ਖੇਤੀ ਖੇਤਰ ਨੂੰ ਫਿਲਹਾਲ ਰਾਤ ’ਚ ਦਿੱਤੀ ਜਾ ਰਹੀ ਹੈ 7 ਘੰਟੇ ਬਿਜਲੀ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਹਰਿਆਣਾ ਦੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਕਿਸੇ ਵੀ ਹਾਲਤ ’ਚ ਸੂਬੇ ’ਚ ਬਿਜਲੀ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇੱਥੋਂ ਤੱਕ ਕਿ ਸੂਬੇ ’ਚ ਬਿਜਲੀ ਦੀ ਕਮੀ ਨੂੰ ਪੂਰਾ ਕਰਨ ਲਈ 12 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਖਰੀਦੀ ਜਾ ਰਹੀ ਹੈ।
ਖੇਤੀ ਖੇਤਰ ਨੂੰ ਫਿਲਹਾਲ ਰਾਤ ’ਚ 7 ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ, ਸ਼ਹਿਰੀ ਘਰੇਲੂ ਖਪਤਕਾਰਾਂ ਦੇ ਨਾਲ-ਨਾਲ ਸੂਬੇ ਦੇ ਲਗਭਗ 5600 ਤੋਂ ਵੱਧ ਪਿੰਡਾਂ ’ਚ 24 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਬਿਜਲੀ ਮੰਤਰੀ ਨੇ ਕਿਹਾ ਕਿ ਗਰਮੀ ਦੌਰਾਨ ਅਕਸਰ ਤਕਨੀਕੀ ਖਰਾਬੀ ਆਉਣ ਕਾਰਨ ਉਸ ਨੂੰ ਠੀਕ ਕਰਨ ਲਈ ਸਮਾਂ ਤਾਂ ਲੱਗਦਾ ਹੀ ਹੈ।
ਸੂਬੇ ’ਚ ਪਿਛਲੇ ਸਾਲ ਗਰਮੀ ਦੌਰਾਨ ਵਧੇਰੇ ਮੰਗ 12125 ਮੈਗਾਵਾਟ ਰੋਜ਼ਾਨਾ ਸੀ ਜੋ ਇਸ ਸਾਲ ਪੀਕ ਸਮੇਂ ’ਚ ਲਗਭਾਗ 15000 ਮੈਗਾਵਾਟ ਰਹਿਣ ਦਾ ਅਨੁਮਾਨ ਹੈ। ਇਸ 2500 ਤੋਂ 3000 ਮੈਗਾਵਾਟ ਦੇ ਫਾਸਲੇ ਨੂੰ ਖਤਮ ਕਰਨ ਲਈ ਬਿਜਲੀ ਨਿਗਮਾਂ ਨੇ ਪੁਖਤਾ ਪ੍ਰਬੰਧ ਕੀਤੇ ਹਨ।
ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਦਰਮਿਆਨ ਸਮਝੌਤਾ
ਬਿਜਲੀ ਮੰਤਰੀ ਨੇ ਕਿਹਾ ਕਿ ਵਰਤਮਾਨ ’ਚ ਪਾਣੀਪਤ ’ਚ 250-250 ਮੈਗਾਵਾਟ ਦੀਆਂ ਤਿੰਨ ਇਕਾਈਆਂ, ਖੇਦੜ ’ਚ 600-600 ਮੈਗਾਵਾਟ ਦੀਆਂ ਦੋ ਇਕਾਈਆਂ ਤੇ ਯਮੁਨਾਨਗਰ ’ਚ 300-300 ਮੈਗਾਵਾਟ ਦੀਆਂ ਦੋ ਇਕਾਈਆਂ ਚਾਲੂ ਹਨ। ਇਨ੍ਹਾਂ ਤੋਂ ਇਲਾਵਾ 14 ਮੈਗਾਵਾਟ ਬਿਜਲੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਦਾਨੀ ਤੋਂ 1000 ਮੈਗਾਵਾਟ, ਛੱਤੀਸਗੜ੍ਹ ਤੋਂ 350 ਮੈਗਾਵਾਟ ਤੇ ਮੱਧ ਪ੍ਰਦੇਸ਼ ਤੋਂ 150 ਮੈਗਾਵਾਟ ਵਾਧੂ ਬਿਜਲੀ ਲੈਣ ਲਈ ਸਮਝੌਤੇ ਕੀਤੇ ਗਏ ਹਨ ਤੇ ਇਸ ਮਹੀਨੇ ’ਚ ਇਹ ਬਿਜਲੀ ਮਿਲਣੀ ਸ਼ੁਰੂ ਹੋ ਜਾਵੇਗੀ।
ਬਿਜਲੀ ਦੀ ਮੰਗ 1000 ਤੋਂ 1500 ਮੈਗਾਵਾਟ ਪ੍ਰਤੀ ਦਿਨ ਵਧੀ
ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਵਧਦੇ ਸ਼ਹਿਰੀਕਰਨ ਅਤੇ ਉਦਯੋਗਾਂ ਦੇ ਦਿੱਲੀ ਤੋਂ ਬਾਹਰ ਸ਼ਿਫਟ ਹੋਣ ਕਾਰਨ ਬਿਜਲੀ ਦੀ ਮੰਗ ਪ੍ਰਤੀ ਦਿਨ 1000 ਤੋਂ 1500 ਮੈਗਾਵਾਟ ਤੱਕ ਵਧ ਗਈ ਹੈ। ਲੱਕੜ ਮੰਡੀ, ਸਬਜ਼ੀ ਮੰਡੀ, ਵੇਅਰਹਾਊਸਿੰਗ ਅਤੇ ਹੋਰ ਉਦਯੋਗਿਕ ਇਕਾਈਆਂ ਦਿੱਲੀ ਤੋਂ ਹਰਿਆਣਾ ਦੇ ਐਨਸੀਆਰ ਖੇਤਰ ਵਿੱਚ ਤਬਦੀਲ ਹੋ ਗਈਆਂ ਹਨ, ਇਸ ਲਈ ਬਿਜਲੀ ਦੀ ਮੰਗ ਵੀ ਵਧ ਗਈ ਹੈ। ਐਨਸੀਆਰ ਵਿੱਚ ਵਧਦੇ ਸ਼ਹਿਰੀਕਰਨ ਕਾਰਨ ਬਹੁ-ਮੰਜ਼ਲਾ ਫਲੈਟ ਬਣ ਗਏ ਹਨ, ਜਿਨ੍ਹਾਂ ’ਚ ਬਿਜਲੀ ਦੀ ਜ਼ਿਆਦਾ ਖਪਤ ਹੋ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