ਪਰਿਵਾਰਵਾਦ ’ਤੇ ਰੋਕ ਲਾਉਣ ਲਈ ਨਹੀਂ ਦਿੱਤੀ ਭਾਜਪਾ ਸਾਂਸਦਾਂ ਦੇ ਬੱਚਿਆਂ ਨੂੰ ਟਿਕਟ : ਪੀਐਮ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੇਕਰ ਹਾਲ ’ਚ ਸੰਪੰਨ ਹੋਈਆ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੇ ਸਾਂਸਦਾਂ ਦੇ ਬੱਚਿਆਂ (BJP MP) ਨੂੰ ਟਿਕਟ ਨਾ ਦੇਣਾ ਪਾਪ ਹੈ ਤਾਂ ਇਹ ਪਾਪ ਉਨਾਂ ਨੇ ਕੀਤਾ ਹੈ। ਮੋਦੀ ਨੇ ਮੰਗਲਵਾਰ ਨੂੰ ਭਾਜਪਾ ਸੰਸਦੀ ਦਲ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਪਾਰਟੀ ਸਾਂਸਦਾਂ ਨੂੰ ਕਿਹਾ ਕਿ ਪਰਿਵਾਰਵਾਦੀ ਪਾਰਟੀ ਜਾਤੀਵਾਦੀ ਪਾਰਟੀ ਹੁੰਦੀ ਹੈ ਤੇ ਜੇਕਰ ਇਸ ਦੇ ਖਿਲਾਫ ਲੜਾਈ ਲ਼ੜਨੀ ਹੈ ਤਾਂ ਭਾਜਪਾ ’ਚ ਇਸ ਦਾ ਖਿਆਲ ਰੱਖਣਾ ਪਵੇਗਾ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਵਿਧਾਨ ਸਭਾ ਚੋਣਾਂ ਲਈ ਸੰਸਦ ਮੈਂਬਰਾਂ ਦੇ ਬੱਚਿਆਂ ਨੂੰ ਮੈਦਾਨ ‘ਚ ਨਹੀਂ ਉਤਾਰਿਆ, ਪਰ ਉਨ੍ਹਾਂ ਨੂੰ ਖੁਸ਼ੀ ਹੈ ਕਿ ਇਸ ਦੇ ਬਾਵਜੂਦ ਸਾਰੇ ਸੰਸਦ ਮੈਂਬਰਾਂ ਨੇ ਪਾਰਟੀ ਨੂੰ ਜਿੱਤ ਦਿਵਾਉਣ ਲਈ ਤਨ-ਮਨ ਨਾਲ ਕੰਮ ਕੀਤਾ, ਇਸ ਲਈ ਸਾਰੇ ਸੰਸਦ ਮੈਂਬਰਾਂ ਦਾ ਧੰਨਵਾਦ। ਬੈਠਕ ‘ਚ ਮੋਦੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਆਪੋ-ਆਪਣੇ ਇਲਾਕਿਆ ‘ਚ ਹਾਰੇ ਹੋਏ 100 ਬੂਥਾਂ ਦਾ ਮੁਲਾਂਕਣ ਕਰਕੇ ਰਿਪੋਰਟ ਤਿਆਰ ਕਰਨ ਕਿ ਇਨ੍ਹਾਂ ਬੂਥਾਂ ‘ਤੇ ਪਾਰਟੀ ਦੀ ਹਾਰ ਦਾ ਕੀ ਕਾਰਨ ਹੈ।
ਪ੍ਰਧਾਨ ਮੰਤਰੀ ਦਾ ਕੀਤਾ ਜ਼ੋਰਦਾਰ ਸਵਾਗਤ
ਇਸ ਤੋਂ ਪਹਿਲਾਂ ਭਾਜਪਾ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਦੀ ਅਗਵਾਈ ‘ਚ ਹੋਈ ਭਾਜਪਾ ਸੰਸਦੀ ਦਲ ਦੀ ਬੈਠਕ ‘ਚ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨੂੰ ਵਿਧਾਨ ਸਭਾ ਚੋਣਾਂ ‘ਚ ਜਿੱਤ ਲਈ ਵਧਾਈ ਦਿੱਤੀ। ਮੋਦੀ ਜਿਵੇਂ ਹੀ ਸੰਸਦੀ ਦਲ ਦੀ ਬੈਠਕ ‘ਚ ਪਹੁੰਚੇ ਤਾਂ ਸੰਸਦ ਮੈਂਬਰਾਂ ਨੇ ਚਾਰ ਸੂਬਿਆਂ ‘ਚ ਜਿੱਤ ਲਈ ਤਾੜੀਆਂ ਵਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਚੋਣਾਂ ਵਿੱਚ ਸ਼ਾਨਦਾਰ ਜਿੱਤ ਲਈ ਮੋਦੀ ਅਤੇ ਨੱਡਾ ਨੂੰ ਹਾਰ ਪਹਿਨਾਏ ਗਏ।
ਪ੍ਰਧਾਨ ਮੰਤਰੀ ਨੇ ਆਪਰੇਸ਼ਨ ਗੰਗਾ ਦੀ ਸ਼ਲਾਘਾ ਕੀਤੀ
ਉਨ੍ਹਾਂ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਦਿ ਕਸ਼ਮੀਰ ਫਾਈਲਜ਼’ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਇੱਕ ਚੰਗੀ ਫਿਲਮ ਹੈ ਅਤੇ ਅਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਹਨ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਸੰਸਦੀ ਦਲ ਦੀ ਬੈਠਕ ਤੋਂ ਬਾਅਦ ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੈਠਕ ‘ਚ ਮੋਦੀ ਨੇ ਪਰਿਵਾਰਵਾਦ ਖਿਲਾਫ ਭਾਜਪਾ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ।
ਪ੍ਰਧਾਨ ਮੰਤਰੀ ਨੇ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਬਚਾਉਣ ਲਈ ਸਰਕਾਰ ਦੁਆਰਾ ਚਲਾਏ ਗਏ ਅਪਰੇਸ਼ਨ ਗੰਗਾ ਦਾ ਹਵਾਲਾ ਦਿੰਦੇ ਹੋਏ ਵਿਰੋਧੀ ਪਾਰਟੀਆਂ ਉੱਤੇ ਇਸ ਮੁੱਦੇ ਦਾ ਸਿਆਸੀਕਰਨ ਕਰਨ ਦਾ ਦੋਸ਼ ਵੀ ਲਾਇਆ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬੈਠਕ ‘ਚ ਯੂਕਰੇਨ ਮੁੱਦੇ ‘ਤੇ ਵੀ ਪੇਸ਼ਕਾਰੀ ਦਿੱਤੀ।