Road Accident: ਪਿੰਡ ਗਹਿਲ ਦੇ ਤਿੰਨ ਨੌਜਵਾਨਾਂ ਦੀ ਸੜਕ ਹਾਦਸੇ ’ਚ ਮੌਤ

Road Accident
Road Accident

ਜ਼ਿਲ੍ਹਾ ਲੁਧਿਆਣਾ ਦੇ ਪਿੰਡ ਬੋਪਾਰਾਏ ਲਾਗੇ ਵਾਪਰਿਆ ਦਰਦਨਾਕ ਹਾਦਸਾ

Road Accident: (ਜਸਵੀਰ ਸਿੰਘ ਗਹਿਲ) ਬਰਨਾਲਾ। ਸ਼ਨਿੱਚਰਵਾਰ ਦੇਰ ਸ਼ਾਮ ਜ਼ਿਲ੍ਹਾ ਬਰਨਾਲਾ ਦੇ ਪਿੰਡ ਗਹਿਲ ਦੇ ਤਿੰਨ ਨੌਜਵਾਨਾਂ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮੰਦਭਾਗੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੂਰੇ ਪਿੰਡ ’ਚ ਸੋਗ ਛਾ ਗਿਆ। ਮ੍ਰਿਤਕਾਂ ਦੀ ਪਹਿਚਾਣ ਆਕਾਸ਼ਦੀਪ ਸਿੰਘ ਪੁੱਤਰ ਬਲਜਿੰਦਰ ਸਿੰਘ, ਪਰਵਿੰਦਰ ਸਿੰਘ ਪੁੱਤਰ ਸਰਬੀ ਸਿੰਘ ਤੇ ਅੰਮ੍ਰਿਤਪਾਲ ਸਿੰਘ ਪੁੱਤਰ ਬੱਗਾ ਸਿੰਘ ਵਾਸੀਆਨ ਪਿੰਡ ਗਹਿਲ ਵਜੋਂ ਹੋਈ ਹੈ ਜੋ ਮਜ਼ਦੂਰ ਪਰਿਵਾਰਾਂ ਨਾਲ ਸਬੰਧਿਤ ਸਨ।

ਜਾਣਕਾਰੀ ਅਨੁਸਾਰ ਤਿੰਨੋ ਨੌਜਵਾਨ ਸ਼ਨਿੱਚਰਵਾਰ ਨੂੰ ਪਰਵਿੰਦਰ ਸਿੰਘ ਦੀ ਇੱਕ ਭੈਣ ਜੋ ਕੈਨੇਡਾ ਗਈ ਹੋਈ ਹੈ, ਦੀ ਇੱਕ ਸਹੇਲੀ ਦੇ ਘਰ ਮੁੱਲਾਂਪੁਰ ਵਿਖੇ ਇੱਕ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਗਏ ਸਨ। ਜਿੱਥੋਂ ਉਹ ਦੇਰ ਸ਼ਾਮ ਮੋਟਰਸਾਈਕਲ ’ਤੇ ਵਾਪਸ ਪਿੰਡ ਗਹਿਲ ਵੱਲ ਨੂੰ ਪਰਤ ਰਹੇ ਸਨ। ਜਿਉਂ ਹੀ ਉਹ ਪਿੰਡ ਬੋਪਾਰਾਏ ਵਿਖੇ ਪਹੁੰਚੇ ਤਾਂ ਉਨ੍ਹਾਂ ਦਾ ਮੋਟਰਸਾਇਕਲ ਅਚਾਨਕ ਹੀ ਹਾਦਸਾਗ੍ਰਸਤ ਹੋ ਕੇ ਬਰਾਬਰ ਦੀ ਲੰਘ ਰਹੀ ਇੱਕ ਟਰੈਕਟਰ-ਟਰਾਲੀ ਨਾਲ ਟਕਰਾ ਗਿਆ, ਜਿਸ ਕਾਰਨ ਤਿੰਨੋ ਨੌਜਵਾਨ ਸਿਰ ਵਿੱਚ ਸੱਟਾਂ ਲੱਗਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ: Punjab Farmers News: ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਵੱਲੋਂ ਪੰਜਾਬ ਭਰ ’ਚ ਡੀਸੀ ਦਫ਼ਤਰਾਂ ਅਤੇ ਐਸਐਸਪੀ ਦਫ਼ਤਰਾ…

ਪ੍ਰਤੱਖ ਦਰਸੀਆਂ ਮੁਤਾਬਕ ਜਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਪਰਵਿੰਦਰ ਸਿੰਘ (21) ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦਕਿ ਉਸਦੇ ਸਾਥੀਆਂ ਨੂੰ ਰਾਹਗੀਰਾਂ ਦੁਆਰਾ ਨੇੜੇ ਦੇ ਸਿਵਲ ਹਸਪਤਾਲ ਵਿਖੇ ਇਲਾਜ਼ ਲਈ ਲਿਜਾਇਆ ਗਿਆ, ਜਿੱਥੋਂ ਦੋਵਾਂ ਨੂੰ ਅੱਗੇ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ, ਜਿੱਥੇ ਆਕਾਸ਼ਦੀਪ ਸਿੰਘ (24) ਤੇ ਅੰਮ੍ਰਿਤਪਾਲ ਸਿੰਘ (20) ਨੇ ਵੀ ਦਮ ਤੋੜ ਦਿੱਤਾ। ਸਰਪੰਚ ਬਲਵੀਰ ਸਿੰਘ ਨੇ ਦੱਸਿਆ ਕਿ ਤਿੰਨੋਂ ਨੌਜਵਾਨ ਮਜ਼ਦੂਰ ਪਰਿਵਾਰਾਂ ਨਾਲ ਸਬੰਧਿਤ ਸਨ। ਇਹਨਾਂ ਵਿੱਚੋਂ ਆਕਾਸ਼ਦੀਪ ਸਿੰਘ ਇੱਕ ਭੈਣ ਦਾ ਅਤੇ ਪਰਵਿੰਦਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਉਨ੍ਹਾਂ ਕਿਹਾ ਕਿ ਤਿੰਨੇ ਨੌਜਵਾਨਾਂ ਦੀ ਮੌਤ ਕਾਰਨ ਪੂਰਾ ਪਿੰਡ ਸੋਗ ਵਿਚ ਡੁੱਬਿਆ ਹੋਇਆ ਹੈ।