ਲੋਕਾਂ ਦੀਆਂ ਜੇਬ੍ਹਾਂ ’ਤੇ ਭਾਰੂ ਪੈ ਰਹੇ ਥਾਂ-ਥਾਂ ਲੱਗੇ ਟੋਲ ਪਲਾਜੇ
ਸੂਬੇ ਦੇ ਮੁੱਖ ਮੰਤਰੀ ਵੱਲੋਂ ਪਿਛਲੇ ਦਿਨੀਂ ਪੰਜਾਬ ਦੇ ਦੋ ਟੋਲ ਪਲਾਜਿਆਂ ਦੀ ਮਿਆਦ ਅੱਗੇ ਨਾ ਵਧਾ ਕੇ ਬੰਦ ਕਰਨ ਦੇ ਐਲਾਨ ਨੇ ਇਲਾਕਾ ਨਿਵਾਸੀਆਂ ਸਮੇਤ ਉਸ ਮਾਰਗ ਤੋਂ ਗੁਜ਼ਰਨ ਵਾਲੇ ਲੱਖਾਂ ਲੋਕਾਂ ਦੇ ਚਿਹਰਿਆਂ ’ਤੇ ਖੇੜਾ ਲਿਆ ਦਿੱਤਾ ਹੈ। ਮੁੱਖ ਮੰਤਰੀ ਦੇ ਐਲਾਨ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਇਹ ਪਲਾਜੇ ਪੁੱਟ ਕੇ ਸੜਕ ਸਾਫ ਕਰਨ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਸਰਕਾਰ ਦੇ ਇਸ ਕਦਮ ਨਾਲ ਲੋਕਾਂ ਨੂੰ ਸੂਬੇ ’ਚ ਵਿਛੇ ਟੋਲ ਪਲਾਜਿਆਂ ਦੇ ਜਾਲ ਦੀ ਮਾਰ ਤੋਂ ਰਾਹਤ ਦੀ ਉਮੀਦ ਬੱਝਣ ਲੱਗੀ ਹੈ। ਹੋਰਨਾਂ ਸੜਕਾਂ ਦੇ ਰਾਹਗੀਰ ਵੀ ਸਥਾਪਿਤ ਟੋਲ ਪਲਾਜਿਆਂ ਦੇ ਖਾਤਮੇ ਦੀ ਆਸ ਰੱਖਣ ਲੱਗੇ ਹਨ। ਕਿਉਂਕਿ ਸੂਬੇ ’ਚ ਥਾਂ-ਥਾਂ ਲੱਗੇ ਟੋਲ ਪਲਾਜੇ ਆਮ ਲੋਕਾਂ ਦੀਆਂ ਜੇਬ੍ਹਾਂ ’ਤੇ ਭਾਰੂ ਪੈਣ ਲੱਗੇ ਹਨ।
ਪੰਜਾਬ ’ਚ ਪਿਛਲੇ ਵਰਿ੍ਹਆਂ ਦੌਰਾਨ ਸੜਕੀ ਮਾਰਗਾਂ ਦੇ ਸੁਧਾਰ ਦਾ ਸ਼ੁਰੂ ਹੋਇਆ ਕੰਮ ਟੋਲ ਪਲਾਜਿਆਂ ਦੀ ਆਮਦ ਨਾਲ ਲੋਕਾਂ ਲਈ ਸਰਾਪ ਬਣ ਕੇ ਰਹਿ ਗਿਆ ਹੈ। ਟੋਲ ਪਲਾਜਿਆਂ ਦੀਆਂ ਮਹਿੰਗੀਆਂ ਫੀਸਾਂ ਲੋਕਾਂ ਦੀ ਜੇਬ੍ਹ ’ਤੇ ਬੋਝ ਬਣਨ ਲੱਗੀਆਂ ਹਨ। ਕਈ ਮਾਰਗਾਂ ’ਤੇ ਤਾਂ ਹਾਲਾਤ ਇਹ ਹਨ ਕਿ ਵਾਹਨ ਦੇ ਤੇਲ ਨਾਲੋਂ ਟੋਲ ਪਲਾਜਿਆਂ ਦੀਆਂ ਪਰਚੀਆਂ ਦਾ ਖਰਚਾ ਵਧ ਜਾਂਦਾ ਹੈ। ਟੋਲ ਪਲਾਜਿਆਂ ਦੀਆਂ ਫੀਸਾਂ ਬਚਾਉਣ ਲਈ ਬਦਲਵੇਂ ਰਸਤਿਆਂ ’ਤੇ ਰਾਹਗੀਰਾਂ ਦੀਆਂ ਭੀੜਾਂ ਆਮ ਵੇਖਣ ਨੂੰ ਮਿਲਦੀਆਂ ਹਨ। ਕਈ ਥਾਵਾਂ ’ਤੇ ਤਾਂ ਟੋਲ ਪਲਾਜਿਆਂ ਵਾਲਿਆਂ ਵੱਲੋਂ ਇਨ੍ਹਾਂ ਬਦਲਵੇਂ ਰਸਤਿਆਂ ਤੋਂ ਰਾਹਗੀਰਾਂ ਦੇ ਗੁਜ਼ਰਨ ਦਾ ਵਿਰੋਧ ਵੀ ਕੀਤਾ ਜਾਂਦਾ ਹੈ। ਖਬਰਾਂ ਤਾਂ ਇੱਥੋਂ ਤੱਕ ਵੀ ਹਨ ਕਿ ਟੋਲ ਪਲਾਜਿਆਂ ਵਾਲੇ ਘਰਾਣਿਆਂ ਵੱਲੋਂ ਆਪਣਾ ਅਸਰ-ਰਸੂਖ ਵਰਤਦਿਆਂ ਬਦਲਵੇਂ ਰਸਤਿਆਂ ਵਾਲੀਆਂ ਇਨ੍ਹਾਂ ਸੜਕਾਂ ਦੀ ਮੁਰੰਮਤ ਵੀ ਨਹੀਂ ਹੋਣ ਦਿੱਤੀ ਗਈ।
ਟੋਲ ਪਲਾਜਿਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਬੇਨਿਯਮੀਆਂ ਦੀ ਸਾਰ ਮੁੱਖ ਮੰਤਰੀ ਸਾਬ੍ਹ ਨੂੰ ਵੀ ਹੈ ਜਿਸ ਦਾ ਪ੍ਰਮਾਣ ਉਹਨਾਂ ਵੱਲੋਂ ਆਪਣੇ ਭਾਸ਼ਣ ਵਿੱਚ ਟੋਲ ਪਲਾਜਿਆਂ ’ਤੇ ਮੁੱਢਲੀ ਸਹਾਇਤਾ ਦੀ ਵਿਵਸਥਾ, ਐਬੂਲੈਂਸ ਅਤੇ ਕਰੇਨ ਆਦਿ ਉਪਲੱਬਧ ਨਾ ਹੋਣ ਬਾਰੇ ਕਹਿਣਾ ਹੈ। ਟੋਲ ਪਲਾਜੇ ਦੇ 20 ਕਿਲੋਮੀਟਰ ਦਾਇਰੇ ਤੱਕ ਦੇ ਵਸਨੀਕਾਂ ਨੂੰ ਰਿਆਇਤੀ ਪਾਸ ਜਾਰੀ ਕਰਨ ਦੀਆਂ ਹਦਾਇਤਾਂ ਵੀ ਲੋਕਾਂ ਦੀ ਜਾਗਰੂਕਤਾ ਉਪਰੰਤ ਹੀ ਲਾਗੂ ਹੋਣ ਲੱਗੀਆਂ ਹਨ।
