ਨਰਸਿੰਗ ਵਿਦਿਆਰਥਣਾਂ ਪਛਾਣਨ ਲੱਗੀਆਂ ਟਰੈਫਿਕ ਪੁਲਿਸ ਦਾ ਦਰਦ

Traffic Police, Pains, Identify, Nursing Students

ਟਰੈਫਿਕ ਪੁਲਿਸ ਤੋਂ ਸਿਹਤ ਸਬੰਧੀ ਸਵਾਲ ਪੁੱਛ ਕੇ ਮਹਿਕਮੇ ਦਾ ਜਾਣਿਆ ਹਾਲ

ਡਿਊਟੀ ਦੌਰਾਨ ਤਣਾਅ ਜਾਂ ਡਰ ਦੀ ਹਾਲਤ ਨੂੰ ਜਾਨਣ ਦੀ ਕੀਤੀ ਜਾ ਰਹੀ ਐ ਕੋਸ਼ਿਸ਼

ਅਸ਼ੋਕ ਵਰਮਾ, ਬਠਿੰਡਾ

ਬਠਿੰਡਾ ‘ਚ ਨਰਸਿੰਗ ਦਾ ਕੋਰਸ ਕਰਨ ਵਾਲੀਆਂ ਵਿਦਿਆਰਥਣਾਂ ਪੰਜਾਬ ਪੁਲਿਸ ਦਾ ਦਰਦ ਪਛਾਨਣ ਲਈ ਅੱਗੇ ਆਈਆਂ ਹਨ ਆਦੇਸ਼ ਵਰਸਿਟੀ ਦੀਆਂ ਚਾਰ ਲੜਕੀਆਂ ਨੇ ਟਰੈਫਿਕ ਪੁਲਿਸ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਇਆ ਹੈ ਬੀਐਸਸੀ ਨਰਸਿੰਗ ਦੀਆਂ ਤੀਸਰੇ ਵਰ੍ਹੇ ਦੀਆਂ ਵਿਦਿਆਰਥਣਾਂ ਸ਼ਬਨਮ,ਸਾਇਸਤਾ,ਸਿਮਰਨਜੀਤ ਕੌਰ ਤੇ ਸਿਮਰਨ ਗੁਲੇਰੀਆ ਨੇ ਇਸ ਗੰਭੀਰ ਵਿਸੇ ਸਬੰਧੀ ਪਹਿਲਕਦਮੀ ਕੀਤੀ ਹੈ

