Ludhiana News : ਪੀਏਯੂ ਵਿਖੇ ਤਿੰਨ ਰੋਜ਼ਾ ਰਾਸ਼ਟਰੀ ਮੱਕੀ ਕਾਨਫਰੰਸ ਸਮਾਪਤ

Ludhiana News
ਲੁਧਿਆਣਾ ਕਾਨਫਰੰਸ ਦੀ ਸਮਾਪਤੀ ’ਤੇ ਭਾਗੀਦਾਰਾਂ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼।

ਖੇਤੀਬਾੜੀ ਮੁੱਦਿਆਂ ਨੂੰ ਹੱਲ ਕਰਨ ਲਈ ਸਰਲ ਤਕਨੀਕਾਂ ਅਪਣਾਉਣ ਦੀ ਲੋੜ : ਡਾ. ਗੋਸਲ

(ਜਸਵੀਰ ਸਿੰਘ ਗਹਿਲ) ਲੁਧਿਆਣਾ। Ludhiana News : ਪੀਏਯੂ ਅਤੇ ਆਈਸੀਏਆਰ- ਭਾਰਤੀ ਮੱਕੀ ਖੋਜ ਸੰਸਥਾਨ ਵੱਲੋਂ ਸਾਂਝੇ ਤੌਰ ’ਤੇ ਮੱਕੀ ਟੈਕਨਾਲੋਜਿਸਟ ਐਸੋਸੀਏਸ਼ਨ ਆਫ ਇੰਡੀਆ ਦੀ ਸਹਾਇਤਾ ਨਾਲ ਕਰਵਾਈ ਤਿੰਨ ਰੋਜ਼ਾ ਰਾਸ਼ਟਰੀ ਮੱਕੀ ਕਾਨਫਰੰਸ ਸਮਾਪਤ ਹੋ ਗਈ। ਇਸ ਮੌਕੇ ਹਰੇਕ ਸੈਸ਼ਨ ਦੇ ਖੋਜਕਰਤਾਵਾਂ ਨੂੰ ਸਰਵੋਤਮ ਮੌਖਿਕ ਅਤੇ ਪੋਸਟਰ ਪੇਸ਼ਕਾਰੀ ਪੁਰਸਕਾਰ ਪ੍ਰਦਾਨ ਕੀਤੇ ਗਏ।

ਸਮਾਪਤੀ ਸੈਸ਼ਨ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਸਮੂਹ ਪੇਪਰ ਪੇਸ਼ ਕਰਤਾਵਾਂ ਅਤੇ ਪੁਰਸਕਾਰ ਜੇਤੂਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਵੱਖ-ਵੱਖ ਹਿੱਸੇਦਾਰਾਂ ਵਿਚਕਾਰ ਸਹਿਯੋਗ ਅਤੇ ਵਿਚਾਰਾਂ ਦੇ ਆਦਾਨ-ਪ੍ਰਦਾਨ ਲਈ ਕਾਨਫਰੰਸ ਦੀ ਮਹੱਤਤਾ ਨੂੰ ਉਜਾਗਰ ਕੀਤਾ। ਨਾਲ ਹੀ ਉਨ੍ਹਾਂ ਜ਼ਰੂਰੀ ਖੇਤੀਬਾੜੀ ਮੁੱਦਿਆਂ ਨੂੰ ਹੱਲ ਕਰਨ ਲਈ ਸਰਲ, ਕਿਸਾਨ- ਪੱਖੀ ਤਕਨੀਕਾਂ ਅਪਣਾਉਣ ਅਤੇ ਭੋਜਨ, ਚਾਰੇ ਅਤੇ ਈਂਧਨ ਖੇਤਰਾਂ ਵਿੱਚ ਭਵਿੱਖ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ।

ਇਹ ਵੀ ਪੜ੍ਹੋ: ਮੋਹਾਲੀ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਮਸ਼ਾਲ ਦਾ ਭਰਵਾਂ ਸਵਾਗਤ

ਉਨ੍ਹਾਂ ਆਸ ਪ੍ਰਗਟਾਈ ਕਿ ਮੱਕੀ ਬਾਰੇ ਇਸ ਕਾਨਫਰੰਸ ਰਾਹੀਂ ਪੈਦਾ ਹੋਏ ਸਿੱਟਿਆਂ ਤੋਂ ਫ਼ਸਲੀ ਵਿਭਿੰਨਤਾ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਦਾ ਤਾਲਮੇਲ ਸਾਹਮਣੇ ਆਏਗਾ। ਡਾ. ਐੱਸਕੇ ਵਾਸਲ ਵਿਸ਼ਵ ਭੋਜਨ ਪੁਰਸਕਾਰ ਜੇਤੂ ਨੇ ਭਾਰਤੀ ਖੇਤੀ ਦੇ ਭਵਿੱਖ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ਨੂੰ ਅਹਿਮ ਆਖਦਿਆਂ ਕਿਹਾ ਕਿ ਸਪੀਡ ਬਰੀਡਿੰਗ ਦੀ ਮਹੱਤਤਾ ਅੱਜ ਦੇ ਖੇਤੀ ਯੋਗ ਵਿੱਚ ਵਧੀ ਹੈ ਤੇ ਪੀਏਯੂ ਨੇ ਇਸ ਦਿਸ਼ਾ ਵਿੱਚ ਪਹਿਲਕਦਮੀ ਕਰਕੇ ਇਤਿਹਾਸਕ ਕਾਰਜ ਕੀਤਾ ਹੈ। ਨਾਲ ਹੀ ਉਨ੍ਹਾਂ ਮੱਕੀ ਦੀ ਫਸਲ ਦੀ ਸਥਿਰਤਾ ਸੁਧਾਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਮੱਕੀ ਵਿੱਚ ਬੌਣੇਪਣ ਦੇ ਜੀਨਾਂ ਬਾਰੇ ਖੋਜ ਨੂੰ ਮਜ਼ਬੂਤ ਕਰਨ ਦਾ ਪ੍ਰਸਤਾਵ ਵੀ ਦਿੱਤਾ।