ਇਸ ਦੇ ਨਾਲ ਹੀ ਟੋਲ ਪਲਾਜਿਆਂ ’ਤੇ ਹੋਣ ਵਾਲੇ ਝਗੜਿਆਂ ਵਿੱਚ ਵੀ ਪ੍ਰਤੀਦਿਨ ਇਜ਼ਾਫਾ ਹੋਣ ਲੱਗਾ ਹੈ। ਬਹੁਗਿਣਤੀ ਪਲਾਜਿਆਂ ’ਤੇ ਸਿਰਫ ਤੇ ਸਿਰਫ ਗ੍ਰਾਹਕਾਂ ਨਾਲ ਨਿਪਟਣ ਲਈ ਹੀ ਸਰੀਰਕ ਪੱਖੋਂ ਤਕੜੇ ਮੁਲਾਜ਼ਮ ਰੱਖੇ ਹੋਏ ਹਨ। ਟੋਲ ਪਲਾਜਾ ਕੰਪਨੀਆਂ ਵੱਲੋਂ ਮੋਟੀਆਂ ਫੀਸਾਂ ਦੀ ਉਗਰਾਹੀ ਦੇ ਬਾਵਜੂਦ ਸਬੰਧਿਤ ਸੜਕਾਂ ਦਾ ਸਹੀ ਰੱਖ-ਰਖਾਅ ਕਿਧਰੇ ਨਜ਼ਰ ਨਹੀਂ ਆ ਰਿਹਾ। ਬਰਨਾਲਾ-ਮੋਗਾ ਸੜਕ ’ਤੇ ਲਾਉਣ ਵਾਲਾ ਟੋਲ ਪਲਾਜਾ ਬੜੀ ਚਲਾਕੀ ਨਾਲ ਪੱਖੋਂ ਕੈਂਚੀਆਂ ’ਤੇ ਇਸ ਤਰ੍ਹਾਂ ਲਾਇਆ ਗਿਆ ਹੈ ਕਿ ਸ਼ਹਿਣਾ, ਭਦੌੜ ਅਤੇ ਇਸ ਮਾਰਗ ਦੇ ਬਾਕੀ ਸ਼ਹਿਰਾਂ-ਪਿੰਡਾਂ ਦੇ ਰਾਹਗੀਰਾਂ ਤੋਂ ਵੀ ਉਗਰਾਹੀ ਕੀਤੀ ਜਾ ਸਕੇ। ਪਲਾਜੇ ਦੀ ਉਸਾਰੀ ਸਮੇਂ ਵੀ ਇਲਾਕੇ ਦੇ ਲੋਕਾਂ ਵੱਲੋਂ ਗਲਤ ਜਗ੍ਹਾ ਟੋਲ ਸਥਾਪਿਤ ਕੀਤੇ ਜਾਣ ਦਾ ਵਿਰੋਧ ਕੀਤਾ ਗਿਆ ਸੀ। ਵਿਰੋਧ ਦੇ ਬਾਵਜੂਦ ਇਸ ਪਲਾਜੇ ਦੀ ਸ਼ੁਰੂਆਤ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦੀ ਹੈ।
ਹੁਣ ਮੁੜ ਤੋਂ ਕਿਸਾਨ ਜਥੇਬੰਦੀਆਂ ਵੱਲੋਂ ਇਸ ਟੋਲ ਪਲਾਜੇ ਨੂੰ ਤਰਕਸੰਗਤ ਸਥਾਨ ’ਤੇ ਲਾਉਣ ਲਈ ਸੰਘਰਸ਼ ਸ਼ੁਰੂ ਕੀਤਾ ਗਿਆ ਹੈ।
