇ ਸਨ। ਇਸ ਦਰਮਿਆਨ ਉਨਾਂ ਨੂੰ ਆਪਣੀ ਗੱਡੀ ਤੋਂ ਬਾਹਰ ਆਉਣਾ ਪੈ ਰਿਹਾ ਸੀ ਪਰ ਸੁਰੱਖਿਆ ਕਰਮਚਾਰੀ ਵਾਰ-ਵਾਰ ਗੱਡੀ ਤੋਂ ਉੱਤਰਨ ਤੋਂ ਇਨਕਾਰ ਕਰ ਰਹੇ ਸਨ ਅਤੇ ਪਿੰਡਾਂ ਦੀ ਸੜਕਾਂ ’ਤੇ ਵੀ ਆਮ ਲੋਕ ਖੜੇ ਸਨ। ਜਿਸ ਕਾਰਨ ਸਾਰੀਆਂ ਦਾ ਧੰਨਵਾਦ ਕਰਨ ਲਈ ਉਹ ਆਪਣੀ ਨਿੱਜੀ ਗੱਡੀ ਵਿੱਚ ਲਗੇ ਰੂਫ ਤੋਂ ਕੁਝ ਦੇਰ ਲਈ ਬਾਹਰ ਆਏ ਸਨ ਤਾਂ ਕਿ ਸੜਕ ’ਤੇ ਖੜੇ ਆਮ ਲੋਕਾਂ ਨੂੰ ਹੱਥ ਜੋੜ ਕੇ ਧੰਨਵਾਦ ਕਰ ਸਕਣ।
ਵੀਡੀਓ ਨੂੰ ਹੁਣ 3 ਮਹੀਨੇ ਬਾਅਦ ਵਿਰੋਧੀ ਧਿਰਾਂ ਵੱਲੋਂ ਕਰਵਾਇਆ ਵਾਈਰਲ
ਲਾਲਜੀਤ ਭੁੱਲਰ ਨੇ ਕਿਹਾ ਕਿ ਮੰਤਰੀ ਬਣਨ ਤੋਂ ਪਹਿਲਾਂ ਦੀ ਇਸ ਵੀਡੀਓ ਨੂੰ ਹੁਣ 3 ਮਹੀਨੇ ਬਾਅਦ ਵਾਈਰਲ ਵਿਰੋਧੀ ਧਿਰਾਂ ਵੱਲੋਂ ਕਰਵਾਇਆ ਗਿਆ ਹੈ, ਕਿਉਂਕਿ ਹੁਣ ਉਨਾਂ ਕੋਲ ਸਰਕਾਰ ਦੇ ਖ਼ਿਲਾਫ਼ ਬੋਲਣ ਨੂੰ ਕੁਝ ਨਹੀਂ ਹੈ ਤਾਂ ਇਹੋ ਜਿਹੀ ਹਰਕਤਾਂ ਨਾਲ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਾਲਜੀਤ ਭੁੱਲਰ ਨੇ ਕਿਹਾ ਕਿ ਵਿਰੋਧੀ ਧਿਰਾਂ ਨੂੰ ਆਮ ਜਨਤਾ ਦੇ ਮੁੱਦੇ ਸਰਕਾਰ ਕੋਲ ਲੈ ਕੇ ਆਉਣੇ ਚਾਹੀਦੇ ਹਨ ਤਾਂ ਕਿ ਉਨਾਂ ਦਾ ਹਲ਼ ਕੱਢਦੇ ਹੋਏ ਆਮ ਜਨਤਾ ਦੇ ਕੰਮ ਹੋ ਸਕਣ ਪਰ ਵਿਰੋਧੀ ਧਿਰਾਂ ਇਸ ਤਰਾਂ ਦੀ ਹਰਕਤਾਂ ਕਰਦੀ ਹੋਈ ਆਪਣੀ ਛੋਟੀ ਸੋਚ ਨੂੰ ਜ਼ਾਹਰ ਕਰ ਰਹੀਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