ਕਿਹਾ, ਜੇਲ ਜਾਣ ਨੂੰ ਵੀ ਤਿਆਰ ਪਰ ਰਾਜਨੀਤੀ ਨਹੀਂ ਕਰੋਂ ਇਨਸਾਫ਼
- ਗੁਰੂ ਦੇ ਘਰ ਲਈ ਨਹੀਂ ਹੋਣੀ ਚਾਹੀਦੀ ਐ ਕੋਝੀ ਸਿਆਸਤ, ਸ਼ੱਕ ਐ ਤਾਂ ਕਰਵਾਓ ਸਾਰੇ ਨਾਰਕੋ ਟੈਸਟ
ਅਸ਼ਵਨੀ ਚਾਵਲਾ, ਚੰਡੀਗੜ। ਕੋਟਕਪੂਰਾ ਗੋਲੀ ਮਾਮਲੇ ਦੇ ਬਹਾਨੇ ਬਾਦਲਾ ਨੂੰ ਫੜ ਕੇ ਜੇਲ ਵਿੱਚ ਡੱਕ ਦਿਓ ਅਤੇ ਧਾਰਮਿਕ ਮੁੱਦੇ ‘ਤੇ ਬਦਨਾਮੀ ਕਰਦੇ ਹੋਏ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਦੀ ਹਰ ਸੰਭਵ ਕੋਸ਼ਸ਼ ਕੀਤੀ ਜਾਵੇ ਅਤੇ ਹਰ ਹੱਦਾਂ ਨੂੰ ਪਾਰ ਕਰ ਲਿਆ ਜਾਵੇ ਤਾਂ ਵੀ ਕੋਈ ਵਹਿਮ ਨਹੀਂ ਹੈ। ਇਸ ਦਾ ਸਾਰਾ ਫਾਇਦਾ ਕਾਂਗਰਸ ਪਾਰਟੀ ਨੂੰ ਹੀ ਹੋਏਗਾ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਹੋਈ ਪਤਲੀ ਹਾਲਤ ਨੂੰ ਦੇਖਦੇ ਹੋਏ ਸੋਨੀਆ ਗਾਂਧੀ ਨੇ ਅਮਰਿੰਦਰ ਸਿੰਘ ਨੂੰ ਇਹ ਆਦੇਸ਼ ਜਾਰੀ ਕਰ ਦਿੱਤੇ ਹਨ। ਇਹ ਦਾਅਵਾ ਸਾਬਕਾ ਮੰਤਰੀ ਅਤੇ ਵਿਧਾਇਕ ਬਿਕਰਮ ਮਜੀਠੀਆ ਕਰ ਰਹੇ ਹਨ।
ਬਿਕਰਮ ਮਜੀਠਿਆ ਨੇ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਸੂਤਰ ਹਰ ਕਿਸੇ ਕੋਲ ਹੁੰਦੇ ਹਨ ਅਤੇ ਉਨਾਂ ਦੇ ਸੂਤਰਾਂ ਅਨੁਸਾਰ ਜਲਦ ਹੀ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਸ਼ ਕੀਤੀ ਜਾਏਗੀ ਅਤੇ ਮੌਜੂਦਾ ਮਾਮਲੇ ਵਿੱਚ ਪਹਿਲਾਂ ਤੋਂ ਹੀ ਬਦਨਾਮ ਕਰਨ ਦੀ ਕੋਸ਼ਸ਼ ਤਾਂ ਪਹਿਲਾਂ ਤੋਂ ਹੀ ਜਾਰੀ ਹੈ। ਉਨਾਂ ਕਿਹਾ ਕਿ ਜਿਸ ਤਰੀਕੇ ਨਾਲ ਧਰਮਿਕ ਮੁੱਦੇ ਦਾ ਸਿਆਸੀ ਲਾਹਾ ਲੈਣ ਲਈ ਇੰਦਰਾ ਗਾਂਧੀ ਨੇ ਵਰਤੋਂ ਕੀਤੀ ਸੀ ਅਤੇ ਕਤਲੇਆਮ ਤੱਕ ਕਰਵਾ ਦਿੱਤਾ ਸੀ ਅਤੇ ਹੁਣ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਵੀ ਉਸੇ ਰਾਹ ’ਤੇ ਚਲ ਰਹੇ ਹਨ। ਜਿਸ ਕਾਰਨ ਹੀ ਅਮਰਿੰਦਰ ਸਿੰਘ ਨੂੰ ਆਦੇਸ਼ ਜਾਰੀ ਕੀਤੇ ਗਏ ਹਨ।
ਬਿਕਰਮ ਮਜੀਠਿਆ ਨੇ ਕਿਹਾ ਕਿ ਇਸ ਗਲ ਦਾ ਅੰਦਾਜ਼ਾ ਇਸ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਮੀਟਿੰਗ ਤੋਂ ਬਾਅਦ ਪੰਜਾਬ ਮਾਮਲੇ ਦੇ ਇਨਚਾਰਜ ਹਰੀਸ਼ ਰਾਵਤ ਜਦੋਂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਤਾਂ ਉਨਾਂ ਕਿਹਾ ਕਿ ਪੰਜਾਬ ਵਿੱਚ ਆਮ ਲੋਕਾਂ ਦੀ ਭਾਵਨਾ ਅਨੁਸਾਰ ਕਾਰਵਾਈ ਕੀਤੀ ਜਾਏਗੀ ਅਤੇ ਅਮਰਿੰਦਰ ਸਿੰਘ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਜਨਤਾ ਦੀ ਭਾਵਨਾ ਅਨੁਸਾਰ ਹੀ ਕਾਰਵਾਈ ਕਰਨ। ਬਿਕਰਮ ਮਜੀਠੀਆ ਨੇ ਕਿਹਾ ਕਿ ਹਰੀਸ਼ ਰਾਵਤ ਨੂੰ ਸੁਫਨਾ ਆ ਗਿਆ ਸੀ ਕਿ ਆਮ ਲੋਕਾਂ ਦੀ ਭਾਵਨਾ ਕੀ ਹੈ ? ਉਨਾਂ ਕਿਹਾ ਕਿ ਪਿਛਲੇ ਦਿਨੀਂ ਮਿਲੇ ਕਾਂਗਰਸੀ ਵਿਧਾਇਕਾਂ ਨੇ ਹੀ ਉਨਾਂ ਨੂੰ ਕਿਹਾ ਹੈ ਕਿ ਕੋਟਕਪੂਰਾ ਮਾਮਲੇ ਵਿੱਚ ਝੂਠੇ ਦੋਸ਼ ਲਗਾਉਂਦੇ ਹੋਏ ਬਾਦਲ ਪਰਿਵਾਰ ਨੂੰ ਜੇਲ ਭੇਜਿਆ ਜਾਵੇ, ਇਸ ਲਈ ਹਰੀਸ਼ ਰਾਵਤ ਇਹ ਕਹਿਣ ਕਿ ਕਾਂਗਰਸੀ ਵਿਧਾਇਕਾਂ ਦੀ ਭਾਵਨਾ ਅਨੁਸਾਰ ਕਾਰਵਾਈ ਕੀਤੀ ਜਾਵੇ ਜਦੋਂ ਕਿ ਉਹ ਆਮ ਜਨਤਾ ਦੀ ਗੱਲ ਆਖੀ ਜਾ ਰਹੇ ਹਨ।
ਸਾਰੀਆਂ ਦਾ ਕਰਵਾਓ ਨਾਰਕੋ ਟੈਸਟ, ਅਸੀਂ ਵੀ ਲਾਈਨ ਲਗਾ ਕੇ ਖੜਾਂਗੇ