ਲੋਕਾਂ ਨੂੰ ਬਿਹਤਰ ਸੜਕੀ ਸਹੂਲਤਾਂ ਉਪਲੱਬਧ ਕਰਵਾਉਣਾ ਸਰਕਾਰਾਂ ਦੀ ਜਿੰਮੇਵਾਰੀ ਹੈ। ਜੇਕਰ ਸੜਕਾਂ ਦੇ ਖਰਚੇ ਦੀ ਪ੍ਰਤੀਪੂਰਤੀ ਆਮ ਲੋਕਾਂ ਦੀਆਂ ਜੇਬ੍ਹਾਂ ਵਿੱਚੋਂ ਹੀ ਕਰਨੀ ਹੈ ਤਾਂ ਸਰਕਾਰਾਂ ਦੀ ਜਿੰਮੇਵਾਰੀ ਵਾਲੀ ਗੱਲ ਕਿੱਥੇ ਹੈ? ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਵੱਖ-ਵੱਖ ਸਰੋਤਾਂ ਤੋਂ ਇਕੱਤਰ ਹੋਣ ਵਾਲੀ ਆਮਦਨ ਵਿੱਚੋਂ ਹੀ ਸੜਕਾਂ ਦੇ ਨਿਰਮਾਣ ਅਤੇ ਰੱਖ-ਰਖਾਅ ਦੀ ਵਿਵਸਥਾ ਕੀਤੀ ਜਾਵੇ। ਪ੍ਰਾਪਤ ਜਾਣਕਾਰੀ ਅਨੁਸਾਰ ਟੋਲ ਪਲਾਜਿਆਂ ਦੀ ਵਿਵਸਥਾ ਵਿਕਸਤ ਮੁਲਕਾਂ ਵਿੱਚ ਵੀ ਹੈ।
ਪਰ ਉਹਨਾਂ ਮੁਲਕਾਂ ਦੀ ਵਿਵਸਥਾ ਬਹੁਤ ਤਰਕਮਈ ਅਤੇ ਸੁਤੰਤਰ ਹੈ। ਰਾਹਗੀਰਾਂ ਨੂੰ ਆਮ ਸੜਕ ਜਾਂ ਟੋਲ ਪਲਾਜੇ ਵਾਲੀ ਸੜਕ ਤੋਂ ਲੰਘਣ ਦੀ ਪੂਰੀ ਆਜ਼ਾਦੀ ਹੈ। ਟੋਲ ਪਲਾਜੇ ਦੀ ਫੀਸ ਸਿਰਫ ਟੋਲ ਪਲਾਜੇ ਤੋਂ ਗੁਜ਼ਰਨ ਵਾਲਿਆਂ ਨੂੰ ਹੀ ਅਦਾ ਕਰਨੀ ਪੈਂਦੀ ਹੈ ਜਦਕਿ ਆਮ ਸੜਕ ਤੋਂ ਲੰਘਣ ਵਾਲੇ ਰਾਹਗੀਰ ਵਿਨਾਂ ਕਿਸੇ ਫੀਸ ਅਦਾਇਗੀ ਦੇ ਆਪਣਾ ਸਫਰ ਕਰ ਸਕਦੇ ਹਨ। ਪਰ ਸਾਡੇ ਮੁਲਕ ਦਾ ਤਾਂ ਆਲਮ ਹੀ ਨਿਆਰਾ ਹੈ। ਰਾਹਗੀਰਾਂ ਤੋਂ ਜਬਰਦਸਤੀ ਟੋਲ ਫੀਸ ਵਸੂਲੀ ਜਾਂਦੀ ਹੈ। ਇਸ ਤਰ੍ਹਾਂ ਦੀ ਜਬਰਦਸਤੀ ਫੀਸ ਵਸੂਲੀ ਤਾਂ ਸਰਕਾਰਾਂ ਵੱਲੋਂ ਗੁਲਾਮ ਲੋਕਾਂ ਤੋਂ ਕੀਤੀ ਜਾਂਦੀ ਹੈ ਸ਼ਾਇਦ ਇਸੇ ਲਈ ਕਈ ਲੋਕਾਂ ਵੱਲੋਂ ਟੋਲ ਪਲਾਜਾ ਫੀਸ ਦੀ ਤੁਲਨਾ ਜਜ਼ੀਆ ਕਰ ਨਾਲ ਵੀ ਕੀਤੀ ਜਾਂਦੀ ਹੈ।