ਮਾਹਿਰਾਂ ਨੇ ਫ਼ਸਲੀ ਵਿਭਿੰਨਤਾ ਤੇ ਵਾਤਾਵਰਨ ਸੰਭਾਲ ਬਾਰੇ ਕੀਤੀਆਂ ਵਿਚਾਰਾਂ | Ludhiana News 

ਐੱਮਟੀਏਆਈ ਦੇ ਪ੍ਰਧਾਨ ਅਤੇ ਆਈਆਈਐੱਮਆਰ ਦੇ ਸਾਬਕਾ ਡਾਇਰੈਕਟਰ ਡਾ. ਸੇਨ ਦਾਸ ਨੇ ਮੱਕੀ ਖੋਜਕਰਤਾਵਾਂ, ਕਿਸਾਨਾਂ ਅਤੇ ਉਦਯੋਗਾਂ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ ਪਰ ਉਨ੍ਹਾਂ ਨੂੰ ਜ਼ਮੀਨ ਅਤੇ ਪੌਦਿਆਂ ਦੀ ਸਿਹਤ ਨੂੰ ਤਰਜ਼ੀਹ ਦੇਣ ਦੀ ਅਪੀਲ ਵੀ ਕੀਤੀ। ਡਾ. ਰਾਜਬੀਰ ਸਿੰਘ ਨੇ ਭਾਰਤ ਵਿੱਚ ਮੱਕੀ ਦੀ ਫ਼ਸਲ ਦੀ ਸੰਭਾਵਨਾ ’ਤੇ ਜ਼ੋਰ ਦਿੱਤਾ, ਖਾਸ ਤੌਰ ’ਤੇ ਉਦਯੋਗਿਕ ਲੋੜਾਂ ਅਤੇ ਸਾਈਲੇਜ ਯੂਨਿਟਾਂ ਦੇ ਵਿਕਾਸ ਨਾਲ ਇਸ ਫ਼ਸਲ ਦੀਆਂ ਸੰਭਾਵਨਾਵਾਂ ਬਾਰੇ ਗੱਲ ਕੀਤੀ। ਡਾ. ਐੱਚਐੱਸ ਜਾਟ ਆਯੋਜਨ ਸਕਤੱਰ ਅਤੇ ਆਈਸੀਏਆਰ- ਇੰਡੀਅਨ ਇੰਸਟੀਚਿਊਟ ਆਫ ਮੇਜ਼ ਰਿਸਰਚ ਦੇ ਨਿਰਦੇਸ਼ਕ ਨੇ ਤਿੰਨ ਦਿਨਾਂ ਦੀ ਚਰਚਾ ਤੋਂ ਸਾਹਮਣੇ ਆਈਆਂ ਮੁੱਖ ਸਿਫ਼ਾਰਸ਼ਾਂ ਸਾਂਝੀਆਂ ਕੀਤੀਆਂ। ਉਨ੍ਹਾਂ ਮੱਕੀ ਵਿੱਚ ਬਿਹਤਰ ਜੈਨੇਟਿਕ ਵਿਕਾਸ ਲਈ ਰਵਾਇਤੀ ਅਤੇ ਨਵੀਨ ਤਕਨੀਕਾਂ ਵਿਚਕਾਰ ਸੰਤੁਲਿਤ ਦੀ ਮਹੱਤਤਾ ਨੂੰ ਸਨਮੁੱਖ ਲਿਆਂਦਾ। ਸਮਾਗਮ ਦੀ ਸਮਾਪਤੀ ਪੀਏਯੂ ਦੇ ਮੱਕੀ ਸੈਕਸ਼ਨ ਦੇ ਸਹਿ- ਸਕੱਤਰ ਅਤੇ ਇੰਚਾਰਜ ਡਾ. ਸੁਰਿੰਦਰ ਸੰਧੂ ਦੇ ਧੰਨਵਾਦ ਨਾਲ ਹੋਈ। Ludhiana News

LEAVE A REPLY

Please enter your comment!
Please enter your name here