ਅੱਜ ਬਠਿੰਡਾ ‘ਚ ਕਈ ਥਾਵਾਂ ਤੇ ਇੰਨ੍ਹਾਂ ਖੋਜਾਰਥੀ ਲੜਕੀਆਂ ਨੇ ਆਪਣੇ ਅਧਿਐਨ ਸਬੰਧੀ ਸਵਾਲ ਕਰਕੇ ਟਰੈਫਿਕ ਪੁਲਿਸ ਦੇ ਅਧਿਕਾਰੀਆਂ ਅਤੇ ਮੁਲਾਜਮਾਂ ਤੋਂ ਜਾਣਕਾਰੀ ਹਾਸਲ ਕੀਤੀ ਹਾਲਾਂਕਿ ਇਹ ਕਾਰਜ ਕਾਫੀ ਲੰਮਾਂ ਹੈ ਪਰ ਇੰਨ੍ਹਾਂ ਲੜਕੀਆਂ ਨੇ ਸਮਾਜ ਦੀ ਸੁਰੱਖਿਆ ‘ਚ ਲੱਗੇ ਇਸ ਵਰਗ ਨਾਲ ਜੁੜੇ ਕਾਰਜ ਨੂੰ ਚੁਣੌਤੀ ਦੇ ਤੌਰ ‘ਤੇ ਲਿਆ ਲੜਕੀਆਂ ਵੱਲੋਂ ਇੱਕ ਪ੍ਰਸ਼ਨਾਵਲੀ ਤਿਆਰ ਕੀਤੀ ਗਈ ਹੈ ਜਿਸ ‘ਚੋਂ ਸਿਹਤ ਨਾਲ ਜੁੜੇ ਪ੍ਰਸ਼ਨਾਂ ਨੂੰ 10 ਨੁਕਤਿਆਂ ‘ਚ ਵੰਡਿਆ ਗਿਆ ਹੈ ਇੰਨ੍ਹਾਂ ‘ਚ ਨਰਵਸ ਸਿਸਟਮ, ਅੱਖਾਂ, ਸਾਹ ਪ੍ਰਣਾਲੀ, ਕੰਨ, ਗੈਸਟਰੋ ਸਿਸਟਮ, ਕਾਰਡੀਓਵੈਸਕੁਲਰ, ਲੱਤਾਂ ਜਾਂ ਪਿੱਠ ਦਰਦ ਅਤੇ ਚਮੜਾ ਆਦਿ ਨਾਲ ਸਬੰਧਤ ਸਵਾਲ ਹਨ ਇਸ ਤੋਂ ਬਿਨਾਂ ਡਿਊਟੀ ਦੌਰਾਨ ਤਣਾਅ ਜਾਂ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦੀ ਸੂਰਤ ‘ਚ ਡਰ ਦੀ ਭਾਵਨਾ ਤੋਂ ਇਲਾਵਾ ਭੌਤਿਕ ਤੇ ਸਮਾਜਿਕ ਹਾਲਾਤਾਂ ਸਬੰਧੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ ਪੁਲਿਸ ਨਾਲ ਸਬੰਧਤ ਕਾਰਜ ਖੇਤਰ ‘ਚੋਂ ਪੁਲਿਸ ਮੁਲਾਜਮਾਂ ਨੂੰ ‘ਹਮੇਸ਼ਾ ਪ੍ਰਮਾਣਕਾਰੀ, ਭੌਤਿਕ,ਸਮਾਜਿਕ ਅਤੇ ਵਿੱਤੀ’ ਚਾਰ ਹਿੱਸਿਆਂ ਬਾਰੇ ਸਵਾਲ ਕੀਤੇ ਜਾ ਰਹੇ ਹਨ ਇਸ ਜਾਣਕਾਰੀ ਨੂੰ ਪੂਰਨ ਤੌਰ ਤੇ ਗੁਪਤ ਰੱਖਣ ਦੀ ਗੱਲ ਵੀ ਆਖੀ ਗਈ ਹੈ ਨਰਸਿੰਗ ਸਟੂਡੈਂਟ ਸ਼ਬਨਮ ਦਾ ਕਹਿਣਾ ਸੀ ਕਿ ਪੁਲਿਸ ਦਾ ਕਾਰਜ ਖੇਤਰ ਕਾਫੀ ਚੁਣੌਤੀਆਂ ਭਰਿਆ ਹੋਣ ਕਰਕੇ ਉਨ੍ਹਾਂ ਨੇ ਇਸ ਵਿਸ਼ੇ ਨੂੰ ਆਪਣੇ ਅਧਿਐਨ ਦਾ ਭਾਗ ਬਣਾਇਆ ਹੈ ਭਾਵੇਂ ਅਨੁਸ਼ਾਸ਼ਨੀ ਫੋਰਸ ਹੋਣ ਕਰਕੇ ਪੁਲਿਸ ਮੁਲਾਜਮ ਬਹੁਤਾ ਖੁੱਲ੍ਹ ਕੇ ਬੋਲਣ ਤੋਂ ਗੁਰੇਜ਼ ਕਰਦੇ ਹਨ ਫਿਰ ਵੀ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ

ਖੋਜਾਰਥੀ ਸਿਮਰਨਜੀਤ ਕੌਰ ਦਾ ਕਹਿਣਾ ਸੀ ਕਿ ਪੁਲਿਸ ਸੇਵਾ ਦੇ ਕਈ ਮੁੱਦੇ ਹੁਣ ਤੱਕ ਅਣਛੋਹੇ ਹਨ ਜਿੰਨ੍ਹਾਂ ਨੂੰ ਉਨ੍ਹਾਂ ਨੇ ਛੋਹਣ ਦੀ ਕੋਸ਼ਿਸ਼ ਕੀਤੀ ਹੈ ਉਨ੍ਹਾਂ ਦੱਸਿਆ ਕਿ ਉਹ ਸਮੁੱਚੀ ਜਾਣਕਾਰੀ ਇਕੱਤਰ ਕਰਕੇ ਆਪਣੇ ਵਿਭਾਗ ‘ਚ ਜਮ੍ਹਾਂ ਕਰਵਾਉਣਗੀਆਂ ਉਨ੍ਹਾਂ ਦੱਸਿਆ ਕਿ ਇਸ ਖੋਜ ਲਈ ਉਨ੍ਹਾਂ ਨੇ ਐਸਐਸਪੀ ਡਾ.ਨਾਨਕ ਸਿੰਘ ਨੂੰ ਪੱਤਰ ਵੀ ਦਿੱਤਾ ਹੈ ਖੋਜ ‘ਚ ਜੁਟੀ ਸਿਮਰਨ ਗੁਲੇਰੀਆ ਨੇ ਕਿਹਾ ਕਿ ਹੱਦ ਤੋਂ ਵੱਧ ਡਿਊਟੀ ਦਾ ਸਿੱਧਾ ਅਸਰ ਟਰੈਫਿਕ ਪੁਲਿਸ ਮੁਲਾਜਮਾਂ ਤੇ ਪੈਂਦਾ ਹੈ ਇਸ ਖੋਜ ਦੌਰਾਨ ਇਹ ਵੀ ਸਾਹਮਣੇ ਆਵੇਗਾ ਕਿ ਡਿਊਟੀ ਵਕਤ ਉਨ੍ਹਾਂ ਦੀ ਮਾਨਸਿਕ ਅਵਸਥਾ ਕਿਹੋ ਜਿਹੀ ਰਹਿੰਦੀ ਹੈ ਉਨ੍ਹਾਂ ਆਖਿਆ ਕਿ ਪੁਲਿਸ ਮੁਲਾਜਮ ਸਮਾਜ ਦਾ ਅਹਿਮ ਅੰਗ ਹਨ ਜਿੰਨ੍ਹਾਂ ਦੀ ਸਿਹਤ ,ਆਰਥਿਕ ਅਤੇ ਸਮਾਜਿਕ ਮੁੱਦਿਆਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਹੈ

ਪੁਲਿਸ ਦੀ ਸਿਹਤ ਨੂੰ ਖੋਰਾ ਲੱਗਿਆ

ਪਿਛਲੇ 12 ਵਰ੍ਹਿਆਂ ਦਰਮਿਆਨ ਬਠਿੰਡਾ ਪੁਲਿਸ ਨੂੰ ਸਭ ਤੋਂ ਵੱਧ ਡਿਊਟੀ ਦੇਣੀ ਪਈ ਹੈ ਇਸ ਪੱਤਰਕਾਰ ਵੱਲੋਂ ਇਸ ਵਿਸ਼ੇ ਦੇ ਸੰਦਰਭ ‘ਚ ਕਈ ਪੁਲਿਸ ਮੁਲਾਜਮਾਂ ਨੂੰ ਪੁੱਛਿਆ ਗਿਆ ਤਾਂ ਸਭ ਦਾ ਤਕਰੀਬਨ ਇੱਕੋ ਜਿਹਾ ਜਵਾਬ ਸੀ ਉਨ੍ਹਾਂ ਕਿਹਾ ਕਿ ਲੋਕ ਜੋ ਮਰਜੀ ਸੋਚਣ ਪਰ ਮਾਨਵੀ ਪੱਖ ਹੈ ਕਿ ਮੁਲਾਜਮਾਂ ਦੀ ਸਿਹਤ ਨੂੰ ਖੋਰਾ ਲੱਗਿਆ ਹੈ ਕਿਸੇ ਹੋਰ ਮਹਿਕਮੇ ‘ਚੋਂ ਏਦਾਂ ਦੀ ਕੋਈ ਗੰਭੀਰ ਰਿਪੋਰਟ ਨਹੀਂ ਹੈ ਪ੍ਰੰਤੂ ਬੀਮਾਰੀ ਨੇ ਸਭ ਤੋਂ ਜਿਆਦਾ ਪੁਲਿਸ ਦੇ ਫੀਲਡ ਸਟਾਫ ਨੂੰ ਪ੍ਰਭਾਵਿਤ ਕੀਤਾ ਹੈ ਕੁਝ ਪੁਲਿਸ ਮੁਲਾਜਮਾਂ ਨੇ ਦੱਸਿਆ  ਕਿ ਉਨ੍ਹਾਂ ਲਈ ਵੱਡੀ ਮੁਸ਼ਕਲ ਢੁੱਕਵੇਂ ਖਾਣੇ ਦੀ ਹੁੰਦੀ ਹੈ ਉਨ੍ਹਾਂ ਕਿਹਾ ਕਿ ਕਈ ਵਾਰ ਉਨ੍ਹਾਂ ਨੂੰ ਗੈਰਮਿਆਰੀ ਭੋਜਨ ਖਾਕੇ ਜਾਂ  ਖਾਲੀ ਪੇਟ ਡਿਊਟੀ ਦੇਣੀ ਪੈਂਦੀ ਹੈ ਉਨ੍ਹਾਂ ਕਿਹਾ ਕਿ ਅਨੁਸ਼ਾਸ਼ਨ ਦੇ ਡੰਡੇ ਕਰਕੇ ਉਹ ਤਾਂ ਕਿਸੇ ਕੋਲ ਆਪਣਾ ਦੁੱਖ ਵੀ ਰੋ ਨਹੀਂ ਸਕਦੇ ਹਨ