ਸਵਾਲ ਤਾਂ ਇਹ ਵੀ ਹੈ ਕਿ ਵਾਹਨਾਂ ਦਾ ਰੋਡ ਟੈਕਸ ਦੇਣ ਉਪਰੰਤ ਟੋਲ ਪਲਾਜੇ ਦੀ ਵਸੂਲੀ ਕਿੰਨੀ ਕੁ ਤਰਕਸੰਗਤ ਹੈ? ਸੂਬੇ ਦੇ ਲੋਕਾਂ ਨੂੰ ਟੋਲ ਪਲਾਜਿਆਂ ਤੋਂ ਰਾਹਤ ਦਿਵਾਉਣਾ ਸਰਕਾਰ ਦੀ ਵੱਡੀ ਜਿੰਮੇਵਾਰੀ ਹੈ। ਸਮਾਂ- ਸੀਮਾ ਖਤਮ ਹੋਣ ’ਤੇ ਕਿਸੇ ਵੀ ਟੋਲ ਪਲਾਜੇ ਨੂੰ ਮਿਆਦ ਵਿੱਚ ਵਾਧਾ ਨਾ ਦਿੱਤਾ ਜਾਵੇ। ਟੋਲ ਪਲਾਜਿਆਂ ਦੀਆਂ ਫੀਸਾਂ ਤਰਜ਼ੀਹੀ ਆਧਾਰ ’ਤੇ ਘੱਟ ਕਰਨੀਆਂ ਬਣਦੀਆਂ ਹਨ। ਕਾਨੂੰਨੀ ਪੱਖਾਂ ਦੀ ਸਮੀਖਿਆ ਕਰਦਿਆਂ ਟੋਲ ਕੰਪਨੀਆਂ ਨਾਲ ਕੀਤੇ ਕਰਾਰ ਰੱਦ ਕਰਨ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ।
ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪਹਿਲਾਂ ਹੀ ਕਮਜ਼ੋਰ ਆਰਥਿਕਤਾ ਨਾਲ ਜੂਝਦੇ ਸੂਬੇ ਦੇ ਲੋਕ ਇਸ ਤਰ੍ਹਾਂ ਦੇ ਤਰਕਹੀਣ ਟੈਕਸਾਂ ਦੀ ਮਾਰ ਝੱਲਣ ਦੇ ਸਮਰੱਥ ਨਹੀਂ ਹਨ। ਸੂਬੇ ਦੀਆਂ ਸਮਾਜਿਕ ਸੰਸਥਾਵਾਂ ਅਤੇ ਹੋਰ ਜਥੇਬੰਦੀਆਂ ਨੂੰ ਵੀ ਟੋਲ ਪਲਾਜਿਆਂ ਦੀਆਂ ਤਰਕਹੀਣ ਪਰਚੀਆਂ ਜਰੀਏ ਆਮ ਲੋਕਾਂ ਦੀਆਂ ਜੇਬ੍ਹਾਂ ’ਤੇ ਪਾਏ ਜਾ ਰਹੇ ਆਰਥਿਕ ਬੋਝ ਤੋਂ ਮੁਕਤੀ ਲਈ ਟੋਲ ਪਲਾਜੇ ਚੁਕਵਾਉਣ ਲਈ ਤੁਰੰਤ ਸੰਘਰਸ਼ ਸ਼ਰੂ ਕਰਨਾ ਚਾਹੀਦਾ ਹੈ।
ਸ਼ਕਤੀ ਨਗਰ, ਬਰਨਾਲਾ
ਮੋ. 98786-05965
ਬਿੰਦਰ ਸਿੰਘ ਖੁੱਡੀ ਕਲਾਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