ਮਜੀਠਿਆ ਨੇ ਕਿਹਾ ਕਿ ਕਾਂਗਰਸ ਦੇ ਮੰਤਰੀਆਂ, ਮੁੱਖ ਮੰਤਰੀ ਅਮਰਿੰਦਰ ਸਿੰਘ, ਕਾਂਗਰਸੀ ਵਿਧਾਇਕਾਂ, ਅਰਵਿੰਦ ਕੇਜਰੀਵਾਲ, ਕੁੰਵਰ ਵਿਜੈ ਪ੍ਰਤਾਪ ਸਣੇ ਇਸ ਮਾਮਲੇ ਨਾਲ ਜੁੜੇ ਹੋਏ ਹਰ ਵਿਅਕਤੀ ਵਿਸ਼ੇਸ਼ ਦਾ ਨਾਰਕੋ ਟੈਸਟ ਕਰਵਾਇਆ ਜਾਵੇ ਤਾਂ ਕਿ ਸਚਾਈ ਬਾਹਰ ਆ ਸਕੇ। ਉਨਾਂ ਕਿਹਾ ਕਿ ਜੇਕਰ ਇਹ ਸਾਰੇ ਟੈਸਟ ਕਰਵਾਉਣ ਲਈ ਤਿਆਰ ਹਨ ਤਾਂ ਅਸੀਂ ਵੀ ਸਾਰੇ ਲਾਈਨਾਂ ਲਗਾ ਕੇ ਟੈਸਟ ਕਰਵਾਉਣ ਲਈ ਖੜੇ ਹੋਵਾਂਗੇ।
ਵਿਜੈ ਸਿੰਗਲਾ ਮੁੱਕਰ ਨਾ ਜਾਵੇ, ਮੈ ਲੈ ਲਈ ਸੀ ਸੈਲਫੀ
ਬਿਕਰਮ ਮਜੀਠਿਆ ਨੇ ਕਿਹਾ ਕਿ ਉਜ ਤਾਂ ਉਹ ਸੈਲਫੀ ਦੇ ਸ਼ੌਕੀਨ ਨਹੀਂ ਹਨ ਪਰ ਵਿਜੈ ਸਿੰਗਲਾ ਜਦੋਂ ਬਾਦਲ ਸਾਹਿਬ ਕੋਲ ਪੁੱਛ ਪੜਤਾਲ ਲਈ ਆਇਆ ਤਾਂ ਉਨਾਂ ਨੇ ਸੈਲਫੀ ਲੈ ਲਈ ਸੀ ਤਾਂ ਕਿ ਕੱਲ ਨੂੰ ਉਹ ਮੁੱਕਰ ਹੀ ਨਾ ਜਾਣ। ਉਨਾਂ ਕਿਹਾ ਕਿ ਇਹ ਸੈਲਫੀ ਉਨਾਂ ਨੇ ਹਾਈ ਕੋਰਟ ਵਿੱਚ ਪੇਸ਼ ਕਰਨ ਵਾਸਤੇ ਲਈ ਸੀ ਤਾਂ ਕਿ ਹਾਈ ਕੋਰਟ ਦੇ ਹੋ ਰਹੇ ਆਦੇਸ਼ਾਂ ਦੀ ਉਲੰਘਣਾ ਬਾਰੇ ਜਾਣੂੰ ਕਰਵਾਇਆ ਜਾ ਸਕੇ।
ਬਾਜ ਨਹੀਂ ਆਉਂਦਾ ਐ ਭਰਤਇੰਦਰ ਚਹਿਲ, ਵਰਤੋਂ ਕਰ ਰਿਹਾ ਐ ਵਿਜੀਲੈਂਸ
ਬਿਕਰਮ ਮਜੀਠੀਆ ਨੇ ਕਿਹਾ ਕਿ ਭਰਤਇੰਦਰ ਚਹਿਲ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ ਹੈ। ਉਹ ਵਿਜੀਲੈਂਸ ਦੀ ਦੁਰ ਵਰਤੋਂ ਕਰਕੇ ਵਿਜੈ ਸਿੰਗਲਾ ਵਰਗੇ ਅਧਿਕਾਰੀ ਨੂੰ ਭੇਜਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਉਹ ਭਰਤਇੰਦਰ ਸਿੰਘ ਚਹਿਲ ਅਤੇ ਵਿਜੀਲੈਂਸ ਮੁੱਖੀ ਉੱਪਲ ਸਾਹਿਬ ਨੂੰ ਚੰਗੀ ਤਰਾਂ ਜਾਣਦੇ ਹਨ ਪਰ ਇਹ ਕੁਝ ਮਰਜ਼ੀ ਕਰ ਲੈਣ, ਹੋਣਾ ਕੋਈ ਕੱਖ ਵੀ ਨਹੀਂ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।