ਬਿਮਾਰੀਆਂ ‘ਚ ਘਿਰੇ ਪੁਲਿਸ ਮੁਲਾਜਮ

ਜਿਲ੍ਹਾ ਪੁਲਿਸ ਦੇ ਪੁਰਾਣੇ ਕਰਮਚਾਰੀਆਂ ਚੋਂ ਅੱਧਿਓਂ  ਵੱਧ ਕਿਸੇ ਨਾ ਕਿਸੇ ਬੀਮਾਰੀ ਤੋਂ ਪੀੜਤ ਹਨ ਪੁਲਿਸ ਮੁਲਾਜਮਾਂ ਦਾ ਸਲਾਨਾ ਮੈਡੀਕਲ ਵੀ ਇੰਨ੍ਹਾਂ ਤੱਥਾਂ ਦੀ ਪੁਸ਼ਟੀ ਕਰਦਾ ਹੈ ਕੁਝ ਮੁਲਾਜਮਾਂ ਨੇ ਮੰਨਿਆ ਕਿ ਕਈ ਬਲੱਡ ਪ੍ਰੈਸ਼ਰ ,ਸ਼ੂਗਰ ਤੇ ਡਿਪਰੈਸ਼ਨ ਦੇ ਨਾਲ ਨਾਲ ਉਮਰ ਦੇ ਮੁਕਾਬਲੇ ਜਿਆਦਾ ਮੋਟਾਪੇ ਦਾ ਸ਼ਿਕਾਰ ਹਨ ਜਦੋਂ ਕਿ ਕੋਲੈਸਟਰੋਲ ‘ਚ ਵਾਧਾ ਤਾਂ ਆਮ ਹੈ ਹੁਣ ਤਾਂ ਸਾਲ 2011 ਜਾਂ ਇਸ ਤੋਂ ਬਾਅਦ ਭਰਤੀ ਹੋਏ ਪੁਲਿਸ ਮੁਲਾਜਮਾਂ ਦੇ ਵੀ ਪੇਟ ਵਧਣ ਲੱਗੇ ਹਨ ਸਿਵਲ ਹਸਪਤਾਲ ਦੇ ਇੱਕ ਡਾਕਟਰ ਨੇ  ਦੱਸਿਆ ਕਿ ਡਿਊਟੀਆਂ ਦੇ ਬੋਝ ਥੱਲੇ ਦਬੇ ਪੁਲਿਸ ਮੁਲਾਜਮਾਂ ਨੂੰ ਬਿਮਾਰੀਆਂ ਨੇ ਘੇਰਿਆ ਹੋਇਆ ਹੈ

ਸ਼ਲਾਘਯੋਗ ਕਦਮ: ਐਸਐਸਪੀ

ਐਸਐਸਪੀ ਡਾ. ਨਾਨਕ ਸਿੰਘ ਦਾ ਕਹਿਣਾ ਸੀ ਕਿ ਨਰਸਿੰਗ ਖੋਜਾਰਥੀਆਂ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ ਜਿਸ ਨਾਲ ਹਕੀਕਤ ਸਾਹਮਣੇ ਆਵੇਗੀ ਜੋ ਕਈ ਵਾਰ ਛੁਪੀ ਰਹਿ ਜਾਂਦੀ ਹੈ ਉਨ੍ਹਾਂ ਆਖਿਆ ਕਿ ਇਸ ਦੌਰਾਨ ਜੋ ਵੀ ਸਮੱਸਿਆਵਾਂ ਸਾਹਮਣੇ ਆਉਣਗੀਆਂ ਉਨ੍ਹਾਂ ਨੂੰ ਦੂਰ ਕਰਨ ‘ਚ ਵੀ ਇਹ ਖੋਜ ਸਹਾਈ ਹੋਵੇਗੀ ਉਨ੍ਹਾਂ ਆਖਿਆ ਕਿ ਖੋਜ ‘ਚ ਉੱਭਰੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਲੁੜੀਂਦੇ ਕਦਮ ਵੀ ਚੁੱਕੇ ਜਾਣਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।