ਟਿੱਕ-ਟਾਕ ਨੇ ਟਰੰਪ ਦੇ ਕਾਰਜਕਾਰੀ ਆਦੇਸ਼ਾਂ ਖਿਲਾਫ਼ ਦਾਇਰ ਕੀਤਾ ਮੁਕੱਦਮਾ

ਅਮਰੀਕੀ ਪ੍ਰਸ਼ਾਸਨ ਨੇ ਬਿਨਾ ਸਬੂਤ ਦੇ ਕੀਤੀ ਕਾਰਵਾਈ  

ਵਾਸ਼ਿੰਗਟਨ। ਚੀਨ ਦੇ ਵਿਵਾਦਿਤ ਮੋਬਾਇਲ ਐਪ ਟਿੱਕ-ਟਾਕ ਨੇ ਆਪਣੀ ਕੰਪਨੀ ਬਾਈਟਡਾਂਸ ਦੇ ਨਾਲ ਲੈਣ-ਦੇਣ ‘ਤੇ ਪਾਬੰਦੀ ਲਾਉਣ ਵਾਲੇ ਟਰੰਪ ਪ੍ਰਸ਼ਾਸਨ ਦੇ ਕਾਰਜਕਾਰੀ ਆਦੇਸ਼ ਖਿਲਾਫ਼ ਕਾਨੂੰਨੀ ਲੜਾਈ ਲੜਨ ਦਾ ਐਲਾਨ ਕੀਤਾ ਹੈ। ਕੰਪਨੀ ਨੇ ਸੋਮਵਾਰ ਨੂੰ ਇਸ ਸਬੰਧੀ ਟਰੰਪ ਪ੍ਰਸ਼ਾਸਨ ਦੇ ਕਾਰਜਕਾਰੀ ਆਦੇਸ਼ ਖਿਲਾਫ਼ ਮੁਕੱਦਮਾ ਦਰਜ ਕਰਵਾਇਆ ਹੈ।

ਟਿੱਕ-ਟਾਕ ਨੇ 39 ਪੰਨਿਆਂ ਵਾਲਿਆਂ ਮੁਕੱਦਮੇ ‘ਚ ਅਰਮੀਕੀ ਰਾਸ਼ਟਰਪਤੀ ਡੋਨਾਲਟ ਟਰੰਪ, ਵਪਾਰ ਮੰਤਰੀ ਵਿਲਬੁਰ ਰੋਸ ਤੇ ਅਮਰੀਕਾ ਦੇ ਵਪਾਰਕ ਮੰਤਰਾਲੇ ਨੂੰ ਇਸ ਮਾਮਲੇ ‘ਚ ਪ੍ਰਤੀਵਾਦੀ ਵਜੋਂ ਸੂਚੀਬੱਧ ਕੀਤਾ ਹੈ। ਟਿੱਕ-ਟਾਕ ਦੇ ਅਨੁਸਾਰ ਅਮਰੀਕੀ ਪ੍ਰਸ਼ਾਸਨ ਨੇ ਬਿਨਾ ਕਿਸੇ ਸਬੂਤ ਦੇ ਉਸਦੇ ਖਿਲਾਫ਼ ਇੰਨੀ ਵੱਡੀ ਕਾਰਵਾਈ ਕੀਤੀ ਹੈ। ਟਿੱਕ-ਟਾਕ ਦਾ ਕਹਿਣਾ ਹੈ ਕਿ ਇਹ ਕਾਰਜਕਾਰੀ ਆਦੇਸ਼ ਕੌਮਾਂਤਰੀ ਐਮਰਜੰਸੀ ਆਰਥਿਕ ਸ਼ਕਤੀ ਐਕਟ (ਆਈਈਈਪੀਏ) ਦਾ ਉਲੰਘਣ ਹੈ। ਕੰਪਨੀ ਨੇ ਅਮਰੀਕੀ ਰਾਸ਼ਟਰਪਤੀ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਹ ਕਾਰਜਕਾਰੀ ਆਦੇਸ਼ ਅਮਰੀਕਾ ਦੀ ਕੌਮੀ ਸੁਰੱਖਿਆ ਦੇ ਮੱਦੇਨਜ਼ਰ ਨਹੀਂ ਸਗੋਂ ਸਿਆਸੀ ਕਾਰਨਾਂ ਤੋਂ ਲਿਆ ਗਿਆ ਹੈ। ਕੰਪਨੀ ਅਨੁਸਾਰ ਇਹ ਕਾਰਜਕਾਰੀ ਆਦੇਸ਼ ਅਸੰਵਿਧਾਨਿਕ ਤੇ ਗੈਰ ਕਾਨੂੰਨੀ ਦੋਵੇਂ ਹੀ ਹਨ। ਟਰੰਪ ਨੇ 6 ਅਗਸਤ ਨੂੰ ਇੱਕ ਕਾਰਜਕਾਰੀ ਆਦੇਸ਼ ‘ਤੇ ਦਸਤਖ਼ਤ ਕਰਕੇ ਚੀਨ ਦੇ ਵਿਵਾਦਿਤ ਮੋਬਾਇਲ ਐਪ ਟਿੱਕ-ਟਾਕ ਦੀ ਕੰਪਨੀ ਬਾਈਟਡਾਂਸ ਨਾਲ ਲੈਣ-ਦੇਣ ‘ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.